ਸਵਰਗ ਵਾਸੀ

ਅਮਨ ਜੱਖਲਾਂ

(ਸਮਾਜ ਵੀਕਲੀ)

ਸੰਸਾਰ ਸੱਭਿਆਤਾਵਾਂ ਦਾ ਗਠਜੋੜ ਹੈ। ਅਨੇਕਾਂ ਖਿੱਤਿਆਂ, ਬੋਲੀਆਂ, ਕਦਰਾਂ ਕੀਮਤਾਂ ਦਾ ਸੁਮੇਲ ਹੈ ਜੋ ਨਿਰੰਤਰ ਗਤੀਮਾਨ ਹੈ। ਜਿਉਣਾ ਮਰਨਾ ਇਸ ਗਤੀ ਦਾ ਪ੍ਰਮੁੱਖ ਹਿੱਸਾ ਹੈ। ਹੋਰ ਜਿਉਣ ਦੀ ਤਾਂਘ ਮਨੁੱਖ ਨੂੰ ਲੜੀਬੱਧ ਕੰਮਾਂ ਵਿੱਚ ਬੰਨੀ ਰੱਖਦੀ ਹੈ। “ਮੌਤ ਅੰਤਿਮ ਸੱਚ” ਦੀਆਂ ਤਕਰੀਰਾਂ ਬੋਲਦਾ ਵੀ ਮਨੁੱਖ ਹਮੇਸ਼ਾਂ ਜਿਉਣ ਬਾਰੇ ਹੀ ਸੋਚਦਾ ਹੈ। ਉਸ ਨੂੰ ਮੌਤ ਤੋਂ ਬਾਅਦ ਵੀ ਕਿਸੇ ਜੀਵਨ ਦੀ ਲਾਲਸਾ ਹੈ। ਇਸੇ ਕਰਕੇ ਉਹ ਸਵਰਗ ਵਿੱਚ ਵੀ ਕਿਸੇ ਅਨੰਦਮਈ ਜੀਵਨ ਨੂੰ ਮਾਣਨਾ ਚਾਹੁੰਦਾ ਹੈ। ਇਸ ਲਾਲਸਾ ਦਾ ਮੂਲ ਕਾਰਨ ਇਹ ਬਿਲਕੁਲ ਨਹੀਂ ਹੈ ਕਿ ਉਹ ਅਧਿਆਤਮਵਾਦ ਕਰਕੇ ਪੁੰਨ ਕਰਮ ਵਿਸਵਾਸ਼ੀ ਹੈ ਬਲਕਿ ਅਜਿਹਾ ਕਰਨ ਨਾਲ ਉਸਨੂੰ ਅਨੰਦਮਈ ਜੀਵਨ ਦੀ ਟਿਕਟ ਮਿਲੇਗੀ ਜਿੱਥੇ ਉਸ ਲਈ ਹਰ ਤਰ੍ਹਾਂ ਦੀ ਸੁਵਿਧਾ ਹੋਏਗੀ।

ਸਵਰਗ ਦੀ ਉਦਾਹਰਣ ਵੀ ਸਮੇਂ ਸਮੇਂ ਨਾਲ ਬਦਲਦੀ ਰਹੀ ਹੈ। ਭਲਾ ਐਸੇ ਸਵਰਗ ਦੀ ਕਾਮਨਾ ਕਿਸਨੂੰ ਹੋਏਗੀ ਜਿੱਥੇ ਚਾਰੇ ਪਾਸੇ ਭਜਨ ਚੱਲਦੇ ਹੋਣ ਅਤੇ ਚਿੱਟੇ ਕੱਪੜਿਆਂ ਵਿੱਚ ਬੈਠ ਕੇ ਸਿਮਰਨ ਕਰਨਾ ਪਵੇ, ਕੌਣ ਲੋਚਦਾ ਹੈ ਐਸਾ ਜੀਵਨ? ਐਸਾ ਜੀਵਨ ਤਾਂ ਸਾਨੂੰ ਇੱਥੇ ਨਹੀਂ ਪਸੰਦ, ਜੇਕਰ ਸਵਰਗ ਵਿੱਚ ਪਹੁੰਚਣ ਤੇ ਵੀ ਇਹੋ ਕੁਝ ਸਹਿਣਾ ਪਵੇਗਾ ਫਿਰ ਕੌਣ ਜਾਣਾ ਚਾਹੇਗਾ ਐਸੀ ਥਾਂ? ਸਾਡੇ ਲਈ ਤਾਂ ਸਵਰਗ ਉਹ ਹੈ ਜਿੱਥੇ ਐਪਲ ਦੇ ਮੋਬਾਇਲ ਵਿੱਚ 5 ਜੀ ਦੀ ਗਤੀ ‘ਤੇ ਅਨਲਿਮਿਟੇਡ ਇੰਟਰਨੈੱਟ ਹੋਵੇ। ਜਿੱਥੇ ਅਸੀਂ ਚਾਰ ਕੜਿਆਂ ਵਾਲੀ ਗੱਡੀ ਵਿੱਚ ਬੈਠ ਕੇ ਮਨ ਚਾਹੀਆਂ ਥਾਵਾਂ ਤੇ ਘੁੰਮੀਏ, ਵੱਡੇ ਵੱਡੇ ਮਾਲਾਂ ਤੋਂ ਜੋ ਚਾਹੇ ਖਰੀਦੀਏ, ਪਹਿਨੀਏ।

ਮਨੁੱਖ ਦੀਆਂ ਖਵਾਹਿਸ਼ਾਂ ਦੀ ਸੂਚੀ ਐਨੀ ਵੱਡੀ ਹੈ, ਜਿਨ੍ਹਾਂ ਨੂੰ ਪੂਰੀਆਂ ਕਰਨ ਲਈ ਇਹ ਜੀਵਨ ਉਸਨੂੰ ਛੋਟਾ ਜਾਪਦਾ ਹੈ। ਇਸੇ ਕਰਕੇ ਉਸ ਦੀ ਲਾਲਸਾ ਵਿੱਚੋਂ ਉਪਜੀ ਕਿਸੇ ਖਿਆਲੀ ਦੁਨੀਆਂ ਨੂੰ ਉਸਨੇ ਸਵਰਗ ਦਾ ਨਾਂ ਦੇ ਦਿੱਤਾ। ਪਰ ਅਣਹੋਣੀ ਉਸ ਸਮੇਂ ਵਾਪਰੀ ਜਦੋਂ ਮਨੁੱਖ ਖਿਆਲੀ ਦੁਨੀਆਂ ਦੇ ਸਵਰਗ ਦੀ ਭਾਲ ਵਿੱਚ, ਇਸ ਦੁਨੀਆਂ ਨੂੰ ਨਰਕ ਦਾ ਰੂਪ ਦੇ ਬੈਠਾ, ਜਿਸ ਦੀ ਬੜੀ ਵੱਡੀ ਕੀਮਤ ਆਉਣ ਵਾਲੀਆਂ ਪੀੜੀਆਂ ਨੂੰ ਚੁਕਾਉਣੀ ਪਵੇਗੀ…

ਅਮਨ ਜੱਖਲਾਂ
ਨਹਿਰੂ ਯੁਵਾ ਕੇਂਦਰ ਸੰਗਰੂਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਤੇਰਾ ਕੀ ਮੇਰਾ
Next articleਨਫ਼ਰਤ