(ਸਮਾਜ ਵੀਕਲੀ)
ਤੁਰਕੀ ਅਤੇ ਸੀਰੀਆ ਵਿੱਚ 6 ਫ਼ਰਵਰੀ ਨੂੰ 7,8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੇ ਕਾਰਨ ਹੋਈ ਤਬਾਹੀ ਵਿੱਚ 40,000 ਤੋਂ ਵੱਧ (ਹੌਲੀ ਹੌਲੀ ਇਹ ਗਿਣਤੀ ਹੋਰ ਵੀ ਵੱਧ ਰਹੀ ਹੈ)ਲੋਕ ਮਾਰੇ ਗਏ ਹਨ,ਹਜ਼ਾਰਾਂ ਹੀ ਲੋਕ ਜ਼ਖਮੀ ਹੋ ਗਏ,ਹਜ਼ਾਰਾਂ ਹੀ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ,ਬਹੁਤ ਸਾਰੀਆਂ ਇਮਾਰਤਾਂ ਤਾਂ ਮਲਬੇ ਦੇ ਢੇਰ ਵਿੱਚ ਹੀ ਤਬਦੀਲ ਹੋ ਗਈਆਂ ਅਤੇ ਤੁਰਕੀ ਵਿੱਚ ਇਕ ਹਸਪਤਾਲ ਵੀ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਿਆ।ਤੁਰਕੀ ਦੀ ਭੁਗੋਲਿਕ ਸਥਿਤੀ ਦੇ ਕਾਰਨ ਏਥੇ ਅਕਸਰ ਭੂਚਾਲ ਆਉਦੇ ਰਹਿੰਦੇ ਹਨ।ਸਾਲ 1999 ਵਿੱਚ ਏਥੇ ਆਏ ਭੂਚਾਲ ਦੇ ਕਾਰਨ 18 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਭੂ-ਵਿਗਿਆਨੀਆਂ ਦੇ ਅਨੁਸਾਰ, ਤੁਰਕੀ ਵਿੱਚ ਭੂਚਾਲ ਆਉਣ ਦਾ ਕਾਰਨ ਇਹ ਹੈ ਕਿ ਜਿਆਦਾਤਰ ਖੇਤਰ ਐਨਾਟੋਲੀਅਨ ਪਲੇਟ ‘ਤੇ ਸਥਿਤ ਹੈ ਜਿਸ ਦੇ ਪੂਰਬ ਵੱਲ ਈਸਟ ਐਨਾਟੋਲੀਅਨ ਫ਼ਾਲਟ ਹੈ,ਸੱਜੇ ਪਾਸੇ ਟ੍ਰਾਂਸਫ਼ਾਰਮ ਫ਼ਾਲਟ ਹੈ ਜੋ ਕਿ ਅਰਬੀ ਪਲੇਟ ਨਾਲ ਜੁੜਦਾ ਹੈ,ਦੱਖਣ ਵੱਲ ਅਤੇ ਦੱਖਣ ਪੱਛਮ ਵੱਲ ਅਫ਼ਰੀਕਨ ਪਲੇਟ ਹੈ,ਜਦਕਿ ਉਤਰ ਵੱਲ ਯੂਰੇਸ਼ੀਅਨ ਪਲੇਟ ਹੈ,ਜੋ ਉਤਰੀ ਐਨਾਟੋਲੀਅਨ ਫਾਲਟ ਜ਼ੋਨ ਨਾਲ ਜੁੜੀ ਹੋਈ ਹੈ।ਤੁਰਕੀ ਦੇ ਹੇਠਾਂ ਐਨਾਟੋਲੀਅਨ ਟੈਕਟੋਨਿਕ ਪਲੇਟ ਘੜੀ ਦੇ ਉਲਟ ਦਿਸ਼ਾਂ ਵੱਲ ਘੁੰਮ ਰਹੀ ਹੈ,ਜਿਸ ਨੂੰ ਅਰਬੀ ਪਲੇਟ ਦੁਆਰਾ ਧੱਕੇਲ ਰਹੀ ਹੈ।ਜਦੋਂ ਅਰਬੀ ਪਲੇਟ ਘੁੰਮਦੀ ਹੈ ਤਾਂ ਐਨਾਟੋਲੀਅਨ ਪਲੇਟ ਨੂੰ ਧੱਕਾ ਦਿੰਦੀ ਹੈ,ਤਾਂ ਇਹ ਯੂਰੇਸ਼ੀਅਨ ਪਲੇਟ ਨਾਲ ਟਕਰਾ ਜਾਂਦੀ ਹੈ ਤਾਂ ਭੂਚਾਲ ਆਉਦੇ ਹਨ।
ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਆਉਣ ਦੇ ਕਾਰਨ ਹੋਈ ਤਬਾਹੀ ਨੂੰ ਦੇਖਣ ਤੋਂ ਬਾਅਦ ਪਿੱਛਲੇ ਕੁਝ ਸਮੇਂ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਭੂਚਾਲ ਦੇ ਝਟਕਿਆਂ ਨੂੰ ਲੈ ਕੇ ਚਿੰਤਾਂ ਵੱਧ ਰਹੀ ਹੈ।ਆਈ ਆਈ ਟੀ ਕਾਨਪੁਰ ਦੇ ਵਿਗਿਆਨੀ ਵੀ ਭਾਰਤ ਵਿੱਚ ਤੁਰਕੀ ਵਾਂਗ ਤੇਜ਼ ਭੂਚਾਲ ਆਉਣ ਦੀ ਸੰਭਾਵਨਾ ਜਤਾ ਰਹੇ ਹਨ।ਉਨਾਂ ਅਨੁਸਾਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਗਲੇ ਇੱਕ ਦੋ ਸਾਲਾਂ ਵਿੱਚ ਜਾਂ ਇਕ ਜਾਂ ਦੋ ਦਹਾਕਿਆਂ ਵਿੱਚ ਕਿਸੇ ਵੀ ਸਮ੍ਹੇਂ 7,5 ਤੀਬਰਤਾ ਤੋਂ ਵੱਧ ਦੇ ਭੂਚਾਲ ਆ ਸਕਦੇ ਹਨ।ਮਾਹਰਾਂ ਮੁਤਾਬਕ ਦੇਸ਼ ਦੇ ਲੱਗਭਗ 59 ਫੀਸਦੀ ਹਿੱਸੇ ਨੂੰ ਵੱਖ-ਵੱਖ ਤੀਬਰਤਾ ਵਾਲੇ ਭੂਚਾਲਾਂ ਦਾ ਖਤਰਾ ਹੈ।ਖਾਸ ਕਰਕੇ ਦਿੱਲੀ-ਐਨਸੀਆਰ ਅਤੇ ਗੁਆਂਢੀ ਰਾਜਾਂ ਵਿੱਚ ਭੂਚਾਲ ਦੇ ਝਟਕੇ ਵਾਰ-ਵਾਰ ਮਹਿਸੂਸ ਕੀਤੇ ਜਾ ਰਹੇ ਹਨ।
ਦਿੱਲੀ ਐਨਸੀਆਰ ਵਿੱਚ 3 ਜਨਵਰੀ ਦੀ ਰਾਤ ਨੂੰ 3,2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,24 ਜਨਵਰੀ ਦੀ ਦੁਪਹਿਰ ਨੂੰ ਦਿੱਲੀ-ਐਨਸੀਆਰ ਸਮੇਤ ਕੁਝ ਰਾਜਾਂ ਵਿੱਚ ਰਿਕਟਰ ਪੈਮਾਨੇ ‘ਤੇ 5,8 ਦੀ ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ,5 ਜਨਵਰੀ ਦੀ ਰਾਤ ਨੂੰ ਦਿੱਲੀ-ਐਨਸੀਆਰ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ 5,9 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸ ਤੋਂ ਪਹਿਲਾਂ ਦਿਲੀ-ਐਨਸੀਆਰ ਵਿੱਚ ਨਵੇ ਸਾਲ ਦੀ ਸ਼ੁਰੂਆਤ ਵਿੱਚ ਵੀ 3,8 ਤੀਬਰਤਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਨਵੰਬਰ ਮਹੀਨੇ ਵਿੱਚ ਦਿਲੀ-ਐਨਸੀਆਰ ਵਿੱਚ ਦੋ ਅਜਿਹੇ ਭੂਚਾਲ ਦੇ ਝਟਕੇ ਆਏ,ਜਿੰਨਾਂ ਵਿੱਚੋ ਇਕ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6,3 ਸੀ ਜਿਸ ਦਾ ਅਸਰ ਉਤਰ ਪ੍ਰਦੇਸ਼,ਉਤਰਾਖੰਡ ਦੇ ਨਾਲ-ਨਾਲ ਚੀਨ ਅਤੇ ਨੇਪਾਲ ਸਮੇਤ 7 ਸੂਬਿਆਂ ‘ਚ ਮਹਿਸੂਸ ਕੀਤਾ ਗਿਆ।
ਨੈਸ਼ਨਲ ਸੈਟਰ ਆਫ਼ ਸਿਸਮਲੋਜੀ(ਐਨਸੀਐਸ)ਦੇ ਅਨੁਸਾਰ,ਸਾਲ 2020 ਵਿੱਚ ਦਿਲੀ ਐਨਸੀਆਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕੁੱਲ 51 ਭੂਚਾਲ ਮਹਿਸੂਸ ਕੀਤੇ ਗਏ ਸਨ,ਜਿੰਨਾਂ ਵਿੱਚੋ ਕਈ ਰਿਕਟਰ ਪੈਮਾਨੇ ‘ਤੇ ਤਿੰਨ ਜਾਂ ਇਸ ਤੋਂ ਵੱਧ ਵਾਲੇ ਵੀ ਸਨ। ਸਾਲ 2020 ਤੋਂ ਬਾਅਦ ਦਿੱਲੀ-ਐਨਸੀਆਰ ਖੇਤਰ ਲਗਾਤਾਰ ਭੂਚਾਲ ਦੇ ਝਟਕਿਆਂ ਨਾਲ ਕੰਬ ਰਿਹਾ ਹੈ।ਹਾਲਾਂਕਿ ਇਹ ਬੜੀ ਰਾਹਤ ਦੀ ਗੱਲ ਹੈ ਕਿ ਭੂਚਾਲ ਦੇ ਲਗਾਤਾਰ ਝਟਕਿਆਂ ਦੇ ਕਾਰਨ ਕੋਈ ਵੱਡਾ ਜਾਨੀ ਨੁਕਸਾਨ ਜਾਂ ਮਾਲੀ ਨੁਕਸਾਨ ਨਹੀ ਹੋਇਆ ਹੈ,ਪਰ ਦਿੱਲੀ-ਐਨਸੀਆਰ ਸਮੇਤ ਉਤਰੀ ਭਾਰਤ ਵਿੱਚ ਕਈ ਹਲਕੇ ਅਤੇ ਦਰਮਿਆਨੇ ਭੁੂਚਾਲ ਦੇ ਝਟਕੇ ਹਿਮਾਲਿਆ ਖੇਤਰ ਵਿੱਚ ਇਕ ਵੱਡੀ ਸੰਭਾਵਨਾ ਨੂੰ ਵਧਾ ਰਹੇ ਹਨ।ਅਜਿਹੇ ‘ਚ ਜੇਕਰ ਜਲਦ ਹੀ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀ ਜਦੋਂ ਦਿੱਲੀ-ਐਨਸੀਆਰ ਦੀ ਹਾਲਤ ਤੁਰਕੀ ਅਤੇ ਸੀਰੀਆ ਵਰਗੀ ਹੋ ਜਾਵੇਗੀ।
ਉਤਰਾਖੰਡ ਦਾ ਜੋਸ਼ੀਮੱਠ ਡੁੱਬ ਰਿਹਾ ਹੈ,ਜਮੀਨ ਫ਼ਟ ਰਹੀ ਹੈ,ਘਰਾਂ ਵਿੱਚ ਤਰੇੜਾਂ ਆ ਰਹੀਆਂ ਹਨ,ਪੁਰਾਣੀਆਂ ਤਰੇੜਾਂ ਪਹਿਲਾਂ ਨਾਲੋ ਵੀ ਜਿਆਦਾ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਕਿਸੇ ਵੱਡੇ ਹਾਦਸੇ ਦੇ ਡਰੋਂ ਸੈਂਕੜੇ ਘਰ ਖਾਲੀ ਕਰਨ ਲਈ ਮਜ਼ਬੂਰ ਹੋ ਗਏ ਹਨ।ਇਹੀ ਹਾਲਤ ਹੁਣ ਡੋਡਾ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।ਅਜਿਹੇ ਵਿੱਚ ਭੂਚਾਲ ਦੇ ਮੂੰਹ ‘ਤੇ ਖੜੀ ਦਿੱਲੀ-ਐਨਸੀਆਰ ਦੇ ਮਾਮਲੇ ਵਿੱਚ ਜੋਸ਼ੀਮਠ ਘਟਨਾ ਤੋਂ ਸਬਕ ਲੈਦੇ ਹੋਏ ਜਲਦ ਤੋਂ ਜਲਦ ਅਜਿਹਾ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ,ਤਾਂ ਜੋ ਵਿਕਾਸ ਕਾਰਜਾਂ ਕਾਰਨ ਕੁਦਰਤ ਦਾ ਕੋਈ ਨੁਕਸਾਨ ਨਾ ਹੋਵੇ। ਧਰਅਸਲ ਭੂ-ਵਿਗਿਆਨੀਆਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਛੋਟੇ ਭੂਚਾਲ ਵੱਡੀ ਤਬਾਹੀ ਦਾ ਸੰਕੇਤ ਹਨ ਅਤੇ ਲਗਾਤਾਰ ਭੂਚਾਲ ਦੇ ਝਟਕਿਆਂ ਦੇ ਮਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਦਿੱਲੀ-ਐਨਸੀਆਰ ਖੇਤਰ ਵਿੱਚ ਇਕ ਵੱਡੇ ਭੂਚਾਲ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਪਿੱਛਲੇ ਕੁਝ ਦਹਾਕਿਆਂ ਵਿੱਚ ਦਿੱਲੀ-ਐਨਸੀਆਰ ਦੀ ਆਬਾਦੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਇਹ ਸਥਿਤੀ ‘ਚ 6 ਤੀਬਰਤਾ ਤੋਂ ਜਿਆਦਾ ਦਾ ਭੂਚਾਲ ਇੱਥੇ ਵੱਡੀ ਤਬਾਹੀ ਮਚਾ ਸਕਦਾ ਹੈ।ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਭੂਚਲ ਦੇ ਖਤਰੇ ਨੂੰ ਲੈ ਕੇ ਕੁੱਲ ਪੰਜ਼ ਜ਼ੋਨਾਂ ਵਿੱਚ ਵੰਡਿਆ ਗਿਆ ਹੈ,ਜਿਸ ਵਿੱਚ ਸੱਭ ਤੋਂ ਖਤਰਨਾਕ ਭੂਚਾਲ ਜ਼ੋਨ 5 ਅਤੇ ਫਿਰ ਸੀਸਮਿਕ ਜ਼ੋਨ 4 ਹੈ।ਦਿੱਲੀ ਸਿਸਮਿਕ ਜ਼ੋਨ 4 ਵਿੱਚ ਆਉਦਾ ਹੈ ਅਤੇ ਦਿੱਲੀ ਦੇ ਕੁਝ ਖੇਤਰ ਸੀਸਮਿਕ ਜ਼ੋਨ 4 ਤੋਂ ਵੀ ਜਿਆਦਾ ਖਤਰਨਾਕ ਸਥਿਤੀ ਵਿੱਚ ਹਨ।ਅਜਿਹੇ ਵਿੱਚ ਦਿੱਲੀ ਭੂਚਾਲ ਦਾ ਖਤਰਾ ਹਮੇਸ਼ਾਂ ਬਣਿਆ ਰਹਿੰਦਾ ਹੈ।
ਐਨਸੀਐਸ ਦੇ ਵਿਗਿਆਨੀਆਂ ਦੇ ਅਨੁਸਾਰ,ਦਿੱਲੀ ਨੂੰ ਹਿਮਾਲਅਨ ਪੱਟੀ ਤੋਂ ਬਹੁਤ ਖਤਰਾ ਹੈ,ਜਿੱਥੇ 8 ਤੀਬਰਤਾ ਦੇ ਭੂਚਾਲ ਆਉਣ ਦੀ ਵੀ ਸੰਭਾਵਨਾ ਹੈ।ਦਿੱਲੀ ਜੇਕਰ ਦਿੱਲੀ ਤੋਂ ਕਰੀਬ ਦੋ ਸੌ ਕਿਲੋਮੀਟਰ ਦੂਰ ਹਿਮਾਲਿਅਨ ਖੇਤਰ ਵਿੱਚ 7 ਜਾਂ ਇਸ ਤੋਂ ਵੱਧ ਤੀਬਰਤਾ ਦਾ ਭੂਚਾਲ ਆਉਦਾ ਹੈ ਤਾਂ ਦਿੱਲੀ ਲਈ ਵੱਡਾ ਖਤਰਾ ਹੈ ਹਾਲਾਂਕਿ ਇੰਨਾਂ ਭਿਆਨਕ ਭੂਚਾਲ ਕਦੋਂ ਆਵੇਗਾ, ਵਿਗਿਆਨੀਆ ਦਾ ਕਹਿਣਾ ਹੈ ਕਿ ਇਸ ਦਾ ਸਹੀ ਅੰਦਾਜ਼ਾ ਲਗਾਉਣਾ ਸੰਭਵ ਨਹੀ ਹੈ।ਅਸਲ ਵਿੱਚ,ਭੂਚਾਲਾਂ ਦੀ ਭਵਿੱਖਬਾਣੀ ਕਰਨ ਲਈ ਨਾ ਤਾਂ ਕੋਈ ਯੰਤਰ ਹੈ ਅਤੇ ਨਾ ਹੀ ਕੋਈ ਤੰਤਰ।ਦਿੱਲੀ ਵਿੱਚ ਵੱਡੇ ਭੂਚਾਲ ਦੇ ਖਤਰੇ ਦੇ ਮਦੇਨਜ਼ਰ ਭਾਰਤੀ ਮੌਸਮ ਵਿਭਾਗ ਦੇ ਭੂਚਾਲ ਜੋਖਮ ਮੁਲਾਂਕਣ ਕੇਂਦਰ ਨੇ ਕੁਝ ਸਮਾਂ੍ਹ ਪਹਿਲਾਂ ਦਿੱਲੀ-ਐਨਸੀਆਰ ਵਿੱਚ ਇਮਾਰਤਾਂ ਦੇ ਮਿਆਰ ਨੂੰ ਜਲਦੀ ਤੋਂ ਜਲਦੀ ਬਦਲਣ ਦੀ ਸਲਾਹ ਦਿੱਤੀ ਸੀ।
ਨੈਸ਼ਨਲ ਜੀਓ ਫਿਜ਼ੀਕਲ ਰਿਸਰਚ ਇਸਟੀਚਿਊਟ(ਐਨ,ਜੀ,ਆਰ,ਆਈ)ਦੇ ਵਿਗਿਆਨੀਆਂ ਦੇ ਮੁਤਾਬਕ ਦਿੱਲੀ-ਐਨਸੀਆਰ ‘ਚ ਆਉਣ ਵਾਲੇ ਭੂਚਾਲਾਂ ਨੂੰ ਲੈ ਕੇ ਅਧਿਐਨ ਚਲ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਇਸ ਦੇ ਕਾਰਨਾ ਵਿੱਚ ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਵੀ ਸਾਹਮਣੇ ਆ ਰਿਹਾ ਹੈ।ਇਸ ਤੋਂ ਇਲਾਵਾ ਹੋਰ ਕਾਰਨਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।ਅਜਿਹੀ ਸਥਿਤੀ ਵਿੱਚ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਦਿੱਲੀ ਦੀਆਂ ਉਚੀਆਂ ਇਮਾਰਤਾਂ ਅਤੇ ਅਪਾਰਟਮੈਂਟ ਕਿਸੇ ਵੱਡੇ ਭੂਚਾਲ ਨੂੰ ਝੱਲਣ ਦੀ ਸਥਿਤੀ ਵਿੱਚ ਹਨ?
ਮਾਹਰਾਂ ਦੇ ਮੁਤਾਬਕ ਦਿੱਲੀ ‘ਚ ਲਗਾਤਾਰ ਭੂਚਾਲ ਦੇ ਝਟਕਿਆਂ ਤੋਂ ਪਤਾ ਚੱਲਦਾ ਹੈ ਕਿ ਦਿੱਲੀ-ਐਨਸੀਆਰ ਦੇ ਨੁਕਸ ਇਸ ਸਮ੍ਹੇਂ ਸਰਗਰਮ ਹਨ ਅਤੇ ਇੰਨਾਂ ਨੁਕਸਾਂ ‘ਚ ਵੱਡੇ ਭੂਚਾਲਾਂ ਦੀ ਤੀਬਰਤਾ 6,5 ਤੱਕ ਹੋ ਸਕਦੀ ਹੈ।ਇਸ ਕਰਕੇ ਮਾਹਰ ਕਹਿ ਰਹੇ ਹਨ ਕਿ ਲਗਾਤਾਰ ਆਉਣ ਵਾਲੇ ਭੂਚਾਲ ਦੇ ਝਟਕਿਆਂ ਨੂੰ ਵੱਡੇ ਖਤਰੇ ਦਾ ਸੰਕੇਤ ਮੰਨਦਿਆਂ ਦਿੱਲੀ ਨੂੰ ਨੁਕਸਾਨ ਤੋਂ ਬਚਣ ਲਈ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ।ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਝਟਕਿਆਂ ਨੂੰ ਦੇਖਦੇ ਹੋਏ ਦਿੱਲੀ ਹਾਈ ਕੋਰਟ ਨੇ ਵੀ ਕਈ ਵਾਰ ਸਖ਼ਤ ਰੁਖ ਅਖਤਿਆਰ ਕੀਤਾ ਹੈ।ਹਾਈ ਕੋਰਟ ਨੇ ਕੁਝ ਸਮ੍ਹਾਂ ਪਹਿਲਾਂ ਦਿੱਲੀ ਸਰਕਾਰ,ਡੀ,ਡੀ,ਏ,ਐਮਸੀਡੀ, ਦਿੱਲੀ ਛਾਉਣੀ ਬੋਰਡ,ਨਵੀ ਦਿੱਲੀ ਨਗਰ ਕੌਸਲ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਤੇਜ਼ ਭੂਚਾਲ ਦੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਿਹੜੇ ਕਦਮ ਚੁੱਕੇ ਗਏ ਹਨ।
ਅਦਾਲਤ ਨੇ ਚਿੰਤਾਂ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਅਤੇ ਹੋਰ ਸੰਸਾਥਾਵਾਂ ਆਮ ਵਾਂਗ ਭੂਚਾਲ ਨੂੰ ਹਲਕੇ ਢੰਗ ਨਾਲ ਲੈ ਰਹੀਆਂ ਹਨ,ਜਦ ਕਿ ਉਹਨਾਂ ਨੂੰ ਇਸ ਦਿਸ਼ਾਂ ਵਿੱਚ ਗੰਭੀਰਤਾ ਦਿਖਾਉਣ ਦੀ ਲੋੜ ਹੈ।ਅਦਾਲਤ ਨੇ ਕਿਹਾ ਹੈ ਕਿ ਭੂਚਾਲ ਵਰਗੀਆਂ ਆਫ਼ਤਾਂ ਨਾਲ ਨਜਿੱਠਣ ਲਈ ਠੋਸ ਯੋਜਨਾਵਾਂ ਬਣਾਉਣ ਦੀ ਲੋੜ ਹੈ ਕਿਉਕਿ ਭੂਚਾਲ ਨਾਲ ਲੱਖਾਂ ਲੋਕਾਂ ਦੀ ਜਾਨ ਜਾ ਸਕਦੀ ਹੈ।ਦਿੱਲੀ ਸਰਕਾਰ ਅਤੇ ਐਮ,ਸੀ,ਡੀ ਵਲੋਂ ਦਾਇਰ ਜਵਾਬ ‘ਤੇ ਸਖਤ ਟਿੱਪਣੀ ਕਰਦਿਆਂ ਅਦਾਲਤ ਨੇ ਕਿਹਾ ਹੈ ਕਿ ਸ਼ਹਿਰ ਨੂੰ ਭੂਚਾਲਾਂ ਤੋਂ ਸੁਰੱਖਿਅਤ ਰੱਖਣ ਲਈ ਚੁੱਕੇ ਗਏ ਕਦਮ ਜਾਂ ਤਜ਼ਵੀਜ਼ ਸਿਰਫ਼ ਕਾਗਜ਼ਾਂ ਵਿੱਚ ਹੀ ਹਨ ਅਤੇ ਅਜਿਹਾ ਨਹੀ ਲੱਗਦਾ ਕਿ ਏਜੰਸੀਆਂ ਨੇ ਚੁੱਕੇ ਹਨ।
ਭੂਚਾਲ ਸਬੰਧੀ ਕੋਈ ਵੀ ਕਾਰਵਾਈ ਅਦਾਲਤ ਵਲੋਂ ਪਹਿਲਾਂ ਕੀਤੇ ਹੁਕਮਾਂ ਦੀ ਪਾਲਣਾਂ ਕਰਨੀ।ਦਿੱਲੀ-ਐਨਸੀਆਰ ਭੂਚਾਲਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ,ਜੋ ਦੂਜੇ ਸਭ ਤੋਂ ਖਤਰਨਾਕ ਭੂਚਾਲ ਜ਼ੋਨ-4 ਵਿੱਚ ਆਉਦਾ ਹੈ।ਇਸ ਲਈ ਅਦਾਲਤ ਨੂੰ ਕਹਿਣਾ ਪਿਆ ਕਿ ਸਿਰਫ਼ ਕਾਗ਼ਜ਼ੀ ਕਾਰਵਾਈ ਨਾਲ ਕੰਮ ਨਹੀ ਚੱਲਣ ਵਾਲਾ ਸਗੋਂ ਜ਼ਮੀਨੀ ਪੱਧਰ ‘ਤੇ ਸਰਕਾਰ ਨੂੰ ਠੋਸ ਕੰਮ ਕਰਨ ਦੀ ਲੋੜ ਹੈ।ਅਸਲ ਵਿੱਚ ਅਸਲੀਅਤ ਇਹ ਹੈ ਕਿ ਪਿੱਛਲੇ ਕਈ ਸਾਲਾਂ ਵਿੱਚ ਭੂਚਾਲਾਂ ਨਾਲ ਨਜਿੱਠਣ ਲਈ ਤਿਆਰੀਆਂ ਦੇ ਨਾਂ ‘ਤੇ ਸਿਰਫ਼ ਆਨਾਜ ਦੀ ਸਪਲਾਈ ਹੀ ਹੋਈ ਹੈ।
ਵੈਸੇ,ਵਿਗਿਆਨੀਆਂ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਦੀ ਅਧਿਕਤਮ ਸੀਮਾ ਤੈਅ ਨਹੀ ਕੀਤੀ ਗਈ।ਹਾਲਾਂਕਿ,ਰਿਕਟਰ ਪੈਮਾਨੇ ‘ਤੇ 7 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਨੂੰ ਆਮ ਨਾਲੋਂ ਬਹੁਤ ਜਿਆਦਾ ਖਤਰਨਾਕ ਮੰਨਿਆਂ ਜਾਂਦਾ ਹੈ।ਰਿਕਟਰ ਪੈਮਾਨੇ ‘ਤੇ 2 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਨੂੰ ਮਾਈਕਰੋ ਭੂਚਾਲ ਕਿਹਾ ਜਾਂਦਾ ਹੈ,ਇਸ ਦੇ ਝਟਕੇ ਆਮ ਤੌਰ ‘ਤੇ ਮਹਿਸੂਸ ਨਹੀ ਕੀਤੇ ਜਾਂਦੇ,4,5 ਸੀਮਾ ਦੀ ਤੀਬਰਤਾ ਵਾਲੇ ਭੂਚਾਲ ਘਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ,ਸਗੋਂ ਸਵਾਲ ਇਹ ਹੈ ਕਿ ਲਗਾਤਾਰ ਆਉਣ ਵਾਲੇ ਭੂਚਾਲਾਂ ਨੂੰ ਕਿਵੇਂ ਰੋਕਿਆ ਜਾਵੇ ਅਤੇ ਕੀ ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਿਸ ਨਾਲ ਵਿਕਾਸ ਦੀ ਰਫਤਾਰ ਪ੍ਰਵਾਵਿਤ ਨਾ ਹੋਵੇ ਅਤੇ ਕੁਦਰਤ ਨੂੰ ਨੁਕਸਾਨ ਨਾ ਪਹੁੰਚ ਸਕੇ।ਆਉਣ ਵਾਲੇ ਸਮੇਂ ਵਿੱਚ ਦਿੱਲੀ ਵਰਗੇ ਸ਼ਹਿਰ ਤੁਰਕੀ ਅਤੇ ਸੀਰੀਆ ਵਰਗੇ ਭਿਆਨਕ ਦੁਖਾਂਤ ਦਾ ਸਾਹਮਣਾ ਕਰਨ ਲਈ ਮਜ਼ਬੂਰ ਨਹੀ ਹੋਣਗੇ।ਇਨਾਂ ਸਵਾਲਾਂ ਨੂੰ ਗੰਭੀਰਤਾ ਨਾਲ ਲੈਦਿਆਂ ਸਰਕਾਰਾਂ ਨੂੰ ਕੁਝ ਠੋਸ ਕਦਮ ਚੁੱਕਣ ਦੀ ਸਖਤ ਲੋੜ ਹੈ।
ਪੇਸ਼ਕਸ਼:-ਅਮਰਜੀਤ ਚੰਦਰ
9417600014