ਅੰਮ੍ਰਿਤਸਰ (ਸਮਾਜ ਵੀਕਲੀ): ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਉਨ੍ਹਾਂ ਦਾ ਰੰਗ ਭਾਵੇਂ ਕਾਲਾ ਹੈ ਪਰ ਨੀਯਤ ਸਾਫ ਹੈ। ਉਹ ਅੱਜ ਦਿੱਲੀ ਤੋਂ ਇਥੇ ਸਥਾਨਕ ਹਵਾਈ ਅੱਡੇ ’ਤੇ ਪੁੱਜੇ ਸਨ ਜਿਥੋਂ ਉਹ ਪਠਾਨਕੋਟ ਲਈ ਰਵਾਨਾ ਹੋਏ। ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ,‘‘ਪੰਜਾਬ ਦੀਆਂ ਮਾਵਾਂ ਨੂੰ ਆਪਣਾ ਪੁੱਤਰ ਅਤੇ ਭੈਣਾਂ ਨੂੰ ਆਪਣਾ ਭਰਾ ਅਰਵਿੰਦ ਕੇਜਰੀਵਾਲ ਕਾਲੇ ਰੰਗ ਵਿਚ ਹੀ ਪਸੰਦ ਹੈ। ਉਹ ਮੈਨੂੰ ਕਾਲੇ ਪੁੱਤ ਅਤੇ ਕਾਲੇ ਭਰਾ ਵਜੋਂ ਹੀ ਪਸੰਦ ਕਰਦੀਆਂ ਹਨ। ਪੰਜਾਬ ਦੀਆਂ ਮਾਵਾਂ ਦਾ ਇਹ ਪੁੱਤ ਅਤੇ ਭੈਣਾਂ ਦਾ ਭਰਾ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵੇਗਾ ਤਾਂ ਇਹ ਕਾਲਾ ਬੰਦਾ ਹੀ ਸਾਰੇ ਕੀਤੇ ਗਏ ਵਾਅਦੇ ਪੂਰੇ ਕਰੇਗਾ।’’ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਆਖੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਪ੍ਰਤੀਕਰਮ ਦਿੱਤਾ। ਉਨ੍ਹਾਂ ਕਿਹਾ, ‘ਮੇਰਾ ਰੰਗ ਕਾਲਾ ਹੈ ਕਿਉਂਕਿ ਮੈਂ ਪਿੰਡ-ਪਿੰਡ ਧੁੱਪ ਵਿਚ ਘੁੰਮਦਾ ਹਾਂ, ਜਿਸ ਨਾਲ ਰੰਗ ਕਾਲਾ ਹੋ ਗਿਆ ਹੈ। ਮੈਂ ਚੰਨੀ ਸਾਹਿਬ ਵਾਂਗ ਹੈਲੀਕਾਪਟਰ ਵਿਚ ਨਹੀਂ ਘੁੰਮਦਾ ਅਤੇ ਅਸਮਾਨ ਵਿਚ ਨਹੀਂ ਉਡਦਾ ਪਰ ਮੇਰੀ ਨੀਯਤ ਕਾਲੀ ਨਹੀਂ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly