ਪੰਜਾਬ ’ਚ ਹਰੇਕ ਵਿਅਕਤੀ ਨੂੰ ਮਿਲੇਗਾ ਵਧੀਆ ਤੇ ਮੁਫ਼ਤ ਇਲਾਜ: ਕੇਜਰੀਵਾਲ

Eyeing Punjab polls, Kejriwal promises 300 units to all (Lead)

ਲੁਧਿਆਣਾ (ਸਮਾਜ ਵੀਕਲੀ):  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦਾ ਸਿਆਸੀ ਮਾਹੌਲ ਭਖ਼ਿਆ ਹੋਇਆ ਹੈ। ਇਸੇ ਤਹਿਤ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਦੂਜੀ ਗਾਰੰਟੀ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਮੁਫ਼ਤ ਤੇ ਚੰਗਾ ਇਲਾਜ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਦਾ ਹੈਲਥ ਕਾਰਡ ਬਣਾਇਆ ਜਾਵੇਗਾ ਜਿਸ ਵਿੱਚ ਉਸ ਦੀ ਸਿਹਤ ਸਬੰਧੀ ਹਰ ਵੇਰਵਾ ਦਰਜ ਹੋਵੇਗਾ। ਪੂਰੇ ਪੰਜਾਬ ਦੇ ਪਿੰਡਾਂ ਵਿੱਚ ਕਲੀਨਿਕ ਤੇ ਵਾਰਡਾਂ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਉਹ ਪਹਿਲਾਂ ਹੀ ਦਿੱਲੀ ਵਿੱਚ ਲਾਗੂ ਕਰ ਚੁੱਕੇ ਹਨ। ਕੇਜਰੀਵਾਲ ਨੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਸਿਹਤ ਸੇਵਾਵਾਂ ਬਾਰੇ ਛੇ ਵੱਡੀਆਂ ਸਹੂਲਤਾਂ ਵਾਲੀ ਦੂਜੀ ਗਾਰੰਟੀ ਦਾ ਐਲਾਨ ਕੀਤਾ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਸੁਵਿਧਾਵਾਂ ਦਾ ਬਹੁਤ ਬੁਰਾ ਹਾਲ ਹੈ, ਇੱਥੋਂ ਦੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੇ ਨਾਂ ’ਤੇ ਕੁਝ ਨਹੀਂ ਹੋ ਰਿਹਾ। ਲੋਕਾਂ ਨੂੰ ਇਲਾਜ ਕਰਵਾਉਣ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਲੱਖਾਂ ਰੁਪਏ ਖ਼ਰਚਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਸੂਬੇ ਦੇ ਹਰੇਕ ਵਸਨੀਕ ਨੂੰ ਮੁਫ਼ਤ ਤੇ ਵਧੀਆ ਇਲਾਜ ਮੁਹੱਈਆ ਕਰਾਇਆ ਜਾਵੇਗਾ।

ਦੂਜੀ ਸਹੂਲਤ ਦਾ ਵੇਰਵਾ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ, ਟੈਸਟ ਅਤੇ ਅਪਰੇਸ਼ਨ ਮੁਫ਼ਤ ਕੀਤੇ ਜਾਣਗੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚਲੀ ਦਵਾਈਆਂ ਦੀ ਖ਼ਿੜਕੀ ਖੋਲ੍ਹੀ ਜਾਵੇਗੀ ਅਤੇ ਠੱਪ ਪਈ ਮੈਡੀਕਲ ਮਸ਼ੀਨਰੀ ਚਾਲੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮਰੀਜ਼ ਦਾ 10 ਤੋਂ 20 ਲੱਖ ਦਾ ਅਪਰੇਸ਼ਨ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਅਤੇ ਮਰੀਜ਼ ਦੇ ਇਲਾਜ ਨੂੰ ਸੌਖਾ ਬਣਾਉਣ ਲਈ ‘ਡਿਜੀਟਲ ਹੈਲਥ ਕਾਰਡ’ ਦੇਣ ਦਾ ਵਾਅਦਾ ਵੀ ਕੀਤਾ, ਜਿਸ ਵਿੱਚ ਮਰੀਜ਼ ਬਾਰੇ ਪੂਰੀ ਜਾਣਕਾਰੀ, ਟੈਸਟ ਰਿਪੋਰਟਾਂ ਅਤੇ ਐਕਸਰੇਅ ਤੇ ਰਿਪੋਰਟਾਂ ਦਾ ਕੰਪਿਊਟਰੀਕ੍ਰਿਤ ਵੇਰਵਾ ਦਰਜ ਹੋਵੇਗਾ।

ਇਸ ਦੇ ਨਾਲ ਹੀ ਦਿੱਲੀ ਦੇ ਮੁਹੱਲਾ ਕਲੀਨਿਕ ਦੀ ਤਰਜ਼ ’ਤੇ ਪੰਜਾਬ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਅਤੇ ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਆਮ ਬਿਮਾਰੀਆਂ ਦਾ ਇਲਾਜ ਹੋਵੇਗਾ। ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਮੁਫ਼ਤ ਇਲਾਜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ਼ ’ਤੇ ਪੰਜਾਬ ਦੇ ਨੇੜਲੇ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲਾਂ ਵਿੱਚ ਵੀ ਜ਼ਖ਼ਮੀਆਂ ਦੇ ਇਲਾਜ ਦਾ ਸਾਰਾ ਖ਼ਰਚਾ ਸਰਕਾਰ ਚੁੱਕੇਗੀ। ਇਸ ਮੌਕੇ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ- ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਮੰਚ ’ਤੇ ਮੌਜੂਦ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਛੱਡਾਂਗਾ ਪਰ ਭਾਜਪਾ ’ਚ ਨਹੀਂ ਜਾਵਾਂਗਾ: ਕੈਪਟਨ
Next articleਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ ਨਵਜੋਤ ਸਿੰਘ ਸਿੱਧੂ