ਮੇਰਾ ਘੁਮਿਆਰਾ

ਰਮੇਸ਼ ਸੇਠੀ ਬਾਦਲ
ਭਾਗ 17
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ)  ਜਿਥੋਂ ਤੱਕ ਮੇਰੇ ਯਾਦ ਹੈ ਘੁਮਿਆਰੇ ਪਿੰਡ ਵਿੱਚ ਪੰਡਿਤਾਂ ਦੇ ਇੱਕ ਦੋ ਘਰ ਹੀ ਹੁੰਦੇ ਸਨ। ਇੱਕ ਪੰਡਿਤ ਛੱਜੂ ਰਾਮ ਹੁੰਦਾ ਸੀ ਜੋ ਬਹੁਤਾ ਬਾਹਰ ਹੀ ਰਹਿੰਦਾ ਸੀ। ਉਹ ਕਦੇ ਕਦੇ ਪਿੰਡ ਗੇੜਾ ਮਾਰਦਾ ਅਤੇ ਕਿਸੇ ਨਾ ਕਿਸੇ ਜਜਮਾਨ ਘਰੇ ਹੀ ਰੋਟੀ ਖਾਂਦਾ। ਉਸਦਾ ਘਰ ਪਿੰਡ ਦੇ ਪੁਰਾਣੇ ਸਰਪੰਚ ਮੁਕੰਦ ਸਿੰਘ ਦੇ ਘਰ ਕੋਲ੍ਹ ਹੁੰਦਾ ਸੀ। ਉਸਦੇ ਬਾਹਰ ਲੱਕੜ ਦਾ ਛੱਜਾ ਬਣਿਆ ਹੁੰਦਾ ਸੀ। ਦੂਜਾ ਘਰ ਓਮ ਪੰਡਿਤ ਕਾ ਸੀ। ਜੋ ਬਾਬੇ ਸੰਪੂਰਨ ਕੇ ਘਰ ਦੇ ਸਾਹਮਣੇ ਸੀ। ਫਿਰ ਉਸਨੇ ਮੇਰੇ ਦਾਦਾ ਜੀ ਦਾ ਸੱਥ ਵਾਲਾ ਘਰ ਖਰੀਦ ਲਿਆ ਸੀ। ਇਹ੍ਹਨਾਂ ਦੀ ਮਾਤਾ ਸਿਰ ਤੇ ਟੋਕਰੀ ਜਾਂ ਹੱਥ ਵਿੱਚ ਝੋਲਾ ਫੜ੍ਹਕੇ ਰੱਖੜੀ ਵਾਲੇ ਦਿਨ ਕਈ ਘਰਾਂ ਦੇ ਜਾਂਦੀ। ਉਹ ਸਭ ਦੇ ਰੱਖੜੀ ਬੰਨਦੀ। ਅਸੀਂ ਉਸਨੂੰ ਦਾਦੀ ਕਹਿੰਦੇ। ਉਸ ਕੋਲ੍ਹ ਰੂੰ ਦੀਆਂ ਬਣੀਆਂ ਰੰਗ ਬਿਰੰਗੀਆਂ ਰੱਖੜੀਆਂ ਹੁੰਦੀਆਂ ਹਨ ਜਿੰਨਾਂ ਨੂੰ ਅਸੀਂ ਪਹੁੰਚੀ ਕਹਿੰਦੇ ਸੀ। ਉਸ ਦੇ ਸਤਿਕਾਰ ਵੱਜੋਂ ਮੇਰੀ ਮਾਂ ਉਸ ਨੂੰ ਕਣਕ ਜਾਂ ਆਟੇ ਦੀ ਬਾਟੀ ਦਿੰਦੀ ਅਤੇ ਕਈ ਵਾਰੀ ਇੱਕ ਰੁਪਈਆਂ ਦਿੰਦੀ। ਉਂਜ ਸਾਰਾ ਪਿੰਡ ਹੀ ਪੰਡਿਤਾਂ ਦਾ ਸਨਮਾਨ ਕਰਦਾ ਸੀ। ਚਾਚਾ ਓਮ ਮੇਰੇ ਚਾਚੇ ਮੰਗਲ ਚੰਦ ਦਾ ਸਹਿਪਾਠੀ ਸੀ।
ਪਿੰਡ ਦੀ ਸੱਥ ਤੋਂ ਥੋੜਾ ਅੱਗੇ ਜਾਕੇ ਮੀਰਆਬ ਦਾ ਘਰ ਸੀ। ਜਿਸ ਨੂੰ ਮੀਰਾਬ ਕਹਿੰਦੇ ਸਨ। ਮੀਰ ਆਬ ਦਾ ਕੰਮ ਖੇਤਾਂ ਨੂੰ ਪਾਣੀ ਲਾਉਣ ਦਾ ਸਮਾਂ ਦੱਸਣਾ ਹੁੰਦਾ ਸੀ। ਉਦੋਂ ਘੜੀਆਂ ਆਮ ਨਹੀਂ ਸੀ ਹੁੰਦੀਆਂ ਅਤੇ ਪਾਣੀ ਦੀ ਵਾਰੀ ਦਾ ਹਿਸਾਬ ਵੀ ਉਸ ਕੋਲ੍ਹ ਹੁੰਦਾ ਸੀ। ਮੇਰੀ ਸੁਰਤ ਤੋਂ ਪਹਿਲ਼ਾਂ ਉਹ ਆਪਣਾ ਇਹ ਕੰਮ ਬੰਦ ਕਰ ਚੁੱਕਿਆ ਸੀ। ਹੁਣ ਸੱਤ ਰੋਜ਼ਾ ਪਾਣੀ ਦੀ ਵਾਰੀ ਚੱਲਦੀ ਸੀ। ਹਰੇਕ ਦਾ ਟਾਈਮ ਫਿਕਸ ਸੀ। ਘੜੀ ਵੀ ਲਗਭਗ ਆਮ ਘਰ ਵਿੱਚ ਆ ਚੁੱਕੀ ਸੀ। ਐਚ ਐਮ ਟੀ ਦੀ ਘੜੀ ਲੋਕ ਕਿਸੇ ਫੌਜੀ ਦੀ ਮਾਰਫ਼ਤ ਸੈਨਿਕ ਕੰਟੀਨ ਤੋਂ ਮੰਗਵਾਉਂਦੇ।  ਇਸਦੇ ਵੀ ਦੋ ਹੀ ਮਾਡਲ ਆਉਂਦੇ ਸਨ। ਕਾਲੇ ਅਤੇ ਸਫੈਦ ਡਾਇਲ ਵਾਲਾ।
ਜਿਥੋਂ ਤੱਕ ਮੇਰੇ ਯਾਦ ਹੈ ਪਿੰਡ ਵਿੱਚ ਇੱਕ ਘਰ ਬਾਜੀਗਰ ਬਿਰਾਦਰੀ ਦਾ ਵੀ ਸੀ। ਹੋਰ ਵੀ ਹੋ ਸਕਦੇ ਹਨ ਇਹ ਘਰ ਬਾਬੇ ਤਾਰੀ ਦੀ ਹੱਟੀ ਦੇ ਨਾਲ ਲੱਗਦੀ ਗਲੀ ਵਿੱਚ ਸੀ। ਇਹ ਪੱਕਾ ਕਮਰਾ ਸੀ। ਇਹ ਪਰਿਵਾਰ ਦਿਹਾੜੀ ਦਾ ਕੰਮ ਕਰਦਾ ਸੀ।
ਇਸੇ ਤਰ੍ਹਾਂ ਜਦੋਂ ਪਿੰਡ ਵਿੱਚ ਵਾਟਰ ਵਰਕਸ ਚਾਲੂ ਹੋਇਆ ਤਾਂ ਪਿੰਡ ਲਈ ਵੀਹ ਪਬਲਿਕ ਪੋਸਟਾਂ ਯਾਨੀ ਸਾਂਝੀਆਂ ਟੂਟੀਆਂ ਮਨਜ਼ੂਰ ਹੋਈਆਂ ਸਨ। ਉਸ ਸਮੇਂ ਮਿਸਟਰ ਬਰਾੜ ਐਸ ਡੀ ਓੰ ਸੀ ਜੋ ਪਾਪਾ ਜੀ ਦਾ ਲਿਹਾਜੀ ਸੀ। ਉਹ ਸਾਡੇ ਘਰ ਆਇਆ ਅਤੇ ਪਾਪਾ ਜੀ ਨੇ ਆਪਣੇ ਜਾਣਕਾਰਾਂ ਦੇ ਕਹਿਣ ਤੇ ਇਹ ਟੂਟੀਆਂ ਲਗਵਾਈਆਂ। ਪ੍ਰੰਤੂ ਉਸਨੇ ਸਾਡੇ ਘਰ ਮੂਹਰੇ ਟੂਟੀ ਲਗਾਉਣ ਤੋਂ ਸ਼ਾਫ ਇਨਕਾਰ ਕਰ ਦਿੱਤਾ। ਉਸਨੇ ਮੇਰੀ ਮਾਂ ਨੂੰ ਸਮਝਾਇਆ ਕਿ ਪਬਲਿਕ ਪੋਸਟ ਤੇ ਅਕਸਰ ਲੜਾਈਆਂ ਹੁੰਦੀਆਂ ਹਨ ਚਿੱਕੜ ਵੀ ਹੁੰਦਾ ਹੈ। ਇੱਕ ਵਾਰ ਲੱਗੀ ਪੋਸਟ ਨੂੰ ਕੋਈਂ ਪਟਵਾ ਨਹੀਂ ਸਕਦਾ। ਬਾਅਦ ਵਿੱਚ ਇਹੀ ਹੋਇਆ। ਸਾਰੇ ਘਰ ਹੀ ਆਪਣੇ ਘਰ ਮੂਹਰੇ ਲੱਗੀ ਟੁਟੀ ਨੂੰ ਪਟਵਾਉਣ ਲਈ ਦਰਖ਼ਾਸਤਾਂ ਦੇਣ ਲੱਗੇ। ਐਸ ਡੀ ਓੰ ਬਰਾੜ ਦਾ ਤਜ਼ੁਰਬਾ ਸਹੀ ਸੀ। ਕਿਉਂਕਿ ਗਲੀ ਵਿੱਚ ਚਿੱਕੜ ਹੋਣ ਕਰਕੇ ਊਠ ਬੋਤੀ ਦੇ ਤਿਲਕਣ ਦਾ ਡਰ ਰਹਿੰਦਾ ਹੈ। ਲੋਕਾਂ ਨੇ ਆਪਣੇ ਘਰੇ ਕਨੈਕਸ਼ਨ ਲ਼ੈ ਲਏ ਸਨ। 1973 ਦੇ ਲਾਗੇ ਹੀ ਪਿੰਡ ਵਿੱਚ ਬਿਜਲੀ ਆਈ।
ਬਹੁਤ ਸਾਰੇ ਘਰਾਂ ਨੇ ਫਿਟਿੰਗ ਕਰਵਾ ਆਈ ਪਾਪਾ ਜੀ ਆਪਣੇ ਪੁਰਾਣੇ ਬੇਲੀ ਬਾਬੂ ਸਿੰਘ ਨੂੰ ਨਾਲ ਲੈਕੇ ਲੰਬੀ ਗਏ ਓਥੋਂ ਦਸਤੀ ਹੀ ਡਿਮਾਂਡ ਨੋਟਿਸ ਜਾਰੀ ਕਰਵਾਕੇ ਟੈਸਟ ਰਿਪੋਰਟ ਜਮਾਂ ਕਰਵਾ ਦਿੱਤੀ। ਮੌਕੇ ਦੇ ਜੇ ਈਂ ਤੋਂ ਅੱਠ ਮੀਟਰ ਲ਼ੈ ਆਏ। ਪਿੰਡ ਦਾ ਪਹਿਲ਼ਾ ਮੀਟਰ ਸਾਡੇ ਘਰ ਲੱਗਿਆ ਅਤੇ ਦੂਜਾ ਸ਼ਾਇਦ ਮੇਰੇ ਦਾਦਾ ਜੀ ਵਾਲੇ ਘਰੇ। ਬਾਕੀ ਦੇ ਮੀਟਰ ਸਾਡੀ ਗਲੀ ਦੇ ਹੀ ਸਨ। ਜਦੋਂ ਮੇਨ ਟਰਾਂਸਫਾਰਮਰ ਤੋਂ ਲਾਈਟ ਛੱਡੀ ਗਈ ਤਾਂ ਸਾਡੇ ਘਰਾਂ ਚ ਤਾਂ ਜਿਵੇ ਦਿਨ ਹੀ ਚੜ੍ਹ ਗਿਆ। ਓਦੋਂ ਸੌ ਵਾਟ ਦੇ ਬਲਬ ਹੀ ਲਾਉਂਦੇ ਸਨ।  ਘਰਾਂ ਮੂਹਰੇ ਲੱਗੇ ਬਲਬਾਂ ਨੇ ਗਲੀਆਂ ਵਿੱਚ ਰੋਸ਼ਨੀ ਹੀ ਰੋਸ਼ਨੀ ਕਰ ਦਿੱਤੀ। ਹੁਣ ਪਿੰਡ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਸੀ ਕਿ 1976 ਵਿੱਚ ਅਸੀਂ ਪਿੰਡ ਤੋਂ ਸ਼ਹਿਰ ਨੂੰ ਹਿਜ਼ਰਤ ਕਰ ਗਏ। ਕਿਉਂਕਿ ਕਾਲਜ ਦੀ ਅਗਲੀ ਪੜ੍ਹਾਈ ਮੰਡੀ ਡੱਬਵਾਲੀ ਰਹਿਕੇ ਹੀ ਸੰਭਵ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਾਣੀ ਦੀ ਸੰਭਾਲ
Next articleਸੜਕਾਂ