ਫਿਰੌਤੀ ਲਈ ਕਤਲ: ਅਕਾਲੀ ਸਰਪੰਚ ਸਣੇ ਚਾਰ ਗ੍ਰਿਫ਼ਤਾਰ

ਦੋਦਾ (ਸਮਾਜ ਵੀਕਲੀ): ਕੋਟਭਾਈ ਵਿੱਚ ਬੀਤੇ ਦਿਨੀਂ ਫਿਰੌਤੀ ਲਈ ਅਗਵਾ ਕਰਕੇ ਕਤਲ ਕੀਤੇ ਹਰਮਨਜੀਤ ਸਿੰਘ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੌਰਾਨ 9 ਮਹੀਨੇ ਪਹਿਲਾਂ ਅਗਵਾ ਕਰਕੇ ਕਤਲ ਕੀਤੇ ਗੂੜ੍ਹੀਸੰਘਰ ਦੇ ਨਿਰਮਲ ਸਿੰਘ ਪੁੱਤਰ ਮਨਜੀਤ ਸਿੰਘ ਕਤਲ ਕੇਸ ਦੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਅੱਜ ਪਿੰਡ ਕੋਟਭਾਈ ਦੇ ਅਕਾਲੀ ਸਰਪੰਚ ਬਾਬੂ ਸਿੰਘ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਪੀ ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਮਨਜੀਤ ਸਿੰਘ ਗੂੜ੍ਹੀਸੰਘਰ ਦੇ ਬਿਆਨਾਂ ਦੇ ਆਧਾਰ ’ਤੇ ਸਰਪੰਚ ਬਾਬੂ ਸਿੰਘ ਕੋਟਭਾਈ, ਮਲਕੀਤ ਸਿੰਘ, ਸੀਮਾ ਰਾਣੀ ਆਲੀਕੇ ਸਮੇਤ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਪੰਜ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਸਰਪੰਚ ਬਾਬੂ ਸਿੰਘ ਕੋਟਭਾਈ, ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀਆਂ ਵਿੱਚੋਂ ਸਨ, ਜੋ ਪਹਿਲਾਂ ਉਨ੍ਹਾਂ ਨਾਲ ਕਾਂਗਰਸ ਵਿੱਚ ਚਲੇ ਗਏ ਸਨ ਤੇ ਹੁਣ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਆਗੂਆਂ ਦੀ ਹਾਜ਼ਰੀ ਵਿੱਚ ਮੁੜ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਅੱਜ ਅਦਾਲਤ ਵਿੱਚ ਪੇਸ਼ੀ ਲਈ ਜਦੋਂ ਬਾਬੂ ਸਿੰਘ ਨੂੰ ਮੈਡੀਕਲ ਕਰਾਉਣ ਲਈ ਗਿੱਦੜਬਾਹਾ ਤੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਸਿਹਤ ਵਿਗੜ ਗਈ, ਜਿਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਰੈਫ਼ਰ ਕੀਤਾ ਗਿਆ। ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਬਾਅਦ ਵਿੱਚ ਬਾਬੂ ਸਿੰਘ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।

 

Previous articleਸਰਕਾਰ ਨੂੰ ਕੌਲਿਜੀਅਮ ਦੇ ਪ੍ਰਬੰਧ ’ਚ ਸੁਧਾਰ ਲਈ ਬੇਨਤੀਆਂ ਮਿਲੀਆਂ: ਰਿਜਿਜੂ
Next articleराष्ट्रीय मेंस्ट्रीम मीडिया में घटता विश्वास और सोशल मीडिया का बढ़ता हुआ प्रभाव: एक पुनर्विलोकन