(ਸਮਾਜ ਵੀਕਲੀ)
ਮੇਰੀ ਕਵਿਤਾ
ਨਾ ਉਪਰੋਂ ਉੱਤਰਦੀ ਹੈ,
ਨਾ ਕਿਸੇ ਦੀ ਉੰਗਲ ਫੜਦੀ,
ਨਾ ਕਿਸੇ ਲੈ ਦੀ
ਤਲਾਸ਼ ਵਿੱਚ ਭਟਕਦੀ ਹੈ।
ਜਦ ਕੁੱਝ ਜ਼ਖਮੀ ਅਹਿਸਾਸ
ਜਾਂ ਭਾਵਨਾਵਾਂ
ਮਨ ਮਸਤਕ ਵਿੱਚ ਖੌਰੂ ਪਾਉਂਦੇ ਨੇ
ਤਾਂ ਮੈਂ ਕਵਿਤਾ ਲਿਖਦਾ ਹਾਂ।
ਕਿਰਤੀਆਂ ਦੇ ਵਿਹੜਿਆਂ,
ਸੜਕਾਂ ਕੰਢੇ ਕੁੱਲੀਆਂ ‘ਚ
ਜਾਂ ਫੁੱਟਪਾਥਾਂ ਤੇ ਜ਼ਿੰਦਗੀ ਜਦੋਂ
ਕੁਰਬਲ਼ ਕੁਰਬਲ਼ ਕਰਦੀ ਤੱਕਦਾਂ
ਤਾਂ ਮੈਂ ਕਵਿਤਾ ਲਿਖਦਾ ਹਾਂ।
ਭੱਠਿਆਂ ਦੇ ਸੇਕ ‘ਚ ਸੜਦੇ,
ਕਾਰਖਾਨਿਆਂ ਦੀਆਂ
ਮਸ਼ੀਨਾਂ ਨਾਲ ਘੁਲ਼ਦੇ,
ਸੜਕਾਂ ਤੇ ਵਿਛਦੀ
ਲੁੱਕ ‘ਚ ਧੁਆਂਖੇ,
ਜੇਠ-ਹਾੜ੍ਹ ਦੀ ਧੁੱਪ ‘ਚ
ਸੜਕਾਂ ਕੰਢੇ ਲਾਅ ਰੇਹੜੀਆਂ,
ਦੋ ਵੇਲ਼ੇ ਦੀ ਰੋਟੀ ਦਾ
ਜੁਗਾੜ ਕਰਦੇ,
ਨਿਤਾਣਿਆਂ ਦੀ ਹੋਣੀ ਦੇਖ
ਜਦੋਂ ਲੇਦ੍ਹੜੇ ਵਰਗੇ ਸ਼ਬਦ
ਮੇਰੇ ਅਹਿਸਾਸਾਂ ‘ਚ ਚੁਭਦੇ ਨੇ
ਮੈਂ ਕਵਿਤਾ ਲਿਖਦਾ ਹਾਂ।
ਭੁੱਖ ਦਾ ਤਾਂਡਵ
ਗਰੀਬੀ, ਲਾਚਾਰੀ,
ਵਿੱਦਿਆ ਵਿਚਾਰੀ,
ਬੇਰੁਜ਼ਗਾਰੀ ਦੀ ਮਾਰ ‘ਚ
ਇੱਥੋਂ ਦੇ ਵਾਸੀਆਂ ਦੇ
ਸੁਪਨਿਆਂ ਦੀਆਂ ਕਬਰਾਂ ਵੀ
ਮੁਰਝਾਏ ਘਾਹ ਹੇਠ
ਗੁਆਚ ਜਾਂਦੀਆਂ ਨੇ
ਤਾਂ ਉਨ੍ਹਾਂ ਦੀ ਹੋਂਦ ਲਈ
ਮੈਂ ਕਵਿਤਾ ਲਿਖਦਾ ਹਾਂ।
ਮੇਰੀ ਕਵਿਤਾ ਨੂੰ ਰਾਸ ਨਹੀਂ ਆਉੰਦੇ,
ਸ਼ਾਮ ਨੂੰ ਮੁੜੇ ਆਉੰਦੇ
ਥੱਕੇ-ਹਾਰੇ ਨਿਰਾਸ਼ ਕਿਰਤੀ,
ਜਾਂ ਮੂੰਹ ਲਟਕਾਈ
ਮੰਡੀਓਂ ਮੁੜਿਆ ਆਉੰਦਾ ਨਿਮੋਂਝੂਣਾ ਅੰਨਦਾਤਾ,
ਮਨਰੇਗਾ ਦੀ ਦੀਹਾੜੀ ਉਡੀਕਦੀਆਂ
ਬੁੱਝੀਆਂ ਅੱਖਾਂ ਵਾਲ਼ੀਆਂ ਮਾਵਾਂ,
ਬੱਸ ਉਨ੍ਹਾਂ ਦੇ ਹੌਕਿਆਂ ਨੂੰ
ਬੋਲ ਦੇਣ ਲਈ ਹੀ
ਤਾਂ ਮੈ ਕਵਿਤਾ ਲਿਖਦਾ ਹਾਂ।
ਮੈਅਖਾਨੇ ਜਾਂ ਸਾਕੀ ਪੈਮਾਨੇ,
ਹੋ ਲਟਬੌਰੇ, ਚੀਅਰਜ਼ ਕਰਦੇ
ਟਕਰਾਉਂਦੇ ਜਾਮ,
ਮੇਰੀ ਕਵਿਤਾ ਦੇ ਮੇਚ ਨਾ ਆਉੰਦੇ
ਉੱਚੀਆਂ ਮਮਟੀਆਂ,
ਮਹਿਲ ਮੁਨਾਰੇ,
ਮੇਰੀ ਕਵਿਤਾ ਨੂੰ ਮੂਲ ਨਾ ਭਾਉੰਦੇ।
ਕੋਈ ਵੀ ਚੀਖ,
ਜਾਂ ਕੋਈ ਹੂਕ,
ਬਣਨਾ ਚਾਹੇ ਜਦ
ਰਣਤੱਤੇ ਦਾ ਜੈਕਾਰਾ,
ਤਾਂ ਮੈਂ ਕਵਿਤਾ ਲਿਖਦਾ ਹਾਂ।
ਜਗਤਾਰ ਸਿੰਘ ਹਿੱਸੋਵਾਲ
9878330324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly