ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਚੇਤਨਾ ਅਸੋਸੀਏਸ਼ਨ ਆਫ ਕੈਨੇਡਾ ਅਤੇ ਸੀ ਫੇਸ ਕੈਨੇਡਾ ਵੱਲੋਂ ਸਾਂਝੇ ਤੌਰ ਤੇ ਭੀਮਾ ਕੋਰੇਗਾਉਂ ਵਿਜੇ ਦਿਵਸ ਅਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸ਼ਾਇਰ ਧਰਮ ਪਾਲ ਪੈਂਥਰ ਨਾਲ ਰੂਬਰੂ ਸਮਾਗਮ ਪੰਜਾਬ ਬੈਂਕਟ ਹਾਲ ਸਰੀ ਕੈਨੇਡਾ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡਾਇਰੈਕਟਰ ਜੈ ਵਿਰਦੀ, ਜਨਰਲ ਸਕੱਤਰ ਜੈ ਰਾਮ ਬੈਂਸ, ਗੁਰਦਾਸ ਰਾਮ ਆਲਮ ਲੋਕ ਕਵੀ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਮਲੂਕ ਚੰਦ ਕਲੇਰ, ਸੀ ਫੇਸ ਸੋਸਾਇਟੀ ਤੋਂ ਭੁਪਿੰਦਰ ਸਿੰਘ ਲੱਧੜ ਅਤੇ ਐਸਰੋ ਕੈਨੇਡਾ ਦੇ ਪ੍ਰਧਾਨ ਰਛਪਾਲ ਭਾਰਦਵਾਜ ਆਦਿ ਨੇ ਸਾਂਝੇ ਤੌਰ ਤੇ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਸਹਾਇਕ ਸਕੱਤਰ ਸਾਬਕਾ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਸਿੰਘ ਸੰਧੂ ਨੇ ਭੀਮਾ ਕੋਰੇਗਾਉਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਨ 2018 ਵਿਚ ਜਦੋਂ ਪੇਸ਼ਵਾ ਦੀ 28000 ਫੌਜ ਨੇ ਆਦਿਵਾਸੀ ਭਾਈਚਾਰੇ ਦੇ ਮਹਾਰਾਂ ਉੱਤੇ ਹਮਲਾ ਕੀਤਾ ਤਾਂ ਮਹਾਰਾ ਦੇ 500 ਜਵਾਨਾਂ ਨੇ ਲੜਾਈ ਵਿੱਚ ਮਾਤ ਪਾ ਕੇ ਜਿੱਤ ਪ੍ਰਾਪਤ ਕੀਤੀ ਸੀ। ਅੰਗਰੇਜ਼ ਹਕੂਮਤ ਨੇ ਉਹਨਾਂ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਵਿਜੈ ਸਤੰਭ ਬਣਾਇਆ ਹੋਇਆ ਹੈ ਜਿੱਥੇ ਹਰ ਸਾਲ 1 ਜਨਵਰੀ ਨੂੰ ਵੱਡੇ ਪੱਧਰ ਉੱਤੇ ਮੇਲਾ ਲੱਗਦਾ ਹੈ। ਸੀਨੀਅਰ ਵਾਈਸ ਪ੍ਰਧਾਨ ਭੈਣ ਮਨਜੀਤ ਬੈਂਸ ਨੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾਤਾ ਸਵਿੱਤਰੀ ਬਾਈ ਫੂਲੇ ਭਾਰਤ ਦੀ ਉਹ ਮਹਾਨਾਇਕਾ ਹੋਈ ਜਿਸ ਨੇ ਨਾਰੀ ਜਾਤੀ ਨੂੰ ਪੜ੍ਹਾਉਣ ਦਾ ਉਪਰਾਲਾ ਕੀਤਾ। ਰੂੜੀਵਾਦੀ ਸਮਾਜ ਜਿਹੜਾ ਮਹਿਲਾਵਾਂ ਨੂੰ ਗੁਲਾਮ ਬਣਾਈ ਰੱਖਣਾ ਚਾਹੁੰਦੇ ਸਨ ਉਹਨਾਂ ਨੇ ਮਾਤਾ ਜੀ ਨੂੰ ਬਹੁਤ ਹੀ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ। ਪਰ ਉਹ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਹਿੰਮਤ ਨਹੀਂ ਹਾਰੀ। ਮਾਤਾ ਜੀ ਨੇ ਆਪਣੇ ਜੀਵਨ ਸਾਥੀ ਰਾਸ਼ਟਰ ਪਿਤਾ ਮਹਾਤਮਾ ਜਯੋਤੀ ਬਾ ਫੂਲੇ ਨਾਲ ਮਿਲ ਕੇ ਅਠਾਰਾਂ ਸਕੂਲ ਖੋਲ੍ਹੇ, ਵਿਧਵਾ ਮਹਿਲਾਵਾਂ ਲਈ ਆਸ਼ਰਮ ਬਣਾਏ, ਰੋਗੀਆਂ ਲਈ ਦਵਾਖ਼ਾਨੇ ਖੋਲ੍ਹੇ ਆਦਿ ਅਨੇਕਾਂ ਹੀ ਸਮਾਜ ਭਲਾਈ ਦੇ ਕਾਰਜ ਕਰਕੇ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਉਪਰਾਲੇ ਕੀਤੇ ਗਏ। ਦੂਸਰੇ ਦੌਰ ਵਿੱਚ ਸ਼ਾਇਰ ਧਰਮ ਪਾਲ ਪੈਂਥਰ ਨਾਲ ਰੂਬਰੂ ਦੌਰਾਨ ਚੇਤਨਾ ਐਸੋਸੀਏਸ਼ਨ ਦੇ ਪ੍ਰਧਾਨ ਜੈ ਬਿਰਦੀ, ਕੈਸ਼ੀਅਰ ਸੁਰਜੀਤ ਬੈਂਸ ਅਤੇ ਰਛਪਾਲ ਭਾਰਦਵਾਜ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਪੈਂਥਰ ਨੇ ਜਵਾਨੀ ਤੋਂ ਲੈ ਕੇ ਹੁਣ ਤੱਕ ਅਨੇਕਾਂ ਸੰਘਰਸ਼ ਕੀਤੇ। ਮਾਨਵਤਾਵਾਦੀ ਮਹਾਂਪੁਰਸ਼ ਮਹਾਮਾਨਵ ਤਥਾਗਤ ਬੁੱਧਾ, ਸ੍ਰੀ ਗੁਰੂ ਰਵਿਦਾਸ, ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ, ਮਹਾਤਮਾ ਜਯੋਤੀ ਬਾ ਫੂਲੇ, ਮਾਤਾ ਸਵਿੱਤਰੀ ਬਾਈ ਫੂਲੇ, ਮਾਤਾ ਰਮਾ ਬਾਈ, ਪੈਰੀਅਰ ਰਾਮਾ ਸਵਾਮੀ ਨਾਇਕਰ ਅਤੇ ਮਾਨਿਆਵਰ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਤੇ ਮਿਸ਼ਨ ਸਬੰਧੀ ਵਿਚਾਰ ਗੋਸ਼ਟੀਆਂ ਅਤੇ ਸੈਮੀਨਾਰਾਂ ਦੇ ਮਾਧਿਅਮ ਤੋਂ ਘਰ ਘਰ ਪਹੁੰਚਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਸਰਕਾਰੀ ਨੌਕਰੀ ਦਰਮਿਆਨ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ੀਲ ਰਹੇ। ਟੀਮ ਦੇ ਸਾਥੀਆਂ ਨਾਲ ਮਿਲ ਕੇ ਦਲਿਤ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਨੇਕਾਂ ਸਮਾਜਸੇਵੀ ਕੰਮ ਕੀਤੇ। ਸਮਾਜ ਨੂੰ ਬੌਧਿਕ ਪੱਧਰ ‘ਤੇ ਮਜਬੂਤ ਬਣਾਉਣ ਲਈ ਦੋ ਪੁਸਤਕਾਂ ਨਵੀਆਂ ਲੀਹਾਂ ਅਤੇ ਵਿਵਸਥਾ ਪਰਿਵਰਤਨ ਸਾਹਿਤ ਦੀ ਝੋਲੀ ਵਿੱਚ ਪਾਈਆਂ। ਬਹੁਪੱਖੀ ਸ਼ਖ਼ਸੀਅਤ ਧਰਮ ਪਾਲ ਪੈਂਥਰ ਨੂੰ ਸਨਮਾਨਿਤ ਕਰਕੇ ਚੇਤਨਾ ਅਸੋਸੀਏਸ਼ਨ ਆਫ ਕੈਨੇਡਾ ਅਤੇ ਸੀ ਫੇਸ ਕੈਨੇਡਾ ਮਾਣ ਮਹਿਸੂਸ ਕਰ ਰਹੀ ਹੈ। ਇਸ ਮੌਕੇ ਤੇ ਕਵਿੱਤਰੀ ਮਨਜੀਤ ਬੈਂਸ ਨੇ ਕਵਿਤਾ ਸਾਨੂੰ ਨਹੀਂ ਚਾਹੀਦਾ ਹਿੰਦੂਸਥਾਨ, ਮਲਿਕਾ ਭਾਟੀਆ ਨੇ ਸਾਡੀ ਮੱਤ ਮਾਰੀ ਭਗਵਾਨਾਂ ਨੇ, ਕੁੱਝ ਵਿਹਲੜ ਅਤੇ ਸ਼ੈਤਾਨਾਂ ਨੇ ਅਤੇ ਸੁੱਖਪ੍ਰੀਤ ਬਰਾੜ ਨੇ ਜੀ ਕਰਦਾ ਮੈਂ ਬੁੱਢਾ ਹੋਵਾਂ ਤੋਂ ਇਲਾਵਾ ਧਰਮ ਪਾਲ ਪੈਂਥਰ ਨੇ ਅਪਣੀਆਂ ਦੋ ਕਵਿਤਾਵਾਂ ਰਵਿਦਾਸ ਰਹੇ ਪ੍ਰਸੰਨ ਅਤੇ ਕੱਖਪਤੀ ਤੋਂ ਲੱਖਪਤੀ ਗਾ ਕੇ ਸਰੋਤਿਆਂ ਵਿਚ ਜੋਸ਼ ਭਰ ਦਿੱਤਾ। ਧਰਮ ਪਾਲ ਪੈਂਥਰ ਨੇ ਦੋਨਾਂ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੋ ਇਤਿਹਾਸਕ ਦਿਨਾਂ ਦੇ ਸ਼ੁੱਭ ਮੌਕੇ ‘ਤੇ ਵਿਸ਼ੇਸ ਤੌਰ ਤੇ ਸਨਮਾਨਿਤ ਕਰਨਾ ਮੇਰੀ ਜਿੰਦਗੀ ਦੀ ਯਾਦਗਾਰੀ ਦਿਨ ਬਣ ਗਿਆ ਹੈ। ਪੈਂਥਰ ਨੇ ਕਿਹਾ ਕਿ ਬੇਸ਼ੱਕ ਸਾਥੀ ਪਰਿਵਾਰਾਂ ਸਮੇਤ ਲੰਬੇ ਸਮੇ ਤੋਂ ਵਿਦੇਸ਼ਾਂ ਦੀ ਧਰਤੀ ਤੇ ਰਹਿ ਰਹੇ ਹਨ ਪਰ ਆਪਣੀ ਧਰਤੀ ਅਤੇ ਸਮਾਜ ਨੂੰ ਨਹੀਂ ਭੁੱਲੇ। ਉਹ ਹਮੇਸ਼ਾ ਇਸ ਗੱਲ ਲਈ ਚਿੰਤਤ ਰਹਿੰਦੇ ਹਨ ਕਿ ਸਮਾਜ ਨੂੰ ਉੱਚਾ ਚੁੱਕਣ ਲਈ ਕੀ ਕੀਤਾ ਜਾਵੇ। ਪੈਂਥਰ ਨੇ ਭਰੋਸਾ ਦਿਵਾਇਆ ਕਿ ਜਦੋਂ ਤੱਕ ਜਿੰਦਗੀ ਹੈ ਦਲਿਤ ਸਮਾਜ ਦੇ ਉਥਾਨ ਲਈ ਲਿਖਦਾ ਅਤੇ ਕੰਮ ਕਰਦਾ ਰਹਾਂਗਾ। ਪ੍ਰਬੰਧਕਾਂ ਵਲੋਂ ਧਰਮ ਪਾਲ ਪੈਂਥਰ ਅਤੇ ਉਹਨਾਂ ਦੇ ਜੀਵਨ ਸਾਥੀ ਪਾਲ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜੈ ਵਿਰਦੀ ਅਤੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਸਹਿਯੋਗ ਦੀ ਆਸ ਰੱਖੀ। ਸਮਾਗਮ ਨੂੰ ਸਫਲ ਬਣਾਉਣ ਲਈ ਸਾਬਕਾ ਪ੍ਰਧਾਨ ਹਰਮੇਸ਼ ਚੰਦਰ, ਮੀਡੀਆ ਇੰਚਾਰਜ ਨਿਰੰਜਨ ਸਿੰਘ, ਭੈਣ ਨਿਰਮਲਾ ਬਿਰਦੀ, ਉਰਮਿਲਾ ਝੱਲੀ, ਪਾਲ ਕੌਰ, ਗੁਰਮੀਤ ਬੈਂਸ, ਅਜੀਤ ਸਿੰਘ ਮੇਹਰਾ, ਇੰਦਰਜੀਤ ਲੱਧੜ, ਮਨਜੀਤ ਸਿੰਘ ਚੀਮਾ, ਅਨੁਰਾਗ ਭਾਟੀਆ ਅਤੇ ਦਿਨੇਸ਼ ਕੁਮਾਰ ਆਦਿ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



