HOME ” ਬਹੁ ਪਰਤੀ ਬਿਰਤਾਂਤ ਸਿਰਜਦਾ ਨਾਵਲ – ਤਲੀਆਂ ਹੇਠਲੀ ਅੱਗ”

” ਬਹੁ ਪਰਤੀ ਬਿਰਤਾਂਤ ਸਿਰਜਦਾ ਨਾਵਲ – ਤਲੀਆਂ ਹੇਠਲੀ ਅੱਗ”

ਪੁਸਤਕ ਦਾ ਨਾਂ     ਤਲੀਆਂ ਹੇਠਲੀ ਅੱਗ (ਨਾਵਲ)
ਲੇਖਕ – ਅਜ਼ੀਜ਼ ਸਰੋਏ
ਪੰਨੇ – 207            ਕੀਮਤ – 250/- ਰੁਪਏ
ਪ੍ਰਕਾਸ਼ਕ – ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ।

 – ਤੇਜਿੰਦਰ ਚੰਡਿਹੋਕ

ਤੇਜਿੰਦਰ ਚੰਡਿਹੋਕ

  (ਸਮਾਜ ਵੀਕਲੀ)     ਨਾਵਲ ਨੇ ਆਪਣੇ ਅੰਦਰ ਬਹੁ ਪਰਤੀ ਕਹਾਣੀਆਂ ਛੁਪਾਈਆਂ ਹੁੰਦੀਆਂ ਹਨ ਜਿਹਨਾਂ ਦਾ ਖੁਲਾਸਾ ਵੱਖ – ਵੱਖ ਭਾਗਾਂ ਵਿੱਚ ਵੱਖ – ਵੱਖ ਹਾਲਾਤਾਂ, ਦ੍ਰਿਸ਼ਾਂ ਅਤੇ ਪਾਤਰਾਂ ਨਾਲ ਕੀਤਾ ਜਾਂਦਾ ਹੈ। ਕਹਾਣੀਆਂ ਦੀਆਂ ਗੰਢਾਂ ਖੋਲ੍ਹਦਾ ਨਾਵਲ ਆਪਣੇ ਅਸਲੀ ਬਿੰਦੂ ਤੇ ਆ ਜਾਂਦਾ ਹੈ। ਪਹਿਲਾਂ ਨਾਵਲਾਂ ਨੂੰ ਭਾਗਾਂ ਜਾਂ ਕਾਂਡਾਂ ਵਿਚ ਸਿਰਜਿਆ ਜਾਂਦਾ ਰਿਹਾ ਹੈ ਪਰ ਹੁਣ ਇਕ ਨਵਾਂ ਰੁਝਾਨ ਦੇਖਿਆ ਜਾ ਰਿਹਾ ਹੈ ਕਿ ਨਾਵਲ ਦੇ ਭਾਗ ਤਾਂ ਬਣਾਏ ਜਾਂਦੇ ਹਨ ਪਰ ਉਹਨਾਂ ਨੂੰ ਸਿਰਲੇਖਾਂ ਨਾਲ ਲਿਖਿਆ ਜਾ ਰਿਹਾ ਹੈ।
“ਤਲੀਆਂ ਹੇਠਲੀ ਅੱਗ ” ਅਜ਼ੀਜ਼ ਸਰੋਏ ਦਾ ਪੰਜਵਾਂ ਨਾਵਲ ਹੈ। ਵੈਸੇ ਸਰੋਏ ਨੇ ਕਾਵਿ ਸੰਗ੍ਰਹਿ, ਬਾਲ ਨਾਵਲ, ਵਾਰਤਕ ਵਿਚਾਰ ਅਤੇ ਸੰਪਾਦਕੀ ਕਾਰਜ ਵੀ ਕੀਤੇ ਹਨ। ਆਪਣੇ ਲੋਕ ਨਾਵਲ ਨੂੰ ਉਸ ਨੇ ਪੂਰੇ ਨਾਵਲ ਦੇ ਤੌਰ ਤੇ ਵੀ ਪਾਠਕਾਂ ਸਾਹਮਣੇ ਲਿਆਂਦਾ ਹੈ ਜਿਸ ਵਿਚ ਸੰਤਾਲੀ ਦੀ ਵੰਡ ਦਾ ਦਰਦਨਾਕ ਮੰਜ਼ਰ ਪੇਸ਼ ਕਰਦਾ ਹੈ। ਉੰਝ ਸੰਤਾਲੀ ਦੇ ਦੁਖਾਂਤ  ਬਾਰੇ ਬਹੁਤ ਸਾਰਾ ਸਾਹਿਤ ਉਪਲੱਬਧ ਹੈ।
ਹਥਲਾ ਨਾਵਲ ਤਲੀਆਂ ਹੇਠਲੀ ਅੱਗ ਵਿਚ ਨਾਵਲਕਾਰ ਨੇ ਮੁੱਖ ਤੌਰ ਤੇ ਚਾਰ ਕਾਂਡ ਬਣਾਏ ਹਨ ਪਰ ਉਹਨਾਂ ਨੂੰ ਵੱਖਰੇ – ਵੱਖਰੇ ਸਿਰਲੇਖਾਂ ਤਹਿਤ ਸਤਾਰਾਂ ਹਿਸਿਆਂ ਵਿੱਚ ਵੰਡਿਆ ਹੈ ਅਤੇ ਨਾਵਲ ਦਾ ਸਿਰਲੇਖਤਰ ਭਾਗ ਨਾਵਲ ਦੇ ਤੀਜੇ ਭਾਗ ਦੀ ਆਖਰੀ ਕਹਾਣੀ ਹੈ। ਮੁੱਖ ਤੌਰ ਤੇ ਇਹ ਨਾਵਲ ਪੰਜਾਬ ਵਿਚ ਵਾਪਰੇ ਕਾਲ਼ੇ ਦਿਨਾਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਨਾਵਲ ਵਿਚ 1947, 1978, 1984 ਦੀ ਤ੍ਰਾਸਦੀ ਦੇ ਨਾਲ ਕਾਮ ਵਾਸਨਾ, ਪੈਸੇ ਦੀ ਲੁੱਟ ਆਦਿ ਵੀ ਪੱਖ ਪੇਸ਼ ਕੀਤੇ ਗਏ ਹਨ। ਕਹਾਣੀ ਵਿਚ ਭਵਾਨੀਗੜ੍ਹ ਦੀ ਰਹਿਣ ਵਾਲੀ ਭੀਰੀ ਅਤੇ ਮਲੂਹਾ ਪਿੰਡ ਦਾ ਜੰਟਾ ਇਸ ਨਾਵਲ ਦੇ ਨਾਇਕ ਹਨ। ਜਿਹਨਾਂ ਦੇ ਦੋ ਨਾ ਬੱਚੇ ਮੁੰਡਾ ਤਰਲੋਕ ਅਤੇ ਲੜਕੀ ਪੰਮੀ ਹਨ। ਬੱਚੇ ਅਜੇ ਸੰਭਾਲੇ ਹੀ ਸਨ ਕਿ ਭੀਰੀ ਉਹਨਾਂ ਤੋਂ ਸਦਾ ਲਈ ਦੂਰ ਹੋ ਜਾਂਦੀ ਹੈ ਜਿਸ ਦਾ ਵਰਨਣ ਨਾਵਲਕਾਰ ਨੇ ਅੱਗੇ ਜਾ ਕੇ ਕੀਤਾ ਹੈ। ਭੀਰੀ  ਅਤੇ ਸੁਖਚੈਨੋ ਦੋਨੋ ਪੱਕੀਆਂ ਸਹੇਲੀਆਂ ਹਨ। ਪਿੰਡ ਦੀ ਬਣੀ ਪੰਜ ਮੈਂਬਰੀ ਕਮੇਟੀ ਵਿਚ ਸ਼ਾਮਲ ਜੁਗਤੇ ਦਾ ਪੋਤਾ ਕਿਰਪਾਲਾ ਪਹਿਲਾਂ ਅੱਤਵਾਦ ਦਾ ਹਿੱਸਾ ਤੇ ਫਿਰ ਨਸ਼ੇ ਦਾ ਸੌਦਾਗਰ ਬਣ ਜਾਂਦਾ ਹੈ ਚੋਰੀਆਂ ਕਰਦਾ ਹੈ। ਪਿੰਡ ਮਾਝੀ ਦੇ ਸਰਦਾਰ ਦਾ ਵਫਾਦਾਰ ਨੰਦੂ, ਜਗਤੇ ਦਾ ਮੁੰਡਾ ਜਗਤਾਰ, ਸਰਦਾਰ ਆਪ ਵੀ ਭੀਰੀ ਦੀ ਚਾਹਤ ਰੱਖਦਾ ਹੈ।
ਕਹਾਣੀ ਵਿਚ ਬਾਬਾ ਬੁਝਾ ਨਾਥ ਦੇ ਡੇਰੇ ਭੀਰੀ ਦੀ ਮਟੀ ਬਣਾਉਣ ਤੇ ਫਿਰ ਸਮਾਧ ਬਣਾ ਕੇ ਕਮਾਈ ਕਰਨ ਦਾ ਢਕਵੰਜ ਰਚਿਆ ਜਾਂਦਾ ਹੈ। ਨਾਵਲ ਵਿਚ ਸਾਡੇ ਸਮਾਜ ਦੀ ਇਹ ਵਿਸੰਗਤੀ ਬਹੁਤ ਘਾਤਕ ਜਾਪਦੀ ਹੈ ਜਦੋਂ ਕੁੜੀ ਦੇ ਜਨਮ ਨੂੰ ਮਾੜਾ ਦਸਿਆ ਜਾਂਦਾ ਹੈ ਅਤੇ ਮੁੱਡੇ ਦੀ ਚਾਹਨਾ ਲਈ ਡੇਰਿਆਂ ਤੇ ਜਾਣਾ ਤੇ ਹੋਰ ਅਨੇਕਾਂ ਤਰੀਕੇ ਅਪਣਾਏ ਜਾਂਦੇ ਹਨ। ਨਾਵਲ ਵਿਚ ਭੀਰੀ ਦੇ ਜੰਟੇ ਨਾਲ ਵਿਆਹ ਤੋਂ ਪਹਿਲਾਂ ਜ਼ਿਮੀਂਦਾਰਾ ਦੇ ਮੁੰਡੇ ਨਛੱਤਰ ਨਾਲ ਸਬੰਧ ਦਿਖਾਇਆ ਹੈ ਭਾਵੇਂ ਉਹ ਇਕ ਵਾਰ ਦਾ ਹੀ ਹੈ।
ਭੀਰੀ ਅਤੇ ਸੁਖਚੈਨੋ ਮੱਸਿਆ ਦੇ ਮੇਲੇ ਤੇ ਗੁਰੂਘਰ ਵੀ ਨਹਾਉਣ ਜਾਂਦੀਆਂ ਹਨ ਪਰ ਪਿੰਡ ਦੀਆਂ ਬੁੜੀਆਂ ਦੀ ਸਲਾਹ ਅਨੁਸਾਰ ਸੁਖਚੈਨੋ ਪੁੱਤਰ ਪ੍ਰਾਪਤੀ ਲਈ ਦਮੋਦਰ ਜਿਹੜਾ ਚਕੀ ਚਲਾਉਂਦਾ ਹੈ, ਨਾਲ ਸਬੰਧ ਬਣਾਉਂਦੀ ਹੈ ਕਿਉੰਕਿ ਇਸ ਦੇ ਪਹਿਲਾਂ ਤਿੰਨ ਕੁੜੀਆਂ ਹਨ ਅਤੇ ਉਸ ਦੀ ਸੱਸ ਕਰਤਾਰੀ ਪੁੱਤਰ ਪ੍ਰਾਪਤੀ ਲਈ ਉਸ ਨਾਲ ਲੜਦੀ ਰਹਿੰਦੀ ਹੈ। ਕੁੜੀਆਂ ਜੰਮਣ ਦਾ ਸਾਰਾ ਦੋਸ਼ ਔਰਤ ਤੇ ਹੀ ਆਉਂਦਾ ਹੈ। ਉਸ ਦਾ ਪਤੀ ਨਿਹਾਲਾ ਇਸੇ ਗਮ ਵਿਚ ਸ਼ਰਾਬ ਦਾ ਆਦੀ ਹੋ ਜਾਂਦਾ ਹੈ। ਉਸ ਨੂੰ ਸੁਖਚੈਨੋ ਤੇ ਸ਼ੱਕ ਹੋਣ ਤੇ ਘਰ ਛੱਡ ਕੇ ਕਿਤੇ ਚਲਾ ਜਾਂਦਾ ਹੈ, ਮੁੜ ਨਹੀਂ ਆਉਂਦਾ।
ਕਹਿੰਦੇ ਹਨ ਜਦੋਂ ਕਿਸੇ ਦੀ ਘਟੀ ਹੋਵੇ ਤਾਂ ਨਾ ਫਿਰ ਕਿਸੇ ਦਾ ਇਲਾਜ ਤੇ ਕਿਸੇ ਦੇ ਤਵੀਤ ਹੀ ਕੰਮ ਆਉਂਦੇ ਹਨ। ਜੰਟੇ ਦੀ ਮੱਝ ਅਤੇ ਕਟਰੂ ਦਾ ਇਲਾਜ ਨਹੀਂ ਹੋ ਸਕਿਆ ਤੇ ਉਹ ਮਰ ਗਏ। ਚੇਤ ਦੇ ਪੜਦਾਦੇ ਦੇ ਹਿੱਸੇ ਗੁਰਮੁਖੀ ਦੇ ਸ਼ਬਦ ਆਉਣ ਨਾਲ ਦੇਹੀ ਪਰਵਰਤਨ ਦੀ ਗੱਲ ਵੀ ਆਉਂਦੀ ਹੈ। ਇਸ ਦੇ ਬਾਪੂ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਨ ਦੀ ਗੱਲ ਵੀ ਆਉਂਦੀ ਹੈ। ਨਾਵਲ ਰਿਸ਼ਤੇ ਨਾਤਿਆਂ ਦੇ ਮਿਲਣ ਗਿਲਣ ਦੀ ਬਾਤ ਵੀ ਪਾਉਂਦਾ ਹੈ ਪਰ ਅੱਜਕਲ ਤਾਂ ਰਿਸ਼ਤੇ ਨਾਤੇ ਵੀ ਨਾਂ ਦੇ ਹੋ ਰਹਿ ਗਏ ਹਨ। ਨਾਵਲ ਵਿਚ ਸੋਹਣ ਸਿੰਘ ਸੀਤਲ ਦੇ ਨਾਵਲ ” ਤੂਤਾਂ ਵਾਲਾ ਖੂਹ” ਦਾ ਗਰਜੇ ਦੇ ਰੂੰ ਪੇਂਜੇ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ।
ਪਿੰਡ ਵਿੱਚ ਕੋਈ ਨਾ ਕੋਈ ਅਜਿਹੀ ਥਾਂ ਹੁੰਦੀ ਹੈ ਜਿਥੋਂ ਗੱਲ ਦਾ ਫੈਲਾਅ ਹੁੰਦਾ ਹੈ ਜਿਵੇਂ ਨਾਵਲ ਵਿਚ ਪੀਪੇ ਦੇ ਅੱਡੇ ਦਾ ਜਿਕਰ ਆਉਂਦਾ ਹੈ ਜਿੱਥੇ ਹਰ ਗੱਲ ਪਹੁੰਚਦੀ ਹੈ। ਉੰਝ ਵੀ ਲੋਕਾਂ ਨੂੰ ਖੰਭਾਂ ਦੀਆਂ ਡਾਰਾਂ ਬਣਾਉਣ ਦੀ ਆਦਤ ਹੁੰਦੀ ਹੈ ਜਿਵੇਂ ਨਾਵਲ ਵਿਚ ਭੀਰੀ ਅਤੇ ਸੁਖਚੈਨੋ ਦੀਆਂ ਗੱਲਾਂ ਬਣਾਈਆਂ ਗਈਆਂ ਹਨ। ਨਾਵਲ ਵਿਚ ਭੀਰੀ ਦੀ ਪ੍ਰਾਂਤ ਵਿਚੋਂ ਆਟੇ ਦੇ ਭੁੜਕਣ ਅਤੇ ਨਛੱਤਰ ਦੇ ਮੁੜ ਉਸ ਦੇ ਘਰ ਆਉਣਾ ਵਹਿਮ ਸਿੱਧ ਹੁੰਦਾ ਹੈ।
ਨਾਵਲ ਦਾ ਮੁੱਖ ਵਿਸ਼ਾ 1984 ਦਾ ਦੁਖਾਂਤ ਨਾਵਲ ਦੇ ਤੀਜੇ ਭਾਗ ਤੋਂ ਸ਼ੁਰੂ ਹੁੰਦਾ ਹੈ ਜਿਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੇ ਭੁਗਤਿਆ ਹੈ। ਨਾਵਲ ਵਿਚ ਅਜਿਹੀਆਂ ਘਟਨਾਵਾਂ ਦਾ ਬਿਆਨ ਕਰਦਿਆਂ ਸਰਕਾਰਾਂ ਦੀ ਅੰਦਰ ਖਾਤੇ ਵਿਉਂਤ ਬੰਦੀਆਂ ਦਾ ਖੁਲਾਸਾ ਕੀਤਾ ਗਿਆ ਹੈ। ਚਾਹੇ ਉਹ ਦਿੱਲੀ, ਪੰਜਾਬ ਜਾਂ ਕਿਸੇ ਹੋਰ ਦੰਗਿਆਂ ਦਾ ਹੋਵੇ। ਨਾਵਲ ਵਿਚ ਕਿਰਪਾਲਾ ਸਿਰਫ ਚੋਰੀ ਕਰ ਸਕਦਾ ਹੈ, ਕਿਸੇ ਦਾ ਕਤਲ ਨਹੀਂ ਕਰ ਸਕਦਾ, ਉਹ ਵੀ ਪੈਸੇ ਦੇ ਲਾਲਚ ਵੱਸ। ਭਾਵੇਂ ਜਗਰੂਪ ਨੇ ਭੀਰੀ ਨਾਲ ਬਲਾਤਕਾਰ ਕਰਕੇ ਉਸ ਨੂੰ ਗੋਲੀ ਮਾਰਨ ਲਈ ਕਿਹਾ ਪਰ ਆਖਰ ਗੋਲੀ ਜਗਰੂਪ ਨੇ ਹੀ ਮਾਰੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਭੁੱਖ ਅਤੇ ਫ਼ਸਲਾਂ ਦੇ ਭਾਵੇਂ ਵੱਖ ਵੱਖ ਰੂਪ ਦਸੇ ਗਏ ਹਨ। ਸਰਦਾਰ ਨੇ ਵੀ ਉਸ ਨਾਲ ਸੰਭੋਗ ਕੀਤਾ ਸੀ। ਜਿਹੜਾ ਅੱਤਵਾਦੀਆਂ ਤੋਂ ਡਰਦਾ ਅਨੂਪਗੜ੍ਹ ਚਲਾ ਗਿਆ ਸੀ ਅਤੇ ਫਿਰ ਵਾਪਸ ਆ ਗਿਆ।
ਕਾਲ਼ੇ ਦਿਨਾਂ ਵਿੱਚ ਪੁਲੀਸ ਮੁਕਾਬਲੇ ਅਤੇ ਤਰਕੀਆਂ ਦੀ ਗੱਲ ਆਮ ਸੁਣਨ ਵਿੱਚ ਆਉਂਦੀ ਹੈ। ਇਥੇ ਵੀ ਥਾਣੇਦਾਰ ਵਲੋਂ ਜਗਰੂਪ ਦਾ ਐਨਕਾਉਂਟਰ ਅਤੇ ਤਰਕੀਆਂ ਦੀ ਗੱਲ ਕੀਤੀ ਗਈ ਹੈ। ਨਾਵਲ ਵਿਚ ਸ੍ਰੀ ਅੰਮ੍ਰਿਤਸਰ ਦਾ ਇਤਿਹਾਸ, ਦਰਬਾਰ ਸਾਹਿਬ ਤੇ ਫੌਜ ਦੀ ਚੜ੍ਹਾਈ, ਨੀਲਾ ਤਾਰਾ ਸਾਕਾ, ਮੁਹੰਮਦ ਸਦੀਕ ਆਦਿ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਪਰ ਮੈਨੂੰ ਲਗਦਾ ਹੈ ਕਿ ਨਾਵਲ ਵਿਚ ਇਸ ਨੇ ਵਾਧੂ ਦਾ ਵਿਸਥਾਰ ਕੀਤਾ ਹੈ।
ਨਾਵਲ ਵਿਚ ਇਕ ਜਗ੍ਹਾ ਕਾਬੂ ਦੀ ਥਾਂ ਬੇਕਾਬੂ ਲਿਖਿਆ ਗਿਆ ਹੈ। ਨਾਵਲ ਵਿਚ ਨਾਵਲਕਾਰ ਨੇ ਮੁਹਾਵਰੇ ਅਤੇ ਅਖਾਣਾਂ ਦਾ ਸਹੀ ਥਾਂ ਪ੍ਰਯੋਗ ਕੀਤਾ ਹੈ। ਨਾਵਲ ਵਿਚ ਕੁਝ ਗਾਲਾਂ ਸਪਸ਼ਟ ਲਿਖੀਆਂ ਗਈਆਂ ਹਨ ਜਿਹਨਾਂ ਨੂੰ ਡੇਸ਼ ਮਾਰ ਕੇ ਵੀ ਲਿਖਿਆ ਜਾ ਸਕਦਾ ਸੀ। ਇਸੇ ਤਰ੍ਹਾਂ ਨਾਵਲ ਵਿਚ ਇਕ ਥਾਂ ਨੰਦੂ ਵਲੋਂ ਸਰਦਾਰ ਦੇ ਹੁਕਮਾਂ ਦੀ ਹੁਕਮ ਨਾ ਅਦੂਲੀ ਦੀ ਜਗ੍ਹਾ ਹੁਕਮ ਅਦੂਲੀ ਲਿਖਿਆ ਗਿਆ ਹੈ। ਨਾਵਲਕਾਰ ਨੇ ਪਾਤਰਾਂ ਦੇ ਪੈਰਾਂ ਦੀਆਂ ਤਲੀਆਂ ਹੇਠਲੀ ਅੱਗ ਨੂੰ ਬਾ- ਖੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਲਈ ਇਸ ਨਾਵਲ ਨੂੰ ਖ਼ੁਸ਼ ਆਮਦੀਦ ਆਖਦਿਆਂ ਸਵਾਗਤ ਕੀਤਾ ਜਾਂਦਾ ਹੈ।

ਸਾਬਕਾ ਏ ਐਸ ਪੀ ਅਤੇ
ਪ੍ਰਧਾਨ, ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ – 95010-00224

Previous article“ਦਾ ਫੋਕ ਟਰਬਨੇਟ “ਰੰਗਾਰੰਗ ਪ੍ਰੋਗਰਾਮ 6 ਜੁਲਾਈ ਨੂੰ
Next articleਡਾ. ਬੀ. ਆਰ. ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ