(ਸਮਾਜ ਵੀਕਲੀ)
ਨਰਿੰਦਰ ਬੀਬਾ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਮਾਂ ਬੋਲੀ ਨੂੰ ਉਸ ਵੇਲੇ ਸਿਖਰਾਂ ਤੇ ਪਹੁੰਚਾਇਆ ਜਦੋਂ ਕੁੜੀਆਂ ਵਾਸਤੇ ਗਾਣਾ ਤਾਂ ਦੂਰ ਦੀ ਗੱਲ ਘਰ ਦੀ ਦਹਿਲੀਜ਼ ਲੰਘਣਾ ਵੀ ਮੁਸ਼ਕਲ ਸੀ ਉਨ੍ਹਾਂ ਦੀ ਖੁਲਦਿਲੀ ,ਦਲੇਰੀ ਅਤੇ ਗਾਇਕੀ ਦੇ ਸ਼ੌਕ ਦਾ ਅੰਦਾਜ਼ਾ ਸਹਿਜੇ ਹੀ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਔਰਤ ਦੀ ਗੁਲਾਮੀ ਵਾਲੇ ਸਮਿਆਂ ਵਿੱਚ ਵੀ ਬੀਬਾ ਜੀ ਨੇ ਮਰਦ ਗਾਇਕਾਂ ਵਾਂਗ ਅਲਗੋਜ਼ਿਆਂ ਨਾਲ ਲੰਮੀ ਹੇਕ ਵਾਲੇ ਲੋਕ ਗੀਤ ਗਾ ਕੇ ਨਾਮਨਾ ਖੱਟਿਆ।
ਨਰਿੰਦਰ ਬੀਬਾ ਦਾ ਜਨਮ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ 120 ਵਿਖੇ ਪਿਤਾ ਫ਼ਤਹਿ ਸਿੰਘ ਦੇ ਗ੍ਰਹਿ ਵਿਖੇ 1941 ਨੂੰ ਹੋਇਆ ਸੀ। ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾਲੀ ਬੀਬਾ ਨੂੰ ਗਾਇਕੀ ਵਿਰਸੇ ਵਿੱਚੋਂ ਨਹੀਂ ਮਿਲੀ ਸੀ ਸਗੋਂ ਉਨ੍ਹਾਂ ਆਪਣੀ ਮਿਹਨਤ ਤੇ ਰਿਆਜ਼ ਨਾਲ ਇਹ ਮੁਕਾਮ ਹਾਸਲ ਕੀਤਾ ਸੀ। ਸ੍ਰੀ ਲਾਲ ਚੰਦ ਯਮਲਾ ਜੱਟ ਉਨ੍ਹਾਂ ਦੇ ਉਸਤਾਦ ਸਨ। ਨਰਿੰਦਰ ਬੀਬਾ ਨੇ ਲੋਕ ਗਾਇਕੀ ਦੀ ਤਾਲੀਮ ਉਨ੍ਹਾਂ ਤੋਂ ਲਈ ਅਤੇ ਕਲਾਸੀਕਲ ਸੰਗੀਤ ਦੀ ਸਿੱਖਿਆ ਮਾਸਟਰ ਹਰੀ ਦੇਵ ਤੋਂ ਹਾਸਲ ਕੀਤੀ। ਉਨ੍ਹਾਂ ਨੇ ਹਰ ਕਿਸਮ ਦੇ ਗੀਤ ਗਾ ਕੇ ਆਪਣੀ ਮੁਹਾਰਤ ਦਾ ਸਬੂਤ ਦਿੱਤਾ, ਫਿਰ ਭਾਵੇਂ ਉਹ ਦਰਦ ਤੇ ਵਿਛੋੜੇ ਦੇ ਗੀਤ ਹੋਣ, ਵਿਆਹ ਮੌਕੇ ਗਾਏ ਜਾਣ ਵਾਲੀਆਂ ਘੋੜੀਆਂ ਜਾਂ ਧਮਾਲਾਂ ਹੋਣ।
ਨਰਿੰਦਰ ਬੀਬਾ ਨੇ ਆਪਣੀ ਸਭ ਤੋਂ ਪਹਿਲੀ ਜੋੜੀ ਗਾਇਕ ਜਗਤ ਸਿੰਘ ਜੱਗਾ ਨਾਲ ਬਣਾਈ ਅਤੇ ਫਿਰ ਹੋਰ ਗਾਇਕਾਂ ਨਾਲ ਰਲ਼ ਕੇ ਉਨ੍ਹਾਂ ਦੋਗਾਣੇ ਗਾਏ। ਕਈ ਗਾਇਕਾਂ ਨੇ ਉਨ੍ਹਾਂ ਨਾਲ ਗਾ ਕੇ ਆਪਣੀ ਪਹਿਚਾਣ ਬਣਾਈ। ਉਨ੍ਹਾਂ ਕਈ ਗੀਤਕਾਰਾਂ ਦੇ ਗੀਤ ਗਾ ਕੇ ਉਨ੍ਹਾਂ ਨੂੰ ਲੋਕ ਗੀਤਾਂ ਦਾ ਦਰਜਾ ਦਿਵਾਇਆ। ਇੱਕ ਅੰਦਾਜ਼ੇ ਮੁਤਾਬਕ ਬੀਬਾ ਨੇ 5500 ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ। ਉਨ੍ਹਾਂ ਇਨ੍ਹਾਂ ਗੀਤਾਂ ਨੂੰ ਗਾਇਆ ਹੀ ਨਹੀਂ ਸਗੋਂ ਅਮਰ ਕਰ ਦਿੱਤਾ।1962 ਵਿੱਚ ਨਰਿੰਦਰ ਬੀਬਾ ਵਲੋਂ ਸਭ ਤੋਂ ਪਹਿਲਾਂ ਦੋਗਾਣਿਆਂ ਦੀ ਰਿਕਾਡਿੰਗ ਹਰਚਰਨ ਗਰੇਵਾਲ ਨਾਲ ਐੱਚ.ਐੱਮ. ਵੀ. ਕੰਪਨੀ ਵਿੱਚ ਕਰਵਾਈ ਗਈ। ਇਹ ਗੀਤ ਗੁਰਦੇਵ ਸਿੰਘ ਮਾਨ ਨੇ ਲਿਖੇ ਸਨ।
-ੳ, ਅ, ੲ, ਸ, ਹ, ੳ, ਅ. ਵੇ
ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜ੍ਹਾ ਵੇ,
-ਅੱਡੀ ਮਾਰ ਝਾਂਜਰ ਛਣਕਾਈ
ਮਿੱਤਰਾਂ ਦਾ ਬੂਹਾ ਲੰਘ ਕੇ,
‘ਰਾਤੀਂ ਸੀ ਉਡੀਕਾਂ ਤੇਰੀਆਂ’ ‘ਸੁੱਤੇ ਪਲ ਨਾ ਹਿਜ਼ਰ ਦੇ ਮਾਰੇ’ ਕਾਫ਼ੀ ਚਰਚਿਤ ਹੋਏ ਅਤੇ ਉਨ੍ਹਾਂ ਦਾ ਗਾਇਆ ਧਾਰਮਿਕ ਗੀਤ “ਚੰਨ ਮਾਤਾ ਗੁਜਰੀ ਦਾ, ਸੁਤਾ ਕੰਢਿਆਂ ਦੀ ਸੇਜ਼ ਵਿਛਾਈ” ਵੀ ਬਹੁਤ ਚਰਚਿਤ ਰਿਹਾ ਉਸ ਤੋਂ ਬਾਅਦ ਤਾਂ ਹਰ ਗੀਤ ਨਵੀਂ ਤਾਰੀਖ਼ ਬਣਦਾ ਗਿਆ। ਉਨ੍ਹਾਂ ਦੇ ਗੀਤਾਂ ਵਿੱਚੋਂ ਕਰੀਰ ਦਾ ਵੇਲਣਾ ਵੇ, ਮੈਂ ਵੇਲ ਵੇਲ ਥੱਕੀ ‘ਆਹ ਲੈ ਮਾਏ ਸਾਂਭ ਕੁੰਜੀਆਂ’, ‘ਗੜਵਾ ਲੈ ਕੇ ਚਾਂਦੀ ਦਾ’, ‘ਹੱਥੀਂ ਤੋਰੇ ਸੱਜਣਾਂ ਨੂੰ’, ‘ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ’, ‘ਕਿੱਕਰ ’ਤੇ ਕਾਟੋ ਰਹਿੰਦੀ’, ‘ਛੰਨਾ ਵੇਚ ਕੇ ਲਿਆ ਦੇ ਗਹਿਣੇ ਮੁੰਡਿਆ’ ਨੇ ਮਕਬੂਲੀਅਤ ਦੀਆਂ ਸਿਖ਼ਰਾਂ ਨੂੰ ਛੂਹਿਆ। ਇਸ ਤੋਂ ਇਲਾਵਾ ਬੀਬਾ ਨੇ ਚਰਨ ਸਿੰਘ ਸਫ਼ਰੀ ਦੇ ਧਾਰਮਿਕ ਗੀਤਾਂ ਨੂੰ ਗਾ ਕੇ ਵੀ ਬੜੀ ਵਾਹਵਾ ਖੱਟੀ। ਬੀਬਾ ਨੇ ਆਪਣੇ ਰਵਾਇਤੀ ਲੋਕ ਸਾਜ਼ਾਂ ਦਾ ਸਾਥ ਨਹੀਂ ਛੱਡਿਆ। ‘ਅਲਗੋਜ਼ਾ’ ਉਨ੍ਹਾਂ ਦੇ ਸੰਗੀਤ ਵਿੱਚ ਇੱਕ ਖ਼ਾਸ ਸਾਜ਼ ਸੀ। ਅਲਗੋਜ਼ਾ ਮਾਸਟਰ ਬੇਲੀ ਰਾਮ ਨੇ ਉਨ੍ਹਾਂ ਨਾਲ 30 ਸਾਲ ਸੰਗਤ ਕੀਤੀ। ਉਨ੍ਹਾਂ ਪੰਜਾਬੀ ਫ਼ਿਲਮਾਂ ‘ਤੇਰੀ ਮੇਰੀ ਇੱਕ ਜਿੰਦੜੀ’, ‘ਦਾਜ’ ਅਤੇ ‘ਪੁੱਤ ਜੱਟਾਂ ਦੇ’ ਵਿੱਚ ਵੀ ਗਾਇਆ।
ਨਰਿੰਦਰ ਬੀਬਾ ਨੇ ਜਗਤ ਸਿੰਘ ਜੱਗਾ, ਫਕੀਰ ਸਿੰਘ ਫਕੀਰ, ਕਰਨੈਲ ਸਿੰਘ ਗਿੱਲ, ਦੀਦਾਰ ਸੰਧੂ, ਹਰਚਰਨ ਗਰੇਵਾਲ, ਵੀਰ ਚੰਦ ਗੋਪੀ, ਰਮੇਸ਼ ਰੰਗੀਲਾ, ਗੁਰਦਿਆਲ ਨਿਰਮਾਣ, ਮੁਹੰਮਦ ਸਦੀਕ, ਹਿੰਦੀ ਫ਼ਿਲਮ ਜਗਤ ਦੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਤੇ ਮਹਿੰਦਰ ਕਪੂਰ ਨਾਲ ਵੀ ਦੋਗਾਣੇ ਗਾਏ ਤੇ ਪ੍ਰਸਿੱਧ ਗੀਤਕਾਰਾਂ ਚਰਨ ਸਿੰਘ ਸਫਰੀ, ਗੁਰਦੇਵ ਮਾਨ, ਮਾਨ ਮਰਾੜਾਂ ਵਾਲਾ, ਚੰਨ ਗੁਰਾਇਆਂ ਵਾਲਾ, ਦੀਪਕ ਜੈਤੋਈ ਤੇ ਹੋਰ ਗੀਤਕਾਰਾਂ ਦੇ ਗੀਤਾਂ ਨੂੰ ਗਾਇਆ। ਨਰਿੰਦਰ ਬੀਬਾ ਨੇ ਆਪਣੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਦਾ ਖਿੜੇ ਮੱਥੇ ਸਾਹਮਣਾ ਕੀਤਾ। ਉਨ੍ਹਾਂ ਦੇ ਪਤੀ ਜਸਪਾਲ ਸਿੰਘ ਪਾਲੀ ਜੋ ਖ਼ੁਦ ਇੱਕ ਚੰਗੇ ਕਲਾਕਾਰ ਅਤੇ ਸਟੇਜ ਅਨਾਊਂਸਰ ਸਨ, ਇਨ੍ਹਾਂ ਨੂੰ ਬੇਵਕਤ ਵਿਛੋੜਾ ਦੇ ਗਏ ਸਨ, ਜਿਸ ਨੇ ਨਰਿੰਦਰ ਬੀਬਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਪਰ ਉਨ੍ਹਾਂ ਹੌਸਲਾ ਨਾ ਹਾਰਿਆ।
ਉਨ੍ਹਾਂ ਦੇ ਚਿਹਰੇ ਤੋਂ ਨਿਮਰਤਾ ਪ੍ਰਤੱਖ ਝਲਕਦੀ ਸੀ। ਹਰੇਕ ਨੂੰ ਪਿਆਰ ਨਾਲ ਬੁਲਾਉਣਾ, ਹਮਦਰਦੀ ਅਤੇ ਮਿੱਠਾ ਬੋਲਣਾ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਸ਼ੇਸ਼ ਗੁਣ ਸਨ। ਅਖੀਰ 27 ਜੂਨ 1997 ਨੂੰ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਮਹਾਨ ਪੰਜਾਬੀ ਲੋਕ ਗਾਇਕਾ ਨਰਿੰਦਰ ਬੀਬਾ ਜੀ ਲੁਧਿਆਣਾ ਵਿਖੇ ਆਪਣੇ ਪਰਿਵਾਰ ਅਤੇ ਸਰੋਤਿਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਹਰ ਸਾਲ 13 ਅਪ੍ਰੈਲ ਨੂੰ ਸਰੋਤਿਆਂ ਵੱਲੋਂ ਨਰਿੰਦਰ ਬੀਬਾ ਜੀ ਨੂੰ ਜਨਮ ਦਿਨ ਤੇ ਯਾਦ ਕੀਤਾ ਜਾਂਦਾ ਹੈ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly