ਮੇਰੀ ਮਾਂ

ਮਨਪ੍ਰੀਤ ਕੌਰ ਭਾਟੀਆ
ਮਨਪ੍ਰੀਤ ਕੌਰ ਭਾਟੀਆ
 (ਸਮਾਜ ਵੀਕਲੀ) ਰਮਨ ਬਹੁਤ ਪਰੇਸ਼ਾਨ ਸੀ ਕਿਉਂਕਿ ਹੁਣ ਰਸੋਈ ਦਾ ਸਾਰਾ ਕੰਮ ਉਸ ਨੂੰ ਤੇ ਉਸਦੇ ਪਿਤਾ ਨੂੰ ਹੀ ਕਰਨਾ ਪੈਂਦਾ ਸੀ। ਜਿਵੇਂ ਦੀ ਵੀ ਕੱਚੀ-ਪੱਕੀ ਸਬਜੀ- ਰੋਟੀ ਬਣਦੀ ਉਹ ਔਖੇ ਸੌਖੇ ਖਾ ਲੈਂਦੇ। ਉਹ ਵੀ ਕਾਲਜ ਤੋਂ ਥੱਕਿਆ ਮੁੜਦਾ ਤੇ ਉਸਦਾ ਪਿਤਾ ਕੰਮ ਤੋਂ….ਬਣਾਉਣੀ ਤਾਂ ਦੋਵਾਂ ਪਿਓ ਪੁੱਤ ਨੂੰ ਵੀ ਨਹੀਂ ਸੀ ਆਉਂਦੀ… ਬਸ ਉਨ੍ਹਾਂ ਨੂੰ ਤਾਂ ਸਿਰਫ ਅਜੇ ਤੱਕ ਗੱਲਾਂ ਹੀ ਕਰਨੀਆਂ ਆਈਆਂ ਸੀ। ਕੰਮ ਵਾਲੀ ਵੀ ਲਗਾ ਕੇ ਦੇਖ ਲਈ… ਐਨਾ ਖ਼ਰਚਾ ਤੇ ਉਤੋਂ ਬੇਸੁਆਦ ਖਾਣਾ…।
ਉਸਦੀ ਮਾਂ ਦੀ ਮੌਤ😪 ਨੂੰ ਅੱਜ ਪੂਰੇ ਛੇ ਮਹੀਨੇ ਹੋ ਗਏ ਸੀ।
“ਮੰਮੀ….!ਮੰਮੀ….!!” ਖਾਣਾ ਸ਼ੁਰੂ ਕਰਦੇ ਹੀ ਉਹ ਜ਼ੋਰ-ਜ਼ੋਰ ਦੀ ਚਿਲਾਉਣ ਲੱਗਾ ਸੀ।
ਮਾਂ ਰਸੋਈ ਚੋਂ ਦੌੜੀ ਆਈ ਤਾਂ ਉਹ ਮਾਂ ਨੂੰ ਕੁੱਦ ਕੇ ਪੈ ਗਿਆ “ਆਹ ਕੀ ਕੀਤਾ? ਇਨਾ ਲੂਣ ਕੌਣ ਖਾਵੇ…. ਤੇ ਉਸਨੇ ਪਲੇਟ ਚਲਾ ਕੇ ਮਾਰੀ। ਅੱਖਾਂ ਵਿੱਚ ਘੁੱਲ ਕੇ ਗੱਲਾਂ ਤੇ ਉਤਰ ਆਏ ਹੰਝੂਆਂ ਨੂੰ ਪੂੰਝਦੀ ਉਸਦੀ ਮਾਂ ਖਿਲਰੀ ਰੋਟੀ ਸਬਜ਼ੀ ਚੁੱਕ ਪਲੇਟ ‘ਚ ਪਾਉਣ ਲੱਗੀ ।
ਅਚਾਨਕ ਹੀ ਰਮਨ ਨੂੰ ਕੁਝ ਸਮਾਂ ਪਹਿਲਾਂ ਦੀ ਗੱਲ ਯਾਦ ਆ ਗਈ ਤਾਂ ਉਸਦੀਆਂ ਅੱਖਾਂ ਵਿੱਚੋਂ ਹੰਝੂ ਉਤਰ ਆਏ।
“ਹਾਏ ਰੱਬਾ! ਕਿੰਨਾ ਸਤਾਇਆ ਤੇ ਦੁੱਖ ਦਿੱਤਾ ਸੀ ਮੈਂ ਆਪਣੀ ਮਾਂ ਨੂੰ। ਉਹ ਵਿਚਾਰੀ ਤਾਂ ਸਾਡੇ ਆਉਣ ਤੇ ਗ਼ਰਮ ਗ਼ਰਮ ਰੋਟੀ ਸਾਨੂੰ ਫੜਾਉਂਦੀ ਸੀ…. ਤੇ ਅਸੀਂ…ਹੁਣ ਪਤਾ ਲੱਗਾ ਇੱਕ  ਰੋਟੀ ਦੀ ਪਲੇਟ ਤਿਆਰ ਕਰਨ ਨੂੰ ਕਿੰਨਾ ਸਮਾਂ..ਤੇ ਕਿੰਨੀ ਮਿਹਨਤ ਲੱਗਦੀ ਹੈ। ਤੇ ਮੈਂ ਹਮੇਸ਼ਾ ਥੋੜਾ ਜਿਹਾ ਨੁਕਸ ਹੋਣ ਤੇ ਵੀ ਆਪਣੀ ਖਾਣੇ ਵਾਲੀ ਪਲੇਟ ਚਲਾ ਕੇ ਮਾਰਦਾ ਸੀ।…ਜ਼ਰਾ ਕੁ ਰੋਟੀ ‘ਚ ਦੇਰੀ ਹੋਣ ਤੇ ਮੈਂ ਬਹੁਤ ਚੀਕਦਾ ਤੇ ਮਾਂ ਨੂੰ ਬਹੁਤ ਬੁਰਾ ਭਲਾ ਕਹਿੰਦਾ ।
ਪਰ ਇਸ ਵਿੱਚ ਮੇਰਾ ਵੀ ਕੀ ਕਸੂਰ ਸੀ। ਮੈਂ ਹਮੇਸ਼ਾ ਤੋਂ ਪਿਤਾ ਜੀ ਨੂੰ ਅਜਿਹਾ ਹੀ ਕਰਦਾ ਦੇਖਦਾ ਆਇਆ ਸੀ। ਬਸ ਪਿਤਾ ਜੀ ਵਾਲੀਆਂ ਆਦਤਾਂ ਕਦੋਂ ਮੇਰੇ ਅੰਦਰ ਵੀ ਆ ਗਈਆਂ ਇਸ ਗੱਲ ਦਾ ਮੈਨੂੰ ਅਹਿਸਾਸ ਹੀ ਨਹੀਂ ਹੋਇਆ। ਮੈਂ ਪਿਤਾ ਜੀ ਨੂੰ ਅਕਸਰ ਗੱਲ ਗੱਲ ਉੱਤੇ ਮਾਂ ਤੇ ਚੀਕਦਾ.. ਤੇ ਮਾਂ ਨੂੰ ਰੋਂਦਾ ਹੋਇਆ ਹੀ ਦੇਖਿਆ। ਤੇ ਮੈਂ ਬੇਵਕੂਫ ਨੇ ਮਾਂ ਦਾ ਸਾਥ ਦੇਣ ਦੀ ਬਜਾਇ ਪਿਤਾ ਜੀ ਵਾਂਗ ਹੀ ਕੀਤਾ… ਸ਼ਾਇਦ ਸਾਡੇ ਪਿਓ ਪੁੱਤਰਾਂ ਤੋਂ ਦੁਖੀ ਹੋਈ ਹੀ ਮਾਂ ਸਾਈਲੈਂਟ ਹਾਰਟ ਅਟੈਕ ਨਾਲ ਇਸ ਦੁਨੀਆਂ ਨੂੰ ਜਲਦੀ ਅਲਵਿਦਾ ਕਹਿ ਗਈ। ਅੱਜ ਮਾਂ ਦੇ ਹੱਥਾਂ ਦੀ ਰੋਟੀ ਬਹੁਤ ਯਾਦ ਆਉਂਦੀ ਹੈ। ਕਿੰਨਾ ਸਵਾਦ ਸੀ ਉਸ ਰੋਟੀ ਵਿੱਚ…. ਤੇ  ਮੈਨੂੰ ਅੱਜ ਤੱਕ ਉਹ ਸਵਾਦ ਕਿਤੇ ਮਿਲ ਨਹੀਂ ਸਕਿਆ।
           ਪਿਤਾ ਜੀ ਵੀ ਤਾਂ ਹੁਣ ਚੁੱਪ ਰਹਿਣ ਲੱਗੇ ਹਨ। ਪਹਿਲਾਂ ਵਾਂਗ ਚੀਕਦੇ ਚਿਲਾਂਉਦੇ ਨਹੀਂ। ਮਾਂ ਦੀ ਮੌਤ ਤੋਂ ਬਾਅਦ ਮੈਂ ਪਿਤਾ ਜੀ ਵਿੱਚ ਵੀ ਭਾਰੀ ਬਦਲਾਵ ਦੇਖਿਆ ਹੈ। ਕਈ ਵਾਰ ਤਾਂ ਮੈਂ ਪਿਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਵੀ ਦੇਖੇ ਹਨ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਮਾਂ ਨੂੰ ਯਾਦ ਕਰਦੇ ਹੋਏ ਮਾਂ ਪ੍ਰਤੀ ਆਪਣੇ ਵਿਹਾਰ ਤੇ ਪਛਤਾ ਰਹੇ ਹਨ ਤੇ ਇਕੱਲਾਪਨ ਮਹਿਸੂਸ ਕਰ ਰਹੇ ਹਨ।
     ਉਹ ਮਾਂ ਹੀ ਸੀ ਜੋ ਹਰ ਸਮੇਂ ਮੇਰੀ ਫਿਕਰ ਕਰਦੀ ਸੀ। ਅੱਜ ਮੈਂ ਆਪਣੀ ਮਾਂ ਨੂੰ ਬਹੁਤ ਜਿਆਦਾ ਯਾਦ ਕਰਦਾ ਹਾਂ। ਕਾਸ਼! ਮੇਰੀ ਮਾਂ ਮੇਰੇ ਕੋਲ ਹੁੰਦੀ…. ਜੇਕਰ ਸਾਨੂੰ ਪਹਿਲਾਂ ਇਹਨਾਂ ਸਭ ਗੱਲਾਂ ਦਾ ਅਹਿਸਾਸ ਹੋ ਜਾਂਦਾ ਤਾਂ ਸ਼ਾਇਦ ਦੁੱਖੀ ਹੋਈ ਮੇਰੀ ਮਾਂ ਨੂੰ ਸਾਈਲੈਂਟ ਅਟੈਕ ਨਾ ਆਉਂਦਾ ਤੇ ਉਹ ਅੱਜ ਮੇਰੇ ਕੋਲ ਹੁੰਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਧਰਮਕੋਟ ਵਿਖੇ 3 ਘੰਟੇ ਲਈ ਮੋਗਾ-ਜਲੰਧਰ ਨੈਸ਼ਨਲ ਹਾਈਵੇ ਕੀਤਾ ਜਾਮ
Next articleਪਿੰਡ ਚੀਮਾ ਖੁਰਦ ਦੀ ਸ਼੍ਰੀਮਤੀ ਸੁਮਨਪ੍ਰੀਤ ਕੌਰ ਸਰਪੰਚੀ ਦੀ ਉਮੀਦਵਾਰ ਅਤੇ ਪੰਚਾਂ ਦੇ ਉਮੀਦਵਾਰ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ।