(ਸਮਾਜ ਵੀਕਲੀ)
ਮੇਰੀ ਕਵਿਤਾ ਸਾਥਣ ਮੇਰੀ ਜ਼ਿੰਦਗੀ ਦੀ,
ਹੈ ਅਲਹਾਮ(ਪ੍ਰੇਰਨਾ) ਤੇ ਭਾਵੇਂ ਜਨੂਨ ਮੇਰਾ।
ਹਰ ਇਕ ਲਾਈਨ ਵਿੱਚ ਬੋਲਦੀ ਰੂਹ ਮੇਰੀ,
ਅੱਖਰ-ਅੱਖਰ ਦੇ ਵਿੱਚ ਹੈ ਖੂਨ ਮੇਰਾ।
ਹਰ ਤਸ਼ਬੀਹ(ਤੁਲਨਾ) ਹੁੰਦੀ ਮੇਰੀ ਹੱਡ-ਬੀਤੀ,
ਨਿਰਾ ਗੁੰਨਿਆ ਹੁੰਦਾ ਨਹੀਂ ਲੂਣ ਮੇਰਾ।
ਵੱਖੋ-ਵੱਖਰੇ ਹੋਣ ਸਿਰਲੇਖ ਭਾਵੇਂ,
ਹੁੰਦਾ ਸਭਨਾ ‘ਚ ਇੱਕੋ ਮਜ਼ਮੂਨ ਮੇਰਾ।
ਕਿਸੇ ਨਾਲ ਨਹੀਂ ਲੱਬੋ-ਲਬਾਬ ਮਿਲਦਾ,
ਲੱਖਾਂ ਵਿੱਚੋਂ ਵੀ ਜਾਣਿਆ ਜਾਂਦਾ ਹਾਂ ਮੈਂ।
ਪੇਂਡੂ ਬੋਲੀ, ਮੁਹਾਵਰੇ ਮੰਜਕੀ(ਜਲੰਧਰ ਦਾ ਇੱਕ ਖੇਤਰ) ਦੇ,
ਹਰ ਜਗ੍ਹਾ, ਪਛਾਣਿਆ ਜਾਂਦਾ ਹਾਂ ਮੈਂ।