*ਸਿੱਖਿਆ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਹੈ ਮਦਰ ਵਰਕਸ਼ਾਪ*

(ਸਮਾਜ ਵੀਕਲੀ)

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੁਆਰਾ 14 ਨਵੰਬਰ 2017 ਨੂੰ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕਰਨ ਦੇ ਦਿੱਤੇ ਹੋਕੇ ਨਾਲ ਇੱਕ ਅਪ੍ਰੈਲ 2018 ਤੋਂ ਪੰਜਾਬ, ਭਾਰਤ ਦਾ ਪ੍ਰੀ -ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਸੀ। ਉਸ ਸਮੇਂ ਪ੍ਰੀ-ਪ੍ਰਾਇਮਰੀ ਦੀ ਸ਼ੁਰੂਆਤ ਪ੍ਰੀ-ਪ੍ਰਾਇਮਰੀ 1 ਤੇ ਪ੍ਰੀ ਪ੍ਰਾਇਮਰੀ 2 ਜਮਾਤਾਂ ਤੋਂ ਕੀਤੀ ਗਈ, ਜਿਹਨਾਂ ਵਿੱਚ ਕ੍ਰਮਵਾਰ ਤਿੰਨ ਤੇ ਚਾਰ ਸਾਲ ਦੇ ਬੱਚੇ ਦਾਖਲ ਕੀਤੇ ਗਏ।

ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਮੌਕੇ 14 ਨਵੰਬਰ 2017 ਨੂੰ ਸਕੂਲਾਂ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਉਸ ਸਮੇਂ ਦੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਯੋਗ ਅਗਵਾਈ ਵਿੱਚ ਸਟੇਟ/ਜਿਲ੍ਹਾ ਤੇ ਬਲਾਕ ਅਫਸਰ ਸਹਿਬਾਨਾਂ ਦੇ ਨਾਲ ਸੈਂਟਰ ਹੈੱਡ ਟੀਚਰ/ਹੈੱਡ ਟੀਚਰ/ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਤੇ ਅਧਿਆਪਕ ਸਹਿਬਾਨਾਂ ਨੇ ਪਿੰਡਾਂ/ਸ਼ਹਿਰਾਂ ਦੇ ਗਲੀ ਮੁਹੱਲਿਆਂ ਵਿੱਚ ਪਹੁੰਚ, ਉੱਥੋਂ ਦੇ ਨੁਮਾਇੰਦਿਆਂ ਤੇ ਮਾਪਿਆਂ ਨੂੰ ਨਾਲ ਲੈ ਕੇ ਇਸ ਦਾ ਹੋਕਾ ਦਿੱਤਾ ।

ਲੋਕਾਂ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਚਾਈਂ-ਚਾਈਂ ਆਪਣੇ ਨੰਨੇ-ਮੁੰਨੇ ਪ੍ਰੀ -ਪ੍ਰਾਇਮਰੀ ਜਮਾਤਾਂ ਚ ਦਾਖਲ ਕਰਵਾਉਣੇ ਸ਼ੁਰੂ ਕਰ ਦਿੱਤੇ। ਸਰਕਾਰ ਵੱਲੋਂ ਭੇਜੀਆਂ ਗਰਾਂਟਾਂ ਤੇ ਪੰਜਾਬ ਦੇ ਸੁਹਿਰਦ ਤੇ ਮਿਹਨਤੀ ਅਧਿਆਪਕਾਂ ਵੱਲੋਂ ਲਏ ਗਏ ਦਾਨੀ ਸੱਜਣਾਂ /ਭਾਈਚਾਰੇ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਕਮਰੇ ਗਰੀਨ ਮੈਟਾਂ/ਗੱਦਿਆਂ/ਮੈਡੀਕਲ ਕਿੱਟਾਂ/ਝੂਲਿਆਂ/ ਖਿਡੌਣਿਆਂ/ਡੋਰ ਮੈਟਾਂ/ ਤੇ ਹੋਰ ਸਾਜੋ-ਸਮਾਨ ਨਾਲ ਸਜ ਮਹਿੰਗੀਆਂ ਫੀਸਾਂ ਵਾਲੇ ਸਕੂਲਾਂ ਨੂੰ ਵੀ ਮਾਤ ਪਾਉਣ ਲੱਗੇ। ਕਿਸੇ ਸਾਇਰ ਦੀਆਂ ਸਤਰਾਂ –

*”ਆਗਾਜ ਤੋਂ ਅੱਛਾ ਹੈ,ਮਗਰ*
*ਅੰਜਾਮ ਕਿਆ ਹੋ ਗਾ!*”

ਅਨੁਸਾਰ ਕਰੋਨਾ ਕਾਲ ਨੇ ਇਹਨਾਂ ਜਮਾਤਾਂ ਦੀ ਹੋਈ ਚੰਗੀ ਸ਼ੁਰੂਆਤ ਨੂੰ ਕੁਝ ਵਿਰਾਮ ਦੇਣ ਦਾ ਯਤਨ ਕੀਤਾ ਪਰ ਸਕੂਲ ਸਿੱਖਿਆ ਵਿਭਾਗ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਸੁਹਿਰਦ ਤੇ ਮਿਹਨਤੀ ਅਧਿਆਪਕਾਂ ਨੇ ਉਸ ਸਮੇਂ ਵਿੱਚ ਵੀ ਆਪਣੀ ਮਿਹਨਤ ਤੇ ਆਨਲਾਈਨ ਸਿੱਖਿਆ ਦੇ ਜਰੀਏ ਕਰੋਨਾ ਦੇ ਮਾੜੇ ਪ੍ਰਭਾਵਾਂ ਤੋਂ ਇਸ ਦਾਖਲਾ ਲਹਿਰ ਨੂੰ ਬਚਾਈ ਰੱਖਿਆ, ਜਿਸ ਦੇ ਸਿੱਟੇ ਵਜੋਂ ਸਕੂਲਾਂ ਵਿੱਚ ਇਹਨਾਂ ਜਮਾਤਾਂ ਦੇ ਦਾਖਲੇ ਲਗਾਤਾਰ ਵਧਦੇ ਚਲੇ ਗਏ ।ਜਿਸ ਦੀ ਉਦਾਹਰਣ ਸਾਲ 2018-19 ਵਿੱਚ 193825 ,ਸਾਲ 2019-20 ਦੌਰਾਨ 225946 ,ਸਾਲ 2020-21 ਦੌਰਾਨ 329106 ਤੇ ਸਾਲ 2021-22 ਦੌਰਾਨ 388898 ਬੱਚਿਆਂ ਦੇ ਹੋਏ ਦਾਖਲੇ ਤੋਂ ਸਪੱਸ਼ਟ ਦੇਖੀ ਜਾ ਸਕਦੀ ਹੈ।

ਵਿਭਾਗ ਵੱਲੋਂ ਬਕਾਇਦਾ ਇਹਨਾਂ ਬੱਚਿਆਂ ਲਈ ਜਿੱਥੇ ਵੱਖ-ਵੱਖ ਸਮੇਂ ਤੇ ਸਕੂਲਾਂ ਨੂੰ ਗਰਾਂਟਾਂ ਭੇਜ ਕੇ ਸਿੱਖਣ ਸਹਾਇਕ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ,ਉੱਥੇ ਗਤੀਵਿਧੀ ਕੈਲੰਡਰ/ਰੋਜ਼ਾਨਾ ਸਲਾਈਡ ਭੇਜ ਕੇ ਨਿਯਮਿਤ ਯੋਗ ਅਗਵਾਈ ਵਿੱਚ ਇਹਨਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ । ਅੱਜ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਐੱਲ ਕੇ ਜੀ ਤੇ ਯੂ ਕੇ ਜੀ ਦਾ ਨਾਮ ਵੀ ਦਿੱਤਾ ਗਿਆ ਹੈ।

ਇਹਨਾਂ ਬੱਚਿਆਂ ਦੀ ਭਲਾਈ ਲਈ ਵਿਭਾਗ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਲੜੀ ਵਿੱਚ ਪਿਛਲੇ ਸਮੇਂ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਮਦਰ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹਨਾਂ ਵਰਕਸ਼ਾਪਾਂ ਦਾ ਮਨੋਰਥ ਜਿੱਥੇ ਇਹਨਾਂ ਬੱਚਿਆਂ ਦੇ ਕੀਤੇ ਗਏ ਅਵਲੋਕਨ/ਮੁਲਾਂਕਣ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ ,ਉੱਥੇ ਬੱਚਿਆਂ ਦੀ ਸਿੱਖਿਆ ਵਿੱਚ ਮਾਵਾਂ ਦਾ ਸਹਿਯੋਗ ਲੈਣ ਲਈ ਉਹਨਾਂ ਨੂੰ ਜਮਾਤਾਂ ਵਿੱਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣਾ ਵੀ ਹੁੰਦਾ ਹੈ। ਇਸ ਵਾਰ ਵੀ 30 ਸਤੰਬਰ ਨੂੰ ਸਕੂਲਾਂ ਵਿੱਚ ਆਯੋਜਿਤ ਕੀਤੀ ਗਈ ਮਦਰ ਵਰਕਸ਼ਾਪ ਨੇ ਬੱਚਿਆਂ ਦੀਆਂ ਮਾਵਾਂ ਦੇ ਮਨਾਂ ਵਿਚ ਉਸ ਸਮੇਂ ਗਹਿਰੀ ਛਾਪ ਛੱਡੀ ,ਜਦੋਂ ਉਹਨਾਂ ਨੇ ਸਕੂਲਾਂ ਵਿੱਚ ਪਹੁੰਚ ਕੇ ਇਹਨਾਂ ਬੱਚਿਆਂ ਦੇ ਪੰਜ ਵਿਕਾਸਾਂ (ਸਰੀਰਕ ਵਿਕਾਸ ,ਸਮਾਜਿਕ ਤੇ ਭਾਵਨਾਤਮਕ ਵਿਕਾਸ,ਬੌਧਿਕ ਵਿਕਾਸ,ਰਚਨਾਤਮਕ ਵਿਕਾਸ ਤੇ ਭਾਸ਼ਾਈ ਵਿਕਾਸ ) ਲਈ, ਗਤੀਵਿਧੀ ਕੈਲੰਡਰ ਤੇ ਰੋਜ਼ਾਨਾ ਸਲਾਈਡ ਅਨੁਸਾਰ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ।ਵਿਭਾਗ ਦੁਆਰਾ ਭੇਜੇ ਗਏ ਮਦਰ ਮੈਨੂਅਲ ਵੀ ਉਹਨਾਂ ਨਾਲ ਸਾਂਝੇ ਕੀਤੇ ਗਏ।

ਅਸੀਂ ਸਾਰੇ ਜਾਣਦੇ ਹਾਂ ਕਿ ਆਪਣੇ ਆਪ ਵਿੱਚ ਸਮਰੱਥ ਗੁਰੂ ਦਾ ਰੂਪ ਮਾਂ, ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ। ਜਿੱਥੇ ਉਹ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ,ਉੱਥੇ ਉਹ ਬੱਚੇ ਨੂੰ ਸਕੂਲ ਭੇਜਣ ਦੇ ਯੋਗ ਵੀ ਬਣਾਉਂਦੀ ਹੈ। ਵਰਕਸ਼ਾਪ ਦੌਰਾਨ ਵੱਖ-ਵੱਖ ਸਕੂਲਾਂ ਤੋਂ ਪ੍ਰਾਪਤ ਮਾਵਾਂ ਦੇ ਵਿਚਾਰ ਪੜ੍ਹ-ਸੁਣ ਕੇ ਇਹ ਮਹਿਸੂਸ ਹੁੰਦਾ ਹੈ ਕਿ ਵਾਕਿਆ ਹੀ ਪ੍ਰੀ-ਪ੍ਰਾਇਮਰੀ ਦੇ ਇਹਨਾਂ ਬੱਚਿਆਂ ਦੀ ਭਲਾਈ ਲਈ ਇਹੋ ਜਿਹੀਆਂ ਮਦਰ ਵਰਕਸ਼ਾਪਾਂ ਦੀ ਬਹੁਤ ਜਰੂਰਤ ਹੈ। ਅੱਜ ਦੇ ਤੇਜ-ਤਰਾਰ ਤੇ ਤਕਨੀਕੀ ਯੁੱਗ ਵਿੱਚ ਇਹਨਾਂ ਬੱਚਿਆਂ ਦੀ ਭਲਾਈ ਲਈ ਮਾਵਾਂ ਨੂੰ ਵੀ ਯੋਗ ਅਗਵਾਈ ਦੀ ਬਹੁਤ ਲੋੜ ਹੈ, ਜੋ ਇਹਨਾਂ ਵਰਕਸ਼ਾਪਾਂ ਰਾਹੀਂ ਬਕਾਇਦਾ ਸਹੀ ਰੂਪ ਵਿੱਚ ਹੋ ਸਕਦੀ ਹੈ।

ਮਦਰ ਵਰਕਸ਼ਾਪ ਦੌਰਾਨ ਜਿੱਥੇ ਖੁਦ ਨੂੰ ਮਾਵਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਤੇ ਇਸ ਵਰਕਸ਼ਾਪ ਦੀ ਲੋੜ ਮਹਿਸੂਸ ਹੋਈ,ਉੱਥੇ ਸੋਸਲ ਮੀਡੀਆ ਰਾਹੀਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਇੱਕ ਜਿਲ੍ਹਾ ਕੋਆਰਡੀਨੇਟਰ ਦੇ ਇੱਕ ਬੱਚੇ ਦੀ ਮਾਂ ਦੁਆਰਾ ਪ੍ਰਗਟ ਕੀਤੇ ਵਿਚਾਰ ਪੜ੍ਹ ਕੇ ਮਨ ਪਿਘਲ ਗਿਆ, ਜਦੋਂ ਉਸ ਨੇ ਸਪਸ ਮੁੱਦਕੀ ਬਲਾਕ ਘੱਲ ਖੁਰਦ ਵਿੱਚ ਆਈ ਇਕ ਬੱਚੇ ਦੀ ਮਾਂ ਦੁਆਰਾ ਰਚਨਾਤਮਕ ਵਿਕਾਸ ਦੀ ਗਤੀਵਿਧੀ ਕਰਦਿਆਂ ਮਿੱਟੀ ਦੇ ਮੋਰ ਦੀ ਇੱਕ ਖੂਬਸੂਰਤ ਕਲਾਕਿਰਤੀ ਬਣਾਉਂਦੇ ਹੋਏ ਕਿਹਾ ਕਿ ਸਰ ਜੀ ਮੈਂ ਵੀ ਪੜਾਈ ਵਿਚ ਬਹੁਤ ਹੁਸ਼ਿਆਰ ਸੀ ਤੇ ਮਨ ਦੀ ਬੜੀ ਰੀਝ ਵੀ ਸੀ ਕਿ ਪੜ੍ਹ ਲਿਖ ਕੇ ਕੁਝ ਬਣਾ! ਪਰ ਘਰ ਦੀ ਗੁਰਬਤ ਨੇ ਮੇਰੀ ਪੇਸ਼ ਨੀ ਜਾਣ ਦਿੱਤੀ ।

ਮੈਂ ਸੋਚਦਾ ਹਾਂ ਕਿ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਮਾਵਾਂ ਹੋਣਗੀਆਂ, ਜਿਹਨਾਂ ਨੇ ਆਪਣੇ ਮਨ ਦੀ ਰੀਝ ਤੇ ਹੱਥਾਂ ਦੀ ਕਲਾ ਇਹਨਾਂ ਮਦਰ ਵਰਕਸ਼ਾਪਾਂ ਰਾਹੀਂ, ਅੱਜ ਆਪਣੇ ਬੱਚਿਆਂ ਦੇ ਭਵਿੱਖ ਚ ਪੂਰੀ ਹੁੰਦੀ ਹੋਈ ਦੇਖੀ ਹੋਵੇਗੀ! ਪੰਜਾਬ ਦਾ ਭਵਿੱਖ ਚੰਗਾ ਹੋਵੇ , ਇਸ ਮਕਸਦ ਨੂੰ ਪੂਰਾ ਕਰਨ ਲਈ ਇਸ ਪੁੰਗਰ ਰਹੀ ਪਨੀਰੀ ਨੂੰ ਸਹੀ ਸੇਧ ਦੇਣੀ ਹੋਵੇਗੀ,ਜੋ ਅਧਿਆਪਕਾਂ/ਮਾਪਿਆਂ ਤੇ ਭਾਈਚਾਰੇ ਦੇ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ। ਸੁਹਿਰਦ ਤੇ ਮਿਹਨਤੀ ਅਧਿਆਪਕਾਂ ਨੂੰ ਸਲਾਮ,ਜਿਹਨਾਂ ਨੇ ਜੀਅ ਜਾਨ ਨਾਲ ਤਿਆਰੀ ਕਰ ਸਕੂਲਾਂ ਵਿੱਚ ਇਹਨਾਂ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਤੇ ਉਹਨਾਂ ਮਾਵਾਂ ਨੂੰ ਵੀ ਸਲਾਮ ਜਿਹੜੀਆਂ ਆਪਣੇ ਨੰਨੇ-ਮੁੰਨਿਆਂ ਦੇ ਚੰਗੇਰੇ ਭਵਿੱਖ ਲਈ ਇਹਨਾਂ ਵਰਕਸ਼ਾਪਾਂ ਦਾ ਹਿੱਸਾ ਬਣੀਆਂ। ਭਵਿੱਖ ਚ ਵਿਭਾਗ ਵੱਲੋਂ ਇਹਨਾਂ ਜਮਾਤਾਂ ਲਈ ਅਲੱਗ ਤੋਂ ਅਧਿਆਪਕ ਹੋਣ ਦੀ ਚਲਾਈ ਪ੍ਰਕਿਰਿਆ ਪੂਰੀ ਹੋਵੇ ਤੇ ਵਿਭਾਗ ਦੁਆਰਾ ਕੀਤੇ ਇਹਨਾਂ ਵਰਕਸ਼ਾਪਾਂ ਦੇ ਆਯੋਜਨਾਂ ਦਾ ਸ਼ਲਾਘਾਯੋਗ ਉਪਰਾਲਾ ਲਗਾਤਾਰ ਜਾਰੀ ਰਹੇ।
ਆਮੀਨ

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਦਾ ਆਨੰਦ ਲਓ
Next articleCongress MLA resigns from Gujarat Assembly