ਜੁਬਾਨ ਰਸ ਬਨਾਮ ਕੌੜਾ ਮਿੱਠਾ

ਅਜੀਤ ਖੰਨਾ 
ਅਜੀਤ ਖੰਨਾ 
(ਸਮਾਜ ਵੀਕਲੀ)  ਜੁਬਾਨ ਦਾ ਰਸ ,ਮਤਲਬ ਤੁਹਾਡੇ ਮੂੰਹ ਚੋ ਨਿਕਲਣ ਵਾਲੇ ਬੋਲਾਂ ਤੋ ਹੈ।ਤੁਹਾਡੀ ਜੁਬਾਨ ਕਿਸ ਤਰਾਂ ਦੇ ਸ਼ਬਦਾਂ ਦਾ ਉਚਾਰਨ ਮੂੰਹ ਤੋ ਬਾਹਰ ਕੱਢੀ ਦੀ ਹੈ ।ਉਹ ਬੋਲ ਮਿੱਠੇ ਹਨ ਜਾ ਕੌੜੇ ।ਇਹ ਤੁਹਾਡੀ ਜੁਬਾਨ ਰਸ ਤੇ ਨਿਰਭਰ ਹੈ।ਅਗਰ ਤੁਹਾਡੀ ਜੁਬਾਨ ਚੋ ਨਿਕਲਣ ਵਾਲੇ ਸ਼ਬਦ ਦਾ ਉਚਾਰਣ ਸੋਹਣਾ ਤੇ ਮਿੱਠਾ ਹੈ ਤਾ ਸਮਝੋ ਤੁਹਾਡੀ ਜੁਬਾਨ ਦਾ ਰਸ ਮਿੱਠਾ ਹੈ।ਅਗਰ ਮੂੰਹ ਚੋ ਬਾਹਰ ਆਉਣ ਵਾਲੇ ਸ਼ਬਦ ਕੌੜੇ ਹਨ ਤਾ ਜੁਬਾਨ ਦਾ ਰਸ ਕੌੜਾ ਹੋਵੇਗਾ।ਕਿਉਂਕਿ ਜੁਬਾਨ ਦਾ ਰਸ ਇਕ ਅਜਿਹਾ ਰਸ ਹੈ ਜੋ ਤੁਹਾਨੂੰ  ਰਾਜ ਤੇ ਵੀ ਬਿਠਾ ਸਕਦਾ ਹੈ ਤੇ ਗਧੇ ਉੱਤੇ ਵੀ।ਇਸ ਲਈ ਹੀ ਆਖਿਆ ਜਾਂਦਾ ਹੈ ਕਿ ਕਮਾਨ ਚੋ ਨਿਕਲਿਆ ਤੀਰ ਤੇ ਜੁਬਾਨ ਚੋ ਨਿਕਲੇ ਸ਼ਬਦ ਕਦੇ ਵਾਪਿਸ ਨਹੀਂ ਮੁੜਦੇ ।ਇਸ ਵਾਸਤੇ ਸੋਚ ਸਮਝ ਕੇ ਹੀ ਬੋਲਣਾ ਚਾਹੀਦਾ ਹੈ ।ਕਈ ਵਾਰ ਵੇਖਣ ਚ ਆਉਂਦਾ ਹੈ ਕੇ ਕੋਈ ਕੰਮ ਹੋਣ ਵਾਲਾ ਹੁੰਦਾ ਹੈ ।ਪਰ ਸਿਰਫ ਇਸੇ ਕਰਕੇ ਉਹ ਕੰਮ ਹੋਣੋ ਰਹਿ ਜਾਂਦਾ ਹੈ ,ਜਦੋ ਅਸੀ ਆਪਣੇ ਮੂੰਹ ਚੋ ਦੁਜੇ ਨੂੰ ਖਰ੍ਹਵਾ ਬੋਲ ਦਿੰਦੇ ਹਾਂ।ਜਿੰਦਗੀ ਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ।ਜੋ ਆਪਣੀ ਜੁਬਾਨ ਦੇ ਸਹਾਰੇ ਬਹੁਤ ਕੁੱਝ ਖਟ ਜਾਂਦੇ ਹਨ ਤੇ ਉਹ ਕੰਮ ਵੀ ਕਰਵਾ ਜਾਂਦੇ ਹਨ ਜੋ ਨਾ ਹੋਣ ਵਾਲਾ ਹੁੰਦਾ ਹੈ।ਕਹਿੰਦੇ ਹਨ ਕਿ ਬੰਦੇ ਦੀ ਜਿੰਦਗੀ ਚ ਕਾਮਯਾਬੀ ਲਈ ਬੰਦੇ ਦੀ ਜੁਬਾਨ ਬਹੁਤ ਵੱਡਾ ਰੋਲ ਨਿਭਾਉਂਦੀ ਹੈ।ਮਿੱਠੀ ਜੁਬਾਨ ਦੇ ਆਸਰੇ ਕਈ ਇਨਸਾਨ ਉੱਚੀਆਂ ਬੁਲਸੰਦੀਆਂ ਨੂੰ ਛੂਹ ਜਾਂਦੇ ਹਨ ਤੇ ਵੱਡੀਆ ਵੱਡੀਆ ਪ੍ਰਾਪਤੀਆ ਹਾਸਲ ਕਰ ਲੈਂਦੇ ਹਨ।ਜਦ ਕੇ ਖਰ੍ਹਵਾ ਬੋਲਣ ਵਾਲੇ ਬੰਦੇ ਅਸਫਲ ਰਹਿ ਜਾਂਦੇ ਹਨ।ਇਨਸਾਨ ਦੀ ਜੁਬਾਨ ਉਸਦੀ ਦੀ ਕਾਮਯਾਬੀ ਹੁੰਦੀ ਹੈ।ਇਸੇ ਕਰਕੇ ਸਿਆਣੇ ਕਹਿੰਦੇ ਕੇ ਬੋਲਣ ਤੋ ਪਹਿਲਾ ਇਕ ਵਾਰ ਨਹੀਂ ਸਗੋਂ ਸੋ ਵਾਰ ਸੋਚਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਜੁਬਾਨ ਚੋ ਕੋਈ ਅਜਿਹਾ ਬੋਲ ਨਾ ਬੋਲਿਆ ਜਾਵੇ ਜੋ ਦੂਜੇ ਬੰਦੇ ਨੂੰ ਖਰ੍ਹਵਾ ਜਾ ਚੁਭਵਾਂ ਲੱਗੇ।ਚੁਭਵੀਂ ਭਾਸ਼ਾ ਜਾ ਬੋਲ ਕਈ ਵਾਰ ਮਨੁੱਖੀ ਰਿਸ਼ਤਿਆਂ ਚ ਏਨੀਆਂ ਦੂਰੀਆਂ ਪਾ ਦਿੰਦੇ ਹਨ ਕੇ ਸਾਰੀ ਉਮਰ ਉਹ ਦੂਰੀਆਂ ਮਿਟਦੀਆਂ ਨਹੀਂ।
ਕੌੜਾ ਬੋਲਣ ਵਾਲੇ ਬੰਦੇ ਨੂੰ ਸਾਡੇ ਬਜ਼ੁਰਗ ਅਕਸਰ ਮਾੜੀ ਜੁਬਾਨ ਵਾਲਾ ਕਹਿਕੇ ਕਿ ਨਿੰਦਦੇ ਹੁੰਦੇ ਸਨ।ਜਿਸ ਦੀ ਇਹੀ ਵਜ੍ਹਾ ਹੁੰਦੀ ਸੀ ਕੇ ਮਾੜੀ ਜੁਬਾਨ ਵਾਲੇ ਦੀ ਜੁਬਾਨ ਦਾ ਰਸ ਕੁਸੈਲਾ ਹੁੰਦਾ ਸੀ।ਜੋ ਸਾਹਮਣੇ ਵਾਲੇ ਨੂੰ ਸੂਲ ਵਾਂਗ ਚੁੱਭਦਾ ਸੀ।ਕੁਝ ਲੋਕਾਂ ਦੀ ਇਹ ਵੀ ਧਾਰਨਾ ਹੈ ਕਿ ਬੰਦੇ ਦੀ ਜੁਬਾਨ ਉੱਤੇ 24 ਘੰਟਿਆ ਚ ਇਕ ਵਾਰ ਸਰਸਵਤੀ ਜਰੂਰ ਬਹਿੰਦੀ ਹੈ ।ਇਸ ਲਈ ਬੰਦੇ ਨੂੰ ਹਮੇਸ਼ਾ ਸੋਚ ਕੇ ਬੋਲਣਾ ਚਾਹੀਦਾ ਹੈ ਤੇ ਕਦੇ ਵੀ ਜੁਬਾਨ ਤੋ ਮਾੜੇ ਸ਼ਬਦ ਨਹੀਂ ਕੱਢਣੇ ਚਾਹੀਦੇ।ਕਿਉਂਕਿ ਕਹਿੰਦੇ ਹਨ ਕਿ ਜਦੋ ਬੰਦੇ ਦੀ ਜੁਬਾਨ ਉੱਤੇ ਸਰਸਵਤੀ ਬੈਠੀ ਹੁੰਦੀ ਹੈ ਤਾ ਜੋ ਜੁਬਾਨ ਚੋ ਨਿਕਲਦਾ ਹੈ ਕਈ ਵਾਰ ਉਹ ਸੱਚ ਹੋ ਜਾਂਦਾ ਹੈ।ਇਸੇ ਕਰਕੇ ਵਾਹਯਾਤ ਬੋਲਣ ਵਲਿਆ ਨੂੰ ਬੜਬੋਲਾ ਕਿਹਾ ਜਾਂਦਾ ਹਾਂ।ਜਿੰਦਗੀ ਚ ਤੁਹਾਨੂੰ ਅਕਸਰ ਅਜਿਹੇ ਬੰਦੇ ਟੱਕਰ ਜਾਂਦੇ ਹਨ।ਜੋ ਬਿਨਾ ਮਤਲਬ ਬੋਲੀ ਜਾਣਗੇ।ਤੁਸੀਂ ਉਸ ਤੋਂ ਕੰਨੀ ਕਤਰਾਉਣ ਲੱਗ ਜਾਓਗੇ।ਕਿਉਂਕਿ ਉਨ੍ਹਾਂ ਦੀ ਜੁਬਾਨ ਦਾ ਰਸ ਮਿੱਠਾ ਹੋਣ ਦੀ ਬਜਾਏ ਕੜਵਾ ਹੁੰਦਾ ਤੇ ਕੌੜੀ ਚੀਜ਼ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀ।ਇਸ ਲਈ ਕੌੜਾ ਬੋਲਣ ਤੋ ਹਮੇਸ਼ਾ ਬਚਨਾ ਚਾਹੀਦਾ ਹੈ।
   ਸਿਆਣੇ ਇਹ ਵੀ ਆਖਦੇ ਨੇ ਕਿ ਤੁਹਾਡੀ ਜੁਬਾਨ ਇਨੀ ਮਿੱਠੀ ਤੇ ਸੁਰੀਲੀ ਹੋਣੀ ਚਾਹੀਦੀ ਹੈ ਕੇ ਸਾਹਮਣੇ ਵਾਲਾ ਅਸ਼ ! ਅਸ਼ ! ਕਰ ਉਠੇ।ਇਹ ਵੀ ਸੱਚ ਹੈ ਕਿ ਮਿੱਠੀ ਜੁਬਾਨ ਦਾ ਕੋਈ ਮੁੱਲ ਨਹੀਂ ਹੁੰਦਾ।ਬਲਕੇ ਉਹ ਸਾਹਮਣੇ ਵਾਲੇ ਨੂੰ ਬੰਦੇ ਨੂੰ ਕੀਲਣ ਦੀ ਸਮਰੱਥਾ ਰੱਖਦੀ ਹੈ।ਬਸ਼ਰਤੇ ਤੁਹਾਡੀ ਜੁਬਾਨ ਦਾ ਰਸ ਮਿੱਠਾ ਹੋਏ।ਕਿਉਂਕਿ ਅਗਰ ਤੁਸੀਂ ਜੁਬਾਨ ਤੋ ਕਿਸੇ ਨੂੰ ਮਾੜਾ ਬੋਲੋਗੇ ਤਾ ਨੁਕਸਾਨ ਤੁਹਾਡਾ ਹੀ ਹੋਵੇਗਾ।ਮਾੜਾ ਬੋਲਣ ਨਾਲ ਤੁਹਾਡੀ ਸ਼ਖਸ਼ੀਅਤ ਦਾ ਵੀ ਮਾੜਾ ਪ੍ਰਭਾਵ ਪੈਂਦਾ ਹੈ।ਸਾਹਮਣੇ ਵਾਲਾ ਕਹੇਗਾ ਕੇ ਬੰਦੇ ਨੂੰ ਬੋਲਣ ਦਾ ਨਹੀਂ ਪਤਾ।ਇੱਥੇ ਮੈਨੂੰ ਇਕ ਪੰਜਾਬੀ ਗਾਣੇ ਦੀਆਂ ਸਤਰਾਂ ਯਾਦ ਆਈਆਂ ਹਨ ਜੋ ਕੁਝ ਇਸ ਤਰਾਂ ਹਨ,” ਤੈਨੂੰ ਮਾਹੀ ਰੱਖਣੇ ਦਾ ਚੱਜ ਨਹੀਂ ਬੋਲ ਕਿ ਵਿਗਾੜ ਲੈਦੀ ਐਂ “।ਇਹ ਸਤਰਾਂ ਸਾਡੀ ਜੁਬਾਨ ਦੇ ਰਸ ਬਾਰੇ ਹੀ ਚਰਚਾ ਕਰਦੀਆਂ ਨਜ਼ਰ ਆਉਂਦੀਆਂ ਹਨ।ਅਗਰ ਜੁਬਾਨ ਦਾ ਰਸ ਮਿੱਠਾ ਹੈ ਤਾ ਅਗਲਾ ਕਹੇਗਾ ਕਿ ਕਿੰਨਾ ਮਿੱਠਾ ਤੇ ਵਧਿਆ ਬੋਲਦੈ।ਉਹ ਬੰਦਾ ਮੱਲੋਮਲੀ ਤੁਹਾਡੇ ਵਲ ਖਿੱਚਿਆ ਜਾਵੇਗਾ ਤੇ ਤੁਹਾਡਾ ਮੁਰੀਦ ਬਣ ਜਾਵੇਗਾ।ਜਦੋ ਕੋਈ ਸੋਹਣਾ ਬੋਲਦਾ ਹੈ ਤਾ ਅਸੀ ਅਕਸਰ ਆਖਦੇ ਹਾਂ ਕਿ ਉਸ ਨੂੰ ਬੋਲਣ ਦਾ ਕਿੰਨਾ ਤਰੀਕਾ ਤੇ ਸਲੀਕਾ ਹੈ।ਇਸੇ ਲਈ ਬੋਲਣ ਤੋ ਪਹਿਲਾਂ ਇਕ ਵਾਰ ਨਹੀਂ ਸੌ ਵਾਰ ਸੋਚ ਕੇ ਬੋਲੋ,ਵਰਨਾ ਨਾ ਬੋਲੋ ।ਸੋ ਸੋਚ ਸਮਝ ਕੇ ਬੋਲਿਆ ਸ਼ਬਦ ਜਾ ਗੱਲ ਸਾਹਮਣੇ ਵਾਲੇ ਕੋਲ ਤੁਹਾਡਾ ਵਜਣ ਵਧਾਉਂਦੀ ਹੈ।ਤੁਹਾਡੀ ਸ਼ਖਸ਼ੀਅਤ ਦੇ ਚੰਗੇ ਪੱਖ ਨੂੰ ਨਿਖਾਰਦੀ ਹੈ। ਇਹ ਕਹਾਵਤ ਇਸੇ ਕਰਕੇ ਬਣੀ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ।ਏਸ ਵਾਸਤੇ ਜੋ ਵੀ ਬੋਲੋ ਜਿੱਥੇ ਵੀ ਬੋਲੋ ਸੋਚ ਸਮਝ ਕਿ ਬੋਲੋ।ਉਹ ਚਾਹੇ ਤੁਹਾਡਾ ਘਰ ਹੋਵੇ ਜਾ ਦਫ਼ਤਰ ,ਤੁਹਾਡੇ ਯਾਰ ਦੋਸਤ ਹੋਣ ਜਾਂ ਕੋਈ ਮੀਟਿੰਗ।ਇਸ ਵਾਸਤੇ ਜਦੋ ਵੀ ਬੋਲੋ ਸੋਚ ਸਮਝ ਕਿ ਬੋਲੋ।ਤੁਹਾਡੀ ਜੁਬਾਨ ਚੋ ਨਿਕਲਣ ਵਾਲਾ ਇਕ ਇਕ ਸ਼ਬਦ ਸੋਨੇ ਵਰਗਾ ਖਰਾ ਤੇ ਵਜ਼ਨਦਾਰ ਹੋਣਾ ਚਾਹੀਦਾ ਹੈ।ਮਿੱਠੀ ਜੁਬਾਨ ਵਾਲੇ ਦੀ ਹਰ ਕੋਈ ਪ੍ਰਸ਼ੰਸ਼ਾ ਕਰਦਾ ਹੈ।ਇਸ ਲਈ ਹਮੇਸ਼ਾ ਮਿੱਠਾ ਬੋਲੋ।ਕਿਸੇ ਨੂੰ ਵੀ ਚੁਭਵੇਂ ਬੋਲ ਨਾ ਬੋਲੋ।ਤਾਹੀਓਂ ਆਖਿਆ ਜਾਂਦਾ,”ਮੰਦਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ।”
———
ਅਜੀਤ ਖੰਨਾ 
(ਲੈਕਚਰਾਰ)
ਮੋਬਾਈਲ :85448-54669 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਈ ਟੀ ਟੀ ਅਧਿਆਪਕ ਯੂਨੀਅਨ 2364 ਅਤੇ 5994 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੇ ਐਲਾਨੇ ਸੰਘਰਸ਼ ਦੀ ਹਮਾਇਤ ਕਰੇਗੀ — ਰਸ਼ਪਾਲ ਵੜੈਚ
Next articleਕਿਉਂ ਮਨਾਇਆ ਜਾਂਦਾ 5 ਸਤੰਬਰ ਨੂੰ ਅਧਿਆਪਕ ਦਿਵਸ ?