HOME ਮੇਰੀਏ ਸੋਹਣੀਏ ਮਾਂ

ਮੇਰੀਏ ਸੋਹਣੀਏ ਮਾਂ

ਜਗਤਾਰ ਸਿੰਘ ਹਿੱਸੋਵਾਲ

(ਸਮਾਜ ਵੀਕਲੀ)

 

ਮਾਂ ਨੀਂ ਮਾਂ ਨੀ ਮੇਰੀਏ ਸੋਹਣੀਏ ਮਾਂ ਨੀ ਮੈਂ ਤੈਨੂੰ ਕਿੱਥੋਂ ਲੱਭ ਲਿਆਵਾਂ।
ਤੇਰੇ ਬਿਨਾ ਮੈਨੂੰ ਮਿਲੀਆਂ ਨਾ ਮਾਏ ਕਿਧਰੋਂ ਵੀ ਠੰਢੀਆਂ ਛਾਵਾਂ ।

ਵਿਹੜਾ ਹੋਇਆ ਸੁੰਨ ਮੁਸੰਨਾ ਤੂੰ ਰੌਣਕ ਲੈ ਗੲੀ ਨਾਲੇ,
ਦਿਲ ਚੰਦਰੇ ਨੂੰ ਚੈਨ ਨਾ ਆਵੇ ਹਰ ਪਲ ਤੈਨੂੰ ਭਾਲੇ,
ਹੁਣ ਤਾਂ ਕਦੇ ਸੁਪਨੇ ਵਿਚ ਵੀ ਲੱਭਦਾ ਨਾ ਤੇਰਾ ਪਰਛਾਵਾਂ।
ਮਾਂ ਨੀਂ ਮਾਂ ਮੇਰੀਏ ਸੋਹਣੀਏ ਮਾਂ ਨੀ ਮੈਂ ਤੈਨੂੰ ਕਿੱਥੋਂ ਲੱਭ ਲਿਆਵਾਂ।

ਤੇਰੇ ਦਿੱਤੇ ਸੰਸਕਾਰਾਂ ਨੇ ਸਾਨੂੰ ਜੱਗ ਵਿਚ ਬੋਲਣ ਜੋਗੇ ਕੀਤਾ।
ਗ਼ੁਰਬਤ ਵਿਚ ਤੂੰ ਕਰਕੇ ਮਿਹਨਤਾਂ ਤੂੰ ਸਾਨੂੰ ਖੜ੍ਹਨ ਜੋਗੇ ਕੀਤਾ।
ਰੱਬ ਭੁੱਲ ਜਾਊ ਮੈਨੂੰ ਅੰਮੀਏ ਜੇ ਮੈਂ ਤੈਨੂੰ ਭੁੱਲ ਜਾਵਾਂ।
ਮਾਂ ਨੀ ਮਾਂ ਮੇਰੀਏ ਸੋਹਣੀੲੇ ਮਾਂ ਨੀ ਮੈਂ ਤੈਨੂੰ ਕਿੱਥੋਂ ਲੱਭ ਲਿਆਵਾਂ।

ਤੇਰੇ ਕੋਲ ਬਹਿ ਜਾਂਦੇ ਸੀ ਅਸੀਂ ਰੋਜ਼ ਰਾਤ ਨੂੰ ਆ ਕੇ,
ਹੁਣ ਨਾ ਲੱਭਦੀ ਸਾਨੂੰ ਅੰਮੀਏ ਕਿੱਥੇ ਬਹਿ ਗੲੀ ਜਾ ਕੇ,
ਅਣਖ਼ ਨਾਲ ਸਾਨੂੰ ਜੀਣਾ ਸਿਖਾਇਆ ਸਾਥੋਂ ਰਹਿੰਦੀਆਂ ਦੂਰ ਬਲਾਵਾਂ।
ਮਾਂ ਨੀ ਮਾਂ ਨੀ ਮੇਰੀਏ ਸੋਹਣੀਏ ਮਾਂ ਨੀ ਮੈਂ ਤੈਨੂੰ ਕਿੱਥੋਂ ਲੱਭ ਲਿਆਵਾਂ।

ਤੈਨੂੰ ਨੀਂਦ ਨਾ ਆਉਂਦੀ ਸੀ ਜਦ ਤੱਕ ਅਸੀਂ ਨਹੀਂ ਸੀ ਆਉਂਦੇ,
ਅੱਖਾਂ ਮੀਚ ਕੇ ਤੁਰ ਗੲੀ ਅੰਮੀਏ ਅਸੀਂ ਰਹੇ ਸੀ ਜਗਾਉਂਦੇ।
ਹਿੱਸੋਵਾਲੀਆ ਜਿਉਂਦੀਆਂ ਰਹਿਣ ਇਹ ਰੱਬ ਵਰਗੀਆਂ ਮਾਵਾਂ।
ਮਾਂ ਨੀਂ ਮਾਂ ਮੇਰੀਏ ਸੋਹਣੀੲੇ ਮਾਂ ਨੀ ਮੈਂ ਤੈਨੂੰ ਕਿੱਥੋਂ ਲੱਭ ਲਿਆਵਾਂ।

ਜਗਤਾਰ ਸਿੰਘ ਹਿੱਸੋਵਾਲ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਅਤੇ ਧਰਤੀ
Next articleਮਾਂ-ਦਿਵਸ