* ਐਕਸ਼ਨ ਕਮੇਟੀ ਵੱਲੋਂ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ
* 11 ਜੁਲਾਈ ਨੂੰ ਗੋਨਿਆਣਾ ਮੰਡੀ ‘ਚ ਕਾਲੇ ਕੱਪੜੇ ਪਹਿਨ ਕੇ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ ਰੋਸ ਮਾਰਚ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਨਰਿੰਦਰਦੀਪ ਸਿੰਘ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਨਰਿੰਦਰਦੀਪ ਨੂੰ ਪੁਲਿਸ ਹਿਰਾਸਤ ਦੌਰਾਨ ਤਸੀਹੇ ਦੇ ਕੇ ਕਤਲ ਕਰਨ ਵਾਲੇ ਦੋਸ਼ੀ ਪੁਲਸੀਆਂ ਨੂੰ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗ੍ਰਿਫ਼ਤਾਰ ਕਰਨ, ਸਮੁੱਚੇ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਵਰਗੀਆਂ ਹੱਕੀ ਮੰਗਾਂ ਪ੍ਰਤੀ ਆਪ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਧਾਰੀ ਚੁੱਪ ਨੂੰ ਤੋੜਨ ਲਈ 11 ਜੁਲਾਈ ਨੂੰ ਗੋਨਿਆਣਾ ਵਿਖੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਗਿਆ। ਇਹ ਫੈਸਲਾ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਦੀ ਗੋਨਿਆਣਾ ਮੰਡੀ ‘ਚ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਹ ਜਾਣਕਾਰੀ ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਇਸ ਮੌਕੇ ਨਰਿੰਦਰਦੀਪ ਦੀ ਪਤਨੀ ਨੈਨਸੀ, ਪਿਤਾ ਰਣਜੀਤ ਸਿੰਘ, ਮਾਤਾ ਸੁਦੀਪ, ਨੈਨਸੀ ਪਿਤਾ ਯਸ਼ਪਾਲ ਤਨੇਜਾ, ਮਾਮਾ ਨਵਦੀਪ ਸਿੰਘ ਤੋਂ ਇਲਾਵਾ ਐਕਸ਼ਨ ਕਮੇਟੀ ਮੈਂਬਰ ਜਸਵਿੰਦਰ ਸਿੰਘ, ਬਲਕਰਨ ਸਿੰਘ ਬਰਾੜ, ਮੰਗਾ ਅਜਾਦ, ਰਾਮੇਸ਼ ਕੁਮਾਰ ਮੱਟੂ, ਵਰਿੰਦਰ ਧਿੰਗੜਾ, ਹਮੀਰ ਸਿੰਘ ਮੱਕੜ, ਡਾ: ਨਵਦੀਪ, ਜਸਵੀਰ, ਬਿੰਦਰ ਬਠਿੰਡਾ, ਅਮੀ ਲਾਲ਼, ਬਲਕਰਨ ਸਿੰਘ ਆਦਿ ਆਗੂ ਸਨ। ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਅਧਿਆਪਕ ਨਰਿੰਦਰਦੀਪ ਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਦੀ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਉਣ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਟਾਲ਼ਾ ਵੱਟਣ ਕਾਰਨ ਪ੍ਰਸ਼ਾਸਨ ਦਾ ਰਵੱਈਆ ਹੋਰ ਵੀ ਸਾਫ਼ ਹੋ ਗਿਆ ਹੈ। ਪੀੜਤ ਪਰਿਵਾਰ ਨੇ ਆਖਿਆ ਕਿ ਇਸ ਮਾਮਲੇ ਦੀ ਸਚਾਈ ਸਾਹਮਣੇ ਲਿਆ ਕੇ ਦੋਸ਼ੀ ਪੁਲਸੀਆਂ ‘ਤੇ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗ੍ਰਿਫ਼ਤਾਰ ਕਰਾਉਣ ਆਦਿ ਮੰਗਾਂ ਦੀ ਪੂਰਤੀ ਲਈ ਜਥੇਬੰਦਕ ਸੰਘਰਸ਼ ਦੇ ਨਾਲ ਹੀ ਕਾਨੂੰਨੀ ਮਾਹਿਰਾਂ ਦੀ ਸਲਾਹ ਕਰਕੇ ਉਹ ਅਦਾਲਤ ਵੱਲ ਵੀ ਰੁਖ ਕਰਨਗੇ। ਸਭਨਾਂ ਆਗੂਆਂ ਨੇ ਆਖਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਡੀ ਆਈ ਜੀ ਵੱਲੋਂ ਮੀਟਿੰਗਾਂ ਵਿੱਚ ਲਗਾਤਾਰ ਲਾਰੇ ਹੀ ਲਾਏ ਜਾ ਰਹੇ ਹਨ।ਪਰਿਵਾਰ ਨੂੰ ਖੱਜਲ ਖੁਆਰ ਹੀ ਕੀਤਾ ਜਾ ਰਿਹਾ। ਲਾਰੇ ਲੱਪੇ ਲਾ ਕੇ ਡੰਗ ਟਪਾਇਆ ਜਾ ਰਿਹਾ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ। ਨਾ ਹੀ ਪ੍ਰਸ਼ਾਸਨਿਕ ਵਾਅਦਿਆਂ ਮੁਤਾਬਕ ਪਰਿਵਾਰ ਲਈ ਸਰਕਾਰੀ ਨੌਕਰੀ ਜਾਂ ਮੁਆਵਜੇ ਦੀ ਗੱਲ ਅੱਗੇ ਤੁਰੀ ਹੈ। ਐਕਸ਼ਨ ਕਮੇਟੀ ਨੇ ਕਿਹਾ ਕਿ ਵੱਖ-ਵੱਖ ਸ਼ਕਲਾਂ ‘ਚ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਲੜਾਈ ਜਾਰੀ ਰੱਖੀ ਜਾਵੇਗੀ। ਉਹਨਾਂ ਆਖਿਆ ਕਿ ਗੋਨਿਆਂਣਾ ਮੰਡੀ ਚ 11 ਜੁਲਾਈ ਸ਼ਾਮ 4:30 ਵਜੇ ਹੋਣ ਵਾਲੇ ਮਾਰਚ ਦੀ ਤਿਆਰੀ ਲਈ ਇਲਾਕੇ ਦੇ ਪਿੰਡਾਂ ਤੇ ਗੋਨਿਆਣਾ ਮੰਡੀ ਚ ਮੀਟਿੰਗਾਂ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਪੀੜਤ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਾ ਮਿਲਣ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਸ਼ੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਹਲਾ ਪੁਲਿਸ ਤੇ ਸਿਵਲ ਅਧਿਕਾਰੀਆਂ ਦਾ ਥਾਪੜਾ ਮਿਲਿਆ ਹੋਇਆ ਹੈ। ਉਹਨਾਂ ਆਖਿਆ ਕਿ ਇਹ ਕਤਲ ਮੁੱਖ ਮੰਤਰੀ ਵੱਲੋਂ ” ਯੁੱਧ ਨਸ਼ਿਆਂ ਵਿਰੁੱਧ” ਦੀ ਚਲਾਈ ਗੁੰਮਰਾਹ ਕੁੰਨ ਮੁਹਿੰਮ ਦੇ ਤਹਿਤ ਹੀ ਕੀਤਾ ਗਿਆ ਜਿਸ ਕਾਰਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੋਸ਼ੀ ਪੁਲਸੀਆਂ ਨੂੰ ਬਚਾ ਰਿਹਾ ਹੈ। ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਸਮੇਤ ਸਮੂਹ ਲੋਕਾਂ ਦੇ ਮਸਲੇ ਹੱਲ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਚੁੱਕੀ ਹੈ । ਇਸ ਲਈ ਉਹ ਲੋਕਾਂ ‘ਤੇ ਪੁਲਿਸ ਦੀ ਦਹਿਸ਼ਤ ਪਾ ਕੇ ਹੀ ਆਪਣਾ ਰਾਜ ਚਲਾਉਣ ਦੇ ਕੋਝੇ ਹਥਕੰਡੇ ਵਰਤ ਰਹੀ ਹੈ। ਉਹਨਾਂ ਸਾਰੇ ਇਨਸਾਫਪਸੰਦ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਰਿੰਦਰਦੀਪ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਕਿਸੇ ਹੋਰ ਪਰਿਵਾਰ ਦਾ ਦੀਪ ਇਸ ਤਰ੍ਹਾਂ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਨਾ ਹੋਵੇ ਅਤੇ ਪੁਲਿਸ ਦਹਿਸ਼ਤ ਨੂੰ ਤੋੜਨ ਲਈ 11 ਜੁਲਾਈ ਸ਼ਾਮ 4:30 ਵਜੇ ਵੱਡੀ ਗਿਣਤੀ ‘ਚ ਕਾਲੇ ਰੰਗ ਦੀ ਦਸਤਾਰ, ਕਾਲੇ ਕੱਪੜੇ, ਕਾਲੀਆਂ ਚੁੰਨੀਆਂ, ਕਾਲੀਆਂ ਝੰਡੀਆਂ ਨਾਲ ਪੰਚਾਇਤੀ ਧਰਮਸ਼ਾਲਾ ਗੋਨਿਆਣਾ ਮੰਡੀ ਵਿਖੇ ਵਹੀਰਾਂ ਘੱਤ ਕੇ ਰੋਸ ਮਾਰਚ ਕਰੀਏ। ਅੱਜ ਦੀ ਮੀਟਿੰਗ ਵਿੱਚ ਕੁਲਦੀਪ ਸਿੰਘ, ਜਮੀਤ ਸਿੰਘ, ਸਤਪਾਲ ਗੋਇਲ, ਦੇਵ ਰਾਜ, ਦਲਜੀਤ ਸਿੰਘ ਗੋਰਾ, ਸ਼ਾਹ ਪਰਮਜੀਤ ਸਿੰਘ, ਜਸਬੀਰ ਸਿੰਘ ਸਿੰਕੂ, ਚੇਤਨ ਗਿਲਹੋਤਰਾ,ਪਵਨ ਗੁਪਤਾ, ਦਵਿੰਦਰ ਸਿੰਘ, ਅਰਜਨ ਸਿੰਘ, ਅਮਨਦੀਪ ਸਿੰਘ, ਪਿੰਦਰ ਸਿੰਘ, ਬਾਬੂ ਸਿੰਘ, ਪੈਨਸ਼ਨਰ ਐਸੋਸ਼ੀਏਸ਼ਨ ਜਗਜੀਤ ਸਿੰਘ, ਨਰੇਸ਼ ਜੋੜਾ, ਹਰਜੀਤ ਕੌਰ, ਪਰਮਿੰਦਰ ਕੌਰ, ਪ੍ਰੀਤ, ਮੀਨੂ, ਸੁਰਿੰਦਰ ਕੌਰ, ਮੋਨਿਕਾ,ਮਿਸ਼ਜ ਗੁਪਤਾ ਅਤੇ ਹੋਰ ਬਹੁਤ ਸਾਰੇ ਇਨਸਾਫ਼ ਪਸੰਦ ਲੋਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



