ਭਾਗ 14
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਕਈ ਵਾਰੀ ਮੈਨੂੰ ਲੱਗਦਾ ਹੈ ਕਿ ਪਿੰਡ ਦੇ ਲੋਕ ਭੋਲੇ ਸਨ। ਸ਼ਾਇਦ ਬਾਹਲੇ ਭੋਲੇ ਸਨ। ਮੈਂ ਹਕੀਕਤ ਤੋਂ ਮੁਨਕਰ ਹੋ ਰਿਹਾ ਹਾਂ। ਸ਼ਾਇਦ ਇਤਿਹਾਸ ਨੂੰ ਅਸਲੀਅਤ ਨੂੰ ਉਲਟ ਲਿਜਾ ਰਿਹਾ ਹੋਵਾਂ। ਮੇਰੀ ਇਸ ਗੱਲ ਦੀ ਪੁਸ਼ਟੀ ਮੇਰੀਆਂ ਉਹ ਯਾਦਾਂ ਕਰਾਉਂਦੀਆਂ ਹਨ ਜਦੋਂ ਮੈਂ ਮੇਰੇ ਚਾਚੇ ਤਾਇਆਂ ਅਤੇ ਬਾਬਿਆਂ ਦੀ ਥਾਂ ਲੱਗਦਿਆਂ ਨੂੰ ਮੈਂ ਵਾਰੀ ਵਾਰੀ ਮੁੱਛਾਂ ਨੂੰ ਵੱਟ ਦਿੰਦੇ ਤੇ ਮੁੱਛਾਂ ਖੜੀਆਂ ਕਰਦੇ ਅਤੇ ਖੰਘੂਰੇ ਮਾਰਦੇ ਦੇਖਦਾ। ਇਹ ਆਮ ਜਿਹੇ ਲੋਕ ਜੋ ਮੱਧਵਰਗੀ ਹੀ ਸਨ ਜਾਂ ਉਸ ਤੋਂ ਵੀ ਅੱਗੇ। ਉਹ ਆਪਣੇ ਆਪ ਨੂੰ ਵੈਲੀ ਸਮਝਦੇ। ਬੈਜਨਾਥ ਦੇ ਠੇਕੇ ਤੋਂ ਪਾਊਆ ਪੀਕੇ ਉਸ ਨੂੰ ਆਨੇ ਬਹਾਨੇ ਖਰਾ ਕਰਨ ਦੀ ਕੋਸ਼ਿਸ ਕਰਦੇ। ਆਪਣੇ ਕਿਸੇ ਰੜਕ ਵਾਲੇ ਘਰ ਅੱਗੋਂ ਖੰਘੂਰਾ ਮਾਰਕੇ ਲੰਘਦੇ, ਬੇਵਜ੍ਹਾ ਗਾਲਾਂ ਕੱਢਦੇ। ਜਣੇ ਖਣੇ ਨਾਲ ਪੰਗਾ ਲੈਣ ਦੀ ਫ਼ਿਰਾਕ ਵਿੱਚ ਰਹਿੰਦੇ। ਫਿਰ ਕਈ ਤਾਂ ਘਰੇ ਜਾਕੇ ਘਰਵਾਲੀ ਤੇ ਹੱਥ ਵੀ ਚੁੱਕਦੇ। ਅਜਿਹੇ ਕਈ ਸੱਜਣ ਹੱਥ ਵਿੱਚ ਗੰਡਾਸਾ ਫੜਕੇ ਪੂਰੀ ਸ਼ਾਨ ਨਾਲ ਚੱਲਦੇ। ਕਈਆਂ ਕੋਲ੍ਹ ਇੱਕ ਨਾਲੀ ਵਾਲੀ ਬੰਦੂਕ ਹੁੰਦੀ ਸੀ ਤੇ ਬਹੁਤੇ ਬੰਦੂਕ ਨੂੰ ਦਮੂਖ ਹੀ ਆਖਦੇ। ਜੋ ਉਦੋਂ ਸ਼ਾਇਦ ਅੱਠ ਕੁ ਸੌ ਦੀ ਆਉਂਦੀ ਸੀ। ਕਈ ਚੰਗੇ ਘਰਾਂ ਕੋਲ੍ਹ ਡਬਲ ਬੈਰਲ ਯਾਨੀ ਦੁਨਾਲੀ ਵੀ ਹੁੰਦੀ ਸੀ। ਪਿਸਤੌਲ ਜਾਂ ਰਿਵਾਲਵਰ ਮੈਂ ਕਦੇ ਕਿਸੇ ਕੋਲ੍ਹ ਨਹੀਂ ਸੀ ਵੇਖਿਆ। ਕਈ ਜਣੇ ਸ਼ਹਿਰ ਜਾਂਦੇ ਜਾਂ ਬਾਹਰ ਜਾਂਦੇ ਹੱਥ ਵਿੱਚ ਬੰਦੂਕ ਰੱਖਦੇ।
ਮੈਂ ਸਾਡੇ ਗੁਆਂਢੀ ਚਾਚੇ ਜੱਗਰ ਦੀ ਬੰਦੂਕ ਨੂੰ ਪਹਿਲੀ ਵਾਰੀ ਚੁੱਕਕੇ ਵੇਖਿਆ ਸੀ। ਉਸਨੇ ਬੜੀ ਟੋਹਰ ਨਾਲ ਮੈਨੂੰ ਇਹ ਬੰਦੂਕ ਦਿਖਾਈ ਸੀ। ਉਸ ਦਿਨ ਉਸਨੇ ਮੈਨੂੰ ਬੰਦੂਕ ਦੀ ਨਾਲ ਸ਼ਾਫ ਕਰਨ ਵਾਲਾ ਡੋਰੀ ਵਾਲਾ ਬੁਰਸ਼ ਵੀ ਵਿਖਾਇਆ ਜਿਸਨੂੰ ਆਮ ਕਰਕੇ ਫੁੱਲਤਰੂ ਆਖਦੇ ਸਨ। ਜਦੋਂ ਮੈਂ ਕਾਲਜ ਵਿੱਚ ਹੋਮ ਗਾਰਡ ਦੀ ਦਸ ਰੋਜਾ ਟ੍ਰੇਨਿੰਗ ਲੈਣ ਲੱਗਿਆ ਤਾਂ ਫੌਜੀ ਅਫਸਰਾਂ ਤੋਂ ਮੈਨੂੰ ਪਤਾ ਲੱਗਿਆ ਕਿ ਇਹ ਫੁਲਤਰੂ ਨਹੀਂ ਇਹ ਅੰਗਰੇਜ਼ੀ ਦਾ ਲਫ਼ਜ਼ ‘ਪੁੱਲ ਥਰੂ’ ਹੁੰਦਾ ਹੈ। ਜਿਸਦਾ ਮਤਲਬ ‘ਵਿੱਚ ਦੀ ਖਿੱਚੋ’ ਹੁੰਦਾ ਹੈ। ਪਰ ਸਾਡੇ ਮਲਵਈ ਇਸ ਨੂੰ ਫੁਲਤਰੂ ਹੀ ਕਹਿੰਦੇ। ਕਹਿੰਦੇ ਪਿੰਡ ਦੇ ਚੌਕੀਦਾਰ ਗੰਗਲੇ ਨੂੰ ਉਸਦੀ ਘਰਵਾਲੀ ਨੇ ਪਿੰਡ ਦੇ ਹੀ ਆਪਣੇ ਕਿਸੇ ਆਸ਼ਕ ਨਾਲ ਮਿਲਕੇ ਮਾਰ ਦਿੱਤਾ। ਜਦੋਂ ਉਹ ਆਪਣੇ ਘਰਵਾਲੇ ਦੇ ਗੁੰਮ ਹੋਣ ਦੀ ਥਾਣੇ ਰਿਪੋਰਟ ਲਿਖਾਉਣ ਗਈ ਤਾਂ ਪੁਲਸ ਵਾਲਿਆਂ ਨੂੰ ਉਸ ਤੇ ਸ਼ੱਕ ਹੋ ਗਿਆ ਤੇ ਉਹ ਉਥੇ ਹੀ ਫੜ੍ਹੀ ਗਈ। ਫਿਰ ਪੁਲਿਸ ਨੇ ਉਸਦਾ ਆਸ਼ਕ ਵੀ ਦਬੋਚ ਲਿਆ। ਗੰਗਲ਼ਾ ਚੌਕੀਦਾਰ ਮੀਟ ਵੇਚਣ ਲਈ ਬੱਕਰੇ ਵੱਢਦਾ ਹੁੰਦਾ ਸੀ ਤੇ ਇੱਕ ਦਿਨ ਆਪ ਹੀ ਬੱਕਰੇ ਵਾੰਗੂ ਵੱਢਿਆ ਗਿਆ। ਸੁਣਿਆ ਸੀ ਕਿ ਪਿੰਡ ਦੇ ਇੱਕ ਆਦਮੀ ਨੇ ਮਮੂਲੀ ਜਿਹੀ ਗੱਲ ਤੇ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ ਸੀ। ਇਹ ਘਟਨਾ ਵੀ ਕਈ ਦਿਨ ਘੁੰਮਦੀ ਰਹੀ। ਪੌੜੀਆਂ ਵਾਲੀ ਡਿੱਗੀ ਕੋਲ੍ਹ ਬਣੇ ਵੱਡੇ ਦਰਵਾਜੇ ਨੂੰ ਖੂਨੀ ਦਰਵਾਜਾ ਕਹਿੰਦੇ ਸਨ। ਮੇਰੀ ਮਾਂ ਦੱਸਦੀ ਹੁੰਦੀ ਸੀ ਉਸੇ ਦਰਵਾਜੇ ਵਿੱਚ ਇੱਕ ਰਾਤ ਪੰਜ ਸੱਤ ਕਤਲ ਹੋਏ ਸਨ। ਇਹ ਮੇਰੀਆਂ ਸੁਣੀਆਂ ਸੁਣਾਈਆਂ ਵਾਰਦਾਤਾਂ ਹਨ। ਸਾਡੇ ਘਰ ਦੇ ਨੇੜੇ ਰਹਿੰਦੇ ਚੜ੍ਹ ਸਿੰਘ ਨਾਮ ਦੇ ਬੰਦੇ ਨੇ ਆਪਣੀ ਸਵਾਤ ਵਿਚ ਬੈਠਿਆਂ ਹੀ ਆਪਣੀ ਘਰਵਾਲੀ ਨੂੰ ਗੋਲੀ ਮਾਰਕੇ ਮਾਰ ਦਿੱਤਾ ਸੀ। ਅਗਲਾ ਫਾਇਰ ਉਸਨੇ ਆਪਣੀ ਸੱਸ ਤੇ ਕੀਤਾ। ਜੋ ਮੰਜੇ ਨਾਲ ਨਾਲੇ ਬੁਣ ਰਹੀ ਸੀ। ਆਪਣੇ ਬਚਾਵ ਲਈ ਉਹ ਬਾਹਰ ਨੂੰ ਭੱਜਣ ਲੱਗੀ ਪ੍ਰੰਤੂ ਬੰਦੂਕ ਦੀ ਗੋਲੀ ਨਾਲ ਉਹ ਵੀ ਥਾਵੇਂ ਹੀ ਲੁੜਕ ਗਈ। ਹੱਸਦੇ ਵੱਸਦੇ ਪਰਿਵਾਰ ਨੂੰ ਮੈਂ ਅੱਖੀਂ ਉੱਜੜਦਾ ਵੇਖਿਆ। ਉਸ ਪਰਿਵਾਰ ਦੇ ਬੱਚੇ ਜੋ ਲਗਭਗ ਮੇਰੇ ਹਾਣੀ ਸਨ ਪਿਓ ਦੇ ਜੇਲ ਜਾਣ ਤੋਂ ਬਾਅਦ ਅਨਾਥ ਜਿਹੇ ਹੋ ਗਏ ਸਨ। ਪਿੰਡ ਦੀ ਹੀ ਇੱਕ ਔਰਤ ਨੇ ਗੰਡਾਸੇ ਨਾਲ ਆਪਣੇ ਘਰਵਾਲੇ ਦੇ ਸਿਰ ਵਿੱਚ ਮਧਾਣੀ ਚੀਰਾਂ ਪਾ ਦਿੱਤਾ ਸੀ। ਇਹ ਵਾਰਦਾਤ ਕਾਫੀ ਚਰਚਾ ਵਿੱਚ ਰਹੀ ਸੀ। ਓਹਨਾ ਦਿਨਾਂ ਵਿੱਚ ਹੀ ਪਿੰਡ ਦੀ ਇੱਕ ਨਵ ਵਿਆਹੀ ਬਹੂ ਦਾ ਕਤਲ ਵੀ ਹੋਇਆ ਸੀ। ਉਸਦੇ ਸਹੁਰਾ ਪਰਿਵਾਰ ਤੇ ਹੀ ਇਸ ਕਤਲ ਦਾ ਇਲਜ਼ਾਮ ਲੱਗਿਆ ਸੀ। ਖੌਰੇ ਇਹ ਵੀ ਕੋਈਂ ਦਾਜ ਦਹੇਜ ਦਾ ਮਸਲਾ ਸੀ। ਉਹਨਾਂ ਦਿਨਾਂ ਵਿੱਚ ਦਾਜ ਨੂੰ ਲੈਕੇ ਬਹੁਤ ਬਹੂਆਂ ਦੇ ਕਤਲ ਹੁੰਦੇ ਸਨ। ਅਜਿਹੀਆਂ ਵਾਰਦਾਤਾਂ ਪਿੰਡਾਂ ਸ਼ਹਿਰਾਂ ਅਤੇ ਹਰ ਮਜ਼੍ਹਬ ਚ ਹੁੰਦੀਆਂ ਸਨ। ਦਾਜ ਦੇ ਕਤਲ ਜੱਟਾਂ, ਜਿੰਮੀਦਾਰਾਂ, ਮਹਾਜਨਾਂ, ਬਾਣੀਆਂ, ਬਾਹਮਣਾਂ ਸਮੇਤ ਹਰ ਜ਼ਾਤ ਬਿਰਾਦਰੀ ਚ ਹੁੰਦੇ ਸਨ। ਓਦੋ ਬਾਹਲੇ ਸਟੋਵ ਹੀ ਫੱਟਦੇ ਸਨ। ਜਿਵੇ ਅੱਜ ਕੱਲ੍ਹ ਰਿਵਾਲਵਰ ਨਾਲ ਕੀਤੀ ਖੁਦਕਸ਼ੀ ਨੂੰ ਪਿਸਤੌਲ ਸ਼ਾਫ ਕਰਦੇ ਸਮੇਂ ਅਚਾਨਕ ਲੱਗੀ ਗੋਲੀ ਨਾਲ ਜੋੜਕੇ ਉਸਨੂੰ ਹਾਦਸੇ ਵਿੱਚ ਬਦਲ ਦਿੱਤਾ ਜਾਂਦਾ ਹੈ। ਇਹ ਸਮੇਂ ਦੇ ਲਿਹਾਜ ਨਾਲ ਇੱਕਾ ਦੁੱਕਾ ਵਾਰਦਾਤਾਂ ਸਨ ਜੋ ਸਾਲਾਂ ਦੇ ਵਕਫੇ ਬਾਅਦ ਵਾਪਰੀਆਂ ਸਨ। ਕੋਈਂ ਵੀਹ ਤੀਹ ਸਾਲ ਦੇ ਅਰਸੇ ਦੌਰਾਨ ਵਾਪਰੀਆਂ ਇਹ੍ਹਨਾਂ ਅਣਸੁਖਾਵੀਆਂ ਘਟਨਾਵਾਂ ਕਿਸੇ ਵੱਡੇ ਜੁਰਮ ਵੱਲ ਜ਼ਾਂ ਪਿੰਡ ਦੇ ਲੋਕਾਂ ਦੇ ਆਦਤਨ ਮੁਜਰਮਪੇਸ਼ਾ ਹੋਣ ਵੱਲ ਇਸ਼ਾਰਾ ਨਹੀਂ ਕਰਦੀਆਂ। ਇਹ੍ਹਨਾਂ ਕੁਝ ਹੋਣ ਦੇ ਬਾਵਜੂਦ ਵੀ ਮੈਂ ਮੇਰੇ ਪਿੰਡ ਘੁਮਿਆਰਾ ਦੇ ਮਾਹੌਲ ਨੂੰ ਸ਼ਾਂਤਮਈ ਸਮਝਦਾ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj