ਪੰਜਾਬ ’ਚ ਹੋਏ ਕਤਲਾਂ ਦੇ ਜ਼ਿਆਦਾਤਰ ਮਾਮਲੇ ਨਿੱਜੀ ਰੰਜਿਸ਼ ਨਾਲ ਸਬੰਧਤ: ਡੀਜੀਪੀ

ਚੰਡੀਗੜ੍ਹ (ਸਮਾੲਜ ਵੀਕਲੀ):  ਪੰਜਾਬ ਪੁਲੀਸ ਦੇ ਮੁਖੀ ਵੀਰੇਸ਼ ਕੁਮਾਰ ਭਾਵੜਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਪਿਛਲੇ ਦਿਨਾਂ ਦੌਰਾਨ ਕਤਲ ਦੀਆਂ ਵਾਪਰੀਆਂ ਘਟਨਾਵਾਂ ਵਿੱਚ ਜ਼ਿਆਦਾਤਰ ਮਾਮਲੇ ਨਿੱਜੀ ਰੰਜਿਸ਼ ਨਾਲ ਸਬੰਧਤ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਜੀਪੀ ਨੇ ਦੱਸਿਆ ਕਿ ਇਸ ਸਾਲ ਦੇ ਪਹਿਲੇ ਸਾਢੇ ਤਿੰਨ ਮਹੀਨਿਆਂ ਵਿੱਚ ਵਾਪਰੀਆਂ ਕਤਲ ਦੀਆਂ 158 ਘਟਨਾਵਾਂ ’ਚੋਂ ਛੇ ਵਾਰਦਾਤਾਂ ਦਾ ਸਬੰਧ ਗੈਂਗਸਟਰਾਂ ਦੀਆਂ ਗਤੀਵਿਧੀਆਂ ਨਾਲ ਹੈ।

ਡੀਜੀਪੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਦੌਰਾਨ ਸੂਬੇ ਵਿੱਚ ਵਾਪਰੀਆਂ ਕਤਲ ਦੀਆਂ ਨੌਂ ਵਾਰਦਾਤਾਂ ਕਾਰਨ ਲੋਕ ਖ਼ੌਫ ਵਿੱਚ ਹਨ ਪਰ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਇਨ੍ਹਾਂ ਘਟਨਾਵਾਂ ਪਿੱਛੇ ਕਿਸੇ ਵੀ ਗੈਂਗਸਟਰ ਗਰੁੱਪ ਦਾ ਹੱਥ ਨਹੀਂ ਸੀ। ਇਨ੍ਹਾਂ ਅਪਰਾਧਾਂ ਪਿੱਛੇ ਪਰਿਵਾਰਕ ਝਗੜੇ, ਰੰਜਿਸ਼ ਜਾਂ ਪੈਸੇ ਦਾ ਲੈਣ-ਦੇਣ ਆਦਿ ਮੁੱਖ ਕਾਰਨ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮਾਮਲੇ ਸੁਲਝਾ ਕੇ ਘਟਨਾਵਾਂ ’ਚ ਸ਼ਾਮਲ ਜ਼ਿਆਦਾਤਰ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ। ਪੁਲੀਸ ਨੇ ਮੁੱਢਲੀ ਕਾਰਵਾਈ ਦੌਰਾਨ ਕਤਲ ਦੇ ਮਾਮਲਿਆਂ ਵਿੱਚ ਸ਼ਾਮਲ ਕੁੱਲ 24 ਮੁਲਜ਼ਮਾਂ ਨੂੰ ਸੱਤ ਪਿਸਤੌਲਾਂ, 18 ਕਾਰਤੂਸਾਂ ਅਤੇ ਸੱਤ ਵਾਹਨਾਂ ਸਮੇਤ ਗ੍ਰਿਫਤਾਰ ਕੀਤਾ ਹੈ।

ਸ੍ਰੀ ਭਾਵੜਾ ਨੇ ਦੱਸਿਆ ਕਿ ਸੂਬੇ ਵਿੱਚ ਏ, ਬੀ ਅਤੇ ਸੀ ਸ਼੍ਰੇਣੀਆਂ ਦੇ 545 ਗੈਂਗਸਟਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਨ੍ਹਾਂ ਗੈਂਗਸਟਰਾਂ ’ਚੋਂ 515 ਗੈਂਗਸਟਰਾਂ ਵਿਰੁੱਧ ਪਹਿਲਾਂ ਹੀ ਪ੍ਰਭਾਵੀ ਕਾਰਵਾਈ ਕਰ ਕੇ ਵੱਡੀ ਗਿਣਤੀ ਵਿੱਚ ਹਥਿਆਰ, ਵਾਹਨ ਅਤੇ ਸੰਚਾਰ ਉਪਕਰਨ ਬਰਾਮਦ ਕੀਤੇ ਗਏ ਹਨ। ਭਾਵੜਾ ਨੇ ਦੱਸਿਆ ਕਿ ਪਹਿਲੀ ਜਨਵਰੀ, 2022 ਤੋਂ ਸੰਗਠਿਤ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਪੁਲੀਸ ਦੀਆਂ ਵੱਖ-ਵੱਖ ਯੂਨਿਟਾਂ ਨੇ ਗੈਂਗਵਾਰ ਜਾਂ ਗੈਂਗਸਟਰਾਂ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 16 ਗੈਂਗਸਟਰ ਮਾਡਿਊਲਜ਼ ਦਾ ਪਰਦਾਫਾਸ਼ ਕੀਤਾ ਹੈ। ਅਜਿਹੇ ਮਾਮਲਿਆਂ ਵਿੱਚ ਸ਼ਾਮਲ 98 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਡੀਜੀਪੀ ਨੇ ਸੂਬੇ ਦੇ ਅਸਲਾ ਲਾਇਸੈਂਸ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਹਥਿਆਰਾਂ ਦੀ ਵਰਤੋਂ ਸਿਰਫ ਆਪਣੀ ਸੁਰੱਖਿਆ ਲਈ ਕਰਨ। ਉਨ੍ਹਾਂ ਅੱਜ ਸੂਬੇ ਦੇ ਲੋਕਾਂ ਨੂੰ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਪੁਲੀਸ ਬਲ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਏਡੀਜੀਪੀ (ਅੰਦਰੂਨੀ ਸੁਰੱਖਿਆ) ਆਰ.ਐਨ. ਢੋਕੇ ਅਤੇ ਏਡੀਜੀਪੀ ਪ੍ਰਮੋਦ ਬਾਨ ਵੀ ਮੌਜੂਦ ਸਨ।

‘ਬੀਤੇ ਸਾਲਾਂ ਦੇ ਮੁਕਾਬਲੇ ਵਾਰਦਾਤਾਂ ’ਚ ਆਈ ਕਮੀ’

ਪੰਜਾਬ ਪੁਲੀਸ ਦੇ ਮੁਖੀ ਵੀਰੇਸ਼ ਭਾਵੜਾ ਨੇ ਬੀਤੇ ਸਾਲ ਦੇ ਮੁਕਾਬਲੇ ਕਤਲ ਦੀਆਂ ਵਾਰਦਾਤਾਂ ’ਚ ਕਮੀ ਆਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇਸ ਸਾਲ ਲਗਪਗ 100 ਦਿਨਾਂ ’ਚ 158 ਕਤਲ ਹੋਏ ਹਨ, ਜਿਸ ਨਾਲ ਪ੍ਰਤੀ ਮਹੀਨਾ ਔਸਤ 50 ਕਤਲ ਬਣਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2021 ਅਤੇ ਸਾਲ 2020 ਵਿੱਚ ਕ੍ਰਮਵਾਰ 724 ਅਤੇ 757 ਵਿਅਕਤੀਆਂ ਦਾ ਕਤਲ ਹੋਇਆ ਸੀ, ਜਿਸ ਤਹਿਤ ਸਾਲ 2021 ਤੇ ਸਾਲ 2020 ਲਈ ਔਸਤ ਮਹੀਨਾਵਾਰ ਕਤਲਾਂ ਦੀ ਗਿਣਤੀ ਕ੍ਰਮਵਾਰ 60 ਅਤੇ 65 ਰਹੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਨਾਲ ਕੀਤੇ ਵਾਅਦੇ ਜ਼ੁਬਾਨੀ ਯਾਦ: ਮਾਨ
Next articleਅਕਾਲੀ ਦਲ ਵੱਲੋਂ ‘ਆਪ’ ਸਰਕਾਰ ’ਤੇ ਮਜੀਠੀਆ ਨਾਲ ਅਣਮਨੁੱਖੀ ਵਿਹਾਰ ਕਰਨ ਦੇ ਦੋਸ਼