ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ’ਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ 1,41,986 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕਰੋਨਾ ਦੇ ਕੇਸਾਂ ਦੀ ਗਿਣਤੀ 3,53,68,372 ਹੋ ਗਈ ਹੈ ਅਤੇ ਇਨ੍ਹਾਂ ‘ਚ 27 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸਾਹਮਣੇ ਆਏ ਓਮੀਕਰੋਨ ਸਰੂਪ ਦੇ 3071 ਕੇਸ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਓਮੀਕਰੋਨ ਦੇ 3071 ਕੇਸਾਂ ’ਚੋਂ 1203 ਮਰੀਜ਼ ਤੰਦਰੁਸਤ ਹੋ ਗੲੇ ਹਨ ਜਾਂ ਦੇਸ਼ ਛੱਡ ਕੇ ਚਲੇ ਗਏ ਹਨ। ਮਹਾਰਾਸ਼ਟਰ ’ਚ ਓਮੀਕਰੋਨ ਦੇ ਸਭ ਤੋਂ ਵੱਧ 876 ਕੇਸ ਸਾਹਮਣੇ ਆਏ ਹਨ।
ਇਸ ਤੋਂ ਬਾਅਦ ਦਿੱਲੀ ’ਚ 513, ਕਰਨਾਟਕ ’ਚ 333, ਰਾਜਸਥਾਨ ’ਚ 291, ਕੇਰਲ ’ਚ 284 ਤੇ ਗੁਜਰਾਤ ’ਚ 204 ਕੇਸ ਹਨ। ਮੰਤਰਾਲੇ ਅਨੁਸਾਰ ਦੇਸ਼ ਇੱਕ ਦਿਨ ਅੰਦਰ ਕਰੋਨਾ ਦੇ 1,41,986 ਨਵੇਂ ਕੇਸ ਸਾਹਮਣੇ ਆਏ ਹਨ ਜੋ ਤਕਰੀਬਨ 222 ਦਿਨਾਂ ਬਾਅਦ ਸਭ ਤੋਂ ਵੱਧ ਕੇਸ ਹਨ। ਦੇਸ਼ ’ਚ ਇਲਾਜ ਅਧੀਨ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 4,72,169 ਹੋ ਗਈ ਹੈ ਜੋ ਕਰੀਬ 187 ਦਿਨਾਂ ਬਾਅਦ ਸਭ ਤੋਂ ਵੱਧ ਹੈ। ਕਰੋਨਾ ਕਾਰਨ 285 ਹੋਰ ਮੌਤਾਂ ਹੋਣ ਨਾਲ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 4,83,463 ਹੋ ਗਈ ਹੈ। ਹੁਣ ਤੱਕ 3,44,12,740 ਮਰੀਜ਼ ਇਸ ਬਿਮਾਰੀ ਤੋਂ ਉੱਭਰ ਚੁੱਕੇ ਹਨ। ਇਸੇ ਦੌਰਾਨ ਸੀਬੀਆਈ ਦੇ ਬਾਂਦਰਾ-ਕੁਰਲਾ ਕੰਪਲੈਕਸ ਵਿਚਲੇ ਦਫ਼ਤਰ ’ਚ ਕੰਮ ਕਰਦੇ 68 ਮੁਲਾਜ਼ਮ ਕਰੋਨਾ ਪਾਜ਼ੇਟਿਵ ਪਾਏ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly