ਮੇਰਾ ਘੁਮਿਆਰਾ

ਰਮੇਸ਼ ਸੇਠੀ ਬਾਦਲ
ਭਾਗ 18
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ)  ਮੇਰੀ ਜਨਮ ਭੂਮੀ ਬਾਰੇ ਜੋ ਮੈਂ ਪੰਦਰਾਂ ਸੋਲ੍ਹਾਂ ਸਾਲ ਦੇਖਿਆ ਸੁਣਿਆ ਅਤੇ ਮਹਿਸੂਸ ਕੀਤਾ ਓਹੀ ਲਿਖਿਆ। ਪ੍ਰੰਤੂ ਹਰ ਪਿੰਡ ਕਸਬੇ ਸੂਬੇ ਮੁਲਕ ਦਾ ਆਪਣਾ ਇਤਿਹਾਸ ਹੁੰਦਾ ਹੈ। ਇਸ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ।ਇਹ ਆਮ ਕਰਕੇ ਹਰ ਪਿੰਡ ਬਾਰੇ ਖੋਜ ਹੁੰਦੀ ਹੈ।  ਲੋਕ ਬਹੁਤ  ਹੀ ਵਿਉਂਤ ਬੰਦੀ ਨਾਲ ਪਿੰਡ ਬੰਨ੍ਹਣ ਦੀ ਸ਼ੁਰੂਆਤ ਕਰਿਆ ਕਰਦੇ ਸਨ। ਹਰ ਪਿੰਡ ਦਾ ਆਪਣਾ ਆਪ ਵਿੱਚ ਮੁਕੰਮਲ ਇਕਾਈ ਹੁੰਦਾ ਸੀ। ਨੰਬਰਦਾਰ, ਜੈਲਦਾਰ, ਮੀਰਆਬ ਅਤੇ ਚੌਕੀਦਾਰ ਵਰਗੇ ਅਹੁਦੇਦਾਰ ਮੋਹਰੀ ਹੁੰਦੇ ਸਨ। ਪਿੰਡ ਦੀਆਂ ਸਰਕਾਰੀ ਕਾਰਵਾਈਆਂ ਇਹ੍ਹਨਾਂ ਦੁਆਲੇ ਘੁੰਮਦੀਆਂ ਸਂਨ। ਪਹਿਲ਼ਾਂ ਪਿੰਡ ਦੀ ਮੋਹੜੀ ਗੱਡਣ ਨਾਲ ਹੀ ਪਿੰਡ ਬੰਨ੍ਹਣ ਦੀ ਸ਼ੁਰੂਆਤ ਹੁੰਦੀ ਸੀ।  ਹਰ ਪੇਸ਼ੇ ਵਾਲੇ ਨੂੰ ਕੁਝ ਜਮੀਨ ਦੇ ਕੇ ਵਸਾਇਆ ਜਾਂਦਾ ਸੀ। ਉਸੇ ਹਿਸਾਬ ਨਾਲ ਪਿੰਡ ਦੀਆਂ ਪੱਤੀਆਂ ਹੁੰਦੀਆਂ ਸਨ। ਮਹਾਜਨ (ਸੇਠ), ਨਾਈ, ਝਿਊਰ, ਲੋਹਾਰ, ਮਿਸਤਰੀ, ਤੇਲੀ, ਤਰਖਾਣ, ਜੁਲਾਹੇ, ਮੋਚੀ, ਦਰਜ਼ੀ, ਸੁਨਿਆਰਾਂ ਨੂੰ ਰਹਿਣ ਨੂੰ ਜਗ੍ਹਾ ਦਿੱਤੀ ਅਤੇ ਕਈਆਂ ਨੂੰ ਬਕਾਇਦਾ ਜਮੀਨ ਜਾਂਦੀ ਸੀ। ਇਥੋਂ ਤੱਕ ਕਿ ਪਿੰਡਾਂ ਵਿੱਚ ਚੰਗੀ ਦਾਈ ਨੂੰ ਵੀ ਸਨਮਾਨ ਮਿਲਦਾ ਸੀ। ਕਈ ਵਾਰੀ ਇਹ੍ਹਨਾਂ ਪੇਸ਼ਿਆ ਦੇ ਲੋਕ ਦੂਰੋਂ ਬੁਲਾਕੇ ਵੀ ਵਸਾਏ ਜਾਂਦੇ ਸਨ। ਕਿਸੇ ਵਸਤੂ ਦਾ ਮੰਡੀਕਰਨ ਨਹੀਂ ਸੀ ਹੁੰਦਾ। ਹਰੀ ਕ੍ਰਾਂਤੀ ਤੋਂ ਪਹਿਲ਼ਾਂ ਨਾ ਫਸਲ ਪਿੰਡ ਤੋਂ ਬਾਹਰ ਜਾਂਦੀ ਸੀ ਨਾ ਕੋਈਂ ਵਸਤ ਜਾਂ ਸੇਵਾ ਬਾਹਰੋਂ ਖਰੀਦੀ ਜਾਂਦੀ ਸੀ। ਮਤਲਬ ਕਿਸਾਨ ਦੁਆਰਾ ਉਗਾਈ ਗਈ ਫਸਲ ਨੂੰ ਸਾਰੇ ਕਿਰਤੀ ਕਾਮੇ ਵੰਡਕੇ ਖਾਂਦੇ ਸਨ। ਖੇਤ ਵਿੱਚ ਕੰਮ ਕਰਾਉਣ ਵਾਲੇ ਨੂੰ ਸੀਰੀ ਮਤਲਬ ਹਿੱਸੇਦਾਰ ਕਿਹਾ ਜਾਂਦਾ ਸੀ। ਫਸਲ ਵਿੱਚ ਉਸਦਾ ਲਗਭਗ ਅੱਠਵਾਂ ਹਿੱਸਾ ਹੁੰਦਾ ਸੀ। ਪਸ਼ੂ ਸੰਭਾਲਣ ਵਾਲੇ ਨੂੰ ਪਾਲੀ ਕਿਹਾ ਜਾਂਦਾ ਸੀ। ਖੇਤੀ ਲਈ ਵਰਤੇ ਜਾਂਦੇ  ਲੋਹੇ ਲੱਕੜ ਦੇ ਸੰਦ ਹਲ, ਪੰਜਾਲੀ, ਤੰਗਲੀ, ਕਹੀ, ਖੁਰਪਾ, ਜਿੰਦਰਾ, ਰੰਬਾ, ਕਸੌਲੀ, ਸੱਬਲ, ਅਤੇ ਗੱਡੇ ਦੀ ਮੁਰੰਮਤ ਦਾ ਕੰਮ ਮਿਸਤਰੀਆਂ ਲੋਹਾਰਾਂ ਕੋਲੋੰ ਸੇਪੀ ਤੇ ਕਰਵਾਇਆ ਜਾਂਦਾ ਸੀ। ਫਸਲ ਆਉਣ ਤੇ ਓਹਨਾ ਨੂੰ ਕੰਮ ਮੂਜਬ ਅਨਾਜ ਦਿੱਤਾ ਜਾਂਦਾ ਸੀ। ਇਹ ਸਾਰਾ ਕੁਝ ਮੈਂ ਮੇਰੇ ਘੁਮਿਆਰੇ ਪਿੰਡ ਵੇਖਿਆ ਹੈ। ਲੋਕ ਅਨਾਜ ਦੀ ਝੋਲੀ ਬਦਲੇ ਹੱਟੀਆਂ ਅਤੇ ਫੇਰੀ ਵਾਲਿਆਂ ਤੋਂ ਰੋਜ ਮਰਾ ਦਾ ਸੌਦਾ ਖਰੀਦਦੇ । ਮੇਰੇ ਪਿੰਡ ਘੁਮਿਆਰਾ ਦਾ ਇਤਿਹਾਸ ਜਾਨਣ ਲਈ ਮੈਂ ਬਹੁਤ ਕੋਸ਼ਿਸ਼ ਕੀਤੀ। ਇਸ ਲਈ ਫਿਰ ਮੈਂ ਸ੍ਰੀ ਫਲਾਵਰ ਸਿੰਘ ਮਿੱਡੂ ਖੇੜਾ ਨਾਲ ਰਾਬਤਾ ਕਾਇਮ ਕੀਤਾ। ਕਿਉਂਕਿ ਮੇਰੇ ਯਾਦ ਸੀ ਕਿ ਉਸਨੇ ਮੇਰੀ ਜਨਮਭੂਮੀ ਯਾਨੀ ਮੇਰਾ ਘੁਮਿਆਰਾ ਬਾਰੇ ਖੋਜ ਕਰਕੇ ਵਧੀਆ ਤੱਥ ਇਕੱਠੇ ਕੀਤੇ ਹਨ। ਮੈਨੂੰ ਪਤਾ ਲੱਗਿਆ ਕਿ ਪਿੰਡ ਦਾ ਕੁੱਲ ਰਕਬਾ 2925 ਏਕੜ ਹੈ। ਇਸ ਦਾ ਹਸਬਸਤ ਨੰਬਰ 14 ਹੈ ਇਸ ਦੀ ਅਬਾਦੀ ਕੋਈਂ ਸਾਢੇ ਕੁ ਪੰਜ ਹਜ਼ਾਰ ਦੇ ਕਰੀਬ ਹੈ। ਇਸ ਪਿੰਡ ਨੂੰ   1847 ਈਸਵੀ ਵਿੱਚ ਬਾਬਾ ਭਾਨੀ ਜੀ ਸਪੁੱਤਰ ਬਾਬਾ ਮੱਲਾ ਜੀ ਨੇ ਵਸਾਇਆ। ਇਹ ਸਾਬੋ ਕੀ ਕੋਟਲੀ ਤੋਂ ਆਏ ਸਨ। ਮੂਲ ਰੂਪ ਵਿੱਚ ਪਿੰਡ ਘੁਮਿਆਰੇ ਦੀਆਂ ਅੱਠ ਪੱਤੀਆਂ ਹਨ। ਜਿੰਨਾਂ ਵਿਚੋਂ ਤਿੰਨ ਪੱਤੀਆਂ ਬਾਬਾ ਭਾਨੀ ਜੀ ਅਤੇ ਉਸਦੇ ਭਤੀਜੇ ਕੁੰਢਾ ਸਿੰਹ ਅਤੇ ਮੂਲਾ ਸਿੰਹ ਦੇ  ਵਿੱਲੋਂ ਗੋਤ ਦੇ ਨਾਮ ਤੇ ਹਨ। ਲਖੇਸ਼ਰ ਗੋਤ ਦੀਆਂ ਤਿੰਨ ਪੱਤੀਆਂ ਬਾਬਾ ਪਰਸਾ ਸਿੰਘ, ਬਾਬਾ ਪਦਮਾਂ ਸਿੰਘ ਅਤੇ ਸੁਹੇਲ ਸਿੰਘ ਉਰਫ ਰੱਤੂ ਪੱਤੀ ਦੇ ਨਾਮ ਤੇ ਹਨ। ਦੋ ਪੱਤੀਆਂ ਬਾਬਾ ਸੁਜਾਨ ਸਿੰਘ ਅਤੇ ਭੂਪਾ ਸਿੰਘ ਦੇ ਨਾਮ ਤੇ ਹੈ ਇਹ੍ਹਨਾਂ ਦਾ ਗੋਤ ਵਲੰਗਣ ਸੀ।  ਪਿੰਡ ਦੀ ਨੰਬਰਦਾਰੀ ਕਾਫੀ ਸਾਲ ਬਾਬੇ ਭਾਨੀ ਦੇ ਵੰਸਜ ਸ੍ਰੀ ਸਾਹਿਬ ਸਿੰਘ ਕੋਲ੍ਹ ਸੀ ਹੁਣ ਉਹਨਾਂ ਦਾ ਪੁੱਤਰ ਦਲੋਰ ਸਿੰਘ ਇਹ ਜਿੰਮੇਵਾਰੀ ਨਿਭਾ ਰਿਹਾ ਹੈ।  ਮੂਲਰੂਪ ਵਿੱਚ ਘੁਮਿਆਰੇ ਦਾ ਇਲਾਕਾ ਜੰਗਲੀ ਅਤੇ ਰੇਤੀਲੇ ਟਿੱਬਿਆਂ ਵਾਲਾ ਸੀ। ਸਦੀਆਂ ਤੋਂ ਇਹ ਬੀਆਬਾਨ ਪਿਆ ਸੀ। ਇਹ੍ਹਨਾਂ ਲੋਕਾਂ ਦੀ ਹੱਡ ਭੰਨਵੀਂ ਮੇਹਨਤ ਅਤੇ ਸਿਦਕ ਨਾਲ ਇਸ ਨੂੰ ਉਪਜਾਊ ਬਣਾਇਆ ਅਤੇ ਇਹ ਇਲਾਕਾ ਆਬਾਦ ਹੋ ਗਿਆ। 1897 ਈ ਵਿੱਚ ਸਰਹਿੰਦ ਨਹਿਰ ਦਾ ਪਾਣੀ ਕੱਸੀਆਂ ਅਤੇ ਸੂਇਆਂ ਰਾਹੀਂ ਸਿੰਚਾਈ ਲਈ ਉਪਲਭਦ ਹੋ ਗਿਆ। ਪ੍ਰੰਤੂ ਇਹ ਪਾਣੀ ਕਾਫੀ ਨਹੀਂ ਸੀ।  ਪ੍ਰੰਤੂ ਫਿਰ ਵੀ ਲੋਕਾਂ ਦੇ ਢਿੱਡ ਭਰਨ ਜੋਗੀ ਫਸਲ ਹੋਣ ਲੱਗੀ। ਪਰ ਇਹ ਉਹਨਾਂ ਲੋਕਾਂ ਦੀ ਮਿਹਨਤ ਮੂਜਮ ਸਹੀ ਨਹੀਂ ਸੀ। ਲੋਕ ਤੰਗੀਆਂ ਤੁਰਸ਼ੀਆਂ ਵਾਲਾ ਜੀਵਨ ਬਸਰ ਕਰਦੇ ਸਨ। ਕੋਈਂ ਵੀ ਕੰਮ ਕਰਨ ਤੋਂ ਝੇਫ ਨਹੀਂ ਸੀ ਮੰਨਦੇ। ਭਾਵੇ ਮੁੱਖ ਫਸਲਾਂ ਜਵਾਰ, ਬਾਜਰਾ, ਛੋਲੇ, ਅਤੇ ਕਪਾਹ ਸਨ। ਇਹ ਲੋਕ ਨਵੀਆਂ ਫਸਲਾਂ ਉਗਾਉਣ ਦੇ ਤਜੁਰਬੇ ਕਰਦੇ। ਇੱਥੇ ਸਰੋਂ ਅਤੇ ਦਾਲਾਂ ਦੀ ਖੇਤੀ ਸ਼ੁਰੂ ਕੀਤੀ ਗਈ। ਗੁਜ਼ਾਰਾ ਕਰਨ ਲਈ ਲੋਕ ਪੁਲਸ ਫੌਜ਼ ਵਿਚ ਭਰਤੀ ਹੋਣ ਲੱਗੇ। ਪਿੰਡ ਦੇ ਹੀ ਕਈ ਲੋਕਾਂ ਨੂੰ ਬਰਤਾਨਵੀ ਫੌਜ਼ ਵਿੱਚ ਨੌਕਰੀ ਕਰਨ ਦਾ ਮੌਕਾ ਮਿਲਿਆ। ਕੁਝ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਆਜ਼ਾਦ ਹਿੰਦ ਫੌਜ਼ ਦਾ ਹਿੱਸਾ ਬਣੇ। ਕਈ ਘਰ ਗੁਆਂਢੀ ਸੂਬਿਆਂ ਵਿੱਚ ਜਾਕੇ ਹਿੱਸੇ ਠੇਕੇ ਤੇ ਖੇਤੀ ਕਰਨ ਲੱਗੇ। ਫਿਰ ਕੁਝ ਕੁ ਘਰ ਸਬਜ਼ੀਆਂ ਵੀ ਬੀਜਣ ਲੱਗ ਪਏ। ਮਹਿਨਤੀ ਲੋਕਾਂ ਨੇ ਹੋਲੀ ਹੋਲੀ ਆਪਣੇ ਆਪ ਨੂੰ ਬਦਲ ਲਿਆ।  ਸਿੱਖਿਆ ਵੱਲ ਧਿਆਨ ਦੇਣ ਕਰਕੇ ਸਰਕਾਰੀ ਨੌਕਰੀਆਂ ਤੇ ਕਾਬਜ਼ ਹੋਣ ਲੱਗੇ। ਮੇਰੇ ਪਿੰਡ ਦੇ ਜੰਮੇ  ਗੁਰਿੰਦਰ ਸਿੰਘ ਜਿਲ੍ਹਾ ਟ੍ਰਾੰਸਪੋਰਟ ਅਫਸਰ, ਸ੍ਰੀ ਓਮ ਪ੍ਰਕਾਸ਼ ਸੇਠੀ ਨਾਇਬ ਤਹਿਸੀਲਦਾਰ, ਸ੍ਰੀ ਰਣਜੀਤ ਸਿੰਘ ਵਧੀਕ ਸੁਪਰਡੈਂਟ ਇੰਜੀਨੀਅਰ, ਸ੍ਰੀ ਸੁਖਦੇਵ ਸਿੰਘ ਡਾਇਰੈਕਟਰ ਪੰਚਾਇਤ ਵਿਭਾਗ,  ਇੱਕ ਰਾਜ (ਰਜਿੰਦਰ ਸਿੰਘ) ਪ੍ਰਿੰਸੀਪਲ (ਸਾਬਕਾ ਜਿਲ੍ਹਾ ਸਿੱਖਿਆ ਅਫਸਰ) ਤੇ ਦੂਜਾ ਰਾਜ (ਰਾਜ ਕੁਮਾਰ) ਕਨੂੰਨਗੋ ਦੇ ਆਹੁਦੇ ਤੋਂ ਸੇਵਾ ਮੁਕਤ ਹੋਏ, ਸ੍ਰੀ ਜਨਕ ਸਿੰਘ ਨੇ ਡੀ ਐਸ ਪੀ ਵਿਜੀਲੈਂਸ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇਕੇ ਪਿੰਡ ਦਾ ਨਾਮ ਰੋਸ਼ਨ ਕੀਤਾ। ਪਿੰਡ ਦੇ ਕਾਫ਼ੀ ਲੋਕ ਉਚੇ ਅਹੁਦਿਆਂ ਤੋਂ ਰਿਟਾਇਰ ਹੋਕੇ ਨਾਲਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸੈਟਲ ਹੋ ਚੁੱਕੇ ਹਨ। ਪਿੰਡ ਵਿੱਚ ਹੱਟੀ ਕਰਨ ਵਾਲੇ ਸ੍ਰੀ ਹਰਗੁਲਾਲ ਦੇ ਵੰਸਜ ਹੁਣ ਵੱਡੀਆਂ ਦੁਕਾਨਾਂ ਫਰਮਾਂ ਅਤੇ ਅਹੁਦਿਆਂ ਤੇ ਪਾਹੁੰਚ ਚੁੱਕੇ ਹਨ। ਇੱਕ ਪਾਸੇ  ਪਿੰਡ ਘੁਮਿਆਰਾ ਵਿਕਾਸ ਅਤੇ ਤਰੱਕੀ ਦੀਆਂ ਲੀਹਾਂ ਤੇ ਅੱਗੇ ਵਧ ਰਿਹਾ ਹੈ ਦੂਜੇ ਪਾਸੇ ਨਸ਼ਾ ਬੇਰੋਜਗਾਰੀ ਪਿੰਡ ਦੀ ਜਵਾਨੀ ਨੂੰ ਖਾ ਰਹੀ ਹੈ। ਬਾਹਰਲੇ ਮੁਲਕਾਂ ਨੂੰ ਹਿਜ਼ਰਤ ਕਰ ਰਹੇ ਲੋਕ ਚਾਹੇ ਪਿੰਡ ਵਾਲਿਆਂ ਦੀ ਝੋਲੀ  ਡਾਲਰਾਂ ਪੌਂਡਾਂ ਨਾਲ ਭਰ ਰਹੇ ਹਨ। ਪਰ ਘਰਾਂ ਨੂੰ ਵੱਜਦੇ ਤਾਲੇ ਕੋਈਂ ਸ਼ੁਭ ਸੰਕੇਤ ਨਹੀਂ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੁਨੀਆਂ ਦੇ ਇਤਿਹਾਸ ਵਿੱਚ 26 ਜਨਵਰੀ ਜਾਂ 26 ਜਨਵਰੀ ਨੂੰ ਕੀ ਹੋਇਆ
Next article200 ਦੇ ਕਰੀਬ ਵਿਦਿਆਰਥੀਆਂ ਨੂੰ ਵੰਡੇ ਸਵੈਟਰ ਅਤੇ ਬੂਟ