(ਸਮਾਜ ਵੀਕਲੀ)
21 ਫਰਵਰੀ —ਮਾਤ ਭਾਸ਼ਾ ਦਿਵਸ *ਤੇ ਵਿਸ਼ੇਸ਼
ਦੁਨੀਆਂ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾ ਦਾ ਮੰਨਣਾ ਹੈ ਕਿ ਬੱਚੇ ਦੇ ਸ਼ੁਰੂਆਤੀ ਵਿਕਾਸ ਅਤੇ ਸਿੱਖਣ ਦੀ ਪ੍ਰਵਿਰਤੀ ਘਰ ਵਿਚ ਬੋਲੀ ਜਾਣ ਵਾਲੀ ਭਾਸ਼ਾ ਨਾਲ ਹੀ ਵਿਕਸਤ ਹੁੰਦੀ ਹੈ। ਨਹੀਂ ਤਾਂ ਉਨ੍ਹਾਂ ਦਾ ਬਹੁਤਾ ਸਮਾਂ ਮਾਤ ਭਾਸ਼ਾ ਅਤੇ ਸਿੱਖਿਆ ਗ੍ਰਹਿਣ ਕਰਨ ਲਈ ਵਰਤੀ ਜਾਣ ਵਾਲੀ ਭਾਸ਼ਾ ਵਿਚਲੇ ਫਰਕ ਨੂੰ ਸਮਝਣ *ਚ ਹੀ ਬੀਤ ਜਾਂਦਾ ਹੈ। ਇਸ ਸਬੰਧੀ ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ — ਮਾਂ ਬੋਲੀ ਦੀ ਥਾਂ ਹੋਰ ਕੌਈ ਭਾਸ਼ਾ ਨਹੀਂ ਲੈ ਸਕਦੀ। ਗਾਂਧੀ ਜੀ ਲਿਖਦੇ ਹਨ ਕਿ ਮੇਰਾ ਇਹ ਵਿਸ਼ਵਾਸ ਹੈ ਕਿ ਜਿਸ ਕੌਮ ਦੇ ਬੱਚੇ ਆਪਣੀ ਮਾਂ—ਬੋਲੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿਚ ਸਿੱਖਿਆ ਪ੍ਰਾਪਤ ਕਰਦੇ ਹਨ, ਉਹ ਆਤਮ ਹੱਤਿਆ ਕਰਨ ਦੇ ਵਾਂਗ ਹੀ ਹੈ।ਇਹ ਉਹਨਾਂ ਨੂੰ ਉਨ੍ਹਾਂ ਦੇ ਜਨਮ ਸਿੱਧ ਅਧਿਕਾਰ ਤੋਂ ਵਾਂਝਾ ਕਰ ਦਿੰਦਾ ਹੈ, ਉਨ੍ਹਾਂ ਦੀ ਮੌਲਿਕਤਾ ਨੂੰ ਨਸ਼ਟ ਕਰ ਦਿੰਦਾ ਹੈ, ਇਸ ਨਾਲ ਉਨ੍ਹਾਂ ਦਾ ਵਿਕਾਸ ਰੁੱਕ ਜਾਂਦਾ ਹੈ। ਇਸ ਲਈ ਮੈਂ ਇਸ ਨੂੰ ਪਹਿਲੇ ਦਰਜ਼ੇ ਦਾ ਰਾਸ਼ਟਰੀ ਸੰਕਟ ਮੰਨਦਾ ਹਾਂ।
ਇਹ ਵਿਸ਼ਵਿਆਪੀ ਵਿਵਾਦ ਹੈ ਕਿ ਮਾਤ ਭਾਸ਼ਾ ਤੋਂ ਬਿਨਾਂ ਕਿਸੇ ਵੀ ਦੇਸ਼ ਦੇ ਸੱਭਿਆਚਾਰ ਦੀ ਕਲਪਨਾ ਕਰਨਾ ਵਿਅਰਥਾ ਹੈ। ਮਾਤ ਭਾਸ਼ਾ ਸਾਨੂੰ ਕੌਮੀਅਤ ਨਾਲ ਜੋੜਦੀ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੀ ਹੈ। ਮਾਂ ਦੀ ਗੋਦ ਵਿਚ ਪਲਣ ਵਾਲੀ ਭਾਸ਼ਾ ਹੀ ਬੱਚੇ ਦੇ ਮਾਨਸਿਕ ਵਿਕਾਸ ਲਈ ਪਹਿਲਾ ਸ਼ਬਦ ਸੰਚਾਰ ਦਿੰਦੀ ਹੈ।ਇਸੇ ਰਾਹੀਂ ਹੀ ਮਨੁੱਖ ਸੋਚਦਾ, ਸਮਝਦਾ ਅਤੇ ਵਿਵਹਾਰ ਕਰਦਾ ਹੈ।ਇਸੇ ਲਈ ਮਾਤ ਭਾਸ਼ਾ ਵਿਚ ਮੁੱਢਲੀ ਸਿੱਖਿਆ ਹਾਸਲ ਕਰਨਾ ਵੀ ਬੱਚੇ ਦਾ ਕੁਦਰਤੀ ਅਧਿਕਾਰ ਹੈ। ਜਿੱਥੇ ਬੱਚਾ ਆਪਣਾ ਬਚਪਨ ਬਿਤਾਉਂਦਾ ਹੈ, ਜਿਸ ਮਾਹੌਲ ਵਿਚ ਉਹ ਬਣਿਆ ਹੈ, ਉਹ ਭਾਸ਼ਾ ਜਿਸ ਰਾਹੀਂ ਉਹ ਹੋਰ ਭਾਸ਼ਾਂਵਾਂ ਸਿੱਖ ਰਿਹਾ ਹੈ, ਜਿੱਥੇ ਉਸਦਾ ਵਿਕਾਸ ਹੋ ਰਿਹਾ ਹੈ, ਉਸ ਮਹੱਤਵਪੂਰਨ ਪਹਿਲੂ ਨੂੰ ਨਜ਼ਰਅੰਦਾਜ ਨਹੀਂ ਕੀਤੀ ਜਾ ਸਕਦਾ।ਸਿੱਖਿਆ ਬੱਚਿਆਂ ਦਾ ਸੰਵਿਧਾਨਕ ਅਧਿਕਾਰ ਹੈ, ਅਜਿਹੇ ਵਿਚ ਇਹ ਅਧਿਕਾਰ ਆਪਣੇ ਆਪ ਹੀ ਮਾਂ ਬੋਲੀ ਨਾਲ ਜੁੜ ਜਾਂਦਾ ਹੈ।
ਬੱਚੇ ਨੂੰ ਆਪਣੀ ਭਾਸ਼ਾ ਵਿਚ ਸਿੱਖਿਆ ਹਾਸਲ ਕਰਨ ਦਾ ਹੱਕ ਹੈ। ਉਸ *ਤੇ ਜ਼ਬਰਦਸਤੀ ਦੂਜੀ ਭਾਸ਼ਾ ਥੋਪਣਾ, ਉਸ ਦੇ ਕੁਦਰਤੀ ਵਿਕਾਸ ਨੂੰ ਰੋਕਣਾ ਅਤੇ ਉਸ ਦੇ ਅਧਿਕਾਰਾਂ ਦੀ ਉਲੰਘਣਾ ਹੈ। ਮਾਤ ਭਾਸ਼ਾ ਸਿੱਖਣ ,ਸਮਝਣ ਅਤੇ ਗਿਆਨ ਹਾਸਲ ਕਰਨ ਲਈ ਬਹੁਤ ਸੌਖਾ ਜ਼ਰੀਆ ਹੈ। ਸਾਬਕਾ ਰਾਸ਼ਟਰਪਤੀ ਡਾ ਏ ਪੀ ਜੀ ਅਬਦੁਲ ਕਲਾਮ ਨੇ ਆਪਣੇ ਤਜ਼ੁਰਬੇ ਦੇ ਅਧਾਰ *ਤੇ ਕਿਹਾ ਸੀ ਕਿ — ਮੈਂ ਇਕ ਚੰਗਾ ਵਿਗਿਆਨੀ ਬਣਿਆ ਕਿਉਂਕਿ ਮੈਂ ਵਿਗਿਆਨ ਅਤੇ ਗਣਿਤ ਦੀ ਸਿੱਖਿਆ ਆਪਣੀ ਮਾਤ ਭਾਸ਼ਾ ਵਿਚ ਹਾਸਲ ਕੀਤੀ। ਵਿਸ਼ਵ ਕਵੀ ਰਬਿੰਦਰਨਾਥ ਟੈਗੋਰ ਨੇ ਕਿਹਾ ਹੈ —ਜੇਕਰ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਮਾਂ—ਬੋਲੀ ਰਾਹੀਂ ਪੜ੍ਹਾਉਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਆਦਾਤਰ ਬੱਚੇ ਸਕੂਲ ਛੱਡ ਦਿੰਦੇ ਹਨ ਕਿੁਉਂਕਿ ਪੜ੍ਹਾਈ ਦਾ ਮਾਧਿਅਮ ਘਰ ਵਿਚ ਬੋਲੀ ਜਾਣ ਵਾਲੀ ਭਾਸ਼ਾ ਨਹੀਂ ਹੈ।
ਦੁਨੀਆਂ ਦੇ ਹੋਰਨਾ ਮੁਲਕਾਂ ਵਿਚ ਮਾਂ—ਬੋਲੀ ਦਾ ਕੀ ਰੁਤਬਾ ਹੈ ,ਇਸ ਦਾ ਵਿਚਾਰਧਾਰਕ ਅਤੇ ਅਮਲੀ ਵਿਸ਼ਲੇਸ਼ਣ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਵੱਖ —ਵੱਖ ਕੌਮਾਂ ਦੀ ਖੁਸ਼ਹਾਲੀ ਅਤੇ ਸਵੈ —ਮਾਣ ਦੀਆਂ ਜੜ੍ਹਾਂ ਮਾ ਬੋਲੀ ਨਾਲ ਹੀ ਸਿੰਜੀਆਂ ਜਾ ਰਹੀਆਂ ਹਨ। ਮਾਂ ਬੋਲੀ ਕੌਮ ਦੀ ਸਮਰੱਥਾ ਆਤੇ ਕੌਮ ਦੀ ਬੌਧਿਕਤਾ ਨੂੰ ਨਿਖਾਰਦੀ ਹੈ।
ਮੌਜੂਦਾ ਭਾਰਤੀ ਵਿਦਿੱਅਕ ਸਰੋਕਾਰਾਂ *ਤੇ ਨਜਰ ਮਾਰੀਏ ਤਾਂ ਜੋ ਤੱਥ ਸਾਹਮਣੇ ਆਉਂਦੇ ਹਨ ਉਹ ਮੰਦਭਾਗੇ ਅਤੇ ਚਿੰਤਾਜਨਕ ਹਨ। ਅੰਗੇ੍ਰਜੀ ਮਾਧਿਅਮ ਰਾਹੀਂ ਬੱਚਿਆਂ ਨੂੰ ਮਾਤ ਭਾਸ਼ਾ ਤੋਂ ਦੂਰ ਰੱਖਣ ਦਾ ਮੁਕਾਬਲਾ ਪ੍ਰਾਈਮਰੀ ਪੱਧਰ ਤੋਂ ਹੀ ਸ਼ੁਰੂ ਹੋ ਗਿਆ ਹੈ। ਲੋਕ ਬੋਲੀਆਂ ਅਤੇ ਰਾਸ਼ਟਰੀ ਭਾਸ਼ਾਵਾਂ ਦੇ ਸੋਮੇ ਸੁੱਕ ਰਹੇ ਹਨ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਭਾਸ਼ਾ ਅਤੇ ਸੱਭਿਆਚਾਰ ਤੋਂ ਮੂੰਹ ਮੋੜ ਰਹੀਆਂ ਹਨ।
ਬਹੁਤੇ ਬੱਚਿਆਂ ਦਾ ਬਚਪਨ ਪਦਾਰਥਵਾਦ ਅਤੇ ਅੰਗੇੇ੍ਰਜੀ ਮਾਨਸਿਕਤਾ ਦੀ ਅੰਨ੍ਹੀ ਦੌੜ ਵਿਚ ਚੂਰ ਚੂਰ ਹੋ ਜਾਂਦਾ ਹੈ। ਆਪਣੇ ਵਿਦਿਅੱਕ ਜੀਵਨ ਦੇ ਪਹਿਲੇ ਪੜਾਅ ਵਿਚ ਮਾਸੂਮ ਬੱਚਾ ਸਕੂਲ ਵਿਚ ਅੰਗੇ੍ਰਜੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਸੁਣਦਾ ਹੈ ਅਤੇ ਪਰਿਵਾਰ—ਸਮਾਜ ਵਿਚ ਮਾਂ ਬੋਲੀ ਵਿਚ ਸੰਚਾਰ ਕਰਦਾ ਹੈ। ਇਸ ਦੇ ਕੁਦਰਤੀ ਪ੍ਰਗਟਾਵੇ ਲਈ ਉੋਸਦੇ ਮਾਨਸਿਕ ਸੰਘਰਸ਼ ਸਿਰਫ ਭਾਸ਼ਾਈ ਅਨੁਵਾਦ ਤੱਕ ਸੀਮਤ ਹਨ।ਅਜਿਹਾ ਹੋਣ ਕਾਰਨ ਇਕ ਤਰ੍ਹਾਂ ਨਾਲ ਉਹ ਆਪਣੇ ਆਪ ਨੂੰ ਨਕਲੀ ਵਾਤਾਵਰਨ ਵਿਚ ਸਿੱਖਣ ਵੱਲ ਜਾਣ ਦੇ ਨਾਲ ਨਾਲ ਮਹੱਤਵਪੂਰਨ ਪਲਾਂ ਅਤੇ ਜਿੰਦਗੀ ਜਿਉਣ ਦੇ ਅਹਿਮ ਸਬਕਾਂ ਨੂੰ ਗੁਆ ਲੈਂਦਾ ਹੈ।
ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਭਵਿੱਖ ਦੇ ਨਾਗਰਿਕ ਸਿਰਜਣ ਦੇ ਦ੍ਰਿਸ਼ਟੀਕੋਣ ਤੋਂ ਇਹ ਹਲਾਤ ਵਿਦਿਆਰਥੀਆਂ ਲਈ ਕਿੰਨੇ ਭਿਆਨਕ ਹਨ। ਇਹ ਇਕ ਅਜਿਹੀ ਉਲਝਣ ਹੈ ਜੋ ਬੱਚੇ ਦੀ ਸਖਸ਼ੀਅਤ ਦੇ ਵਿਕਾਸ ਅਤੇ ਰਾਸ਼ਟਰੀ ਤਰੱਕੀ ਵਿਚ ਰੁਕਾਵਟ ਬਣ ਕੇ ਮੌਜੂਦ ਰਹੀ ਹੈ।
ਵਿਸ਼ਵੀਕਰਨ ਦੀ ਦੌੜ ਵਿਚ ਇਸ ਭੰਬਲਭੂਸੇ ਨੇ ਵਿਦੇਸ਼ੀ ਭਾਸ਼ਾ ਨੂੰ ਮਾਣ ਸਨਮਾਨ ਦਾ ਸੂਚਕ ਬਣਾ ਦਿੱਤਾ ਹੈ, ਜਦਕਿ ਮਾਂ ਬੋਲੀ ਦਾ ਨਿਰਾਦਰ ਕਰਦਿਆਂ ਭਾਸ਼ਾਈ ਭਰਮ ਨੂੰ ਸੱਚ ਸਮਝ ਲਿਆ ਗਿਆ ਹੈ। ।ਇਹ ਕੂੜ ਪ੍ਰਚਾਰ ਨਾ ਸਿਰਫ ਕੌਮੀ ਸੱਭਿਆਚਾਰ ਦੇ ਪਤਨ ਦੀ ਸ਼ੁਰੂਆਤ ਹੈ, ਸਗੋਂ ਵਿਗਿਆਨਕ ਸੋਚ ਦੀ ਥਾਂ ਅੰਨ੍ਹੀ ਨਕਲ ਨੇ ਲੈ ਲਈ ਹੈ।ਸਾਡੀ ਭਾਸ਼ਾ ਪ੍ਰਤੀ ਹੀਣਤਾ ਨੇ ਭਾਸ਼ਾਈ ਬਸਤੀਵਾਦ ਨੂੰ ਜਨਮ ਦਿੱਤਾ ਹੈ। ਇਸ ਲਈ ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਕਿਸੇ ਵੀ ਕੌਮ ਦੀ ਤਰੱਕੀ ਅਤੇ ਵਿਕਾਸ ਦਾ ਸਰੋਤ ਸਿਰਫ ਪੂੰਜੀ ਅਤੇ ਤਕਨੀਕ ਨਹੀਂ, ਸਗੋਂ ਉਸ ਕੌਮ ਦੀ ਦ੍ਰਿੜ ਸ਼ਕਤੀ ਹੁੰਦੀ ਹੈ ਅਤੇ ਇਹ ਮਾਂ ਬੋਲੀ ਵਿਚੋਂ ਪੈਦਾ ਹੁੰਦੀ ਹੈ।135 ਕਰੋੜ ਤੋਂ ਵਧ ਦੀ ਅਬਾਦੀ ਵਾਲਾ ਆਧੁਨਿਕ ਭਾਰਤ ਬੇਮਿਸਾਲ ਸਾਹਿਤ, ਵਿਗਿਆਨਕ ਸੋਚ, ਅਮੀਰ ਵਿਰਸੇ ਅਤੇ ਵੱਡੀ ਸੋਚ *ਤੇ ਅਧਾਰਤ ਸੱਭਿਆਚਾਰ ਨਾਲ ਸੰਪਨ ਹੈ, ਪਰ ਮਾਤ ਭਾਸ਼ਾ ਵਿਚ ਅਧਿਐਨ ਅਤੇ ਖੋਜ਼ ਦੇ ਮਾਮਲੇ ਵਿਚ ਸਭ ਤੋਂ ਪਿਛੜਿਆ ਹੋਇਆ ਹੈ।
ਫਿਰ ਵੀ ਭਾਰਤੀ ਭਾਸ਼ਾਵਾਂ ਦੇ ਬਜਾਏ ਵਿਦੇਸ਼ੀ ਭਾਸ਼ਾ ਅੰਗੇ੍ਰਜ਼ੀ ਨਾਲ ਐਨਾ ਮੋਹ ਹੋਣਾ ਚਿੰਤਾਜਨਕ ਹੈ। ਭਾਰਤ ਇਕ ਬਹੂ ਭਾਸ਼ਾਈ ਦੇਸ਼ੀ ਹੈ, ਸਾਰੀਆਂ ਭਾਰਤੀ ਭਾਸ਼ਾਵਾਂ ਸਾਡੀ ਰਾਸ਼ਟਰੀ ਅਤੇ ਸੱਭਿਆਚਾਰਕ ਪਹਿਚਾਣ ਨੂੰ ਬਰਾਬਰ ਰੂਪ *ਚ ਬਿਆਨ ਕਰਦੀਆਂ ਹਨ, ਭਾਵੇਂ ਬਹੂ ਭਾਸ਼ਾਈ ਹੋਣਾ ਇਕ ਗੁਣ ਹੈ ਪਰ ਸਖਸ਼ਖੀਅਤ ਦੇ ਵਿਕਾਸ ਲਈ ਵਿਗਿਆਨਕ ਤੌਰ *ਤੇ ਮਾਤ ਭਾਸ਼ਾ ਵਿਚ ਪੜ੍ਹਾਉਣਾ ਜਰੂਰੀ ਹੈ, ਜਿਸ ਨਾਲ ਦੇਸ਼ ਦੀ ਬੌਧਿਕ ਸਮਰੱਥਾ ਜਰੂਰ ਵਧੇਗੀ —ਫੁੱਲੇਗੀ।
ਹਰਪ੍ਰੀਤ ਸਿੰਘ ਬਰਾੜ
ਸਿਹਤ,ਸਿੱਖਿਆ ਅਤੇ ਸਮਾਜਿਕ ਲੇਖਕ
ਮੇਨ ਏਅਰ ਫੋਰਸ ਰੋਡ,ਬਠਿੰਡਾ