ਕਾਂਗਰਸ ਲੀਡਰਸ਼ਿਪ ਕਿਸੇ ਇਕ ਵਿਅਕਤੀ ਦਾ ਦੈਵੀ ਅਧਿਕਾਰ ਨਹੀਂ: ਪ੍ਰਸ਼ਾਂਤ

Poll strategist Prashant Kishore

ਨਵੀਂ ਦਿੱਲੀ/ਕੋਲਕਾਤਾ (ਸਮਾਜ ਵੀਕਲੀ):  ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਕਾਂਗਰਸ ਜਿਸ ਵਿਚਾਰਧਾਰਾ ਅਤੇ ਸਿਆਸਤ ਦੀ ਨੁਮਾਇੰਦਗੀ ਕਰਦੀ ਹੈ, ਉਹ ਅਹਿਮ ਹੈ ਪਰ ਉਸ ਦੀ ਅਗਵਾਈ ਕਿਸੇ ਵਿਅਕਤੀ ਨੂੰ ਹੀ ਮਿਲਣਾ ਕੋਈ ਦੈਵੀ ਅਧਿਕਾਰ ਨਹੀਂ ਹੈ, ਖਾਸ ਕਰਕੇ ਉਦੋਂ ਜਦੋਂ ਪਿਛਲੇ 10 ਸਾਲਾਂ ’ਚ 90 ਫ਼ੀਸਦ ਚੋਣਾਂ ਕਾਂਗਰਸ ਹਾਰ ਚੁੱਕੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਸਿੱਧੇ ਤੌਰ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਹਮਲਾ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਦਿਨ ਪਹਿਲਾਂ ਆਖਿਆ ਸੀ ਕਿ ਯੂਪੀਏ ਹੁਣ ਕਿਤੇ ਵੀ ਨਹੀਂ ਹੈ। ਵੱਖ ਵੱਖ ਪਾਰਟੀਆਂ ਦੇ ਸਿਆਸੀ ਸਲਾਹਕਾਰ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਵਿਰੋਧੀ ਧਿਰ ਦੀ ਲੀਡਰਸ਼ਿਪ ਨੂੰ ਜਮਹੂਰੀ ਢੰਗ ਨਾਲ ਚੁਣਨ ਦਾ ਸੱਦਾ ਵੀ ਦਿੱਤਾ। ਉਸ ਦੀਆਂ ਟਿੱਪਣੀਆਂ ’ਤੇ ਕਾਂਗਰਸ ਤਰਜਮਾਨ ਪਵਨ ਖੇੜਾ ਨੇ ਤਿੱਖਾ ਜਵਾਬ ਦਿੱਤਾ ਹੈ।

ਉਨ੍ਹਾਂ ਟਵਿੱਟਰ ’ਤੇ ਕਿਹਾ,‘‘ਇਥੇ ਜਿਸ ਵਿਅਕਤੀ ਦੀ ਚਰਚਾ ਕੀਤੀ ਜਾ ਰਹੀ ਹੈ। ਉਹ ਆਰਐੱਸਐੱਸ ਨਾਲ ਭਾਰਤੀ ਲੋਕਤੰਤਰ ਨੂੰ ਬਚਾਉਣ ਅਤੇ ਸੰਘਰਸ਼ ਕਰਨ ਦੇ ਆਪਣੇ ਰੱਬੀ ਫਰਜ਼ ਦਾ ਪਾਲਣ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕੋਈ ਵਿਚਾਰਕ ਵਚਨਬੱਧਤਾ ਨਾ ਰੱਖਣ ਵਾਲਾ ਇਕ ਮਾਹਿਰ ਸਿਆਸੀ ਪਾਰਟੀਆਂ ਜਾਂ ਵਿਅਕਤੀਆਂ ਨੂੰ ਚੋਣਾਂ ਲੜਨ ਬਾਰੇ ਸਲਾਹ ਦੇਣ ਲਈ ਆਜ਼ਾਦ ਹੈ ਪਰ ਉਹ ਸਾਡੀ ਸਿਆਸਤ ਦੇ ਏਜੰਡੇ ਨੂੰ ਨਿਰਧਾਰਿਤ ਨਹੀਂ ਕਰ ਸਕਦਾ ਹੈ।

ਕਾਂਗਰਸ ਆਗੂ ਨੇ ਕਿਹਾ,‘‘ਕਾਂਗਰਸ ਦੇ ‘ਸ਼ਾਸਨ ਕਰਨ ਦੇ ਰੱਬੀ ਅਧਿਕਾਰ’ ਸਬੰਧੀ ਝੂਠੀ ਧਾਰਨਾ ਦਾ ਪਰਦਾਫਾਸ਼ ਕਰਨ ਦੀ ਲੋੜ ਹੈ। ਰਾਹੁਲ ਗਾਂਧੀ ‘ਸੰਘਰਸ਼ ਦੇ ਰੱਬੀ ਫਰਜ਼’ ਦੀ ਸਾਡੀ ਅਮੀਰ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।’’ ਖੇੜਾ ਨੇ ਮਮਤਾ ਬੈਨਰਜੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਖੇਤਰੀ ਆਗੂ ਦਾ ਇਹ ਦਾਅਵਾ ਬੇਤੁਕਾ ਹੈ ਕਿ ਯੂਪੀਏ ਦੀ ਹੁਣ ਕੋਈ ਹੋਂਦ ਨਹੀਂ ਹੈ, ਜੋ ਖੁਦ ਯੂਪੀਏ ਦਾ ਹਿੱਸਾ ਹੀ ਨਹੀਂ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪਾਰਟੀ ’ਚ ਬਦਲਾਅ ਲਈ ਚਿੱਠੀ ਲਿਖਣ ਵਾਲੇ ‘23 ਆਗੂਆਂ ਦੇ ਗੁੱਟ’ ਦੇ ਮੈਂਬਰ ਅਤੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਵੀ ਕਿਹਾ ਕਿ ਕਾਂਗਰਸ ਤੋਂ ਬਿਨਾਂ ਯੂਪੀਏ ਇਕ ਅਜਿਹੇ ਸ਼ਰੀਰ ਵਰਗਾ ਹੋਵੇਗਾ ਜਿਸ ’ਚ ਆਤਮਾ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਇਹ ਵਿਰੋਧੀ ਧਿਰ ਦੀ ਇਕਜੁੱਟਤਾ ਦਿਖਾਉਣ ਦਾ ਵੇਲਾ ਹੈ। ਕਾਂਗਰਸ ਆਗੂ ਆਨੰਦ ਸ਼ਰਮਾ ਨੇ ਵੀ ਕਿਹਾ ਕਿ ਕਾਂਗਰਸ ਦੇਸ਼ ਦੀ ਮੁੱਖ ਵਿਰੋਧੀ ਧਿਰ ਹੈ ਅਤੇ ਭਾਜਪਾ ਨੂੰ ਹਰਾਉਣ ਦੀ ਕਿਸੇ ਵੀ ਕੌਮੀ ਕੋਸ਼ਿਸ਼ ਦਾ ਮੁੱਖ ਥੰਮ੍ਹ ਬਣੀ ਹੋਈ ਹੈ। ਇਸ ਦੌਰਾਨ ਟੀਐੱਮਸੀ ਦੇ ਸੰਸਦ ਮੈਂਬਰ ਡੈਰੇਕ ਓ’ਬ੍ਰਾਇਨ ਨੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਪਿਛਲੇ 10 ਸਾਲਾਂ ਤੋਂ ਕੋਈ ਯੂਪੀਏ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸਿਆਸਤ ਬਦਲ ਗਈ ਹੈ ਅਤੇ ਟੀਐੱਮਸੀ ਭਾਜਪਾ ਨੂੰ ਸੂਬਿਆਂ ਤੇ ਕੇਂਦਰ ’ਚੋਂ ਹਟਾਉਣਾ ਚਾਹੁੰਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੀਐੱਮਸੀ ਤੇ ਕਾਂਗਰਸ ਦੇ ਯਤਨ ਸਫ਼ਲ ਨਹੀਂ ਹੋਣਗੇ: ਸੀਪੀਐੱਮ
Next articleਮੇਰਾ ਰੰਗ ਭਾਵੇਂ ਕਾਲਾ ਪਰ ਨੀਯਤ ਸਾਫ ਹੈ: ਕੇਜਰੀਵਾਲ