ਟੈਲੀਕੰਸਲਟੇਸ਼ਨ ਸੇਵਾ ਦਾ ਦਾਇਰਾ ਵਧਾਉਣ ਦੀ ਲੋੜ: ਮਾਂਡਵੀਆ

ਨਵੀਂ ਦਿੱਲੀ (ਸਮਾਜ ਵੀਕਲੀ):  ਘਰਾਂ ਵਿਚ ਇਲਾਜ ਕਰਵਾ ਰਹੇ ਵੱਡੀ ਗਿਣਤੀ ਕਰੋਨਾ ਮਰੀਜ਼ਾਂ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਵੱਖ-ਵੱਖ ਸੂਬਿਆਂ ਨੂੰ ਕਿਹਾ ਕਿ ਉਹ ਇਨ੍ਹਾਂ ਨਾਲ ਫੋਨ ਉਤੇ ਰਾਬਤਾ ਕਰਨ (ਟੈਲੀਕੰਸਲਟੇਸ਼ਨ) ਉਤੇ ਧਿਆਨ ਕੇਂਦਰਿਤ ਕਰਨ। ਮਾਂਡਵੀਆ ਨੇ ਕਿਹਾ ਕਿ ਸਮੇਂ-ਸਿਰ ਸਿਹਤ ਸੇਵਾਵਾਂ ਦੇਣ ਲਈ ਪਹੁੰਚ ਵਿਚ ਵਾਧਾ ਕਰਨਾ ਜ਼ਰੂਰੀ ਹੈ। ਕੇਂਦਰੀ ਸਿਹਤ ਮੰਤਰੀ ਨੇ ਅੱਜ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਉੱਤਰਾਖੰਡ, ਹਰਿਆਣਾ, ਦਿੱਲੀ, ਲੱਦਾਖ ਤੇ ਯੂਪੀ ਦੇ ਸਿਹਤ ਮੰਤਰੀਆਂ, ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਕੀਤਾ। ਮਾਂਡਵੀਆ ਨੇ ਇਨ੍ਹਾਂ ਨੂੰ ਅਪੀਲ ਕੀਤੀ ਕਿ ਇਹ ‘ਹੱਬ ਤੇ ਸਪੋਕ’ ਮਾਡਲ ਅਪਣਾਉਣ ਤੇ ਹੋਰ ਟੈਲੀਕੰਸਲਟੇਸ਼ਨ ਸੈਂਟਰ ਖੋਲ੍ਹਣ।

ਇਸ ਨਾਲ ਜ਼ਿਲ੍ਹਾ ਪੱਧਰ ਉਤੇ ਤਾਇਨਾਤ ਸਿਹਤ ਮਾਹਿਰਾਂ ਨਾਲ ਮਰੀਜ਼ ਸੰਪਰਕ ਕਰ ਸਕਣਗੇ ਤੇ ਸੇਵਾਵਾਂ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਈ-ਸੰਜੀਵਨੀ ਟੈਲੀਮੈਡੀਸਨ ਸਿਸਟਮ ਨੇ 2.6 ਕਰੋੜ ਲਾਭਪਾਤਰੀਆਂ ਨੂੰ ਸੇਵਾਵਾਂ ਦਿੱਤੀਆਂ ਹਨ, ਜਿੱਥੇ ਲੋਕਾਂ ਨੇ ਘਰਾਂ ਵਿਚ ਬੈਠ ਕੇ ਹੀ ਸਿਹਤ ਸਬੰਧੀ ਸੁਝਾਅ ਲਏ ਹਨ। ਉਨ੍ਹਾਂ ਕਿਹਾ ਕਿ ਇਸ ਸੇਵਾ ਨਾਲ ਦੂਰ-ਦੁਰੇਡੇ ਬੈਠੇ ਲੋਕਾਂ ਨੂੰ ਲਾਭ ਹੋਇਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ਨੂੰ ਚੌਵੀ ਘੰਟੇ ਚਲਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ। ਕੇਂਦਰ ਤੇ ਸੂਬਿਆਂ ਦੀ ਇਹ ਵਰਚੁਅਲ ਮੀਟਿੰਗ ਕੋਵਿਡ ਨਾਲ ਨਜਿੱਠਣ ਬਾਰੇ ਸੀ। ਇਸ ਦੌਰਾਨ ਟੀਕਾਕਰਨ ਮੁਹਿੰਮ ਬਾਰੇ ਵੀ ਵਿਚਾਰ-ਚਰਚਾ ਹੋਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਨੂੰਨੀ ਸਿੱਖਿਆ ਦੀ ਗੁਣਵੱਤਾ ਸੁਧਾਰਨ ਦੀ ਲੋੜ: ਸੁਪਰੀਮ ਕੋਰਟ
Next articleਪਹਿਲੇ ਦਿਨ ਚਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ