ਸਮਾਗਮ ਵਿਚ ਪਹੁੰਚੇ ਕਰਨਲ ਹਿਤੇਸ਼ ਦੁੱਗਲ ਤੇ ਹੋਰਨਾਂ ਅਧਿਕਾਰੀਆਂ ਦਾ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ
ਕਪੂਰਥਲਾ/ਸੁਲਤਾਨਪੁਰ ਲੋਧੀ, (ਸਮਾਜ ਵੀਕਲੀ) (ਕੌੜਾ ) – ਫਾਲਕਨ ਇੰਟਰਨੈਸ਼ਨਲ ਸਕੂਲ ਨੂੰ ਐੱਨ. ਸੀ. ਸੀ. ਦੀ ਮਾਨਤਾ ਮਿਲਣ ਉਪਰੰਤ ਸਕੂਲ ਦੇ ਵਿਹੜੇ ਵਿਚ ਮੈਨੇਜਿੰਗ ਡਾਇਰੈਕਟਰ ਮੈਡਮ ਨਵਦੀਪ ਕੌਰ ਢਿੱਲੋਂ ਦੀ ਅਗਵਾਈ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਸਮਾਗਮ ਵਿੱਚ 21 ਪੰਜਾਬ ਬਟਾਲੀਅਨ ਐੱਨ.ਸੀ.ਸੀ. ਦੇ ਉੱਚ ਅਧਿਕਾਰੀ ਕਰਨਲ ਹਿਤੇਸ਼ ਦੁੱਗਲ ਸੈਨਾ ਮੈਡਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਉਨ੍ਹਾਂ ਦੇ ਨਾਲ ਕਰਨਲ ਵਰਿੰਦਰ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ, ਸੂਬੇਦਾਰ ਸਰਬਜੀਤ ਸਿੰਘ ਟ੍ਰੇਨਿੰਗ ਜੇ. ਸੀ. ਓ , ਕੈਪਟਨ ਮਹਿੰਦਰ ਸਿੰਘ ਟ੍ਰੇਨਿੰਗ ਕਲਰਕ ਤੇ ਸੀ. ਐੱਚ. ਐੱਮ. ਰਾਜਵਿੰਦਰ ਸਿੰਘ ਪਹੁੰਚੇ, ਜਿਨ੍ਹਾਂ ਦਾ ਕਰਨਲ ਅਜੀਤ ਸਿੰਘ ਢਿੱਲੋਂ, ਐਮ. ਡੀ. ਨਵਦੀਪ ਕੌਰ ਢਿੱਲੋਂ ਅਤੇ ਸਟਾਫ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।
ਸਮਾਗਮ ਵਿਚ ਐੱਨ.ਸੀ.ਸੀ. ਜੁਆਇਨ ਕਰਨ ਵਾਲੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹੋਏ । ਇਸ ਮੌਕੇ ਬੋਲਦਿਆਂ ਕਰਨਲ ਹਿਤੇਸ਼ ਦੁੱਗਲ ਨੇ ਕਿਹਾ ਕਿ ਸਕੂਲ ਨੂੰ ਐਨ. ਸੀ. ਸੀ. ਦੀ ਮਾਨਤਾ ਮਿਲਣਾ ਵੱਡੇ ਮਾਣ ਵਾਲੀ ਗੱਲ ਹੈ । ਜਿਸ ਦਾ ਸਿਹਰਾ ਕਰਨਲ ਅਜੀਤ ਸਿੰਘ ਢਿੱਲੋਂ ਤੇ ਮੈਡਮ ਨਵਦੀਪ ਕੌਰ ਢਿਲੋਂ ਨੂੰ ਜਾਂਦਾ ਹੈ, ਜਿਨ੍ਹਾਂ ਦੇ ਲਗਾਤਾਰ ਯਤਨਾਂ ਸਦਕਾ ਹੀ ਫਾਲਕਨ ਇੰਟਰਨੈਸ਼ਨਲ ਸਕੂਲ ਨੂੰ ਐਨ. ਸੀ. ਸੀ. ਦੀ ਮਾਨਤਾ ਹਾਸਲ ਹੋਈ ਹੈ । ਕਰਨਲ ਦੁੱਗਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ, ਕਿਉਂਕਿ ਐਨ. ਸੀ. ਸੀ. ਸਿਖਲਾਈ ਪ੍ਰਾਪਤ ਵਿਦਿਆਰਥੀਆਂ ਨੂੰ ਰਾਜ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ ਰਾਖਵਾਂਕਰਨ ਮਿਲਦਾ ਹੈ ।
ਇਸ ਤੋਂ ਇਲਾਵਾ ਇੰਡੀਅਨ ਆਰਮੀ, ਜਲ ਸੈਨਾ, ਹਵਾਈ ਸੈਨਾ, ਬੀ. ਐੱਸ. ਐੱਫ, ਸੀ. ਆਈ. ਐਸ. ਐਫ, ਸੀ.ਆਰ.ਪੀ.ਐਫ. ਅਤੇ ਵੱਖ ਵੱਖ ਵਿਭਾਗਾਂ ਦੇ ਮੰਤਰਾਲਿਆਂ ਵਿੱਚ ਵੀ ਰਾਖਵਾਂਕਰਨ ਦਾ ਲਾਭ ਮਿਲਦਾ ਹੈ । ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਲਈ ਐੱਨ. ਸੀ. ਸੀ. ਵਿਸ਼ੇ ਨਾਲ ਪਾਸ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਤੌਰ ‘ਤੇ ਮਾਨਤਾ ਮਿਲਦੀ ਹੈ ਅਤੇ ਯੂਥ ਐਕਸਚੇਂਜ ਰਾਹੀਂ ਵੀ ਬੱਚੇ ਵਿਦੇਸ਼ ਜਾ ਸਕਦੇ ਹਨ । ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਵਰਿੰਦਰ ਸਿੰਘ ਨੇ ਕਿਹਾ ਕਿ ਐਨ. ਸੀ. ਸੀ. ਦੇ ਕੈਂਪਾਂ ਦੌਰਾਨ ਫਾਇਰਿੰਗ ਦੀਆਂ ਗਤੀਵਿਧੀਆਂ, ਰਿਪਬਲਿਕਡੇ ਪਰੇਡ ਵਿੱਚ ਸ਼ਮੂਲੀਅਤ ਕਰਨ ਅਤੇ ਵਿਸ਼ੇਸ਼ ਸਿਖਲਾਈ ਦੇ ਜ਼ਰੀਏ ਹਥਿਆਰਬੰਦ ਸੈਨਾ ਵਿੱਚ ਅਧਿਕਾਰੀ ਬਣਨ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵੀ ਸੁਨਹਿਰੀ ਮੌਕਾ ਮਿਲਦਾ । ਸਮਾਗਮ ਦੇ ਅੰਤ ਵਿਚ ਸਕੂਲ ਪ੍ਰਬੰਧਕਾਂ ਵਲੋਂ ਪਹੁੰਚੇ ਮਹਿਮਾਨਾਂ ਨੂੰ ਯਾਦ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly