(ਸਮਾਜ ਵੀਕਲੀ)
ਅੱਜ ਦਾ ਦਿਨ ਸਮਰਪਣ ਹੈ,
‘ਮਾਂ’ਦੀ ਅਜ਼ਮਤ, ਵਡੱਤਣ ਤੇ ਮਹਾਨਤਾ ਨੂੰ,ਉਹ ਦੀ ਮਹਿਮਾ ਨੂੰ।
ਅਸੀਂ ਸੰਸਾਰ ਦੀਆਂ ਸਤਿਕਾਰਯੋਗ ਮਾਤਾਵਾਂ ਨੂੰ
ਨਮਸਕਾਰ ਕਰਦੇ ਹਾਂ,ਪ੍ਰਨਾਮ ਕਰਦੇ ਹਾਂ।
ਅੱਜ ਦੇ ਦਿਹਾੜੇ,
ਕਰਮਾਂ ਵਾਲੀਆਂ ਨੇ ਉੁਹ ਮਾਵਾਂ,
ਜੋ ਵਿਸ਼ੇਸ਼ ਮਾਣ ਸਨਮਾਨ ਨਾਲ ਨਿਵਾਜੀਆਂ ਜਾਂਦੀਆਂ ਨੇ
ਆਪਣੇ ਸਨੇਹੀਆਂ ਤੋਂ.,ਆਪਣੀ ਸੰਤਾਨ ਤੋਂ,
ਜਿਸ ਦੀ ਜਣਨ ਸਮਰੱਥਾ ਸਦਕਾ,
ਉਹ ਜੀਵਨ ਹੋਂਦ ਦਾ ਅਨੰਦ ਮਾਨ ਦੀਆਂ ਨੇ।
ਅੱਜ ਦੇ ਦਿਹਾੜੇ ਹੀ,ਕੁੱਝ ਅਭਾਗਣ ਮਾਵਾਂ-
ਆਪਣੇ ਮਨ ਦੇ ਹਨੇਰੇ ਦੀ ਕਿਸੇ ਨੁੱਕਰੇ
ਆਪਣੀਆਂ ਡੁੱਬ ਦਬਾਉਂਦੀਆਂ ਅੱਖਾਂ ‘ਚ
ਨਾਉਮੀਦੀ ਦੇ ਤੈਰਦੇ ਸੁਪਨਿਆਂ ਨੂੰ ਲੈ ਕੇ
ਆਪਣੇ ਬਚਿਆਂ ਦੇ,
ਦੋ ਮਿੱਠੇ ਬੋਲ ਸੁਣਨ ਦੀ ਉਡੀਕ ‘ਚ
ਤਰਸ ਦੀਆ ਰਹਿੰਦੀਆਂ ਨੇ।
ਅਜਿਹੇ ਅਣਕਿਆਸੇ ਦੁੱਖ ਦੀ ਤਾਂਘ
ਉਨ੍ਹਾਂ ਦੇ ਦਿਲ ਹੀ ਜਾਣਦੇ ਨੇ
ਜਦ ‘ਮਾਂ-ਦਿਵਸ’
ਬਿਨਾਂ ਕਿਸੇ ਪਾਸੀਓ ਸੁੱਖ ਸਨੇਹਾਂ ਆਏ ਬੀਤ ਜਾਂਦਾ
ਤੇ ਦੁੱਖਾਂ ਦੀ ਇੱਕ ਹੋਰ ਪਰਤ ਪੱਲੇ ਪਾ ਜਾਂਦਾ।
ਮਾਂ ਦਾ ਰੁਤਬਾ-
ਮਹਾਨ,ਵਿਸ਼ਾਲ,ਧਰਤ ਹੁੰਦਾ।
ਜਿਸ ਦੇ ਨਿੱਜਤਵ ਨੂੰ ਕਿਸੇ ਚੀਜ਼ ਦੀ ਲੋੜ ਨਹੀਂ।
ਉਹ ਤੇ ਸਦਾ ਸਭ ਦੀਆਂ ਸੁੱਖਾਂ ਹੀ ਮੰਗਦੀ ਹੈ,ਖੈਰਾ ਲੋਚਦੀ ਹੈ।
ਉਹ ਤਾਂ ਕਦੇ ਵੀ ਨਿਰਮੋਹੀ ਨਹੀਂ ਹੁੰਦੀ।
ਹਿਰਦਾ ਕਦੇ ਮੋਹ ਤੋ ਅਭਿੱਜ ਨਹੀਂ ਹੁੰਦਾ।
ਭਾਵੇਂ ਉਹ ਦੀ ਜੀਵਨ-ਫ਼ਸਲ ‘ਚ ਕਦੇ ਕਦਾਈਂ
‘ਕਾਂ-ਅੰਗਿਆਰੀ’ ਹੀ ਕਿਉਂ ਨਾ ਉੱਗ ਪਵੇ-ਜਨਮ ਲਵੇ?
ਵਿਸ਼ਵ ਦੀਆਂ ਮਾਤਾਵਾਂ ਨੂੰ,
ਸੁੱਚੀਆਂ ਆਤਮਾਵਾਂ ਨੂੰ,
ਸੰਸਾਰ ਭਰ ‘ਚ ਵਿਚਰਦੇ
ਉਨ੍ਹਾਂ ਦੇ ਅਣਗਿਣਤ ਧੀਆਂ-ਪੁੱਤਰ,
ਉਨ੍ਹਾਂ ਨੂੰ ਨਮਸਕਾਰ ਕਰਦੇ ਨੇ,
ਪਾਵਨ ਚਰਨਾਂ ਤੇ ਨਤਮਸਤਕ ਹੋਕੇ-
ਆਪਣੇ ਸੀਸ ਉਨ੍ਹਾਂ ਦੇ ਚਰਨਾਂ ਤੇ ਧਰ ਅਸੀਸਾਂ ਮੰਗਦੇ ਨੇ,
ਆਪਣੇ ਆਪਣੇ ਪਰਵਾਰਾਂ ਲਈ,
ਸੰਪੂਰਨ ਮਾਨਵਜਾਤੀ ਦੇ ਭਲੇ ਲਈ।
ਹਾਂ,ਇੱਕ ਨਿਮਰ ਬੇਨਤੀ ਹੈ,
ਉਨ੍ਹਾਂ ਸਾਰੀਆਂ ‘ਕਾਂ-ਅੰਗਿਆਰੀਆਂ’ ਨੂੰ
ਅੱਜ ਮਾਂ-ਦਿਵਸ ‘ਤੇ
ਕਾਸ਼! ਉਹ ਵੀ ਬਣ ਜਾਣ,
ਆਪਣੀ ਆਪਣੀ ਮਾਤਾਵਾਂ ਦੀਆਂ-
ਸੱਚ ਤੇ ਸੁੱਚ ਦੀਆਂ ਮੂਰਤਾਂ,
ਆਗਿਆਕਾਰੀ ਸੰਤਾਨ।
ਅਤੇ ਗੌਰਵ ਨਾਲ ਕਹਿਣ, ‘ਮਾਂ-ਦਿਵਸ’ ਮਹਾਨ!
ਮੇਰੀ ਮਾਂ -ਮਹਾਂ ਮਹਾਨ!!
ਸੁਰਜੀਤ ਸਿੰਘ ਭੁੱਲਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly