ਸਮਾਜ ਵੀਕਲੀ ਯੂ ਕੇ–
ਪੰਜਾਬ ਵਿੱਚ ਰਹਿੰਦਾ ਸੀ ਜੋ ਬੜਾ ਸੋਹਣਾ,
ਗੋਰਿਆਂ ਦੇ ਦੇਸ਼ ਵਿੱਚ ਆ ਗਿਆ ਹਾਂ ਮੈਂ l
ਮੁਸੀਬਤ ਮਾੜੀ ਮੋਟੀ ਸੀ ਕਦੇ ਕਦੇ ਹੁੰਦੀ ਉੱਥੇ,
ਬਹੁਤ ਜਿਆਦਾ ਤੰਗੀਆਂ’ਚ ਆ ਗਿਆ ਹਾਂ ਮੈਂ l
ਪਹਿਲਾਂ ਦੇਣਦਾਰ ਨਹੀਂ ਸੀ ਹੁੰਦਾ ਕਿਸੇ ਹੋਰ ਦਾ,
ਕਰਜ਼ਿਆਂ ਦੇ ਹੇਠ ਹੁਣ ਆ ਗਿਆ ਹਾਂ ਮੈਂ l
ਕੋਠੀਆਂ ਵੱਡੀਆਂ ਦਾ ਮਾਲਕ ਸੀ ਜਿਹੜਾ ਹੁੰਦਾ,
ਕਿਰਾਏਦਾਰ ਗੋਰਿਆਂ ਦਾ ਹੋ ਗਿਆ ਹਾਂ ਮੈਂ l
ਅੰਨਦਾਤਾ ਖੁਦ ਨੂੰ ਜਿਹੜਾ ਅਖਵਾਉਂਦਾ ਸੀ,
ਮੁੱਲ ਦਿਆਂ ਆਟਿਆਂ ਤੇ ਆ ਗਿਆ ਹਾਂ ਮੈਂ l
ਕਈ ਕਾਮੇ ਸਾਡੇ ਖੇਤਾਂ ਵਿੱਚ ਸਨ ਕੰਮ ਕਰਦੇ,
ਲੱਗਵੀਂ ਦਿਹਾੜੀ ਭਾਲਣ ਤੇ ਆ ਗਿਆ ਹਾਂ ਮੈਂ l
ਬੋਹੜ੍ਹਾਂ ਦੀਆਂ ਛਾਵਾਂ ਥੱਲੇ ਬੈਠ ਗੱਲਾਂ ਮਾਰਦਾ,
ਕਰਜ਼ੇ ਤੇ ਖਰੀਦੇ ਏ ਸੀਆਂ ਤੇ ਆ ਗਿਆ ਹਾਂ ਮੈਂ l
ਬੰਬੀਆਂ ਤੇ ਰੋਜ਼ਾਨਾ ਰੱਜ ਰੱਜ ਕੇ ਨਹਾਉਂਦਾ ਸੀ,
ਮੁੱਲ ਦਿਆਂ ਪਾਣੀਆਂ ਤੇ ਆ ਗਿਆ ਹਾਂ ਮੈਂ l
ਆਪਣਿਆਂ’ਚ ਸੀ ਰੋਜ਼ਾਨਾ ਹੱਸਦਾ ਤੇ ਖੇਡਦਾ,
ਜਾਣਬੁੱਝ ਬੇਗਾਨਿਆਂ’ਚ ਆ ਗਿਆ ਹਾਂ ਮੈਂ l
ਪੱਕੀ ਪਕਾਈ ਇਥੇ ਕਿਸੇ ਦਿਨ ਹੀ ਨਸੀਬ ਹੋਵੇ,
ਆਦੀ ਪੀਜ਼ੇ ਬਰਗਰਾਂ ਦਾ ਹੋ ਗਿਆ ਹਾਂ ਮੈਂ l
ਸੁਆਦਾਂ ਵਾਲੇ ਤੜਕੇ ਲਗਾ ਕੇ ਸੀ ਜੋ ਖਾਂਦਾ,
ਫੋਕਲੇ ਜਿਹੇ ਖਾਣਿਆਂ ਤੇ ਆ ਗਿਆ ਹਾਂ ਮੈਂ l
ਨਫਰਤਾਂ ਦੇ ਵਿੱਚ ਦਿਨ ਗਿਣ ਗਿਣ ਕੱਟਦਾ,
ਪਿਆਰ ਦੀਆਂ ਤੰਦਾਂ ਕੁੱਝ ਪਾ ਗਿਆ ਹਾਂ ਮੈਂ l
ਦੇਖਣ ਨੂੰ ਤਾਂ ਬੇਸ਼ੱਕ ਦੁਨੀਆਂ ਇੱਕੋ ਜਿਹੀ ਲੱਗੇ,
ਇੰਝ ਲੱਗੇ ਜਿਵੇਂ ਰੁੱਖਿਆਂ’ਚ ਆ ਗਿਆ ਹਾਂ ਮੈਂ l
ਰਿਸ਼ਤੇਦਾਰ ਮਿੱਤਰ ਹਨ ਬੜੇ ਸਾਂਭ ਸਾਂਭ ਰੱਖੇ,
ਇਸੇ ਕਰਕੇ ਕਈਆਂ ਤਾਈਂ ਭਾ ਗਿਆ ਹਾਂ ਮੈਂ l
ਦਿਖਾਵੇ ਦੀ ਅਮੀਰੀ ਬਾਹਲੀ ਨਹੀਂ ਪਸੰਦ ਮੈਨੂੰ,
ਗਰੀਬੀ ਵਾਲਾ ਟੈਗ ਵੈਸੇ ਲਾਹ ਗਿਆ ਹਾਂ ਮੈਂ l
ਦੇਖਣ ਨੂੰ ਵਿਦੇਸ਼ ਵਿੱਚ ਬਹੁਤ ਕੁੱਝ ਪਾ ਲਿਆ,
ਮਾਂ, ਪਿਓ, ਭੈਣ ਤੇ ਭਰਾ ਗੁਆ ਗਿਆ ਹਾਂ ਮੈਂ l
ਮੁਲਕ ਆਪਣੇ ਵਿੱਚ ਜੋ ਸੀ ਖੜ੍ਹੀ ਮੁੱਛ ਰੱਖਦਾ,
ਮਜ਼ਬੂਰੀ ਵੇਲੇ ਕਦੇ ਕਦੇ ਨੀਵੀਂ ਪਾ ਗਿਆ ਹਾਂ ਮੈਂ l
ਸਭ ਕੁੱਝ ਲਿਖ ਕੇ ਬਿਆਨ ਨਹੀਂ ਹੁੰਦਾ ਮੇਰੇ ਤੋਂ,
ਬਹੁਤ ਕੁੱਝ ਆਪਣੇ ਅੰਦਰ ਛਿਪਾ ਗਿਆ ਹਾਂ ਮੈਂ l
ਬੋਲਿਆ ਸੱਚ ਬਹੁਤ ਵਾਰ ਖੁਰਦਪੁਰੀਏ ਤੋਂ ਜਾਵੇ,
ਅਵਤਾਰ ਦੰਦਾਂ ਥੱਲੇ ਜੀਭ ਦਬਾ ਗਿਆ ਹਾਂ ਮੈਂ l
ਦੁੱਖ ਪ੍ਰਦੇਸਾਂ ਵਾਲਾ ਮਹਿਸੂਸ ਕਰਾਂ ਹਰ ਪਲ,
ਤਰਕਸ਼ੀਲਾ ਲਿਖਤਾਂ’ਚ ਭਾਵੇਂ ਛਾ ਗਿਆ ਹਾਂ ਮੈਂ l
-ਅਵਤਾਰ, ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147