ਕਲੇਸ਼ੀ ਭਾਪ਼ਾ

     ਬਲਦੇਵ ਸਿੰਘ 'ਪੂਨੀਆਂਂ'

(ਸਮਾਜ ਵੀਕਲੀ)- ਮੇਰੇ ਪਿੰਡ ਵਿੱਚ ਮੇਰਾ ਇੱਕ ਗੂੜ੍ਹਾ ਮਿੱਤਰ ਸੀ ਜਿਸ ਨਾਲ ਮੇਰਾ ਬੜਾ ਆਉਣ ਜਾਣ ਹੁੰਦਾ ਸੀ ਕਦੇ ਉਹਨੇ ਸਾਡੇ ਘਰ ਆ ਜਾਣਾ ਤੇ ਕਦੇ ਮੈ ਉਹਦੇ ਵੱਲੀਂ ਜਾ ਆਉਣਾ… ਮੈਂ ਉਹਦੇ ਘਰ ਪਰਵਾਰ ਦੀਆਂ ਗਤੀਵਿਧੀਆਂ ਤੋਂ ਜਾਣੂ ਸੀ ਤੇ ਉਹ ਮੇਰੇ ਘਰ ਦੀਆਂ।ਉਹਦੇ ਤੋਂ ਵੱਡੇ ਚਾਰ ਭਰਾ ਸਨ ਜਿਹੜੇ ਇੱਕ ਇੱਕ ਕਰਕੇ ਘਰੋਂ ਵੱਖਰੇ ਹੋ ਚੁੱਕੇ ਸਨ ਕਾਰਣ ਇਹ ਸੀ ਉਹਨਾਂ ਦੇ ਪਿਉ ਦਾ ਸੁਭਾਅ ਬਾਹਲਾ ਕੱਬਾ ਸੀ ਜੋ ਸਾਰਾ ਦਿਨ ਘਰ ‘ਚ ਕਲੇਸ਼ ਪਾਈ ਰੱਖਦਾ ਸੀ ਕਿਸੇ ਨਾ ਕਿਸੇ ਗੱਲੋਂ। ਜਦੋਂ ਛਿੜ ਪੈਂਦਾ ਸੀ ਤਾਂ ਭੈੜੀਆਂ ਤੋਂ ਭੈੜੀਆਂ ਗਾਲਾਂ ਕੱਢਦਾ ਹੁੰਦਾ ਸੀ।

             ਉਦੋਂ ਸਾਰੀਆਂ ਨੂੰਹਾਂ ਸਵੇਰੇ ਸਵੇਰੇ ਉੱਠਦਿਆਂ ਸਾਰ ਹੀ ਬਜ਼ੁਰਗਾਂ ਦੇ ਪੈਰੀਂ ਹੱਥ ਲਾਇਆ ਕਰਦੀਆਂ ਸਨ ਜਿਵੇਂ ਸੱਸ,ਸਹੁਰਾ ਜਾਂ ਘਰ ਵਿੱਚ ਹੋਰ ਕੋਈ ਬਜ਼ੁਰਗ ਮੈਂਬਰ। ਜਦੋਂ ਪਿੰਡ ‘ਚੋ ਜਾਂ ਰਿਸ਼ਤੇਦਾਰੀ ‘ਚੋਂ ਕੋਈ ਬਜ਼ੁਰਗ ਔਰਤ ਜਾਂ ਮਰਦ ਘਰ ਆਉਣਾ ਤਾਂ ਨੂੰਹ ਨੇ ਫਟਾਫੱਟ ਪੈਰੀਂ ਹੱਥ ਲਾਉਣਾ ਤਾਂ ਅੱਗਿਓਂ ਮਰਦਾਂ(ਬਜ਼ੁਰਗਾਂ) ਤਾਂ ਏਹਨਾਂ ਕੁ ਆਖਣਾਂ .. ਜਿਉਂਦੀ ਰਹਿ ਧੀਏ ਜਾਂ ਜਿਉਂਦੇ ਰਹੋ ਭਾਈ ਪਰ ਔਰਤਾਂ(ਬਜ਼ੁਰਗਾਂ)ਨੇ ਤਾਂ ਅਸੀਸਾਂ ਦੀ ਝੜੀ ਹੀ ਲਾ ਦੇਣੀ ਜਿਵੇਂ —
ਜਿਉਂਦੀ ਰਹੇਂ,ਬੁੱਢ ਸੁਹਾਗਣ ਹੋਵੇਂ,ਰੱਬ ਤੈਨੂੰ ਪੁਤਾਂ ਦੀਆਂ ਜੋੜੀਆਂ ਦੇਵੇ, ਧਰ ਧਰ ਭੁਲੇਂ …ਤੇ ਹੋਰ ਵੀ ਕਿੰਨਾ ਈ ਕੁਛ ਆਖਣਾ। ਨੂੰਹਾਂ ਨੇ ਜਦੋਂ ਘਰ ਆਏ ਮਹਿਮਾਨ ਦੇ ਪੈਰੀਂ ਹੱਥ ਲਾਉਣੇ ਤਾਂ ਨਾਲ ਲੱਗਦੇ ਈ ਸੱਸ ਸਹੁਰੇ ਦੇ ਵੀ ਲਾ ਦੇਣੇ ਮਤਲਬ ਆਏ ਹੋਏ ਮਹਿਮਾਨ ਦੇ ਬਰਾਬਰ ਸਤਿਕਾਰ ਦੇਣਾ ਸੱਸ ਸਹੁਰੇ ਨੂੰ।
       ਮੇਰੇ ਮਿੱਤਰ ਦਾ ਵਿਆਹ ਹੋਏ ਨੂੰ ਸਾਲ ਤੋਂ ਉੱਪਰ ਹੋ ਗਿਆ ਸੀ।ਇੱਕ ਦਿਨ ਘਰ ਵਿੱਚ ਰਿਸ਼ਤੇਦਾਰੀ ‘ਚੋਂ ਇੱਕ ਬਜ਼ੁਰਗ ਬੰਦਾ ਆਇਆ ਤੇ ਨੂੰਹ(ਮੇਰੇ ਮਿੱਤਰ ਦੀ ਪਤਨੀ) ਨੇ ਉਹਦੇ ਪੈਰੀਂ ਹੱਥ ਲਾਇਆ ਤਾਂ ਸਹੁਰੇ ਦੇ ਲਾਉਣਾ ਭੁੱਲ ਗਈ ਤੇ ਮਹਿਮਾਨ ਨੂੰ ਪਾਣੀ ਦਾ ਗਲਾਸ ਦੇ ਕੇ ਚਾਹ ਬਣਾਉਣ ਚਲੇ ਗਈ।… ਮਹਿਮਾਨ ਚਾਹ ਪਾਣੀ ਛਕ ਕੇ ਅਜੇ ਗਿਆ ਹੀ ਸੀ ਕਿ ਹੋ ਗਿਆ ਕਲੇਸ਼ ਖੜ੍ਹਾ,ਸਹੁਰਾ(ਮੇਰੇ ਮਿੱਤਰ ਦਾ ਪਿਉ) ਨੂੰਹ ਨੂੰ ਕਹਿੰਦਾ ਕਿ ਤੂੰ ਮੇਰੀ ਬੇਜ਼ਤੀ ਕਰ ‘ਤੀ, ਮੈਨੂੰ ਜਿਉਂਦੇ ਨੂੰ ਮਾਰ ‘ਤਾ।
       ਇੱਕ ਦਿਨ ਮੈਂ ਉਹਨਾਂ ਦੇ ਘਰ ਗਿਆ ਤਾਂ ਮੇਰੇ ਮਿੱਤਰ ਨੇ ਇਹ ਸਾਰੀ ਕਹਾਣੀ ਦੱਸੀ ਨਾਲੇ ਕਹਿੰਦਾ ਯਾਰ ਬਾਹਲੇ ਔਖੇ ਆਂ ਭਾਪਾ ਮੇਰੀ ਵਹੁਟੀ ਨਾਲ ਰੁੱਸਿਆ ਹੋਇਆ ਨਾਂ ਉਹਦੇ ਹੱਥਾਂ ਦੀ ਬਣੀ ਚਾਹ ਪੀਂਦਾ ਨਾ ਰੋਟੀ ਖਾਂਦਾ.. ਚਲੋ ਰੋਟੀ ਤਾਂ ਬੀਬੀ ਪਕਾ ਦਿੰਦੀ ਆ ਪਰ ਉਹਦੇ ਗੋਡੇ ਦੁਖਦੇ ਹੋਣ ਕਰਕੇ ਉਹਦੇ ਕੋਲੋਂ ਬੈਠਕ ਵਿੱਚ ਫੜਾਉਣ ਨਹੀਂ ਜਾ ਹੁੰਦਾ। ਮੈਂ ਕਿਹਾ ਚਲੋ ਰਾਜ਼ੀ ਨਾਵਾਂ ਕਰਵਾ ਦਿੰਨੇ ਆਂ ਭਾਬੀ ਨੂੰ ਆਖੋ ਪੈਰੀਂ ਹੱਥ ਲਾ ਕੇ ਕਹਿ ਦੇਵੇ ਭਾਪਾ ਜੀ ਗਲ਼ਤੀ ਹੋ ਗਈ ਸੀ ਮੁਆਫ ਕਰ ਦਿਓ,ਉਹ ਉਹਦੀ ਵਹੁਟੀ ਤੇ ਉਹਦੀ ਬੀਬੀ ਤਿੰਨੇ ਮੰਨ ਗਏ ਕਹਿੰਦੇ ਚਲ ਵੇਖਦੇ ਆਂ ਚਾਰਾ ਮਾਰਕੇ।
        ਮੈ ਗੱਲੀਂ ਬਾਤੀਂ ਪਾ ਕੇ ਉਹਨਾਂ ਦੇ ਭਾਪੇ ਨੂੰ ਵਿਹੜੇ ਵਿੱਚ ਲੈ ਆਇਆ ਤੇ ਮਿਥੀ ਗਈ ਵਿਉਂਤ ਮੁਤਾਬਕ ਬੀਬੀ ਨੇ ਕਿਹਾ ਕੁੜੇ ਵਹੁਟ਼ੀਏ ਲਾ ਅਵਦੇ ਭਾਪ਼ੇ ਦੇ ਪੈਰੀਂ ਹੱਥ ਤੇ ਕਹਿ ਮਾਫ਼ ਕਰਦੇ ਜਿਉਂ ਹੀ ਵਹੁਟੀ ਪੈਰੀਂ ਹੱਥ ਲਾਉਣ ਲਈ ਗਈ ਤਾਂ ਭਾਪ਼ੇ ਨੇ ਮੂੰਹ ਦੂਜੇ ਪਾਸੇ ਕਰ ਲਿਆ, ਭੱਜਕੇ ਦੂਜੇ ਪਾਸੇ ਗਈ ਤੇ ਭਾਪਾ ਫਿਰ ਦੂਜੇ ਪਾਸੇ ਓਧਰੋਂ ਮਾਂ ਪੁੱਤਾਂ ਦੀਆਂ ਅਵਾਜ਼ਾਂ ਆਈ ਜਾਣ ਲਾ ਲਾ ਲਾ ਪੈਰੀਂ ਹੱਥ… ਹਾਸੋਹੀਣੀ ਸਥਿਤੀ ਬਣ ਗਈ ਭਾਪਾ ਖੜ੍ਹਾ ਈ ਘੁੰਮੀ ਜਾਵੇ ਨੇ ਨੂੰਹ ਭੰਬੀਰੀ ਵਾਂਗਰਾਂ ਉਹਦੇ ਦੁਆਲੇ ਘੁੰਮੀ ਜਾਵੇ ਭਾਪ਼ੇ ਦੇ ਪੈਰ ਲੱਭਣ ਲਈ। ਮੇਰੇ ਤੋਂ ਹਾਸਾ ਨਾ ਡੱਕਿਆ ਗਿਆ ਤੇ ਮੈ ਠਹਾਕ਼ਾ ਮਾਰਕੇ ਉੱਚੀ ਉੱਚੀ ਹੱਸਣ ਲੱਗ ਪਿਆ ਮੈਨੂੰ ਹੱਸਦਾ ਵੇਖ ਕੇ ਭਾਪੇ ਨੇ ਮੈਨੂੰ ਇੱਕੋ ਸਾਹੇ ਦਸ ਬਾਰਾਂ ਖਤਰਨਾਕ ਗਾਲਾਂ ਕੱਢੀਆਂ ਤੇ ਕੰਧ ਨਾਲ ਬਣੀ ਕੱਪੜੇ ਧੋਣ ਵਾਲੀ ਜਗ੍ਹਾ ਤੇ ਪਏ ਥਾਪ਼ੇ ਨੂੰ ਹੱਥ ਅਜੇ ਪਾਇਆ ਹੀ ਸੀ ਕਿ ਮੈ ਨੌਂ ਦੋ ਗਿਆਰਾਂ ਹੋ ਗਿਆ ਤੇ ਮੁੜਕੇ ਕਦੇ ਉਹਨਾਂ ਦੇ ਘਰ ਨਹੀਂ ਵੜਿਆ।
      ਬਲਦੇਵ ਸਿੰਘ ‘ਪੂਨੀਆਂ’

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਗੀਤ
Next articleਬੁੱਧ ਚਿੰਤਨ / ਆਓ..! ਮੁਹੱਬਤ ਦੀ ਫਸਲ ਬੀਜੀਏ..!