(ਸਮਾਜ ਵੀਕਲੀ)
ਆਪਣੇ ਤਜਰਬੇ ਤੇ ਅਧਾਰਤ
*ਜੇਕਰ ਬਿੱਲੀ ਦੇ ਰਾਹ ਕੱਟਿਆਂ ਕੰਮ ਵਿੱਚ ਵਿਘਨ ਪੈਂਦਾ ਹੁੰਦਾ ਤਾਂ ਗੋਰਿਆਂ ਦੇ ਸਭ ਕੰਮ ਅਧੂਰੇ ਰਹਿ ਜਾਣੇ ਸੀ ਕਿਉਂਕਿ ਉਨ੍ਹਾਂ ਵਿੱਚੋਂ ਜਿਆਦਾ ਨੇ ਬਿੱਲੀਆਂ ਰੱਖੀਆਂ ਹੋਈਆਂ ਹਨ ਜੋ ਉਨ੍ਹਾਂ ਦਾ ਆਉਂਦੇ ਜਾਂਦੇ ਅਕਸਰ ਰਾਹ ਕੱਟ ਜਾਂਦੀਆਂ ਹਨ l
*ਜੇਕਰ ਨਜ਼ਰ ਲੱਗਣ ਨਾਲ ਕਿਸੇ ਨੂੰ ਘਾਟਾ ਪੈਂਦਾ ਹੁੰਦਾ ਤਾਂ ਲੋਕਾਂ ਨੇ ਅਮੀਰਾਂ ਨੂੰ ਨਜ਼ਰਾਂ ਲਾ ਲਾ ਕੇ ਝੁੱਗੀਆਂ ਵਿੱਚ ਰਹਿਣ ਲਾ ਦੇਣਾ ਸੀ l ਨਜ਼ਰ ਵਿੱਚ ਕੁੱਝ ਵੀ ਅਜਿਹਾ ਨਹੀਂ ਹੁੰਦਾ ਜੋ ਦੂਜੇ ਨੂੰ ਜਾ ਕੇ ਲੱਗ ਜਾਵੇ l ਅੱਖਾਂ ਦੇ ਡਾਕਟਰ ਨੂੰ ਬੇਸ਼ੱਕ ਪੁੱਛ ਕੇ ਦੇਖ ਲੈਣਾ l
*ਜੇਕਰ ਛਿੱਕ ਮਾਰਨ ਨਾਲ ਦੁਰਘਟਨਾਵਾਂ ਹੁੰਦੀਆਂ ਹੋਣ ਤਾਂ ਕਈ ਜਹਾਜ਼ ਦੁਰਘਟਨਾਵਾਂ ਦੇ ਸ਼ਿਕਾਰ ਹੋ ਜਾਣੇ ਸੀ ਕਿਉਂਕਿ ਜਹਾਜ਼ ਦੀਆਂ 150 ਤੋਂ ਉੱਪਰ ਸਵਾਰੀਆਂ ਵਿੱਚੋਂ ਤੁਰਨ ਵੇਲੇ ਕਿਸੇ ਨਾ ਕਿਸੇ ਨੂੰ ਛਿੱਕ ਤਾਂ ਜਰੂਰ ਆ ਹੀ ਜਾਂਦੀ ਹੈ l
*ਜੇਕਰ ਰਾਹ ਵਿੱਚ ਖਾਲੀ ਟੋਕਰਾ ਲੈ ਕੇ ਆਉਂਦੀ ਔਰਤ ਮਿਲਣ ਨਾਲ ਤੁਹਾਡਾ ਕੋਈ ਕੰਮ ਰੁਕਦਾ ਹੋਵੇ ਤਾਂ ਦੂਜਿਆਂ ਨੇ ਜਾਣ ਬੁੱਝ ਕੇ ਤੁਹਾਡੇ ਅੱਗੇ ਖਾਲੀ ਟੋਕਰੇ ਕਰਨੇ ਸੀ l
*ਜੇ ਵਿੱਦਿਆ ਪੜ੍ਹਾਈ ਕਿਤਾਬ ਵਿੱਚ ਰੱਖਣ ਨਾਲ ਪੜ੍ਹਨਾ ਆ ਜਾਂਦਾ ਤਾਂ ਬੱਚਿਆਂ ਨੇ ਰਾਤਾਂ ਨੂੰ ਜਾਗ ਜਾਗ ਨਹੀਂ ਪੜ੍ਹਨਾ ਸੀ ਅਤੇ ਟਿਊਸ਼ਨਾਂ ਵੀ ਨਹੀਂ ਰੱਖਣੀਆਂ ਸੀ l
*ਜੇਕਰ ਮਨੀ ਪਲਾਂਟ ਘਰ ਵਿੱਚ ਉਗਾਉਣ ਨਾਲ ਘਰ ਵਿੱਚ ਪੈਸਾ ਆਉਂਦਾ ਹੁੰਦਾ ਤਾਂ ਝੁੱਗੀਆਂ ਵਾਲਿਆਂ ਵੀ ਝੁੱਗੀਆਂ ਵਿੱਚ ਮਨੀ ਪਲਾਂਟ ਉਗਾ ਲੈਣੇ ਸੀ l
*ਅੱਕੜਿਆਂ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਨਾਲ ਸਿਰਫ ਅੱਕੜੇ ਮਰ ਸਕਦੇ ਹਨ ਪਰ ਤੁਹਾਡਾ ਕੁੱਝ ਸੁਧਰ ਨਹੀਂ ਸਕਦਾ l ਆਪਣਾ ਕੁੱਝ ਸੁਧਾਰਨਾ ਤਾਂ ਤੇਲ ਖਾਣੇ ਲਈ ਵਰਤੋ l
*ਨਾਰੀਅਲ ਖਾਣਾ ਸਿਹਤ ਲਈ ਬਹੁਤ ਵਧੀਆ ਹੈ ਪਰ ਭਾਰਤੀ ਨਾਰੀਅਲ ਟੂਣੇ ਕਰਕੇ ਨਹਿਰਾਂ ਵਿੱਚ ਸੁੱਟ ਕੇ ਖਰਾਬ ਕਰਦੇ ਹਨ ਅਤੇ ਗੋਰੇ ਖਾਂਦੇ ਹਨ l ਨਿਊਜ਼ੀਲੈਂਡ ਦੇ ਗੋਰਿਆਂ ਦੀ ਔਸਤਨ ਉਮਰ 83 ਸਾਲ ਹੈ ਜਦਕਿ ਭਾਰਤੀਆਂ ਦੀ 69 ਸਾਲ ਹੈ l
*ਭਾਰਤੀ ਆਪਣੀ ਤੰਦਰੁਸਤੀ ਰੱਬ ਅੱਗੇ ਹੱਥ ਜੋੜ ਕੇ ਮੰਗਦੇ ਹਨ ਜਦਕਿ ਗੋਰੇ ਆਪਣੀ ਤੰਦਰੁਸਤੀ ਲਈ ਸਿਹਤਮੰਦ ਖਾਂਦੇ ਹਨ, ਕਸਰਤ ਕਰਦੇ ਹਨ ਅਤੇ ਵਧੀਆ ਸਿਹਤ ਸਹੂਲਤਾਂ ਵਿਕਸਤ ਕਰਦੇ ਹਨ l
*ਜੇ ਰੱਬ ਦਾ ਨਾਮ ਲੈ ਕੇ ਜਿੰਦਗੀ ਦੇ ਮਸਲੇ ਹੱਲ ਹੁੰਦੇ ਤਾਂ ਭਾਰਤੀਆਂ ਦਾ ਕੋਈ ਮਸਲਾ ਹੀ ਨਹੀਂ ਰਹਿਣਾ ਸੀ ਕਿਉਂਕਿ ਅਬਾਦੀ ਦੇ ਹਿਸਾਬ ਨਾਲ ਰੱਬ ਦਾ ਨਾਮ ਭਾਰਤ ਵਿੱਚ ਹੀ ਜਿਆਦਾ ਲਿਆ ਜਾਂਦਾ ਹੈ l
*ਜੇਕਰ ਗੁੱਡੀ ਫੂਕਣ ਨਾਲ ਮੀਂਹ ਪੈਣ ਲੱਗ ਪੈਂਦਾ ਤਾਂ ਹੁਣ ਤੱਕ ਪੰਜਾਬ ਹੜ੍ਹ ਜਾਣਾ ਸੀ ਕਿਉਂਕਿ ਉਥੇ ਤਾਂ ਭਰੂਣ ਹੱਤਿਆ ਕਰਕੇ ਲੋਕੀਂ ਅਸਲੀ ਗੁੱਡੀਆਂ ਵੀ ਮਾਰ ਦਿੱਤੀਆਂ l
*ਜੇਕਰ ਇਸ ਜਨਮ ਦੇ ਪਾਪ ਪੁੰਨ ਦੇਖ ਕੇ ਨਰਕ ਸਵਰਗ ਮਿਲਦਾ ਹੈ ਤਾਂ ਮੈਨੂੰ 99% ਲੋਕਾਂ ਵਿੱਚੋਂ ਕੋਈ ਸਵਰਗ ਵਿੱਚ ਜਾਣ ਵਾਲਾ ਨਹੀਂ ਦਿਸਦਾ l
*ਜੇ ਰੱਬ ਅੱਗੇ ਝੜ੍ਹਾਵੇ ਚਾੜ੍ਹ ਕੇ ਕੁੱਝ ਮਿਲਦਾ ਹੈ ਤਾਂ ਸਮਝੋ ਭਾਰਤੀਆਂ ਨੇ ਰੱਬ ਵੀ ਰਿਸ਼ਵਤਖੋਰ ਬਣਾ ਲਿਆ ਹੈ ਭਾਵ ਜਿਹੋ ਜਿਹੇ ਆਪ ਉਹੋ ਜਿਹਾ ਰੱਬ l
*ਜੇ ਪਰਨਾਲੇ ਥੱਲੇ ਮਾਂਹ ਦੱਬਿਆਂ ਮੀਂਹ ਰੁਕਦਾ ਹੁੰਦਾ ਤਾਂ ਲੋਕਾਂ ਨੇ ਦੁਨੀਆਂ ਤੇ ਹੜ੍ਹ ਨਹੀਂ ਆਉਣ ਦੇਣੇ ਸੀ l
*ਜੇ ਰੱਬ ਅੱਗੇ ਪ੍ਰਾਰਥਨਾ ਕਰਕੇ ਸਭ ਕੁੱਝ ਮਿਲਦਾ ਹੁੰਦਾ ਤਾਂ ਲੋਕੀਂ ਮਿਹਨਤ ਕਰਨੀ ਛੱਡ ਸਭ ਕੁੱਝ ਪ੍ਰਾਰਥਨਾ ਕਰਕੇ ਹੀ ਹਾਸਲ ਕਰ ਲੈਣਾ ਸੀ l
*ਜੇ ਸਾਧਾਂ ਸੰਤਾਂ ਦੇ ਵਰਦਾਨਾਂ ਨਾਲ ਸਭ ਕੁੱਝ ਮਿਲ ਜਾਂਦਾ ਤਾਂ ਮਿਹਨਤ ਕਰਨ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਜਾਣੀ ਸੀ l
*ਜੇ ਮੜ੍ਹੀਆਂ ਵਿੱਚ ਕੋਈ ਸ਼ਕਤੀ ਹੁੰਦੀ ਤਾਂ ਮੜ੍ਹੀਆਂ ਨੇ ਕੁੱਤਿਆਂ ਨੂੰ ਉਥੇ ਪੇਸ਼ਾਬ ਕਰਨੋਂ ਰੋਕ ਦੇਣਾ ਸੀ l
*ਜੇ ਜੋਤਸ਼ੀ ਭਵਿੱਖ ਬਦਲਣ ਦੇ ਯੋਗ ਹੁੰਦੇ ਤਾਂ ਉਨ੍ਹਾਂ ਦੇ ਆਪਣੇ ਪਰਿਵਾਰ ਸੁਖੀ ਵਸਦੇ ਹੋਣੇ ਸੀ l
*ਜੇਕਰ ਵਰਤ ਰੱਖਣ ਨਾਲ ਕਿਸੇ ਦੀ ਉਮਰ ਵਧਦੀ ਹੁੰਦੀ ਤਾਂ ਰੋਜ਼ਾਨਾ ਗਰੀਬੀ ਕਾਰਣ ਭੁੱਖੇ ਸੌਣ ਵਾਲੇ ਤਾਂ ਅਮਰ ਹੋ ਜਾਣੇ ਸੀ l
*ਜੇ ਝਾੜੂ ਪੁੱਠਾ ਖੜ੍ਹਾ ਕਰਨ ਨਾਲ ਕੋਈ ਬਿਮਾਰ ਹੋ ਜਾਂਦਾ ਤਾਂ ਡਾਕਟਰਾਂ ਨੇ ਆਪਣਾ ਕੰਮ ਚਲਾਉਣ ਲਈ ਝਾੜੂ ਪੁੱਠੇ ਖੜ੍ਹੇ ਕਰ ਕਰ ਕੇ ਲੋਕ ਮੰਜੇ ਤੇ ਪਾ ਦੇਣੇ ਸੀ l
*ਜੇਕਰ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕੋਈ ਠੀਕ ਹੋ ਜਾਂਦਾ ਤਾਂ ਲੋਕਾਂ ਬਿਮਾਰੀ ਦੀ ਹਾਲਤ ਵਿੱਚ ਐਂਬੂਲੈਂਸ ਸਿੱਧੀ ਹਸਪਤਾਲ ਦੀ ਜਗ੍ਹਾ ਧਾਰਮਿਕ ਸਥਾਨਾਂ ਵੱਲ ਲਿਜਾਣੀ ਸੀ l
*ਜੇ ਹਰ ਮਨੁੱਖ ਦੂਜਾ ਜਨਮ ਲਈ ਜਾਂਦਾ ਤਾਂ ਧਰਤੀ ਤੇ ਰਹਿਣ ਜੋਗੀ ਜਗ੍ਹਾ ਨਹੀਂ ਬਚਣੀ ਸੀ l
*ਜੇਕਰ ਰੱਬ ਗਰੀਬੀ ਦਾਵੇ ਮਿਲਦਾ ਹੁੰਦਾ ਤਾਂ ਲੌਕ ਡੌਨ ਦੌਰਾਨ ਨੰਗੇ ਪੈਰੀਂ ਆਪਣੇ ਘਰਾਂ ਨੂੰ ਤੁਰੇ ਜਾਂਦੇ ਮਜ਼ਬੂਰ ਪ੍ਰਦੇਸੀਆਂ ਨੂੰ ਮਿਲ ਜਾਣਾ ਸੀ ਜਿਨਾਂ ਦੇ ਪੈਰੀਂ ਛਾਲੇ ਪੈ ਗਏ ਸਨ ਅਤੇ ਕੁੱਝ ਦੀ ਮੌਤ ਹੋ ਗਈ ਸੀ l
*ਜੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਰੱਬ ਦੀ ਪ੍ਰਾਪਤੀ ਹੁੰਦੀ ਤਾਂ ਮੱਛੀਆਂ ਅਤੇ ਡੱਡੂਆਂ ਨੂੰ ਪਹਿਲਾਂ ਹੋ ਜਾਣੀ ਸੀ ਕਿਉਂਕਿ ਉਹ ਤਾਂ ਹਰ ਪਲ ਨਹਾਉਂਦੇ ਹਨ l
*ਜੇਕਰ ਕਿਸੇ ਇੱਕੋ ਲਿਖਤ ਨੂੰ ਵਾਰ ਵਾਰ ਰੱਟਾ ਲਗਾਉਣ ਨਾਲ ਜਾਣਕਾਰੀ ਵਧਦੀ ਹੋਵੇ ਤਾਂ ਲੋਕਾਂ ਪਹਿਲੀ ਜਮਾਤ ਦੀਆਂ ਕਿਤਾਬਾਂ ਨੂੰ ਵਾਰ ਵਾਰ ਰੱਟਾ ਲਾ ਲਾ ਕੇ ਹੀ ਐਮ ਏ ਕਰ ਜਾਣੀ ਸੀ l
*ਜੇਕਰ ਸਾਰਿਆਂ ਦਾ ਭੋਗ ਲਵਾਇਆ ਰੱਬ ਤੱਕ ਪਹੁੰਚਦਾ ਹੁੰਦਾ ਤਾਂ ਕਦੋਂ ਦਾ ਰੱਬ ਦਾ ਢਿੱਡ ਪਾਟ ਜਾਣਾ ਸੀ l
*ਜੇਕਰ ਹੱਥਾਂ ਦੀਆਂ ਰੇਖਾਵਾਂ ਅਨੁਸਾਰ ਭਵਿੱਖ ਚੱਲਦੇ ਹੋਣ ਤਾਂ ਲੋਕਾਂ ਨੇ ਡਾਕਟਰਾਂ ਕੋਲੋਂ ਅਪ੍ਰੇਸ਼ਨ ਕਰਵਾ ਕੇ ਰੇਖਾਵਾਂ ਲੋੜ ਅਨੁਸਾਰ ਬਣਾ ਲੈਣੀਆਂ ਸਨ l
*ਕਿਸੇ ਵਲੋਂ ਦੂਜੇ ਦੀ ਚੀਜ਼ ਨੂੰ ਦੇਖ ਕੇ ਹੌਕੇ ਭਰਨ ਨਾਲ ਕੁੱਝ ਨਹੀਂ ਹੁੰਦਾ l
*ਕਿਸੇ ਦੇ ਸਰਾਪ ਦੇਣ ਨਾਲ ਵੀ ਕੁੱਝ ਨਹੀਂ ਹੁੰਦਾ l
*ਕਿਸੇ ਵੀ ਭਗਤੀ ਕਰਨ ਨਾਲ ਕੋਈ ਗੈਬੀ ਸ਼ਕਤੀ ਪੈਦਾ ਨਹੀਂ ਹੁੰਦੀ l ਹਾਂ ਗੈਬੀ ਸ਼ਕਤੀ ਦਾ ਭਰਮ ਪੈਦਾ ਜਰੂਰ ਹੋ ਜਾਂਦਾ ਹੈ l
ਅੱਜ ਸਮਾਂ ਬਦਲ ਚੁੱਕਾ ਹੈ l ਲੋੜ ਹੈ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਵਿੱਚੋਂ ਬਾਹਰ ਨਿਕਲਣ ਦੀ ਅਤੇ ਲੋੜ ਹੈ ਸਮੇਂ ਦੇ ਹਾਣੀ ਬਣਨ ਦੀ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147