-ਤੇਜਿੰਦਰ ਚੰਡਿਹੋਕ
ਪੁਸਤਕ ਦਾ ਨਾਂ – ਕਸਤੂਰੀ (ਗ਼ਜ਼ਲ ਸੰਗ੍ਰਹਿ)
ਲੇਖਕ – ਮਾਲਵਿੰਦਰ ਸ਼ਾਇਰ
ਪੰਨੇ – 136 ਕੀਮਤ – 250/- ਰੁਪਏ
ਪ੍ਰਕਾਸ਼ਕ – ਕੈਫੇ ਵਰਲਡ, ਮੰਡੀ ਕਲਾਂ।

(ਸਮਾਜ ਵੀਕਲੀ) ਗ਼ਜ਼ਲ ਸਾਹਿਤ ਦੀ ਇੱਕ ਅਜਿਹੀ ਕਾਵਿ ਵਿਧਾ ਹੈ ਜਿਸ ਨੂੰ ਸਿਰਫ ਔਰਤ ਨਾਲ ਗੱਲਾਂ ਕਰਨੀਆਂ ਮੰਨਿਆ ਜਾਂਦਾ ਰਿਹਾ ਹੈ ਪਰ ਵਰਤਮਾਨ ਸਮੇਂ ਇਹ ਆਪਣੇ ਉਕਤ ਸਿਧਾਂਤ ਤੋਂ ਬਹੁਤ ਅੱਗੇ ਲੰਘ ਚੁੱਕੀ ਹੈ। ਹੁਣ ਕੇਵਲ ਇਸਤਰੀ ਨਾਲ ਗੱਲਾਂ ਕਰਨੀਆਂ ਜਾਂ ਉਸਤੱਤ ਕਰਨਾ ਹੀ ਨਹੀਂ ਰਹਿ ਗਿਆ ਸਗੋਂ ਇਸ ਵਿਚ ਲੋਕਾਈ ਦਾ ਦੁੱਖ ਦਰਦ, ਸਮਾਜਿਕ, ਆਰਥਿਕ, ਰਾਜਨੀਤਕ ਆਦਿ ਵਿਸ਼ੇ ਵੀ ਸ਼ਾਮਲ ਹੋ ਗਏ ਹਨ। ਜੇਕਰ ਹੁਣ ਇਹ ਕਹਿ ਲਈਏ ਕਿ ਗ਼ਜ਼ਲ ਸਰਬ ਵਿਆਪੀ ਹੋ ਗਈ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਮਾਲਵਿੰਦਰ ਸ਼ਾਇਰ ਭਾਵੇਂ ਹੁਣ ਗ਼ਜ਼ਲਗੋ ਦੇ ਤੌਰ ਤੇ ਸਥਾਪਿਤ ਹੋ ਚੁੱਕਾ ਹੈ ਅਤੇ ਆਪਣੇ ਗੁਰੂ ਸੁਲੱਖਣ ਸਰਹੱਦੀ ਤੋਂ ਉਸਤਾਦ ਦੀ ਉਪਾਧੀ ਵੀ ਗ੍ਰਹਿਣ ਕਰ ਚੁੱਕਾ ਹੈ ਪਰ ਉਸ ਨੇ ਗ਼ਜ਼ਲ ਤੋਂ ਇਲਾਵਾ ਸਾਹਿਤ ਦੇ ਹਰ ਖੇਤਰ ਵਿੱਚ ਕਲਮ ਅਜ਼ਮਾਈ ਕਰਕੇ ਨਾਮਣਾ ਖੱਟਿਆ ਹੈ। ਕਹਾਣੀ, ਹਜ਼ਲ, ਰੁਬਾਈ, ਟੋਟਕੇ, ਨਿੱਕੀ ਕਹਾਣੀ, ਗੀਤ, ਵਿਅੰਗ ਆਦਿ ਉਸ ਦੀਆਂ ਪੁਸਤਕਾਂ ਵਿਚ ਸ਼ੁਮਾਰ ਹਨ। ਮਾਲਵਿੰਦਰ ਸ਼ਾਇਰ ਪ੍ਰੋੜ ਗ਼ਜ਼ਲਗੋ ਹੈ। ਹਾਲ ਹੀ ਵਿਚ ਉਸ ਦਾ ਚੌਥਾ ਅਤੇ ਨਵਾਂ ਗ਼ਜ਼ਲ ਸੰਗ੍ਰਹਿ ” ਕਸਤੂਰੀ ” ਆਇਆ ਹੈ। ਜਿਵੇਂ ਕਸਤੂਰੀ ਮਿਰਗ ਦੀ ਨਾਭੀ ਵਿੱਚੋ ਸੁਗੰਧ ਦੇਣ ਵਾਲਾ ਪਦਾਰਥ ਹੁੰਦਾ ਹੈ, ਉਵੇਂ ਸ਼ਾਇਰ ਦੀ ਇਹ ਪੁਸਤਕ ਆਪਣੀਆਂ ਰਚਨਾਵਾਂ ਰਾਹੀਂ ਸੁਗੰਧ ਫੈਲਾਉਂਦੀ ਜਾਪਦੀ ਹੈ।
ਇਕ ਕਥਨ ਹੈ ਕਿ ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਈਏ ਪਹਿਲਾਂ ਰੱਬ ਦਾ ਨਾਮ ਧਿਆਈਏ ਜੀ ਦੇ ਕਦਮ ਚਿੰਨਾਂ ਤੇ ਚਲਦਿਆਂ ਪੁਸਤਕ ਅਪਣਾ ਆਗਾਜ਼ ਰੱਬ ਦੇ ਨਾਂ ਨਾਲ ਕਰਦਾ ਹੈ। ਪੁਸਤਕ ਵਿਚਲੀਆਂ ਗ਼ਜ਼ਲਾਂ ਐ ਮੇਰੇ ਕਰਤਾਰ ਅਤੇ ਜੁਪ ਨਾਨਕ ਦੀ ਬਾਣੀ ਇਸ ਗੱਲ ਦਾ ਪ੍ਰਮਾਣ ਹਨ। ਇਹਨਾਂ ਗ਼ਜ਼ਲਾਂ ਵਿੱਚ ਮੇਹਨਤ, ਚਮਚਾਗਿਰੀ, ਆਬਾਦੀ, ਪਿਆਰ, ਇਸ਼ਕ ਹਕੀਕੀ ਤੋਂ ਬਿਨਾਂ ਮਨੀਪੁਰ ਦਾ ਦੁਖਾਂਤ, ਹੜ੍ਹਾਂ ਦਾ ਦਰਦ, ਦੇਸ਼ ਭਗਤਾਂ ਦੀ ਯਾਦ ਅਤੇ ਤਿਉਹਾਰਾਂ ਵਰਗੇ ਵਿਸ਼ੇ ਸ਼ਾਮਲ ਹਨ। ਜਿੱਥੇ ਇਹ ਗ਼ਜ਼ਲਾਂ ਸਾਫ ਤੇ ਸਪੱਸ਼ਟ ਗੱਲ ਕਰਦੀਆਂ ਹਨ, ਉੱਥੇ ਕਿਧਰੇ – ਕਿਧਰੇ ਵਿਅੰਗ ਵੀ ਕਸਦੀਆਂ ਪ੍ਰਤੀਤ ਹੁੰਦੀਆਂ ਹਨ।
ਗ਼ਜ਼ਲਾਂ ਦਾ ਮੁਤਾਲਿਆ ਕਰੀਏ ਤਾਂ ਉਹ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਰੀਤੀ ਰਿਵਾਜ਼ਾਂ ਨੂੰ ਦਰ ਕਿਨਾਰ ਵੀ ਕਰਦੀਆਂ ਜਾਪਦੀਆਂ ਹਨ। ਗ਼ਜ਼ਲ ਵਿੱਚ ਪਿਆਰ ਕਰਨ ਲਈ ਦਿਮਾਗ਼ ਦੀ ਥਾਂ ਦਿਲ ਵਰਤਣ ਦੀ ਗੱਲ ਕਰਦੀਆਂ ਹਨ। ਪ੍ਰੇਮੀਆਂ ਨੂੰ ਨਸੀਹਤ ਕਰਦੀ ਗ਼ਜ਼ਲ ਆਖਦੀ ਹੈ –
” ਵਰਤ ਹਮੇਸ਼ ਦਿਮਾਗ਼ ਰਿਹਾ ਜੋ ਦਿਲ ਦੀ ਥਾਂ,
ਉਹ ਮੇਰਾ ਬਣ ਸਕਦਾ ਹੀ ਦਿਲਦਾਰ ਨਹੀਂ। ” (ਪੰਨਾ 15)
ਰਿਸ਼ਤਿਆਂ ਦੀ ਉਲਝਣ ਤਾਣੀ ਵਿਚ ਉਲਝਿਆ ਬੰਦਾ ਆਪਣੇ ਆਪ ਵਿੱਚ ਗੁਆਚ ਜਾਂਦਾ ਹੈ। ਪਰਿਵਾਰ ਨੂੰ ਸੰਭਾਲਦਿਆਂ, ਰਿਸ਼ਤਿਆਂ ਨੂੰ ਨਿਭਾਉਂਦਿਆਂ ਅਤੇ ਸਹਿਜ ਲੱਭਣ ਦਾ ਯਤਨ ਕਰਦਾ ਹੈ। ਗ਼ਜ਼ਲ ਖ਼ੁਦ ਨੂੰ ਟੋਲ ਰਿਹਾ ਹਾਂ ਵਿਚ ਲਿਖਿਆ ਹੈ ਕਿ –
” ਤਿਣਕਾ – ਤਿਣਕਾ ਕਰਕੇ ਮੈਨੂੰ ਸਭ ਨੇ ਵੰਡ ਲਿਆ ਹੈ,
ਅਪਣੇ ਹਿੱਸੇ ਦਾ ਵੀ ਹੁਣ ਨਾ ਅਪਣੇ ਕੋਲ ਰਿਹਾ ਹਾਂ। ” (ਪੰਨਾ 126)
ਸੰਵੇਦਨਸ਼ੀਲ ਮਨੁੱਖ ਕਿਸੇ ਵੀ ਦਰਦ ਨੂੰ ਮਹਿਸੂਸ ਕਰਦਾ ਰਹਿੰਦਾ ਹੈ ਅਤੇ ਇਸ ਦੇ ਜਜ਼ਬਾਤ ਅੱਖਾਂ ਵਿੱਚੋ ਹੰਝੂ ਬਣ ਕੇ ਹੜ੍ਹ ਵਾਂਗ ਵਹਿ ਤੁਰਦੇ ਹਨ। ਸ਼ਬਦ ਦਾ ਪ੍ਰਭਾਵ ਉਸ ਨੂੰ ਹੋਰ ਵੀ ਸੰਵੇਦਕ ਬਣਾ ਦਿੰਦਾ ਹੈ। ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਜੇਰਾ ਤੇ ਦਿਲ ਹੈ। ਪੰਜਾਬ ਦੇ ਦੇਸ਼, ਵਿਦੇਸ਼ ਕਿਧਰੇ ਵੀ ਹੋਣ ਉਹ ਹਰ ਦੁੱਖ ਵਿਚ ਸਾਥ ਨਿਭਾਉਂਦੇ ਹਨ ਅਤੇ ਉਹਨਾਂ ਦੀ ਹਿੰਮਤ ਅਤੇ ਦਲੇਰੀ ਦਾ ਬਿਆਨ ਕਰਦਾ ਇਹ ਸ਼ਿਅਰ ਦੇਖੋ –
” ਦੁੱਖ – ਸੁੱਖ ਵੇਲ਼ੇ ਸਾਂਝ ਨਿਭਾਉਂਦੇ, ਇਹ ਪੰਜਾਬ ਦੇ ਜਾਏ,
ਦੇਸ਼ – ਵਿਦੇਸ਼ ਚੋਂ ਉੱਠ ਖਲੋਂਦਾ, ਇਸ ਧਰਤੀ ਦਾ ਜਾਇਆ।” (ਪੰਨਾ 52)
ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਹਮੇਸ਼ਾ ਪੰਜਾਬੀ ਦੀ ਰਹਿਨੁਮਾਈ ਕਰਦੇ ਨਜ਼ਰ ਆਉਂਦੇ ਹਨ। ਘਰ ਬਾਰ ਪੰਜਾਬੀ ਨੂੰ ਪਿਆਰ ਕਰਦੇ ਹਨ ਉਹ ਰੱਬ ਨੂੰ ਵੀ ਪੰਜਾਬੀ ਬੋਲਣ ਲਈ ਆਖਦਾ ਹੈ। ਉਸ ਨਾਲ ਪੰਜਾਬੀ ਬੋਲਾਂਗਾ ਗ਼ਜ਼ਲ ਵਿੱਚ ਮਿਸਰਾ ਦੇਖੋ –
” ਜਦ ਵੀ ਮੈਂ ਰੱਬ ਦੇ ਨਾਲ ਕਦੇ ਇਹ ਭੇਤ ਜਿਗਰ ਦੇ ਫੋਲਾਂਗਾ।
ਸੱਚ ਆਖਾਂ ਮੈਂ ਤਾਂ ਉਸ ਵੇਲ਼ੇ ਉਸ ਨਾਲ ਪੰਜਾਬੀ ਬੋਲਾਂਗਾ।” (ਪੰਨਾ 69)
ਇਸੇ ਤਰ੍ਹਾਂ ਮਿਹਨਤਕਸ਼ਾਂ ਦੀ ਗੱਲ ਕਰਦੀ ਗਜ਼ਲ ਜਿੰਨ੍ਹਾ ਦੇਹਾਂ ਉਤੋਂ ਮੁੜ੍ਹਕੇ ਦਾ ਮਿਸਰਾ ਗੌਰ ਤਲਬ ਹੈ –
” ਜਿੰਨ੍ਹਾਂ ਦੇਹਾਂ ਉੱਤੋਂ ਮੁੜ੍ਹਕੇ ਚੋਣ ਦਸੰਬਰ ਵਿੱਚ।
ਐਸੇ ਮਿਹਨਤਕਸ਼ ਨੇ ਆਉਂਦੇ ਪਹਿਲੇ ਨੰਬਰ ਵਿਚ।” (ਪੰਨਾ 90) ਪੁਸਤਕ ਵਿਚਲੀਆਂ ਹੋਰ ਗ਼ਜ਼ਲਾਂ ਵੀ ਪੜ੍ਹਨਯੋਗ ਹਨ। ਪੁਸਤਕ ਵਿਚ ਕਈ ਗ਼ਜ਼ਲਾਂ ਬਿਲਕੁੱਲ ਛੋਟੀ ਬਹਿਰ ਦੀਆਂ ਵੀ ਹਨ। ਇਸ ਗ਼ਜ਼ਲਗੋ ਤੋਂ ਹੋਰ ਉਸਾਰੂ ਗ਼ਜ਼ਲਾਂ ਦੀ ਆਸ ਕਰਦਿਆਂ ਇਸ ਪੁਸਤਕ ਨੂੰ ਖ਼ੁਸ਼ ਆਮਦੀਦ ਕਿਹਾ ਜਾਂਦਾ ਹੈ।
– ਤੇਜਿੰਦਰ ਚੰਡਿਹੋਕ, ਐਮ ਏ,
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਜੇਤੂ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।



