(ਸਮਾਜ ਵੀਕਲੀ)
ਤਾਰਾ ਸਾਡੇ ਮੁੱਕਦਰਾਂ ਦਾ,
ਬੱਦਲਾਂ ਓਹਲੇ ਛੁੱਪ ਗਿਆ ਏ।
ਸਾਡੇ ਭਾਣੇ ਦਾ ਰੱਬ ਵੀ,
ਖੌਰੇ ਕਿੱਥੇ ਲੁੱਕ ਗਿਆ ਏ।
ਵੇ ਕੁੱਝ ਬੋਲਣਾ ਵੇ…..
ਮੇਰਿਆ ਢੋਲਣਾ ਵੇ….
ਯਾਦ ਓਹਦੀ ਹੈ ਆਈ,
ਨਾਲ਼ੇ ਖ਼ਤ ਵੀ ਆ ਗਿਆ ਏ।
ਕੁੱਝ ਨਹੀਂ ਵਸ ਵਿੱਚ ਮੇਰੇ,
ਬੱਸ ਇੱਕ ਨ੍ਹੇਰਾ ਛਾ ਗਿਆ ਏ।
ਵੇ ਕਿਉਂ ਰੋਲਣਾ ਵੇ…..
ਮੇਰਿਆ ਢੋਲਣਾ ਵੇ….
ਬੜੇ ਪੁਰਾਣੇ ਸੁਪਨੇ ਸੰਦੂਕ ‘ਚੋਂ,
ਕੱਢ ਕੇ ਧੋ ਗਿਆ ਏ।
ਸ਼ੋਖ ਅੰਦਾਜ਼ ਓਹੀ ਹੈ ਭਾਵੇਂ,
ਰੰਗ ਫਿੱਕਾ ਹੋ ਗਿਆ ਏ।
ਵੇ ਕੁੰਡਾ ਖੋਲ੍ਹਣਾ ਵੇ…..
ਮੇਰਿਆ ਢੋਲਣਾ ਵੇ…..
ਵਫ਼ਾ ਓਹਦੀ ਦੇ ਪਰਦੇ,
ਅੱਜ ਕੋਈ ਸਾਰੇ ਖੋਲ੍ਹ ਗਿਆ ਏ।
ਬੰਦ ਕਿਤਾਬ ਦੇ ਵਰਕੇ,
ਇੱਕ ਇੱਕ ਕਰਕੇ ਫੋਲ ਗਿਆ ਏ।
ਵੇ ਸੱਚ ਤੋਲਣਾ ਵੇ….
ਮੇਰਿਆ ਢੋਲਣਾ ਵੇ….
ਘਾਟਾ ਬਹੁਤ ਹੀ ਸਹਿ ਲਿਆ,
ਬੱਸ ਹੁਣ ਹੋਰ ਕੀ ਰਹਿ ਗਿਆ ਏ?
ਦਿਲ ਜਿਗਰਾ ਈ ਨਹੀਂ ਕਰਦਾ,
ਇਹ ਟੁੱਟ ਕੇ ਬਹਿ ਗਿਆ ਏ।
ਵੇ ਜ਼ਰਾ ਗੌਲਣਾ ਵੇ…..
ਮੇਰਿਆ ਢੋਲਣਾ ਵੇ……
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly