ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਨਵਾਂਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਵਰਮਾ ਨੇ ਨਵਾਂਸ਼ਹਿਰ ਸੁਧਾਰ ਮੰਚ ਅਤੇ ਸਬੰਧਤ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕੀਤੀ। ਨਵਾਂਸ਼ਹਿਰ ਸੁਧਾਰ ਮੰਚ ਦੇ ਪ੍ਰਧਾਨ ਜਸਬੀਰ ਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਾਂਸ਼ਹਿਰ ਸੁਧਾਰ ਮੰਚ ਨੇ ਸੀਵਰੇਜ ਦੇ ਲੀਕੇਜ, ਟੁੱਟੀ ਹੋਈ ਰੇਲਵੇ ਰੋਡ ਬਣਾਉਣ, ਨਵਾਂਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰ, ਹੜ੍ਹਾਂ ਤੋਂ ਬਚਾਅ ਲਈ ਸੰਭਾਵਿਤ ਪ੍ਰਬੰਧ ਕਰਨ,ਪਿਛਲੀ ਬਰਸਾਤ ਵਿਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ਾ ਦੇਣ,ਸ਼ਹਿਰ ਵਿਚ ਜਨਤਕ ਪਖਾਨੇ ਬਣਾਉਣ ਆਦਿ ਮੰਗਾਂ ਉੱਤੇ ਅਧਾਰਤ ਇਕ ਮੰਗ ਪੱਤਰ 21 ਜੂਨ ਨੂੰ ਡਿਪਟੀ ਕਮਿਸ਼ਨਰ ਨੂੰ ਦਿੱਤਾ ਸੀ ਜਿਸ ਕਾਰਨ ਅੱਜ ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਾਰਜਸਾਧਕ ਅਫਸਰ, ਤਹਿਸੀਲਦਾਰ ਨਵਾਂਸ਼ਹਿਰ, ਸੀਵਰੇਜ ਬੋਰਡ ਦੇ ਐਸ. ਡੀ.ਓ,ਸੈਨੇਟਰੀ ਇੰਸਪੈਕਟਰ ਅਤੇ ਨਵਾਂਸ਼ਹਿਰ ਸੁਧਾਰ ਮੰਚ ਦੇ ਆਗੂਆਂ ਨਾਲ ਮੀਟਿੰਗ ਕੀਤੀ।ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੀਵਰੇਜ ਦੇ ਪਾਣੀ ਦੀ ਲੀਕੇਜ ਰੋਕਣ ਲਈ ਅਤੇ ਕੂੜਾ ਚੁਕਵਾਉਣ ਦੇ ਫੌਰੀ ਪ੍ਰਬੰਧ ਕਰਨ।ਸ਼ਹਿਰ ਵਿਚ ਬਣੇ ਜਨਤਕ ਪਖਾਨਿਆਂ ਨੂੰ ਸਵੇਰੇ 9 ਵਜੇ ਤੋਂ ਲੈਕੇ ਸ਼ਾਮ 5 ਵਜੇ ਤੱਕ ਖੁੱਲ੍ਹੇ ਰੱਖਿਆ ਜਾਵੇ ਅਤੇ ਹਰ ਜਨਤਕ ਪਖਾਨੇ ਤੇ ਸਫਾਈ ਕਰਮਚਾਰੀ ਬਿਠਾਇਆ ਜਾਵੇ।ਰੇਲਵੇ ਰੋਡ ਤੇ ਸੀਵਰੇਜ ਦੀ ਲੀਕੇਜ ਨੂੰ ਬੰਦ ਕਰਕੇ ਸੜਕ ਵਿਚ ਪਏ ਖੱਡਿਆਂ ਨੂੰ ਕੇਰੀ ਪਾਕੇ ਭਰਿਆ ਜਾਵੇ।ਉਹਨਾਂ ਤਹਿਸੀਲਦਾਰ ਨੂੰ ਨਵਾਂਸ਼ਹਿਰ-ਗੜ੍ਹਸ਼ੰਕਰ ਸੜਕ ਹੇਠੋਂ ਲੰਘਦੇ ਬਰਸਾਤੀ ਨਾਲੇ ਦੇ ਪੂਰਬੀ ਪਾਸੇ ਦੀ ਨਿਸ਼ਾਨਦੇਹੀ ਕਰਨ ਲਈ ਆਖਦਿਆਂ ਇਸ ਗੱਲ ਉੱਤੇ ਜੋਰ ਦਿੱਤਾ ਕਿ ਜੇਕਰ ਬਰਸਾਤੀ ਨਾਲੇ ਦੀ ਥਾਂ ਉੱਤੇ ਕਿਸੇ ਕਿਸਮ ਦਾ ਨਜਾਇਜ਼ ਕਬਜ਼ਾ ਪਾਇਆ ਗਿਆ ਤਾਂ ਉਸਨੂੰ ਹਟਾਇਆ ਜਾਵੇ।ਉਹਨਾਂ ਕਿਹਾ ਕਿ ਗੁਜਰਪੁਰ ਰੋਡ ਤੇ ਡਰੇਨ ਦੇ ਪੁਲ ਉੱਤੇ ਰੇਲਿੰਗ ਬਣਾਉਣ ਲਈ ਮੰਡੀ ਬੋਰਡ ਨੇ ਮਨਜੂਰੀ ਲਈ ਭੇਜਿਆ ਹੋਇਆ ਹੈ ਅਤੇ ਮਨਜੂਰੀ ਮਿਲਣ ਤੇ ਰੇਲਿੰਗ ਬਣਾ ਦਿੱਤੀ ਜਾਵੇਗੀ।ਪਿਛਲੇ ਸਾਲ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜਾ ਦੇਣ ਸਬੰਧੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਸੇ ਆਉਣ ਤੇ ਇਹ ਮੁਆਵਜਾ ਦੇ ਦਿੱਤਾ ਜਾਵੇਗਾ।ਰਾਏ ਕਲੋਨੀ ਬਰਨਾਲਾ ਰੋਡ ਦੀ ਗਲੀ ਨੰਬਰ 1 ਦੀ ਸੀਵਰੇਜ ਦੀ ਲਾਈਨ ਦਾ ਸੀਵਰੇਜ ਦੀ ਮੇਨ ਲਾਈਨ ਨਾਲ ਕੁਨੈਕਸ਼ਨ ਜੋੜਨ ਦੀ ਮੰਗ ਬਾਰੇ ਬੋਲਦਿਆਂ ਉਹਨਾਂ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਹ ਮੌਕਾ ਦੇਖਕੇ ਸੀਵਰੇਜ ਦਾ ਕੁਨੈਕਸ਼ਨ ਜੁੜਵਾਉਣ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਨਾਲੇ ਦੀ ਸਫਾਈ ਕਰਵਾ ਦਿੱਤੀ ਗਈ ਹੈ ਤਾਂਕਿ ਬਰਸਾਤ ਦੇ ਪਾਣੀ ਦਾ ਸਹੀ ਨਿਕਾਸ ਹੋ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly