ਭਾਗ 24
(ਸਮਾਜ ਵੀਕਲੀ) ਘੁਮਿਆਰੇ ਰਹਿੰਦੇ ਨੇ ਮੈਂ ਰਿਸ਼ਤਿਆਂ ਦਾ ਮੋਂਹ ਵੇਖਿਆ। ਲੋਕ ਕਿਵੇਂ ਰਿਸ਼ਤੇ ਨਿਭਾਉਂਦੇ ਸਨ। ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਆਪਣੀ ਔਲਾਦ ਬਰਾਬਰ ਸਮਝਦੇ ਸਨ। ਉਹ ਬੇਟੇ ਭਤੀਜੇ ਅਤੇ ਭਾਣਜੇ ਵਿੱਚ ਕੋਈਂ ਫਰਕ ਨਹੀਂ ਸੀ ਕਰਦੇ। ਉਹ ਭੈਣ ਭਰਾਵਾਂ ਅਤੇ ਸਾਲੇ ਸਾਲੀਆਂ ਦੇ ਦੁੱਖ ਵੰਡਾਉਂਦੇ ਅਤੇ ਬਰਾਬਰ ਖੜ੍ਹਦੇ ਸਨ। ਮੇਰੇ ਦਾਦੀ ਜੀ ਮੇਰੇ ਚਾਚੇ ਨੂੰ ਜਨਮ ਦਿੰਦੇ ਹੀ ਗੁਜ਼ਰ ਗਏ। ਦਾਦਾ ਜੀ ਦੀ ਭੂਆ ਬਿਸ਼ਨੀ ਤੋਂ ਆਪਣੇ ਭਤੀਜੇ ਦਾ ਦੁੱਖ ਵੇਖਿਆ ਨਾ ਗਿਆ। ਉਹ ਸਿੰਘੇਵਾਲੇ ਰਹਿੰਦੀ ਸੀ। ਇਸ ਲਈ ਉਹ ਪਰਿਵਾਰ ਸਮੇਤ ਘੁਮਿਆਰੇ ਆ ਗਈ। ਉਹ ਪਰਿਵਾਰ ਅੱਜ ਤੱਕ ਘੁਮਿਆਰੇ ਹੀ ਰਹਿੰਦਾ ਹੈ। ਮੇਰੇ ਦਾਦੇ ਦੀਆਂ ਭੈਣਾਂ ਸਾਵੋ ਸੋਧਾਂ ਭਗਵਾਨ ਕੁਰ ਅਤੇ ਰਾਜ ਕੁਰ ਆਮ ਹੀ ਮਹੀਨਾ ਮਹੀਨਾ ਘੁਮਿਆਰੇ ਲਗਾ ਜਾਂਦੀਆਂ। ਘਰ ਦੀ ਮਾਲਕਿਨ ਦੀ ਕਮੀ ਮਹਿਸੂਸ ਨਾ ਹੋਣ ਦਿੰਦੀਆਂ। ਇਸੇ ਤਰ੍ਹਾਂ ਸਾਡੇ ਘਰ ਦੇ ਨੇੜੇ ਰਹਿੰਦੀ ਇੱਕ ਔਰਤ ਜੋ ਭਰ ਜਵਾਨੀ ਵਿਚ ਵਿਧਵਾ ਹੋ ਗਈ ਸੀ ਉਸਦਾ ਭਰਾ ਸ਼ਾਇਦ ਬਲਦੇਵ ਨਾਮ ਸੀ ਉਸਦਾ ਉਹ ਸਾਰੀ ਉਮਰ ਆਪਣੀ ਭੈਣ ਕੋਲ੍ਹ ਰਿਹਾ। ਉਸਨੇ ਓਹਨਾ ਦੀ ਖੇਤੀ ਸੰਭਾਲੀ ਅਤੇ ਆਪਣੇ ਭਾਣਜਿਆਂ ਦਾ ਪਾਲਣ ਪੋਸਣ ਕੀਤਾ। ਉਸਨੇ ਖੁਦ ਵਿਆਹ ਨਹੀਂ ਕਰਵਾਇਆ। ਇਹ ਆਪਣੀ ਭੈਣ ਲਈ ਕੀਤਾ ਗਿਆ ਬਹੁਤ ਵੱਡਾ ਤਿਆਗ ਸੀ। ਗੁਣੀਏ ਹੁਰਾਂ ਦਾ ਮਾਮਾ ਅਕਸਰ ਹੀ ਪਿੰਡ ਗੇੜਾ ਮਾਰਦਾ ਰਹਿਂਦਾ। ਚਾਚੀ ਨਿੱਕੋ ਦੀ ਭੈਣਾਂ ਤੇ ਭਣੋਈਆ ਆਪਣੀ ਵਿਧਵਾ ਭੈਣ ਨੂੰ ਸੰਭਾਲਣ ਹਰ ਦਸੀ ਪੰਦਰੀ ਗੇੜਾ ਮਾਰਦੇ। ਪਿੰਡ ਦੀਆਂ ਦੋਹਤੀਆਂ ਆਪਣੇ ਨਾਨਕੇ ਘਰੇ ਦੋ ਦੋ ਮਹੀਨੇ ਰਹਿੰਦੀਆਂ ਤੇ ਆਪਣਾ ਦਾਜ ਤਿਆਰ ਕਰਦੀਆਂ। ਮੇਰੀ ਮਾਂ ਦੀਆਂ ਭਤੀਜੀਆਂ ਤੇ ਭਾਣਜੀਆਂ ਸੱਤੋ, ਸ਼ੀਂਲ਼ੋ, ਸੋਮਾਂ, ਸਰੋਜ ਤੇ ਮੀਤੋ ਵੀ ਸਾਡੇ ਕੋਲ੍ਹ ਆਕੇ ਕਈ ਕਈ ਦਿਨ ਰਹਿੰਦੀਆਂ ਉਹ ਨਾਲੇ ਆਪਣੀ ਭੂਆਂ ਦਾ ਕੰਮ ਵਿੱਚ ਹੱਥ ਵਟਾਉਂਦੀਆਂ ਨਾਲੇ ਆਪਣੇ ਲਈ ਖੇਸ ਦਰੀਆਂ ਬਨਵਾਉਂਦੀਆਂ। ਮੇਰਾ ਦੋਸਤ ਸੁਖਪਾਲ ਜੋ ਫਰੀਦਕੋਟ ਕੋਟਲੀ ਪਿੰਡ ਤੋਂ ਸੀ ਆਪਣੇ ਮਾਮਿਆਂ ਕੋਲ੍ਹ ਸਾਡੇ ਗੁਆਂਢ ਵਿੱਚ ਘੁਮਿਆਰੇ ਰਹਿੰਦਾ ਸੀ। ਉਸਨੇ ਇਥੋਂ ਹੀ ਦਸਵੀਂ ਕੀਤੀ। ਚਾਚੇ ਜੱਗਰ ਦੇ ਸਾਲੇ ਦਾ ਮੁੰਡਾ ਜੋ ਲੇਲਿਆਂ ਵਾਲੀ ਪਿੰਡ ਤੋਂ ਸੀ ਉਸਨੇ ਵੀ ਆਪਣੀ ਭੂਆ ਕੋਲ੍ਹ ਰਹਿਕੇ ਦਸਵੀਂ ਕੀਤੀ। ਤਾਏ ਰੰਗੇ ਦੇ ਸਾਲੇ ਦਾ ਮੁੰਡਾ ਵੀ ਸਾਡੇ ਨਾਲ ਪੜ੍ਹਦਾ ਸੀ।ਵਿਚਾਰਾ ਆਪਣੀ ਭੂਆ ਦੇ ਸਾਰੇ ਕੰਮ ਕਰਦਾ ਦੁੱਧ ਰਿੜਕਦਾ, ਪੱਠੇ ਲਿਆਉਂਦਾ ਫਿਰ ਪੜ੍ਹਾਈ ਕਰਦਾ। ਮੇਰੇ ਦੋਸਤ ਦੀ ਭੈਣ ਆਪਣੇ ਮਾਮੇ ਕੋਲ੍ਹ ਯੂਪੀ ਚ ਹੀ ਪੜ੍ਹੀ। ਮੇਰੀ ਚਾਚੀ ਦੀਆਂ ਛੋਟੀਆਂ ਭੈਣਾਂ ਵੀ ਚਾਚੀ ਕੋਲ੍ਹ ਰਹਿਣ ਲਈ ਆਉਂਦੀਆਂ। ਪਾਪਾ ਜੀ ਬਾਹਰ ਦੂਰ ਨੌਕਰੀ ਕਰਦੇ ਸਨ। ਅਸੀਂ ਤਿੰਨੇ ਭੈਣ ਭਰਾ ਛੋਟੇ ਸੀ। ਇਸ ਲਈ ਅਸੀਂ ਆਪਣੇ ਮਾਮੇ ਦੇ ਮੁੰਡੇ ਵੇਦ ਪ੍ਰਕਾਸ਼ ਨੂੰ ਆਪਣੇ ਕੋਲ੍ਹ ਲ਼ੈ ਆਏ। ਉਸਨੂੰ ਸਾਰੇ ਵੇਦੂ ਆਖਦੇ ਸਨ। ਉਹ ਉਦੋਂ ਸੱਤਵੀਂ ਚ ਪੜ੍ਹਦਾ ਸੀ। ਉਸਨੇ ਘੁਮਿਆਰੇ ਰਹਿਕੇ ਦਸਵੀਂ ਕੀਤੀ। ਫਿਰ ਅਸੀਂ ਉਸਨੂੰ ਆਪਣਾ ਟਰੈਕਟਰ ਸੰਭਾਲ ਦਿੱਤਾ। ਇਸ ਤਰ੍ਹਾਂ ਉਹ ਕਈ ਸਾਲ ਸਾਡੇ ਕੋਲ੍ਹ ਘੁਮਿਆਰੇ ਰਿਹਾ। ਓਹਨਾਂ ਦਿਨਾਂ ਵਿੱਚ ਹੀ ਮੇਰੇ ਦਾਦਾ ਜੀ ਦਾ ਭਾਣਜਾ ਮੱਖਣ ਜੋ ਲੰਬੀ ਰਹਿੰਦਾ ਸੀ। ਉਸਨੂੰ ਮੇਰੇ ਦਾਦਾ ਜੀ ਆਪਣੇ ਕੋਲ੍ਹ ਘੁਮਿਆਰੇ ਲ਼ੈ ਆਏ। ਦਾਦਾ ਜੀ ਆਪਣੇ ਭਾਣਜੇ ਨੂੰ ਲ਼ੈਕੇ ਫ਼ਿਕਰਮੰਦ ਸਨ। ਉਹ ਸ਼ਾਇਦ ਚੌਥੀ ਜਾਂ ਛੇਵੀ ਚ ਪੜ੍ਹਦਾ ਸੀ। ਉਹ ਕਈ ਸਾਲ ਘੁਮਿਆਰੇ ਰਿਹਾ। ਇਹ ਰਿਸ਼ਤਿਆਂ ਪ੍ਰਤੀ ਇਮਾਨਦਾਰੀ ਅਤੇ ਮੋਂਹ ਦੀਆਂ ਨਿਸ਼ਾਨੀਆਂ ਸਨ। ਲੋਕ ਨਿੱਜੀਪੁਣੇ ਤੋਂ ਰਹਿਤ ਸਨ ਅਤੇ ਰਿਸ਼ਤਿਆਂ ਪ੍ਰਤੀ ਦੇਣਦਾਰ ਹੁੰਦੇ ਸਨ। ਅੱਜਕਲ੍ਹ ਨਾ ਕੋਈਂ ਬੱਚਾ ਕਿਸੇ ਰਿਸ਼ਤੇਦਾਰ ਕੋਲ੍ਹ ਰਹਿੰਦਾ ਹੈ ਨਾ ਕੋਈਂ ਰੱਖਦਾ ਹੈ। ਇਸ ਤਰ੍ਹਾਂ ਰਿਸ਼ਤੇਦਾਰਾਂ ਕੋਲ੍ਹ ਆਪਣੇ ਬੱਚੇ ਭੇਜਣ ਅਤੇ ਲਿਆਉਣ ਦੇ ਵੀ ਅਲੱਗ ਅਲੱਗ ਕਾਰਨ ਹੁੰਦੇ ਸਨ। ਕੁਝ ਰਿਸ਼ਤੇਦਾਰਾਂ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਸੀ ਹੁੰਦੀ ਇਸ ਤਰ੍ਹਾਂ ਨਾਲ ਉਹਨਾਂ ਨੂੰ ਸਹਾਰਾ ਲੱਗ ਜਾਂਦਾ ਸੀ। ਕਈ ਵਾਰੀ ਉਥੇ ਸਕੂਲ ਨਹੀਂ ਸੀ ਹੁੰਦਾ ਜਾਂ ਦੂਰ ਹੁੰਦਾ ਸੀ। ਇਹ ਲੜਕੀਆਂ ਦੇ ਵਿਆਹ ਵਿੱਚ ਸਹਾਇਤਾ ਕਰਨ ਦਾ ਇੱਕ ਉਪਰਾਲਾ ਹੁੰਦਾ ਸੀ। ਕਈ ਵਾਰੀ ਆਪਣੀ ਸਹਾਇਤਾ ਲਈ ਵੀ ਕਿਸੇ ਲੜਕੀ ਲੜਕੇ ਨੂੰ ਕੋਲ੍ਹ ਰੱਖ ਲਿਆ ਜਾਂਦਾ ਸੀ। ਇਸ ਤਰ੍ਹਾਂ ਦੇ ਬਹੁਤ ਉਦਾਹਰਣ ਮਿਲਦੇ ਹਨ ਜਿੱਥੇ ਕੋਈਂ ਨਾਨਕੇ ਜਾਂ ਭੂਆਂ ਕੋਲ੍ਹ ਰਹਿਕੇ ਪੜ੍ਹਿਆ ਹੋਵੇ। ਘੁਮਿਆਰੇ ਇਸ ਤਰ੍ਹਾਂ ਦੇ ਕਈ ਕੇਸ਼ ਸਨ ਜਿਥੇ ਭੂਆ ਆਪਣੀ ਭਤੀਜੀ ਦਾ ਰਿਸ਼ਤਾ ਮੰਗ ਕੇ ਆਪਣੇ ਸਹੁਰੇ ਪਰਿਵਾਰ ਲਈ ਲ਼ੈ ਜਾਂਦੀ। ਇਸ ਤਰ੍ਹਾਂ ਬਹੁਤ ਲੋਕ ਆਪਣੇ ਰਿਸ਼ਤੇਦਾਰਾਂ ਦੇ ਦੁੱਖ ਬੋਝ ਨੂੰ ਵੰਡਾਕੇ ਹੌਲਾ ਕਰਦੇ। ਅੱਜ ਕੱਲ੍ਹ ਤਾਂ ਬਹੁਤੇ ਲੋਕ ਆਪਣੇ ਸਾਲੇ ਸਾਲੀਆਂ ਦਾ ਹੀ ਫਿਕਰ ਕਰਦੇ ਹਨ। ਉਹਨਾਂ ਦਾ ਰੋਜਗਾਰ ਅਤੇ ਨੌਕਰੀ ਸੈੱਟ ਕਰਨ ਲਈ ਤਿਆਰ ਰਹਿੰਦੇ ਹਨ। ਭਤੀਜੇ ਭਾਣਜਿਆਂ ਪ੍ਰਤੀ ਉਹ ਗੱਲ ਨਹੀਂ ਰਹੀ। ਉਹਨਾਂ ਦੀ ਤਰੱਕੀ ਤੇ ਸਾੜਾ ਹੁੰਦਾ ਹੈ। ਅੱਜ ਕੱਲ੍ਹ ਤਾਂ ਭੈਣ ਘਰ ਭਾਈ ਦਾ ਯੁੱਗ ਹੈ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj