ਮੇਰਾ ਵਿਆਹ……..

(ਸਮਾਜ ਵੀਕਲੀ) ਮੈਂ 2016 ‘ਚ ਸੋਚਦਾ ਸੀ ਕਿ ਮੈਂ ਆਪਣੀ ਵਾਰੀ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣਾ ਬਿਲਕੁਲ ਸਾਦਾ ਵਿਆਹ ਕਰਾਂਗਾ। ਤੇ ਅੱਜ ਮੈਂ ਇਸ ਫ਼ੈਸਲੇ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨਾਂ ‘ਚ ਆਉਂਦੇ ਵਿਆਹ ਵਾਲੇ ਦਿਨ ਤੇ ਆਪਣੇ ਆਪ ਤੇ ਲਾਗੂ ਕੀਤਾ।
(ਸਮਰੱਥਾ (Capacity) ਹੋਣ ਦੇ ਬਾਵਜੂਦ) ਮੇਰੇ ਵਿਆਹ ‘ਚ ਮੈਂ ਸ਼ੋਰ ਸ਼ਰਾਬਿਆ ਨੂੰ ਬਿਲਕੁਲ ਨਹੀਂ ਵਰਤਿਆ। ਨਾ ਕੋਈ ਡੀ ਜੇ, ਨਾ ਕੋਈ ਜਾਗੋ, ਨਾ ਹੀ ਢੋਲ, ਨਾ ਹੀ ਬਰਾਤ ਵੇਲੇ ਢੋਲ, ਨਾ ਸ਼ਰਾਬ-ਮੀਟ ਤੇ ਨਾ ਹੀ ਕੋਈ ਵੱਡਾ ਇਕੱਠ। ਨਾ ਹੀ ਕੋਈ ਸਜਾਵਟ (Decoration), ਨਾ ਕੋਈ ਲੜੀਆਂ (Lighting) ਵਗੈਰਾ… ਜਿਵੇਂ ਆਮ ਘਰ ਸੀ ਸਭ ਓਵੇਂ ਹੀ ਰੱਖਿਆ। ਬਰਾਤ ‘ਚ ਸਿਰਫ਼ 20 ਬੰਦੇ। ਮੇਰੇ ਇਸ ਵਿਆਹ ‘ਚ ਸਿਰਫ਼ 9 ਰਿਸ਼ਤੇਦਾਰਾਂ (ਭੈਣ, ਭੂਆ ਤੇ ਮਾਮਿਆਂ) ਨੂੰ ਸੱਦਿਆ।
ਮੈਂ ਆਪਣੇ ਵਿਆਹ ਵਾਲੇ ਕੱਪੜਿਆਂ ਤੇ ਵੀ ਘੱਟ ਤੋਂ ਘੱਟ ਪੈਸੇ ਖ਼ਰਚ ਕੀਤੇ ਅਤੇ ਸਵੇਰ ਤੋਂ ਲੈਕੇ ਸ਼ਾਮ ਤੱਕ ਇੱਕ ਹੀ ਡਰੈੱਸ ਨੂੰ ਪਾਕੇ ਰੱਖਿਆ।
ਜਦੋਂ ਬਰਾਤ ਤੁਰਨ ਲੱਗੀ ਤਾਂ ਇੱਕ ਝਾਤ ਪਈ ਤੇ ਨਜ਼ਰ ਆਇਆ …. ਸਾਡੇ ਸਾਰੇ ਦੇ ਸਾਰੇ ਸਿਰ ਤੇ ਪੱਗਾਂ ਬੰਨੀਆਂ ਸਰਦਾਰ ਸਨ… ਮੇਰੇ ਲਈ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ। ਸਾਡੇ ‘ਚੋਂ ਇੱਕ ਵੀ ਗ਼ੈਰ-ਸਰਦਾਰ ਨਹੀਂ ਸੀ। (ਇਹ ਵੀ ਇੱਕ ਸੋਹਣਾ ਦ੍ਰਿਸ਼ ਸੀ)
ਦਾਜ਼-ਪੈਸੇ ਨੂੰ ਲੈਕੇ ਮੇਰੀ ਕੋਈ ਵੀ ਮੰਗ ਨਹੀਂ ਸੀ। ਵਿਆਹੁਤਾ ਜ਼ਿੰਦਗੀ ‘ਚ ਵਰਤੋਂ ‘ਚ ਆਉਣ ਵਾਲੀ ਚੀਜ਼ ਨੂੰ ਆਪ ਪੂਰਿਆਂ ਕਰਨ ਦੀ ਕੋਸ਼ਿਸ਼ ਕੀਤੀ।
ਬਰਾਤ ਤੋਰਨ ਤੋਂ ਲੈਕੇ… 12 ਵਜੇ ਤੋਂ ਪਹਿਲਾਂ ਆਨੰਦ ਕਾਰਜ… ਉਪਰੰਤ ਸਾਰੇ ਸ਼ਗਨ ਵਿਹਾਰਾਂ ਮਗਰੋਂ ਲੰਮਾਂ ਸਫ਼ਰ ਤੈਅ ਕਰਨ ਤੋਂ ਬਾਅਦ ਬਿਲਕੁਲ ਸਮੇਂ ਸਿਰ ਘਰ ਪਹੁੰਚੇ ਤੇ ਘਰ ਆਏ ਰਿਸ਼ਤੇਦਾਰਾਂ ਨੂੰ ਸਮੇਂ ਸਿਰ ਖੁਸ਼ੀ ਖੁਸ਼ੀ ਵਿਦਾ ਕੀਤਾ।
(ਅਗਰ ਸਭ ਕੁਝ ਸਮੇਂ ਸਿਰ ਹੋਵੇ ਤਾਂ ਵਿਆਹਾਂ ‘ਚ ਤਣਾਅ, ਪਰਿਵਾਰਕ ਮੈਂਬਰਾਂ ਤੇ ਵਾਧੂ ਦੀ ਚਿੰਤਾਂ ਘਟ ਜਾਂਦੀ ਹੈ)
(12 ਵਜੇ ਤੋਂ ਪਹਿਲਾਂ ਅਨੰਦ ਕਾਰਜ ਹੋਣ ਦਾ ਨਿਯਮ ਵਿਆਹ ਵਾਲੇ ਦਿਨ ਦੇ ਟਾਈਮ-ਟੇਬਲ ਨੂੰ ਸਹੀ ਰੱਖਣ ਵਿੱਚ ਸਹਾਈ ਹੁੰਦਾ ਹੈ)
ਜਦ ਕਦੇ ਮੈਂ ਵਿਆਹ ਤੋਂ ਪਹਿਲਾਂ ਸਾਦੇ ਵਿਆਹ ਨੂੰ ਲੈਕੇ ਸੋਚਦਾ ਸੀ ਤਾਂ ਮਨ ਬਹੁਤ ਵਾਰ ਦੁਬਿਧਾ ‘ਚ ਪੈ ਜਾਂਦਾ ਸੀ ਕਿ ‘ਲੋਕ ਕੀ ਕਹਿਣਗੇ ?, ਕੀ ਸੋਚਣਗੇ ?, ਇਹ ਸਭ ਕਿਵੇਂ ਦਾ ਹੋਊ ?, ਲੋਕਾਂ ਦਾ ਪ੍ਰਤੀਕਰਮ ਕੀ ਹੋਊ ?’ ….. ਫ਼ੇਰ ਇੱਕ ਦਿਨ Satnam Singh Daun ਹੁਰਾਂ ਨਾਲ ਬੈਠਿਆਂ ਗੱਲਬਾਤ ਚੱਲੀ ਤੇ ਉਨ੍ਹਾਂ ਨੇ ਆਪਣੇ ਸਾਦੇ ਵਿਆਹ ਬਾਰੇ ਗੱਲ ਕੀਤੀ… ਉੱਥੇ ਮੈਨੂੰ ਬਹੁਤ ਹੌਂਸਲਾ ਮਿਲਿਆ… ਤੇ ਹੁਣ ਜਦੋਂ ਥੋੜ੍ਹੇ ਦਿਨ ਪਹਿਲਾਂ ਵੀਰ ਹੁਰਾਂ ਨਾਲ ਵਿਆਹ ਦੀ ਖ਼ਬਰ ਸਾਂਝੀ ਕੀਤੀ ਤਾਂ ਉਦੋਂ ਵੀ ਉਨ੍ਹਾਂ ਨੇ ਇਹੋ ਨੇਕ ਸਲਾਹ ਦਿੱਤੀ ਕਿ ਫਜ਼ੂਲ ਖਰਚੀ ਤੋਂ ਗ਼ੁਰੇਜ਼ ਕਰਨਾ ਓਹੀ ਪੈਸਾ ਆਪਣੇ ਭਵਿੱਖ ਨੂੰ ਸੰਵਾਰਨ ਲਈ, ਹੋਰ ਜ਼ਰੂਰੀ ਕੰਮਕਾਜ ਲਈ ਸਾਂਭ ਲੈਣਾ।
ਆਪਣੇ ਇਸ ਵਿਆਹ ਤੋਂ ਬਾਅਦ ਦਾ ਤਜ਼ੁਰਬਾ ਸਾਂਝਾਂ ਕਰ ਰਿਹਾ… ਸਾਦੇ ਵਿਆਹਾਂ ਨੂੰ ਸਾਡੇ ਸਮਾਜ ਦਾ ਵੱਡਾ ਹਿੱਸਾ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹੈ।
ਮੇਰਾ ਵਿਆਹ ਸੀ। ਮੈਂ ਕੀਤਾ। ਮੈਂ ਬਹੁਤ ਖੁਸ਼ ਤੇ ਸੰਤੁਸ਼ਟ ਹਾਂ।
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਪੰਜਾਬ ਦੇ ਲੋਕਾ ਲਈ ਗੰਭੀਰ ਸ਼ੰਦੇਸ਼
Next articleसड़क संपर्क संवाद