ਮੇਰਾ ਘੁਮਿਆਰਾ

ਰਮੇਸ਼ ਸੇਠੀ ਬਾਦਲ
ਭਾਗ 13
ਰਮੇਸ਼‌ ਸੇਠੀ ਬਾਦਲ
(ਸਮਾਜ ਵੀਕਲੀ)  ਪਿੰਡ ਘੁਮਿਆਰਾ ਦੇ ਬਹੁਤੇ ਲੋਕ ਪਿੰਡ ਵਿੱਚ ਆਏ ਸਾਧਾਂ ਨੂੰ ਵੀ ਖੈਰ ਪਾਉਂਦੇ ਰਹੇ ਹਨ। ਹਰ ਸਾਲ ਅਸੀਂ ਵੇਖਦੇ ਕੋਈਂ ਨਾ ਕੋਈਂ ਅਖੌਤੀ ਸਾਧ ਕਿਤੇ ਨਾ ਕਿਤੇ ਆਸਨ ਜਮਾਈ ਰੱਖਦਾ। ਉਸਦੇ ਭਗਤ ਜੋ ਆਮ ਤੌਰ ਤੇ ਵੇਹਲੇ ਅਤੇ ਨਸ਼ਈ ਹੁੰਦੇ ਸਨ ਨਵੇਂ ਆਏ ਸਾਧ ਦੀ ਸੇਵਾ ਲਈ ਜੁੱਟ ਜਾਂਦੇ। ਤੁਰਤ ਫੁਰਤ ਉਸਦੀ ਕੁਟੀਆ ਨੁਮਾ ਝੋਪੜੀ ਬਣਾਈ ਜਾਂਦੀ ਅਤੇ ਉਸ ਲਈ ਹਰ ਸਹੂਲੀਅਤ ਦਾ ਪ੍ਰਬੰਧ ਕੀਤਾ ਜਾਂਦਾ। ਪੰਜ ਸੱਤ ਲੋਕ ਸਾਰਾ ਦਿਨ ਇਸ ਆਏ ਹੋਏ ਸਾਧੂ ਦੇ ਦੁਆਲੇ  ਬੈਠੇ ਰਹਿੰਦੇ। ਬਾਬੇ ਦੀਆਂ ਚਿਲਮਾਂ ਭਰਦੇ ਅਤੇ ਆਪਣਾ ਤੋਰਾ ਵੀ ਤੋਰਦੇ।  ਇਹ੍ਹਨਾਂ ਬਾਬਿਆਂ ਬਾਰੇ ਇਹ ਮਾਨਤਾ ਹੁੰਦੀ ਸੀ ਕਿ ਇਹ ਸੱਟੇ ਦਾ ਨੰਬਰ ਦੱਸਦੇ ਹਨ। ਸੱਟੇ ਦੀ ਕਮਾਈ ਲਾਟਰੀ ਵਰਗੀ ਹੁੰਦੀ ਹੈ। ਇੱਕ ਰੁਪਈਆਂ ਲਾਉਣ ਤੇ ਸੱਤਰ ਅੱਸੀ ਰੁਪਏ ਮਿਲਦੇ ਸਨ। ਅਖੌਤੀ ਸਾਧ ਦੁਆਲੇ ਬੈਠੇ ਲੋਕ ਉਸਦੇ ਮੂੰਹੋ ਕੋਈਂ ਲਫ਼ਜ਼ ਨਿਕਲਣ ਦਾ ਇੰਤਜ਼ਾਰ ਕਰਦੇ। ਤਾਂਕਿ ਕੋਈਂ ਨੰਬਰ ਬਣਾਇਆ ਜਾ ਸਕੇ। ਉਹ ਸਾਧ ਕੋਈਂ ਗੱਲ ਕਰਦਾ ਤਾਂ ਇਹ ਲੋਕ ਉਸਦੇ ਬੋਲੇ ਕਿਸੇ ਅੰਕ ਨੂੰ ਪਕੜ ਲੈਂਦੇ। ਜਿਸਨੂੰ ਉਹ ਆਪਣੀ ਭਾਸ਼ਾ ਵਿੱਚ ਬੌੜ ਮਾਰਨਾ ਕਹਿੰਦੇ ਸਨ। ਫਿਰ ਇਹ ਸੱਟੇ ਵਾਲੇ ਉਸਦੇ ਆਪਣੀ ਆਪਣੀ ਜੁਗਤ ਅਨੁਸਾਰ ਮਤਲਬ ਕੱਢਦੇ। ਕਈ ਉਸੇ ਨੰਬਰ ਤੇ ਆਪਣਾ ਦਾਅ ਲਾਉਂਦੇ। ਕੁਝ ਕੱਲ੍ਹ ਆਂਏ ਨੰਬਰ ਚੋਂ ਇਹ ਘਟਾਉਂਦੇ ਜਾਂ ਜੋੜਦੇ। ਕੋਈ ਇਸ ਨੰਬਰ ਨੂੰ ਉਲਟਾ ਕਰਦਾ ਅਤੇ ਅਗਲੇ ਦਿਨ ਓਹੀ ਨੰਬਰ ਆਉਣ ਦੇ ਸੁਫ਼ਨੇ ਵੇਖਦਾ। ਮਤਲਬ ਇੱਕ ਨੰਬਰ ਤੋਂ ਕਈ ਨੰਬਰ ਬਣਾਉਂਦੇ ਤੇ ਕਦੇ ਕਦੇ ਬਾਬੇ ਦਾ ਦਿੱਤਾ ਉਲਟਾ ਸਿੱਧਾ ਨੰਬਰ ਚੱਲ ਜਾਂਦਾ।  ਹਜ਼ਾਰਾਂ ਵਿਚੋਂ ਕਿਸੇ ਇੱਕ ਦੀ ਪੌ ਬਾਰਾਂ ਪੱਚੀ ਹੋ ਜਾਂਦੀ ਤੇ ਬਾਕੀ ਦੇ ਪੱਟੇ ਜਾਂਦੇ। ਫਿਰ ਉਹ ਆਪਣੀ ਜੋੜ ਤੋੜ ਨੂੰ ਹੀ ਦੋਸ਼ੀ ਮੰਨਦੇ ਸਾਧ ਨੂੰ ਨਹੀਂ। ਇਹ ਸਾਧ ਸਾਰਾ ਦਿਨ ਧੂਣੀ ਰਮਾਂਕੇ ਬੈਠੇ ਰਹਿੰਦੇ।  ਕੁਝ ਜੇਠ ਹਾੜ ਦੇ ਮਹੀਨੇ ਜਦੋ ਸੂਰਜ ਅੱਗ ਬਰਸਾਉਂਦਾ ਹੁੰਦਾ ਤਾਂ ਇਹ ਆਸੇ ਪਾਸੇ ਕਈ ਧੂਣੀਆਂ ਬਾਲਕੇ ਵਿਚਾਲੇ ਬਹਿੰਦੇ ਅਤੇ ਤਪ ਕਰਦੇ। ਇਸ ਤਪ ਨੂੰ ਲੋਕ ਉਸਦੀ ਕਰਾਮਾਤ ਮੰਨਦੇ। ਕਈ ਪੋਹ ਮਾਘ ਦੇ ਮਹੀਨੇ ਜਦੋਂ ਕੜ੍ਹਾਕੇ ਦੀ ਠੰਡ ਪੈਂਦੀ ਅਤੇ ਕੋਹਰਾ ਜੰਮਦਾ ਤਾਂ ਇਹ ਸਾਧ ਜਲਧਾਰਾ ਕਰਦੇ। ਘੜਵੰਜੀ ਉਪਰ ਘੜਾ ਰੱਖਕੇ ਇਹ ਉਸਦੇ ਥੱਲ੍ਹੇ ਬੈਠਦੇ। ਠੰਡੇ ਪਾਣੀ ਦੀ ਧਾਰ ਇਹ੍ਹਨਾਂ ਦੇ ਸਿਰ ਤੇ ਪੈਂਦੀ। ਹੌਲੀ ਹੌਲੀ ਇਹ ਇੱਕ ਸੌ ਇੱਕ ਘੜੇ ਤੱਕ ਪਾਹੁੰਚ ਜਾਂਦੇ। ਘੜਿਆਂ ਦੀ ਗਿਣਤੀ ਵੱਧ ਘੱਟ ਹੁੰਦੀ ਰਹਿੰਦੀ। ਇਹ ਵੀ ਕਰਾਮਾਤ ਸਮਝੀ ਜਾਂਦੀ ਤੇ ਬਾਬੇ ਦੀ ਜੈ ਜੈ ਕਾਰ ਹੁੰਦੀ। ਕੁਝ ਸਮੇਂ ਬਾਅਦ ਇਹ ਅਖੌਤੀ ਸਾਧ ਚਲਾ ਜਾਂਦਾ ਤੇ ਮੇਲਾ ਉੱਜੜ ਜਾਂਦਾ। ਕਈ ਵਾਰੀ ਜਾਂਦਾ ਜਾਂਦਾ ਸਾਧ ਕਿਸੇ ਨੂੰ ਰਗੜਾ ਲ਼ਾ ਜਾਂਦਾ। ਮੇਰੇ ਪਿੰਡ  ਘੁਮਿਆਰੇ ਹਰ ਸਾਲ ਹੀ ਇਸ ਤਰ੍ਹਾਂ ਦਾ ਕੋਈਂ ਨਾਂ ਕੋਈਂ ‘ਕੌਤਕ’ ਹੋਇਆ ਹੀ ਰਹਿੰਦਾ। ਕਈ ਵਾਰੀ ਤਾਂ ਕੁਝ ਲੋਕ ਸੱਟੇ ਦੇ ਨੰਬਰ ਤੇਂ ਇੰਨਾ ਯਕੀਨ ਕਰ ਲੈਂਦੇ ਕਿ ਜਮੀਨ ਗਹਿਣੇ ਰੱਖਕੇ ਪੂਰੀ ਰਕਮ ਦਾ ਹੀ ਸੱਟਾਂ ਲਾ ਦਿੰਦੇ।  ਇਸੇ ਤਰ੍ਹਾਂ ਮੇਰੀ ਸੁਰਤ ਤੋਂ ਪਹਿਲ਼ਾਂ ਪਿੰਡ ਵਿੱਚ ਇੱਕ ਅਜਿਹਾ ਹੀ ਸਾਧ ਆਇਆ ਸੀ। ਹੌਲੀ ਹੌਲੀ ਉਸਦੀ ਮਾਨਤਾ ਵੱਧ ਗਈ। ਉਸਨੇ ਪਿੰਡ ਵਿੱਚ ਕੋਤਰੀ ਖੁਲਵਾਈ। ਕੋਤਰੀ ਸ਼ਾਇਦ ਲਗਾਤਾਰ ਇੱਕ ਸੋ ਇੱਕ ਸ੍ਰੀ ਆਖੰਡ ਪਾਠ ਕਰਨ ਨੂੰ ਆਖਦੇ ਹਨ। ਪੂਰਾ ਪਿੰਡ ਉਸ ਪ੍ਰਤੀ ਸ਼ਰਧਾਵਾਨ ਸੀ। ਸਮਾਪਤੀ ਤੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ। ਕਈ ਗਾਇਕ ਅਤੇ ਕਲਾਕਾਰ ਬੁਲਾਏ ਗਏ। ਪ੍ਰੰਤੂ ਇਸ ਦਾ ਨਤੀਜਾ ਵਧੀਆ ਨਹੀਂ ਨਿਕਲਿਆ।  ਜਾਂਦਾ ਹੋਇਆ ਉਹ ਸਾਧ ਆਪਣੀ ਪ੍ਰਸਿੱਧੀ ਨਾਲੋਂ ਵੱਧ ਬਦਨਾਮੀ ਖੱਟ ਗਿਆ।  ਉਹ ਮੇਰੇ ਪਿੰਡ ਦੀ ਹੀ ਇੱਕ ਔਰਤ ਨੂੰ ਆਪਣੇ ਨਾਲ ਲ਼ੈ ਗਿਆ। ਇਸ ਤਰ੍ਹਾਂ ਇੱਕ ਵੱਸਦਾ ਹੋਇਆ ਘਰ ਪੱਟਿਆ ਗਿਆ। ਕਈ ਸਾਲ ਇਸ ਗੱਲ ਦੀ ਚਰਚਾ ਹੁੰਦੀ ਰਹੀ। ਇਹ ਪੀੜਤ ਪਰਿਵਾਰ ਅਤੇ ਪਿੰਡ ਲਈ ਨਮੋਸ਼ੀ ਵਾਲੀ ਗੱਲ ਸੀ। ਅਜੀਬ ਜਿਹੀ ਗੱਲ ਇਹ ਕਿ ਅਜਿਹੇ ਅਖੌਤੀ ਸਾਧਾਂ ਦੇ ਪਿੰਡ ਆਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਰਿਹਾ। ਅੱਜ ਵੀ ਕਈ ਘਰ ਸੱਟੇ ਅਤੇ ਅਖੌਤੀ ਸਾਧਾਂ ਦੇ ਪੱਟੇ ਹੋਏ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਨੂੰ ਮੇਰੇ ਪਿੰਡ ਦੀ ਮਿੱਟੀ ਦਾ ਮੋਂਹ ਨਹੀਂ ਭੁੱਲਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੋਹਣਿਆਂ ਵੇ….
Next article“ਲੰਗਰ 20 ਰੁਪਏ ਦਾ” ਧਾਰਮਿਕ ਗੀਤ ਸੇਵਾ ਭਾਵਨਾ ਨੂੰ ਉਜਾਗਰ ਕਰਦਾ :- ਲੋਕ ਗਾਇਕ ਸੁਰਜੀਤ ਗਿੱਲ