ਸ਼ੂਗਰ ਮਿੱਲ ਨੂੰ ਕਿਸਾਨਾਂ ਦੀ ਆਪਣੀ ਮਿੱਲ
ਨਕੋਦਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)- ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਸੁਖਵਿੰਦਰ ਸਿੰਘ ਤੂਰ, ਜਨਰਲ ਮੈਨੇਜਰ, ਨਕੋਦਰ ਸਹਿਕਾਰੀ ਖੰਡ ਮਿੱਲ ਵੱਲੋਂ ਦੱਸਿਆ ਗਿਆ ਕਿ ਮਿੱਲ ਦਾ ਪਿੜਾਈ ਸੀਜ਼ਨ 2025-26 ਬਹੁੱਤ ਵਧੀਆ ਅਤੇ ਆਪਣੀ ਪੂਰੀ ਸਮਰੱਥਾ ਤੇ ਚੱਲ ਰਿਹਾ ਹੈ। ਮਿੱਲ ਦੇ ਵਧੀਆ ਚੱਲਣ ਨਾਲ ਮਿੱਲ ਹਲਕੇ ਦੇ ਗੰਨਾਂ ਕਾਸ਼ਤਕਾਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਦਾ ਮੋਢਾ ਗੰਨਾ ਪਹਿਲ ਦੇ ਅਧਾਰ ਤੇ ਪਿੜਾਈ ਹੋ ਰਿਹਾ ਹੈ ਜਿਸ ਨਾਲ ਉਹ ਆਪਣੀ ਅਗਲੀ ਫਸਲ ਦੀ ਬਿਜਾਈ ਸਮੇ-ਸਿਰ ਕਰ ਸਕਦੇ ਹਨ। ਉਨ੍ਹਾਂ ਕਿਹਾ ਇਹ ਮਿੱਲ ਕਿਸਾਨਾਂ ਦੀ ਆਪਣੀ ਮਿੱਲ ਹੈ, ਇਸ ਦੇ ਨਿਰੰਤਰ ਚੱਲਣ ਨਾਲ ਆਮ ਲੋਕਾਂ ਅਤੇ ਗੰਨਾ ਕਾਸ਼ਤਕਾਰਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਮਿੱਲ ਮੈਨੇਜਮੈਂਟ ਇਹ ਯਕੀਨ ਕਰਦੀ ਹੈ ਕਿ ਨਕੋਦਰ ਖੰਡ ਮਿੱਲ ਕੋਆਪਰੇਟਿਵ ਸੈਕਟਰ ਅਤੇ ਐਗਰੀਕਲਚਰ ਨਾਲ ਸਬੰਧਤ ਲੋਕਾਂ ਦਾ ਆਪਣਾ ਅਦਾਰਾ ਹੈ ਅਤੇ ਹਰ-ਕੋਈ ਇਸ ਵਿਚ ਹਿੱਸੇਦਾਰ ਹੈ। ਗੰਨੇ ਨੂੰ ਪਾਲ ਕੇ ਮਿੱਲ ਵਿਚ ਲਿਆਉਂਣਾ ਕਿਸਾਨਾਂ ਲਈ ਇਕ ਵੱਡਾ ਸੰਘਰਸ਼ ਹੈ। ਲੇਬਰ ਦੀ ਘਾਟ ਹੋਣ ਕਾਰਨ ਗੰਨੇ ਦੀ ਆਮਦ ਘੱਟ ਹੈ, ਇਸ ਲਈ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ; ਮਿੱਲ ਵੱਲੋਂ ਕਿਸਾਨਾਂ ਦੇ ਗਰੁੱਪ ਬਣਾ ਕੇ ਅਤੇ ਐਫਪੀਓ ਬਣਾ ਕੇ ਹਾਰਵੈਸਟਰ ਮਸ਼ੀਨਾਂ ਦਿਵਾਉਂਣ ਬਾਰੇ ਵੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਇਕ-ਦੋ ਮਸ਼ੀਨਾਂ ਕੁੱਝ ਕਿਸਾਨ ਇਕੱਠੇ ਹੋ ਕੇ ਬਹੁੱਤ ਜਲਦੀ ਲਿਆ ਰਹੇ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਕਿਸਾਨ ਸਹੀ ਸਮੇਂ ਤੇ ਮੈਚਿਓਰ ਗੰਨਾ ਮਿੱਲ ਵਿਚ ਪਿੜਾਈ ਲਈ ਲਿਆ ਸਕਦੇ ਹਨ ਜਿਸ ਨਾਲ ਖੰਡ ਦੀ ਰਿਕਵਰੀ ਵਧੇਗੀ, ਜਿਸ ਨਾਲ ਮਿੱਲ ਨੂੰ ਵਿੱਤੀ ਫਾਇਦਾ ਵੀ ਹੋਵੇਗਾ ਅਤੇ ਇਸ ਦੇ ਫਾਇਦੇ ਦੇ ਹਿੱਸੇਦਾਰ ਕਿਸਾਨ ਵੀ ਬਣਨਗੇ। ਜਿਸ ਗੰਨੇ ਵਿਚ ਮਿਠਾਸ ਘੱਟ ਹੰੁਦੀ ਹੈ ਉਸ ਨਾਲ ਮਿੱਲ ਨੂੰ ਨੁਕਸਾਨ ਹੁੰਦਾ ਹੈ। ਸਾਨੂੰ ਸਵਾਰਥੀ ਨਹੀਂ ਬਣਨਾ ਚਾਹੀਦਾ ਸਗੋਂ ਸਾਫ-ਸੁਥਰਾ ‘ਤੇ ਪਰਾਲੀ ਨਾਲ ਬੰਨ ਕੇ ਮਿੱਲ ਵਿਚ ਗੰਨਾ ਲੈਕੇ ਆਉਂਣਾ ਚਾਹੀਦਾ ਹੈ। ਪ੍ਰਾਈਵੇਟ ਖੰਡ ਮਿੱਲਾਂ ਲਾਲਚ ਦੇਕੇ ਕਿਸਾਨਾਂ ਤੋਂ ਗੰਨਾ ਖ੍ਰੀਦ ਲੈਂਦੀਆਂ ਹਨ ਪਰੰਤੂ ਜੇਕਰ ਸਹਿਕਾਰੀ ਖੰਡ ਮਿੱਲਾਂ ਮੁਕਾਬਲੇ ਵਿਚ ਨਾ ਰਹੀਆਂ ਤਾਂ ਇਹ ਪ੍ਰਾਈਵੇਟ ਮਿੱਲਾਂ ਘੱਟ ਰੇਟ ਦੇਕੇ ਕਿਸਾਨਾ ਦਾ ਸ਼ੋਸ਼ਣ ਕਰ ਸਕਦੀਆਂ ਹਨ। ਇਸ ਲਈ ਜੇਕਰ ਸਹਿਕਾਰਤਾ ਨੂੰ ਬਚਾ ਲਿਆ ਤਾਂ ਸਮਝੋ ਪੰਜਾਬ ਨੂੰ ਬਚਾ ਲਿਆ। ਇਸ ਲਈ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿੱਲ ਵਿਚ ਗੰਨਾ ਤਾਜਾ, ਸਾਫ-ਸੁੱਥਰਾ, ਆਗ/ਕੱਚੀ ਪੋਰੀ, ਖੋਰੀ ਅਤੇ ਜੜ੍ਹਾਂ ਤੋਂ ਰਹਿਤ ਲੈਕੇ ਆਉਂਣ ਅਤੇ ਗੰਨਾ ਪਰਚੀ ਵਿੱਚ ਦਰਜ਼ ਮਿਤੀ ਅਤੇ ਕਿਸਮ ਮੁਤਾਬਿਕ ਹੀ ਗੰਨਾ ਲੈਕੇ ਆਉਂਣ ਤਾਂ ਜੋ ਗੰਨੇ ਤੋਂ ਖੰਡ ਦੀ ਵਧੇਰੇ ਰਿਕਵਰੀ ਪ੍ਰਾਪਤ ਹੋ ਸਕੇ ਅਤੇ ਮਿੱਲ ਵਧੇਰੇ ਮੁਨਾਫਾ ਕਮਾ ਸਕੇ। ਇਸ ਲਈ ਨਕੋਦਰ ਸਹਿਕਾਰੀ ਖੰਡ ਮਿੱਲ ਦੀ ਬੇਹਤਰੀ ਲਈ ਸਮੁੱਚੇ ਹਲਕੇ ਦੇ ਲੋਕਾਂ ਦੇ ਸਹਿਯੋਗ ਦੀ ਬਹੁੱਤ ਲੋੜ ਹੈ, ਇਸ ਲਈ ਆਉ ਸਾਰੇ ਰਲ-ਮਿਲ ਕੇ ਨਕੋਦਰ ਸਹਿਕਾਰੀ ਖੰਡ ਮਿੱਲ ਦੀ ਬੇਹਤਰੀ ਦੀ ਕੋਸ਼ਿਸ਼ ਕਰੀਏ ਤੇ ਮਿੱਲ ਨੂੰ ਉੱਚੀਆਂ ਪੁਲਾਂਘਾਂ ਵੱਲ ਲੈਕੇ ਜਾਈਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



