(ਸਮਾਜ ਵੀਕਲੀ)– ਤਿਤਲੀਆਂ ਸੋਹਣੇ ਫੁੱਲਾਂ ਤੇ ਆਉਂਦੀਆਂ ਹਨ ਜੇ ਪੰਛੀ ਫਲਾਂ ਵਾਲੇ ਪੇੜਾਂ ‘ਤੇ।
ਜ਼ਰੂਰਤ ਬਹੁਤ ਵੱਡੀ ਚੀਜ਼ ਹੈ।ਜ਼ਰੂਰਤ ਸਾਡੇ ਵਿਵਹਾਰ ਨੂੰ ਨਿਰਧਾਰਿਤ ਕਰਦੀ ਹੈ। ਮਨੁੱਖ ਦੀ ਇੱਛਾ ਤੇ ਜ਼ਰੂਰਤ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਨਾਲ ਵਰਤਦੇ ਹਾਂ।ਸਾਨੂੰ ਕਿਸ ਚੀਜ਼ ਦੀ ਚਾਹ ਹੈ ਉਸੇ ਦੇ ਆਧਾਰ ਨਾਲ ਅਸੀਂ ਲੋਕਾਂ ਨਾਲ ਵਰਤਦੇ ਹਾਂ।ਸੜਕ ਕਿਸੇ ਪ੍ਰਤੀ ਖਿਚਾਅ ਸਾਡੀ ਇੱਛਾ ਤੇ ਜ਼ਰੂਰਤ ਦੇ ਹਿਸਾਬ ਨਾਲ ਹੀ ਹੁੰਦਾ ਹੈ।
ਹਰ ਕੋਈ ਆਪਣੀ ਮਨਚਾਹੀ ਵਸਤ ਪ੍ਰਾਪਤ ਕਰਨਾ ਚਾਹੁੰਦਾ ਹੈ।ਹਰ ਕੋਈ ਲੋਚਦਾ ਹੈ ਕਿ ਉਸ ਦੀਆਂ ਇੱਛਾਵਾਂ ਪੂਰੀਆਂ ਹੋ ਜਾਣ ।ਇਹੀ ਉਸ ਦੀ ਜ਼ਿੰਦਗੀ ਦੀ ਦਿਸ਼ਾ ਨੂੰ ਨਿਰਧਾਰਤ ਕਰਦੇ ਹਨ ।ਤਿਤਲੀ ਸੋਹਣੇ ਫੁੱਲਾਂ ਤੇ ਜਾਂਦੀ ਹੈ ਕਿਉਂਕਿ ਉਸ ਨੂੰ ਆਕਰਸ਼ਿਤ ਕਰਦੇ ਹਨ।ਫੁੱਲਾਂ ਦਾ ਰਸ ਉਸ ਦੀ ਜ਼ਰੂਰਤ ਹੈ।ਉਹ ਸੋਹਣੀ ਫੁੱਲਾਂ ਵੱਲ ਖਿੱਚੀ ਜਾਂਦੀ ਹੈ।
ਪੰਛੀ ਫਲਾਂ ਵਾਲੇ ਦਰੱਖਤਾਂ ਤੇ ਜਾਣਾ ਪਸੰਦ ਕਰਦੇ ਹਨ ਕਿਉਂਕਿ ਇਹ ਫਲ ਉਨ੍ਹਾਂ ਦੀ ਭੁੱਖ ਨੂੰ ਪੂਰਾ ਕਰਦੇ ਹਨ।ਪੰਛੀ ਫੁੱਲਾਂ ਤੇ ਨਹੀਂ ਬੈਠਦੇ।ਉਹ ਜਾਣਦੇ ਹਨ ਕਿ ਉਨ੍ਹਾਂ ਦੀ ਜ਼ਰੂਰਤ ਫੁੱਲ ਪੂਰਾ ਨਹੀਂ ਕਰ ਸਕਦੇ।ਉਨ੍ਹਾਂ ਨੂੰ ਫਲਾਂ ਵਾਲੇ ਦਰੱਖਤ ਹੀ ਪਾਉਂਦੇ ਹਨ।ਫਲਾਂ ਵਾਲੇ ਦਰੱਖਤਾਂ ਤੇ ਬੈਠ ਕੇ ਹੀ ਚਹਿਚਹਾਉਂਦੇ ਹਨ।
ਇਸ ਤਰ੍ਹਾਂ ਮਨੁੱਖ ਵੀ ਆਪਣੀਆਂ ਇੱਛਾਵਾਂ ਅਤੇ ਜ਼ਰੂਰਤਾਂ ਨਾਲ ਬੰਨ੍ਹਿਆ ਹੋਇਆ ਹੈ।ਜਿੱਥੋਂ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ਜਾਂ ਉਸ ਦੀਆਂ ਇੱਛਾਵਾਂ ਨੂੰ ਬੂਰ ਪੈ ਸਕਦਾ ਹੈ ਉਹ ਉਸੇ ਪਾਸੇ ਖਿੱਚਿਆ ਜਾਂਦਾ ਹੈ।ਕਿਸੇ ਬੰਦੇ ਤੇ ਉਨ੍ਹਾਂ ਗੁਣਾਂ ਤੋਂ ਹੀ ਆਕਰਸ਼ਿਤ ਹੁੰਦਾ ਹੈ ਜੋ ਉਹ ਆਪਣੇ ਆਪ ਲਈ ਲੋਚਦਾ ਹੈ ।ਜਿਨ੍ਹਾਂ ਲੋਕਾਂ ਤੋਂ ਉਸ ਨੂੰ ਪਤਾ ਹੈ ਕਿ ਉਸ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ਉਨ੍ਹਾਂ ਨਾਲ ਉਹ ਵਿਹਾਰ ਬਣਾ ਕੇ ਰੱਖਦਾ ਹੈ।ਇੱਕ ਲੇਖਕ ਦੇ ਮਿੱਤਰ ਅਕਸਰ ਲੇਖਕ ਹੀ ਹੁੰਦੇ ਹਨ।ਉਸ ਦੀ ਸੋਚ ਸਮਝ ਸ਼ਬਦਾਂ ਦੀ ਸਾਂਝ ਉਹੀ ਪੂਰੀ ਕਰ ਸਕਦੇ ਹਨ।ਇਕ ਉਦਯੋਗਪਤੀ ਦੇ ਦੋਸਤ ਉਦਯੋਗਪਤੀ ਹੀ ਹੋਣਗੇ।ਇੱਕ ਪੜ੍ਹਿਆ ਲਿਖਿਆ ਸੂਝਵਾਨ ਮਨੁੱਖ ਆਪਣੇ ਵਰਗੇ ਲੋਕਾਂ ਨਾਲ ਦੋਸਤੀ ਕਰੇਗਾ।ਉਹ ਬੁੱਧੀਜੀਵੀ ਵਰਗ ਵਿੱਚ ਵਿਚਰਦਾ ਹੈ ਕਿਉਂ ਜੋ ਉੱਥੇ ਉਸਦੀ ਮਾਨਸਿਕ ਭੁੱਖ ਪੂਰੀ ਹੁੰਦੀ ਹੈ।
ਸਾਰਾ ਜਗਤ ਜ਼ਰੂਰਤਾਂ ਤੇ ਇੱਛਾਵਾਂ ਨਾਲ ਬੰਨ੍ਹਿਆ ਹੋਇਆ ਹੈ।ਇਹ ਦੋ ਚੀਜ਼ਾਂ ਹੀ ਸਾਨੂੰ ਘੁਮਾਈ ਫਿਰਦੀਆਂ ਹਨ।ਆਪਣੀਆਂ ਇੱਛਾਵਾਂ ਦੇ ਮੁਤਾਬਕ ਅਸੀਂ ਆਪਣਾ ਛੋਟਾ ਜਿਹਾ ਸੰਸਾਰ ਬਣਾਉਂਦੇ ਹਾਂ ਬਿਲਕੁਲ ਪੰਛੀਆਂ ਤੇ ਤਿਤਲੀਆਂ ਦੀ ਤਰ੍ਹਾਂ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly