ਨਾਰਸਿਸਟ

ਹਰਪ੍ਰੀਤ ਕੌਰ ਸੰਧੂ
ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਨਾਰਸਿਸਟ ਹੁੰਦਾ ਹੈ ਆਪਣੇ ਆਪ ਨੂੰ ਪਿਆਰ ਕਰਨ ਵਾਲਾ। ਇੱਕ ਜਿਹਾ ਸ਼ਖਸ ਜੋ ਸਿਰਫ ਆਪਣੇ ਆਪ ਨੂੰ ਅਹਿਮੀਅਤ ਦਿੰਦਾ ਹੈ। ਉਹ ਆਪਣੇ ਆਪ ਤੇ ਹੀ ਮੋਹਿਤ ਹੋਇਆ ਰਹਿੰਦਾ ਹੈ।
ਨਰਸਿਜ਼ਮ ਵਿੱਚ ਮਨੁੱਖ ਆਪਣੇ ਆਪ ਨੂੰ ਹੀ ਮਹੱਤਵ ਦਿੰਦਾ ਹੈ। ਇਥੋਂ ਤੱਕ ਕਿ ਦੂਜੇ ਉਸ ਤੋਂ ਕੀ ਤਵੱਕੋ ਰੱਖਦੇ ਹਨ ਇਸ ਦੀ ਉਸਨੂੰ ਕੋਈ ਪਰਵਾਹ ਨਹੀਂ ਹੁੰਦੀ। ਉਸ ਨੂੰ ਸਿਰਫ ਤੇ ਸਿਰਫ ਆਪਣੀਆਂ ਭਾਵਨਾਵਾਂ ਦਾ ਖਿਆਲ ਹੁੰਦਾ ਹੈ। ਉਸਦੇ ਵਿਹਾਰ ਨਾਲ ਦੂਜਿਆਂ ਤੇ ਕੀ ਬੀਤਦੀ ਹੈ ਇਸ ਨਾਲ ਉਸਨੂੰ ਕੋਈ ਫਰਕ ਨਹੀਂ ਪੈਂਦਾ।
ਨਰਸਿਜਮ ਵਾਲਾ ਮਨੁੱਖ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਵਾਲਾ ਹੁੰਦਾ ਹੈ। ਉਹਨਾਂ ਕੋਲ ਇੱਕ ਕ੍ਰਿਜਮਾਈ ਸ਼ਖਸੀਅਤ ਹੁੰਦੀ ਹੈ। ਉਹ ਕਦੇ ਵੀ ਨਕਾਰਾਤਮਕ ਗੱਲ ਨਹੀਂ ਕਰਦੇ ਖਾਸ ਤੌਰ ਤੇ ਰਿਸ਼ਤਿਆਂ ਵਿੱਚ। ਉਹ ਆਪਣੇ ਆਲੇ ਦੁਆਲੇ ਅਜਿਹੇ ਲੋਕ ਰੱਖਦੇ ਹਨ ਜੋ ਉਹਨਾਂ ਦੇ ਹਉਮੈ ਨੂੰ ਪੱਠੇ ਪਾਉਂਦੇ ਹਨ। ਉਹ ਰਿਸ਼ਤੇ ਵੀ ਸਿਰਫ ਇਸ ਲਈ ਬਣਾਉਂਦੇ ਹਨ ਕਿ ਉਹ ਆਪਣੇ ਆਪ ਨੂੰ ਇਹ ਵਿਸ਼ਵਾਸ ਦਵਾ ਸਕਣ ਕਿ ਉਹ ਦੂਜਿਆਂ ਤੋਂ ਬਿਹਤਰ ਹਨ।
ਜਿਆਦਾਤਰ ਦੋ ਤਰ੍ਹਾਂ ਦੇ ਵਿਅਕਤੀ ਨਾਰਸਿਸਮ ਦਾ ਸ਼ਿਕਾਰ ਹੁੰਦੇ ਹਨ। ਇੱਕ ਉਹ ਜਿਨਾਂ ਨੂੰ ਬਚਪਨ ਵਿੱਚ ਇਹ ਮਹਿਸੂਸ ਕਰਵਾਇਆ ਜਾਵੇ ਕਿ ਉਹ ਬਾਕੀਆਂ ਨਾਲੋਂ ਬਿਹਤਰ ਹਨ। ਉਹ ਆਪਣੇ ਆਪ ਨੂੰ ਐਲੀਟ ਕਲਾਸ ਵਿੱਚ ਸਮਝਦੇ ਹਨ। ਇਸੇ ਭਾਵਨਾ ਨੂੰ ਲੈ ਕੇ ਉਹ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ। ਉਹ ਸਾਰੀ ਜ਼ਿੰਦਗੀ ਇਸ ਭਰਮ ਦਾ ਸ਼ਿਕਾਰ ਰਹਿੰਦੇ ਹਨ ਕਿ ਉਹ ਦੂਸਰਿਆਂ ਤੋਂ ਬਿਹਤਰ ਹਨ। ਅਜਿਹੇ ਲੋਕਾਂ ਵਿੱਚ ਬਹੁਤ ਗੁੱਸਾ ਹੁੰਦਾ ਹੈ ਦੂਜਿਆਂ ਨੂੰ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਅਤੇ ਆਪਣੇ ਮਹੱਤਵ ਨੂੰ ਬਹੁਤ ਜਿਆਦਾ  ਵਧਾ ਚੜਾ ਕੇ ਦੱਸਣ ਦੀ ਆਦਤ ਹੁੰਦੀ ਹੈ।
ਦੂਸਰੀ ਤਰ੍ਹਾਂ ਦੇ ਨਾਰਸਿਸਟ ਉਹ ਬੱਚੇ ਹੁੰਦੇ ਹਨ ਜਿਨਾਂ ਨੂੰ ਬਚਪਨ ਵਿੱਚ ਅਣਦੇਖਿਆ ਕੀਤਾ ਜਾਂਦਾ ਹੈ ਜਾਂ ਕਿਸੇ ਕਿਸਮ ਦਾ ਦੁਰਵਿਹਾਰ ਉਹਨਾਂ ਨਾਲ ਕੀਤਾ ਜਾਂਦਾ ਹੈ। ਉਹ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਨਾਰਸਿਸਟ ਵਿਹਾਰ ਨੂੰ ਅਪਣਾ ਕੇ ਉਹ ਆਪਣੀ ਕਮੀਆਂ ਨੂੰ ਲੁਕਾਉਂਦੇ ਹਨ। ਉਹਨਾਂ ਦੇ ਮਨ ਵਿੱਚ ਕਿਤੇ ਆਪਣੇ ਪ੍ਰਤੀ ਇਹ ਭਾਵਨਾ ਹੁੰਦੀ ਹੈ ਕਿ ਉਹ ਦੂਸਰਿਆਂ ਨਾਲੋਂ ਘੱਟ ਹਨ ਪਰ ਆਪਣੇ ਆਪ ਨੂੰ ਵੱਧ ਜਤਾ ਕੇ ਉਹ ਇਸਦੀ ਪੂਰਤੀ ਕਰਦੇ ਹਨ।
ਇਹਨਾਂ ਦੋਹਾਂ ਤਰ੍ਹਾਂ ਦੇ ਲੋਕਾਂ ਵਿੱਚ ਇੱਕ ਖਾਸ ਗੱਲ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਦੂਜਿਆਂ ਤੋਂ ਉੱਪਰ ਸਮਝ ਕੇ ਇੱਕ ਖਾਸ ਵਿਹਾਰ ਦੀ ਉਮੀਦ ਕਰਦੇ ਹਨ। ਉਹਨਾਂ ਨੂੰ ਇਹ ਲੱਗਦਾ ਹੈ ਕਿ ਦੂਜੇ ਉਹਨ੍ਾਂ ਦੇ ਮੁਤਾਬਕ ਚੱਲਣ ਤੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਪਰ ਇਹ ਨਿਯਮ ਉਹ ਆਪਣੇ ਆਪ ਤੇ ਲਾਗੂ ਨਹੀਂ ਕਰਦੇ।
ਨਾਰਸਿਸਟ ਬੰਦਿਆਂ ਦਾ ਵਿਹਾਰ ਦੂਸਰੇ ਨੂੰ ਕਾਬੂ ਕਰਨ ਵਾਲਾ ਹੁੰਦਾ ਹੈ। ਇਸ ਵਿੱਚ ਉਹ ਕਦੀ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ ਤੇ ਕਦੇ ਬੁਰੀ ਤਰ੍ਹਾਂ। ਉਹ ਦੂਸਰੇ ਦੀ ਸ਼ਖਸੀਅਤ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਹਰ ਹੱਥਕੰਡਾ ਅਪਣਾਉਂਦੇ ਹਨ। ਇਹ ਲੋਕ ਪਹਿਲਾਂ ਤੁਹਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਗੇ ਤੁਹਾਡੇ ਤੇ ਪ੍ਰਭਾਵ ਜਮਾਉਣਗੇ ਤੇ ਫਿਰ ਜਦੋਂ ਤੁਸੀਂ ਉਹਨਾਂ ਦੇ ਪ੍ਰਭਾਵ ਵਿੱਚ ਆ ਜਾਓਗੇ ਤਾਂ ਉਹ ਆਪਣੀਆਂ ਜਰੂਰਤਾਂ ਨੂੰ ਮੁੱਖ ਰੱਖਣ ਲੱਗਦੇ ਹਨ। ਅਜਿਹੇ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਨੂੰ ਵਧਾ ਚੜਾ ਕੇ ਦੱਸਣ ਦੀ ਆਦਤ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਪਛਾਣ ਮਿਲ ਸਕੇ। ਉਨਾਂ ਦੇ ਹਉਮੈ ਨੂੰ ਤਾਰੀਫ ਦੀ ਬੜੀ ਜਰੂਰਤ ਹੁੰਦੀ ਹੈ।
ਕਿਸੇ ਨਾਰਸਿਸਟ ਸ਼ਖਸੀਅਤ ਨਾਲ ਜੇ ਤੁਸੀਂ ਕਿਸੇ ਰਿਸ਼ਤੇ ਵਿੱਚ ਹੋ ਤਾਂ ਤੁਹਾਡੇ ਲਈ ਆਪਣੇ ਆਪ ਨੂੰ ਭਾਵਨਾਤਮਕ ਤੌਰ ਤੇ ਸੰਭਾਲਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਇਹ ਬਹੁਤ ਚਲਾਕੀ ਨਾਲ ਆਪਣਾ ਕੰਮ ਕਰਦੇ ਹਨ ਤੇ ਤੁਸੀਂ ਇਸ ਨੂੰ ਸਮਝ ਹੀ ਨਹੀਂ ਸਕਦੇ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਤੁਸੀਂ ਭਾਵਨਾਤਮਕ ਤੌਰ ਤੇ ਉਹਨਾਂ ਦੇ ਕਾਬੂ ਵਿੱਚ ਆ ਜਾਂਦੇ ਹੋ। ਉਹ ਤੁਹਾਨੂੰ ਇਹ ਜਤਾਉਂਦੇ ਹਨ ਕਿ ਉਹਨਾਂ ਤੋਂ ਬਿਨਾਂ ਤੁਸੀਂ ਕੁਝ ਵੀ ਨਹੀਂ ਹੋ। ਉਹ ਤੁਹਾਨੂੰ ਤੁਹਾਡੇ ਔਗੁਣਾਂ ਬਾਰੇ ਦੱਸਦੇ ਹਨ ਤਾਂ ਕਿ ਤੁਸੀਂ ਆਪਣੇ ਆਪ ਨੂੰ ਹੀਣਾ ਮਹਿਸੂਸ ਕਰੋ। ਤੁਹਾਡੇ ਕਿਸੇ ਵੀ ਗੁਣ ਦੀ ਉਹ ਕਦੀ ਗੱਲ ਨਹੀਂ ਕਰਨਗੇ। ਤੁਸੀਂ ਜੇਕਰ ਉਹਨਾਂ ਦੀ ਸ਼ਖਸੀਅਤ ਨੂੰ ਪਛਾਣ ਵੀ ਲਵੋ ਤੇ ਉਸ ਰਿਸ਼ਤੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੋ ਤਾਂ ਵੀ ਉਹ ਕਦੀ ਤੁਹਾਨੂੰ ਉਸ ਰਿਸ਼ਤੇ ਚੋਂ ਨਿਕਲਣ ਦਾ ਰਸਤਾ ਨਹੀਂ ਦੇਣਗੇ।
ਨਰਸਿਸਟ ਵਿਅਕਤੀ ਜੇ ਇੱਕ ਵਾਰ ਤੁਹਾਡੇ ਨਾਲ ਦੁਰਵਿਹਾਰ ਕਰੇਗਾ ਤਾਂ ਦੂਜੀ ਵਾਰ ਤੁਹਾਨੂੰ ਚੰਗੀ ਤਰ੍ਹਾਂ ਬੁਲਾ ਲਏਗਾ ਇਹ ਸਿਲਸਿਲਾ ਚੱਲਦਾ ਹੀ ਰਹੇਗਾ। ਤੁਸੀਂ ਇਸ ਘੁੰਮਣ ਘੇਰੀ ਵਿੱਚ ਹੀ ਫਸੇ ਰਹੋਗੇ ਕਿ ਉਹ ਚੰਗਾ ਵਿਅਕਤੀ ਹੈ ਜਾਂ ਮਾੜਾ। ਜਦੋਂ ਤੁਹਾਨੂੰ ਉਸ ਦੇ ਮਾੜੇ ਵਿਹਾਰ ਦੀ ਸਮਝ ਆਵੇਗੀ ਉਦੋਂ ਉਹ ਤੁਹਾਡੇ ਨਾਲ ਚੰਗਾ ਵਿਹਾਰ ਕਰੇਗਾ ਤੇ ਤੁਸੀਂ ਫਿਰ ਉਲਝ ਜਾਓਗੇ।
ਜ਼ਿੰਦਗੀ ਵਿੱਚ ਤੁਹਾਡੇ ਆਲੇ ਦੁਆਲੇ ਅਜਿਹੇ ਬਹੁਤ ਸਾਰੇ ਲੋਕ ਤੁਹਾਨੂੰ ਮਿਲਣਗੇ ਜਿਨਾਂ ਵਿੱਚ ਇੱਕ ਨਾਰਸਿਸਟ ਵਿਅਕਤੀ ਦੇ ਲੱਛਣ ਹੋਣਗੇ। ਬਹੁਤ ਜਰੂਰੀ ਹੈ ਕਿ ਤੁਸੀਂ ਇਹਨਾਂ ਨੂੰ ਸਮਝੋ ਤੇ ਪਛਾਣੋ। ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਨਰਸਿਸਟ ਵਿਅਕਤੀ ਹੈ ਤਾਂ ਉਸ ਤੋਂ ਦੂਰੀ ਬਣਾ ਲਓ। ਇਹ ਵਿਅਕਤੀ ਤੁਹਾਡੀ ਸ਼ਖਸੀਅਤ ਨੂੰ ਖੇਰੂੰ ਖੇਰੂੰ ਕਰ ਸਕਦਾ ਹੈ।
ਆਪਣੀ ਮਾਨਸਿਕ ਸ਼ਾਂਤੀ ਬਣਾਏ ਰੱਖਣ ਲਈ ਅਤੇ ਆਪਣੇ ਆਪ ਨੂੰ ਜਜ਼ਬਾਤੀ ਤੌਰ ਤੇ ਮਜ਼ਬੂਤ ਰੱਖਣ ਲਈ ਬਹੁਤ ਜਰੂਰੀ ਹੈ ਕਿ ਤੁਸੀਂ ਅਜਿਹੇ ਲੋਕਾਂ ਨੂੰ ਪਛਾਣੋ ਤੇ ਉਹਨਾਂ ਤੋਂ ਫਾਸਲੇ ਤੇ ਰਹੋ। ਅਜਿਹਾ ਵਿਅਕਤੀ ਤੁਹਾਨੂੰ ਮਾਨਸਿਕ ਰੋਗੀ ਵੀ ਬਣਾ ਸਕਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਸੰਭਾਲਦੇ ਨਹੀਂ ।
ਸ੍ਰੋਤ-ਮਨੋਵਿਗਿਆਨ ਦੀਆਂ ਕਿਤਾਬਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleआईआईटी कानपुर की नाक के नीचे एक समुदाय खुले में शौच जाने को मजबूर !
Next articleਇੱਕ ਯੋਧਾ, ਇੱਕ ਸੰਤ, ਇੱਕ ਦਾਰਸ਼ਨਿਕ, ਇੱਕ ਕਵੀ ਅਤੇ ਇੱਕ ਗੁਰੂ – ਗੁਰੂ ਗੋਬਿੰਦ ਸਿੰਘ ਜੀ