ਖ਼ਬਰਦਾਰ…

ਅਮਨ ਜੱਖਲਾਂ

(ਸਮਾਜ ਵੀਕਲੀ)

ਦੁਸਮਣਾਂ ਨਾਲ ਲੜਨ ਲਈ ਏਕਲਵਿਆ ਨੂੰ ਭੇਜਿਆ ਜਾਵੇਗਾ। ਐਵਾਰਡ ਦੀ ਰਸਮ ਸਮੇਂ ਗੁਰੂ ਦਰੋਣ, ਅਰਜੁਨ ਨੂੰ ਨਾਲ ਲੈ ਕੇ ਸਮੇਂ ਸਿਰ ਪਹੁੰਚ ਜਾਣਗੇ। ਐਵਾਰਡ ਦੀ ਰਸਮ ਸਮੇਂ, ਜੇਕਰ ਕਿਸੇ ਨੇ ਵੀ ਏਕਲਵਿਆ ਦੇ ਅੰਗੂਠੇ ਦੇ ਸੰਬੰਧ ਵਿੱਚ ਗੱਲ ਛੇੜਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਦੇਸ਼ ਦਾ ਗੱਦਾਰ ਐਲਾਨਿਆ ਜਾਵੇਗਾ।

ਸਜ਼ਾ ਦੇ ਤੌਰ ਤੇ ਉਸਨੂੰ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਜਾਵੇਗਾ ਜਾਂ ਹੋ ਸਕਦਾ ਹੈ ਇੱਥੇ ਹੀ ਉਸ ਦੇ ਮੱਥੇ ਤੇ ਅੱਤਵਾਦੀ ਦੀ ਮੋਹਰ ਲਗਾ ਕੇ, ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਜਾਵੇ। ਇਸੇ ਕਰਕੇ,  ਏਕਲਵਿਆ ਦੇ ਅੰਗੂਠੇ ਤੇ ਪੱਟੀ ਕਰਨ ਦੀ ਵਿਚਾਰ ਉਹੀ ਕਰੇ ਜੋ ਕਿਸੇ ਵੀ ਕੀਮਤ ਤੇ ਅਜਿਹੀ ਗੁਰੂ ਦਕਸ਼ਣਾ ਦੇਣ ਦੇ ਹੱਕ ਵਿੱਚ ਨਹੀਂ। ਜਿਨ੍ਹਾਂ ਸੁਣਾਇਆ ਜਾਵੇ, ਉਨ੍ਹਾਂ ਹੀ ਸੁਣਿਆ ਜਾਵੇ। ਜੇਕਰ ਕਿਸੇ ਨੇ ਵੀ ਕੁਝ ਨਵਾਂ ਸੁਣਨ ਦੀ ਕੋਸ਼ਿਸ ਕੀਤੀ, ਉਸਨੂੰ ਬੋਲਿਆਂ ਦੀ ਸੂਚੀ ਵਿੱਚ ਅਤੇ ਨਵਾਂ ਬੋਲਣ ਵਾਲਿਆਂ ਨੂੰ ਗੂੰਗਿਆਂ ਦੀ ਸੂਚੀ ਵਿੱਚ ਰੱਖਿਆ ਜਾਵੇਗਾ।

ਨਵਾਂ ਸੋਚਣ ਵਾਲਿਆਂ ਲਈ ਪਾਗਲਖਾਨੇ ਪੂਰੀ ਤਰ੍ਹਾਂ ਤਿਆਰ ਹਨ ਜਿੱਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਤਿਹਾਸ ਮਿਥਿਹਾਸ ਕੁਝ ਵੀ ਹੋਵੇ, ਚੁੱਪਚਾਪ ਪੜ੍ਹ ਕੇ ਅੱਗੇ ਲੰਘਣਾ ਹੋਵੇਗਾ, ਨਹੀਂ ਤਾਂ ਸਵਾਲ ਕਰਨ ਵਾਲਿਆਂ ਦਾ ਵਰਤਮਾਨ ਵੀ ਮਿਥਿਹਾਸ ਬਣਾ ਦਿੱਤਾ ਜਾਵੇਗਾ,ਭਵਿੱਖ ਤਾਂ ਹੋਵੇਗਾ ਹੀ ਨਹੀਂ। ਰੰਗ, ਹਾਕਮ ਦੀ ਮਰਜੀ ਦੇ ਹੋਣਗੇ , ਨਵੇਂ ਰੰਗਾਂ ਦੀ ਗੱਲ ਕਰਨ ਵਾਲਿਆਂ ਨੂੰ ਖੂਨੀ ਹੋਲੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਬੇਸ਼ੱਕ ਕੈਲੰਡਰ ਇੱਕਵੀਂ ਸਦੀ ਦਰਸਾ ਰਿਹਾ ਹੈ, ਪਰ ਅਸੀਂ ਇਸ ਤੇ ਅੰਨ੍ਹਾ ਵਿਸ਼ਵਾਸ ਨਹੀਂ ਕਰਾਂਗੇ, ਅਸੀਂ ਹਜਾਰਾਂ ਸਾਲ ਪੁਰਾਣੀਆਂ ਮਾਨਤਾਵਾਂ ਨੂੰ ਹਮੇਸ਼ਾਂ ਕਾਇਮ ਰੱਖਣ ਵਿੱਚ ਨਿਰੰਤਰ ਯਤਨਸ਼ੀਲ ਰਹਾਂਗੇ। ਲੋਕਤੰਤਰ ਦਾ ਝੰਡਾ ਵਰਤ ਕੇ ਤਾਨਾਸ਼ਾਹੀ ਦੇ ਜੈਕਾਰੇ ਲਗਾਏ ਜਾਣਗੇ ਅਤੇ ਮਰੇ ਹੋਏ ਲੋਕਤੰਤਰ ਨੂੰ ਜਿਊਂਦਾ ਕਰਾਰ ਦੇ ਕੇ ਸਰਮਾਏਦਾਰੀ ਦਾ ਰਾਹ ਚੰਗੀ ਤਰ੍ਹਾਂ ਪੱਧਰਾ ਕੀਤਾ ਜਾਵੇਗਾ। ਧਰਮ ਨਿਰਪੱਖਤਾ ਦਾ ਹੋਕਾ ਵੀ ਗਲੀ ਗਲੀ ਵਿੱਚ ਦਿੱਤਾ ਜਾਵੇਗਾ, ਸਭ ਧਰਮਾਂ ਦੇ ਸਤਿਕਾਰ ਦੀ ਗੱਲ ਵੀ ਨਾਲ ਨਾਲ ਹੀ ਕੀਤੀ ਜਾਵੇਗੀ ਪਰ ਅਫਸੋਸ਼, ਸਿਰਫ਼ ਗੱਲ ਹੀ ਕੀਤੀ ਜਾਵੇਗੀ…

ਅਮਨ ਜੱਖਲਾਂ

Previous articleਸ਼ਹਿਰ ਖਾਲ਼ੀ ਹੋ ਰਹੇ ਨੇ
Next articleਸਰਕਾਰੀ ਹਸਪਤਾਲਾਂ ‘ਚ ਮਰੀਜ਼ ਮਰਨ ਲਈ ਮਜਬੂਰ, ਸਿਆਸਤਦਾਨ ਮੱਕਾਰ ਤੇ ਪ੍ਰਬੰਧਕ ਹੰਕਾਰ ‘ਚ ਚੂਰ