ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨਾਲ ਉੱਠਿਆ ਵਿਵਾਦ ਅੱਜ ਸ਼ਾਮ ਸੁਖਾਵੇਂ ਮਾਹੌਲ ‘ਚ ਹੋਈ ਮੀਟਿੰਗ ਨਾਲ ਫਿਲਹਾਲ ਸੁਲਝ ਗਿਆ ਹੈ, ਜਿਸ ਨੇ ਰਾਜਸੀ ਸੰਕਟ ਵਿਚ ਘਿਰੀ ਹਾਈਕਮਾਨ ਨੂੰ ਥੋੜ੍ਹੀ ਰਾਹਤ ਦਿੱਤੀ ਹੈ| ਕਰੀਬ ਦੋ ਘੰਟੇ ਚੱਲੀ ਮੀਟਿੰਗ ਵਿਚ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਤੋਂ ਉੱਠੇ ਵਿਵਾਦ ਨੂੰ ਨਜਿੱਠਣ ਲਈ ਰਾਹ ਕੱਢ ਲਏ ਗਏ ਹਨ। ਭਾਵੇਂ ਫੌਰੀ ਤੌਰ ’ਤੇ ਨਵਜੋਤ ਸਿੱਧੂ ਵੱਲੋਂ ਨਿਯੁਕਤੀਆਂ ਬਾਰੇ ਉਠਾਏ ਸੁਆਲ ਹੱਲ ਨਹੀਂ ਹੋਏ, ਪਰ ਮੀਟਿੰਗ ਵਿਚ ਤਿੰਨ ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਹੈ, ਜੋ ਇਨ੍ਹਾਂ ਨਿਯੁਕਤੀਆਂ ਸਮੇਤ ਭਵਿੱਖ ’ਚ ਉੱਠਣ ਵਾਲੇ ਮਾਮਲਿਆਂ ਬਾਰੇ ਫੈਸਲਾ ਕਰੇਗੀ। ਪੰਜਾਬ ਸਰਕਾਰ ਨੇ ਨਵੇਂ ਡੀਜੀਪੀ ਦੀ ਿਨਯੁਕਤੀ ਲਈ 10 ਮੈਂਬਰੀ ਪੈਨਲ ਯੂਪੀਐੱਸਸੀ ਨੂੰ ਭੇਜ ਿਦੱਤਾ ਹੈ। ਪੈਨਲ ’ਚ ਸੀਨੀਅਰ ਪੁਲੀਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਦਾ ਨਾਂ ਵੀ ਸ਼ਾਮਲ ਹੈ ਜਿਨ੍ਹਾਂ ਅਗਲੇ ਸਾਲ ਮਾਰਚ ਵਿੱਚ ਸੇਵਾਮੁਕਤ ਹੋਣਾ ਹੈ।
ਵੇਰਵਿਆਂ ਅਨੁਸਾਰ ਤਾਲਮੇਲ ਕਮੇਟੀ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ਾਮਲ ਹੋਣਗੇ, ਜੋ ਪਾਰਟੀ ਅਤੇ ਸਰਕਾਰ ਦਰਮਿਆਨ ਤਾਲਮੇਲ ਰੱਖਣ ਲਈ ਭਵਿੱਖ ’ਚ ਵੀ ਕੰਮ ਕਰਨਗੇ। ਏਨਾ ਸਾਫ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਹੁਦੇ ’ਤੇ ਬਣੇ ਰਹਿਣਗੇ। ਹਾਈਕਮਾਨ ਨੇ ਉਨ੍ਹਾਂ ਦਾ ਅਸਤੀਫਾ ਪਹਿਲਾਂ ਹੀ ਨਾਮਨਜ਼ੂਰ ਕਰ ਦਿੱਤਾ ਸੀ। ਸਿੱਧੂ ਨੇ 28 ਸਤੰਬਰ ਨੂੰ ਅਚਨਚੇਤ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਸੂਤਰਾਂ ਅਨੁਸਾਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਬਦਲਣ ਦਾ ਫੈਸਲਾ ਸਿਧਾਂਤਕ ਤੌਰ ’ਤੇ ਹੋ ਗਿਆ ਹੈ। ਇਸੇ ਤਰ੍ਹਾਂ ਐਡਵੋਕੇਟ ਜਨਰਲ ਅਮਰਪ੍ਰੀਤ ਸਿੰਘ ਦਿਉਲ ਨੂੰ ਵੀ ਤਬਦੀਲ ਕੀਤਾ ਜਾ ਸਕਦਾ ਹੈ, ਪਰ ਇਸ ਬਾਰੇ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਇੱਕ ਬੰਨੇ ਕਿਹਾ ਜਾ ਰਿਹਾ ਹੈ ਕਿ ਐਡਵੋਕੇਟ ਜਨਰਲ ਲਾਏ ਜਾਣ ਦਾ ਫੈਸਲਾ ਹਾਈਕਮਾਨ ’ਤੇ ਛੱਡ ਦਿੱਤਾ ਗਿਆ ਹੈ ਅਤੇ ਦੂਸਰੇ ਪਾਸੇ ਇਹ ਵੀ ਬਦਲ ਦਿੱਤਾ ਜਾ ਰਿਹਾ ਹੈ ਕਿ ਬੇਅਦਬੀ ਮਾਮਲਿਆਂ ਵਿਚ ਇੱਕ ਵੱਖਰੀ ਵਕੀਲਾਂ ਦੀ ਟੀਮ ਬਣੇਗੀ ਜਿਸ ਵਿਚ ਨਵਜੋਤ ਸਿੱਧੂ ਦੀ ਸਹਿਮਤੀ ਵਾਲੇ ਵਕੀਲਾਂ ਨੂੰ ਸ਼ਾਮਿਲ ਕੀਤਾ ਜਾਣਾ ਹੈ। ਪੰਜਾਬ ਸਰਕਾਰ ਵੱਲੋਂ ਇਸ ਬਾਰੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਦੱਸਿਆ ਜਾ ਰਿਹਾ ਹੈ ਅਤੇ ਵਿਵਾਦ ਦੇ ਹੱਲ ਹੋਣ ਬਾਰੇ ਭੇਤ ਬਰਕਰਾਰ ਹੈ।
ਅੱਜ ਇੱਥੇ ਪੰਜਾਬ ਭਵਨ ਵਿਚ ਕਰੀਬ 3.30 ਵਜੇ ਮੀਟਿੰਗ ਸ਼ੁਰੂ ਹੋਈ ਜਿਸ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ, ਕੇਂਦਰੀ ਨਿਗਰਾਨ ਹਰੀਸ਼ ਚੌਧਰੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਸ਼ਾਮਲ ਸਨ। ਕਾਂਗਰਸ ਪ੍ਰਧਾਨ ਸਿੱਧੂ ਨੇ ਅਸਤੀਫਾ ਦੇਣ ਪਿੱਛੇ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ’ਤੇ ਇਤਰਾਜ਼ ਖੜ੍ਹੇ ਕੀਤੇ ਸਨ। ਡੀਜੀਪੀ ਸਹੋਤਾ ਦੇ ਬਰਗਾੜੀ ਮਾਮਲੇ ਵਿਚ ਬਣੀ ਪਹਿਲੀ ‘ਸਿੱਟ’ ਦੀ ਅਗਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਜਿਸ ਵਿਚ ਦੋ ਨਿਹੱਥੇ ਨੌਜਵਾਨਾਂ ਨਾਲ ਜ਼ਿਆਦਤੀ ਹੋਈ ਸੀ। ਸਿੱਧੂ ਨੇ ਐਡਵੋਕੇਟ ਜਨਰਲ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਵਕੀਲ ਹੋਣ ਦੀ ਗੱਲ ਆਖੀ ਸੀ। ਸਿੱਧੂ ਨੇ ਵਜ਼ਾਰਤ ਵਿਚ ਦਾਗ਼ੀ ਵਜ਼ੀਰਾਂ ਦੀ ਸ਼ਮੂਲੀਅਤ ਦੀ ਗੱਲ ਵੀ ਰੱਖੀ ਸੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਇਸ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਅੱਜ ਦੀ ਮੀਟਿੰਗ ਵਿਚੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੈਰਹਾਜ਼ਰ ਰਹੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫੇ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਕਾਂਗਰਸ ਛੱਡਣ ਦੇ ਕੀਤੇ ਐਲਾਨ ਨਾਲ ਕਾਂਗਰਸ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਸਨ।
ਅੰਦਰ ਮੀਟਿੰਗ, ਬਾਹਰ ਨਰਸਾਂ ਵੱਲੋਂ ਪ੍ਰਦਰਸ਼ਨ
ਪੰਜਾਬ ਭਵਨ ਦੇ ਬਾਹਰ ਅੱਜ ਨਰਸਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਜਦੋਂ ਪੰਜਾਬ ਭਵਨ ਵਿਚ ਨਵਜੋਤ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਸਮਝੌਤਾ ਮੀਟਿੰਗ ਚੱਲ ਰਹੀ ਸੀ ਤਾਂ ਉਦੋਂ ਪੰਜਾਬ ਭਵਨ ਦੇ ਬਾਹਰ ਨੇੜੇ ਹੀ ਕੋਵਿਡ ਮਹਾਮਾਰੀ ਦੌਰਾਨ ਕੰਮ ਕਰਨ ਵਾਲੀਆਂ ਨਰਸਾਂ ਨੇ ਰੋਸ ਮੁਜ਼ਾਹਰਾ ਕੀਤਾ। ਨਰਸਾਂ ਦਾ ਗਿਲਾ ਸੀ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਹੁਣ ਫਾਰਗ਼ ਕਰ ਰਹੀ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ।
ਸਿੱਧੂ ਸਿਰਫ ਮਜਮਾ ਲਾ ਸਕਦਾ ਹੈ: ਅਮਰਿੰਦਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਨਵਜੋਤ ਸਿੱਧੂ ਕੇਵਲ ਮਜਮਾ ਲਗਾ ਸਕਦਾ ਹੈ ਅਤੇ ਉਸ ਨੂੰ ਇਹ ਪਤਾ ਹੀ ਨਹੀਂ ਕਿ ਟੀਮ ਨੂੰ ਨਾਲ ਲੈ ਕੇ ਕਿਵੇਂ ਚੱਲਿਆ ਜਾਂਦਾ ਹੈ। ਅਮਰਿੰਦਰ ਨੇ ਕਿਹਾ ਕਿ ਉਹ ਖੁਦ ਪਾਰਟੀ ਪ੍ਰਧਾਨ ਰਹੇ ਹਨ ਅਤੇ ਕਈ ਕਾਂਗਰਸ ਪ੍ਰਧਾਨਾਂ ਨਾਲ ਕੰਮ ਵੀ ਕੀਤਾ ਹੈ। ਉਨ੍ਹਾਂ ਨੇ ਹਮੇਸ਼ਾ ਸਾਰੇ ਮਾਮਲੇ ਆਪਸੀ ਗੱਲਬਾਤ ਨਾਲ ਹੀ ਨਜਿੱਠੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly