(ਸਮਾਜ ਵੀਕਲੀ)
ਮਾਂ ਬੋਲੀ ਪੰਜਾਬੀ ਸਾਨੂੰ ਜਾਨੋਂ ਵੱਧ ਪਿਆਰੀ ਹੈ।
ਇਹਦੇ ਜਿਹੀ ਨਾ ਹੋਰ ਕੋਈ ਰਾਜ – ਦੁਲਾਰੀ ਹੈ।
ਬੁੱਲ੍ਹੇ, ਵਾਰਿਸ, ਪੀਲੂ ਜਿਹੇ ਸ਼ਾਇਰਾਂ ਲਾਡ ਲਡਾਇਆ ਹੈ।
ਗੁਰੂਆਂ, ਭਗਤਾਂ, ਫਕੀਰਾਂ ਨੇ ਸ਼ਲੋਕਾਂ ਵਿਚ ਗਾਇਆ ਹੈ।
ਏਸੇ ਕਰਕੇ ਮਾਂ ਬੋਲੀ ਸਭ ਤਾਈਂ ਲੱਗਦੀ ਪਿਆਰੀ ਹੈ।…।।
ਮਾਖਿਓਂ ਮਿੱਠੀ ਬੋਲੀ ਵਿਚ ਭੈਣਾਂ ਘੋੜੀਆਂ ਗਾਈਆਂ ਨੇ।
ਭਾਈ ਦੇ ਸਿਰ ਸੇਹਰਾ ਬੰਨ੍ਹ ਵਾਗਾਂ ਹੱਥ ਫੜਾਈਆਂ ਨੇ।
ਜੰਝ ਚੜ੍ਹਨ ‘ਤੇ ਚਾਚੀ,ਤਾਈ,ਮਾਮੀ,ਭੂਆ ਨੇ ਗਿੱਧੇ ‘ਚ ਉਚਾਰੀ ਹੈ।…।।
ਤੋਤਲੀ ਬੋਲੀ ‘ ਚ ਬੱਚੇ ਬੋਲਦੇ ਪਿਆਰੇ ਲੱਗਦੇ ਨੇ।
ਰਾਜੇ ਰਾਣੀ ਦੀਆਂ ਸੁਣ ਬਾਤਾਂ ਦੇ ਹੁੰਗਾਰੇ ਭਰਦੇ ਨੇ।
ਧਾਰਮਿਕ ਗ੍ਰੰਥਾਂ,ਕਿੱਸੇ,ਲਿਖਤਾਂ ‘ਚ ਏਹ ਗਈ ਸਤਿਕਾਰੀ ਹੈ।…।।
ਬਾਬੇ ਨਾਨਕ ਨੇ ਮਾਂ ਬੋਲੀ ‘ਚ ਸੰਵਾਦ ਰਚਾਇਆ ਹੈ।
ਜੀਵਨ ਜਾਚ ਦਾ ਜੱਗ ਨੂੰ ਅਸਲੀ ਰਾਹ ਵਿਖਾਇਆ ਹੈ।
ਮਾਖਿਓਂ ਮਿੱਠੇ ਬੋਲਾਂ ਵਿਚ ਗੁਰੂਆਂ ਨੇ ਬਾਣੀ ਉਚਾਰੀ ਹੈ।…।।
ਠੇਠ ਪੰਜਾਬੀ ਭਾਸ਼ਾ ਦੀ ਹਰੇਕ ਗੱਲ ਨਿਆਰੀ ਹੈ।
ਹੀਰ ਰਾਂਝੇ-ਸੱਸੀ ਪੁਨੂੰ ਦੇ ਕਿੱਸਿਆਂ ‘ਚ ਸ਼ਿੰਗਾਰੀ ਹੈ।
ਜਨਮ ਤੋਂ ਮਰਨ ਤੱਕ ਪ੍ਰਾਣੀ ਕਰਦਾ ਵਰਤੋਂ ਭਾਰੀ ਹੈ।…।।
ਹੋਰ ਭਾਸ਼ਾਵਾਂ ਵੀ ਬਰਾਬਰ ਸਿਖਦੇ ਜਾਈਏ ਜੀ।
ਮਾਂ ਬੋਲੀ ਨੂੰ ਪਹਿਲ ਦੇ, ਕਦੇ ਨਾ ਮਨੋ ਭੁਲਾਈਏ ਜੀ।
ਲਿਖ ਲਿਖ ਪਰਾਗੇ ਮਾਂ ਬੋਲੀ ਦੇ ਵਿਹੜੇ ਵਿਚ ਉੱਤਾਰੀ ਹੈ।
ਮਾਂ ਬੋਲੀ ਸਾਨੂੰ ਸਦਾ ਹੀ ਲੱਗਦੀ ਬਹੁਤ ਪਿਆਰੀ ਹੈ।…।।
ਇਨਾਂ ਅੱਖਰਾਂ ਸਾਹਾਰੇ ਹੀ ‘ਆਜ਼ਾਦ’ ਬਾਜ਼ੀ ਮਾਰ ਗਿਆ।
ਲਿਖ ਲਿਖ ਮਰਸੀਏ ਮਾਂ ਬੋਲੀ ਦਾ ਕਰਜ਼ ਉਤਾਰ ਰਿਹਾ।
ਮਾਂ ਬੋਲੀ ‘ਚ ਕਰ ਪੜਾਈ ਆਪਣੀ ਜ਼ਿੰਦਗੀ ਸੰਵਾਰੀ ਹੈ।…।।
ਮਾਂ ਬੋਲੀ ਪੰਜਾਬੀ ਲੱਗਦੀ ਜਾਨੋ ਵੱਧ ਪਿਆਰੀ ਹੈ।…।।
* ਰਣਜੀਤ ਆਜ਼ਾਦ ਕਾਂਝਲਾ * ( 09464697781)



