ਮੋਰਚਿਆਂ ਚੋ ਮੋਰਚਾ.. ਮੇਰਾ ਕਿਸਾਨ ਮੋਰਚਾ.. ਮੇਰੀ ਦੂਜੀ ਫੇਰੀ

(ਸਮਾਜ ਵੀਕਲੀ)

ਕਿਸਾਨ ਮੋਰਚੇ ਤੇ ਮੇਰੀ ਦੂਜੀ ਫੇਰੀ 15 ਕੁ ਦਿਨਾਂ ਬਾਅਦ ਦੀ ਸੀ। ਹੁਣ ਮੈਂ ਓਥੇ ਦੇਖ ਆਈ ਸੀ ਕਿਸ ਕਿਸ ਦਵਾਈ ਦੀ ਜਿਆਦਾ ਜਰੂਰਤ ਹੈ ਓਥੇ ਦਾ ਰਹਿਣ ਸਹਿਣ ਤੇ ਖਾਣ ਪੀਣ। ਮੈ ਦੇਖਿਆ ਓਥੇ ਲੀਵਰ ਦੀ ਸਮੱਸਿਆ ਗੈਸ, ਤੇਜ਼ਾਬ ਜਲਨ ਦੀ ਪ੍ਰੌਬਲਮ ਜਿਆਦਾ ਸੀ ਲੋਕ ਖਾਲੀ ਪੇਟ ਵਾਲਾ ਕੈਪਸੂਲ ਜਿਆਦਾ ਮੰਗ ਰਹੇ ਸਨ ਈਨੋ ਜਿਸਦਾ ਮੰਗ ਰਹੇ ਸਨ ਇਸ ਲਈ ਮੈ ਇਹ ਦਵਾਈ ਜਿਆਦਾ ਰੱਖੀ ਜੌ ਉਨਾਂ ਦੀ ਇਸ ਸਮੱਸਿਆ ਨੂੰ ਆਉਣ ਹੀ ਨਾ ਦਵੇ। ਅਸੀ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਹਾਂ ਤੇ ਮੋਰਚੇ ਤੇ ਮੇਰੇ ਸਤਿਗੁਰੂ ਦੀਆਂ ਅਸੀਮ ਬਖਸ਼ਿਸ਼ਾਂ ਸਨ ਪੰਜਾਬੀ ਆਪ ਤਾਂ ਰੱਜਦੇ ਹੀ ਸਨ ਉਨਾਂ ਤਾਂ ਹਰਿਆਣਾ ,ਯੂਪੀ,ਸਾਰਾ ਭਾਰਤ ਹੀ ਰਜਾ ਛੱਡਿਆ।

ਮੈ ਓਥੇ ਦਿੱਲੀ ਦੇ ਗਰੀਬ ਦੇਖੇ ਓਹ ਮਾਸੂਮ ਚੇਹਰੇ ਦੇਖੇ ਜੌ ਦੁੱਧ ਲਈ ਤਰਸਦੇ ਸਨ ਓਹ ਮਾਸੂਮ ਰੱਬ ਵਰਗੇ, ਅੱਜ ਕਿਸਾਨ ਮੋਰਚੇ ਦੀ ਬਦੌਲਤ ਪੇਟ ਭਰ ਕੇ ਖਾਂਦੇ ਦੁੱਧ ਜੂਸ ਪੀਂਦੇ ਤੇ ਦਿਲੋ ਦੁਆਵਾਂ ਕਰਦੇ ਕਿ ਕਿਸਾਨ ਮੋਰਚਾ ਕਦੇ ਖਤਮ ਨਾ ਹੋਵੇ ਕਿਸਾਨ ਕਦੇ ਨਾ ਜਾਣ ਓਹ ਮਜਬੂਰ ਚੇਹਰੇ ਦੇਖੇ ਮਿਲੇ ਜਿੰਨਾ ਦਿੱਲੀ ਵਿਚ ਸਾਡੇ ਹਾਕਮ ਦੀ ਨਗਰੀ ਵਿੱਚ ਉਸਦੇ ਰਾਜ ਵਿਚ ਦੱਸ ਦੱਸ ਸਾਲਾ ਤੋਂ ਅਣਥੱਕ ਮਿਹਨਤ ਕਰਕੇ ਕਦੇ ਰੱਜ ਪੇਟ ਭਰ ਨਹੀਂ ਖਾਧਾ ਸੀ ਓਹ ਰੱਜ ਖਾ ਕੇ ਰੂਹ ਦੀ ਤ੍ਰਿਪਤੀ ਕਰਦੇ ਦੇਖੇ। ਉਨਾਂ ਦੇ ਚੇਹਰਿਆਂ ਚੋ ਓਸ ਮਾਲਕ ਦੀ ਝਲਕ ਨਜ਼ਰ ਆਈ। ਟਰਾਲੀਆਂ ਭਰ ਭਰ ਵਰਤਦੇ ਫੱਲ ਫਰੂਟ ਦੇਖੇ।ਗਰੀਬ ਤਬਕਾ ਦੇਖਿਆ ,ਲੰਗਰਾਂ ਵਿੱਚ ਸੇਵਾ ਵੀ ਕਰਨ ਲੱਗ ਗਿਆ ਤੇ ਖੁੱਦ ਸਵੇਰੇ ਆ ਬੀਬੀਆਂ ਲੰਗਰ ਛੱਕ ਦੀਆ ਤੇ ਜਾਂਦੇ ਹੋਏ ਘਰਾਂ ਨੂੰ ਪਰਿਵਾਰ ਲਈ ਵੀ ਲੈਕੇ ਜਾਂਦੀਆਂ ਲਫਾਫੇ ਭਰ ਭਰ ਕੇ ਜਵਾਨ ਧੀਆਂ ਭੈਣਾਂ ਮਾਵਾਂ ਬਿਨਾ ਝਿਜਕ ਤੇ ਘੁੰਮ ਦੀਆਂ ਮੈਂ ਅੱਖੀਂ ਦੇਖੀਆਂ।

ਹਾਕਮ ਇੰਨਾ ਨੀਚ ਹਰਕਤਾਂ ਤੇ ਉਤਰ ਆਇਆ ਸੀ ਕੇ ਉਸ ਨੇ ਮੋਰਚਾ ਬਦਨਾਮ ਕਰਨ ਲਈ ਔਰਤਾਂ ਭੇਜਣੀਆਂ ਸ਼ੁਰੂ ਕੀਤੀਆਂ। ਪਤਾ ਨਹੀਂ ਉਨ੍ਹਾਂ ਔਰਤਾਂ ਦੀ ਕੀ ਮਜਬੂਰੀ ਸੀ ਕੇ ਅਪਣੇ ਹੀ ਰਿਜ਼ਕ ਦਾਤਿਆ ਨੂੰ ਅੰਨ ਦਾਤੇ ਨੂੰ ਬਦਨਾਮ ਕਰਨ ਤੁਰ ਪਈਆਂ। ਪਰ ਸਦਕੇ ਜਾਵਾਂ ਸਿਦਕੀ ਬਾਪੂਆਂ ਵੀਰਾਂ ਤੇ ਬੱਚਿਆਂ ਤੇ ਕਿਸੇ ਦਾ ਈਮਾਨ ਨਹੀਂ ਡੋਲਿਆ ਉਸ ਸਮੇਂ ਮਹਿਸੂਸ ਹੋਇਆ ਕੇ ਵਾਕਿਆ ਹੀ ਇਹ ਵਾਰਿਸ ਨੇ ਹਰੀ ਸਿੰਘ ਨਲੂਆ ਦੇ। ਇਹ ਤਨਾਂ ਨੂੰ ਨੋਚਨ ਵਾਲੇ ਗਿਰਦ ਨਹੀਂ ਇਹ ਬਾਜ਼ ਨੇ ਗੁਰੂ ਗੋਬਿੰਦ ਸਿੰਘ ਦੇ ਜੋ ਅਪਣੇ ਦੁਸ਼ਮਣ ਤੇ ਪਾਰਖੂ ਅੱਖ ਰੱਖ ਚੌਕੰਨੇ ਨੇ। ਸਾਡੇ ਜਵਾਨਾਂ ਨੇ ਜਿਸ ਤਰਾ ਆਪਣੀਆ ਰੂਹਾਂ ਨੂੰ ਅਪਣੇ ਜਿਸਮ ਨੂੰ ਅਪਣੇ ਕਾਬੂ ਵਿਚ ਰੱਖਿਆ ਕਾਬਿਲੇ ਤਾਰੀਫ ਹੈ।

ਇਹ ਕੋਈ ਰਿਸ਼ੀ ਮੁੰਨੀ ਨਹੀਂ ਸਨ ਕੇ ਉਨਾ ਦੀ ਭਗਤੀ ਡੌਲ ਜਾਂਦੀ ਇਹ ਤਾਂ ਕੁਲ ਸ਼੍ਰਿਸ਼ਟੀ ਦੇ ਅੰਨ ਦਾਤੇ ਸਨ ਜਿਨ੍ਹਾਂ ਦੇ ਖੂਨ ਵਿੱਚ ਸਭ ਤੋਂ ਪਹਿਲਾ ਸਬਰ ਲਿਖਿਆ ਜਾਂਦਾ ।ਇੱਕ ਬੀਜ ਦੇ ਪੁੰਗਰਨ ਤੱਕ ਤੋ ਲੈਕੇ ਬੂਟੇ ਬਣ ਨਿਸਰਣ ਤੱਕ ਦਾ ਸਬਰ ਮੀਹ ਹਨੇਰੀ, ਗੜੇ ਮਾਰੀ ਹੜ੍ਹ ਤੂਫ਼ਾਨਾਂ ਦਾ ਸਬਰ। ਸਬਰ ਪਰਖਣ ਵਾਲਿਆ ਨੂੰ ਮੂੰਹ ਦੀ ਖਾਣੀ ਪਈ। ਟੈਂਕਾ ਵਾਂਗ ਸ਼ਿੰਗਾਰੇ ਟਰੈਕਟਰ ਤੇ ਦੇਸ਼ ਭਗਤੀ ਤੇ ਚੜਦੀ ਕਲਾ ਵਾਲੇ ਗੀਤਾਂ ਜੋਸ਼ ਭਰੇ ਦਗ ਦਗ਼ ਕਰਦੇ ਚੇਹਰੇ ਅਲਗ ਹੀ ਨਜ਼ਾਰੇ ਸਨ ਮੇਰੇ ਦੇਸ਼ ਦੇ ਗੱਭਰੂਆਂ ਦੇ।

ਇਹ ਓਹੀ ਜਵਾਨ ਸਨ ਮੇਰੇ ਪਿੰਡਾਂ ਦੇ ਸ਼ਹਿਰਾਂ ਦੇ ਜੌ ਆਪਣੀਆਂ ਮੰਨ ਆਈਆਂ ਕਰਨ ਦੇ ਆਦਿ ਸਨ ਪਰ ਅੱਜ ਅਪਣੇ ਬਜ਼ੁਰਗਾਂ ਦੀਆਂ ਸਲਾਹਾਂ ਨਾਲ ਆਗਿਆਕਾਰ ਕਾਕੇ ਬਣ ਅਲਗ ਹੀ ਦੁਨੀਆਂ ਵਿੱਚ ਵਿਚਰ ਰਹੇ ਸਨ ਓਹ ਵੀ ਆਨੰਦ ਨਾਲ ਖੁਸ਼ੀ ਨਾਲ ਹਾਂਜੀ ਹਾਂਜੀ ਕਰਦੇ ਭੈਣ ਭੈਣ, ਮਾਂ ਮਾਂ ਪੁੱਤ ਪੁੱਤ ਕਰਦੇ ਪੰਜਾਬ ਦੇ ਮਰਦ ਦਲੇਰ ਕਹਾਣੀਆਂ ਸਾਖੀਆਂ ਦੇ ਪਾਤਰ ਭਗਤ ਸਿੰਘ ਸਰਾਭੇ , ਖੜਕ ਸਿੰਘ ਬਾਬੇ ,ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਫੇਰ ਜਿੰਦਾ ਹੋ ਚੁੱਕੇ ਸਨ । ਮਾਈ ਭਾਗੋ,ਦਲੇਰ ਸਿੰਘਣੀਆਂ ਬੀਬੀਆਂ ਮਾਈਆਂ ਸਿਦਕੀ ਮਾਵਾਂ ਫੇਰ ਸਿਦਕ ਦੇ ਤੰਦੂਰ ਤਪਾ ਬੈਠੀਆਂ ਸਨ ਬਰਾਬਰ ਮੋਰਚੇ ਤੇ ਅਪਣਾ ਯੋਗਦਾਨ ਪਾ ਰਹੀਆਂ ਸਨ। ਮੇਰੇ ਮੋਰਚੇ ਦੇ ਰੰਗ ਬੜੇ ਨਿਆਰੇ ਸਨ।

ਟਰਾਲੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਰਤਨ ਢੋਲਕੀ ਛੈਣੇ ਵੱਜਦੇ ਮੰਨ ਨੂੰ ਸਕੂਨ ਦਿੰਦੇ। ਪੰਜਾਬ ਵਿੱਚ ਨਿੱਗਰ ਰਹੀ ਗਾਇਕੀ ਪਤਾ ਨਹੀਂ ਕਿਸ ਖੂੰਜੇ ਲੱਗ ਗਈ ਸੀ ।ਮੇਰੇ ਕਿਸਾਨ ਮੋਰਚੇ ਨੇ ਮਰ ਰਿਹਾ ਸੱਭਿਆਚਾਰ ,ਗੀਤ, ਗਿੱਧੇ ਬੋਲੀਆਂ ਪਹਿਰਾਵੇ,ਭੰਗੜੇ ਫੇਰ ਜਿੰਦਾ ਕਰ ਦਿੱਤੇ , ਜਿਉਂਦੇ ਰਹਿਣ ਮੇਰੇ ਕੰਵਰ ਗਰੇਵਾਲ , ਤੇ ਉਸਦੇ ਸਾਥੀ ਗਾਇਕ ਵੀਰ ਜਿੰਨਾ ਪੰਜਾਬੀ ਗੀਤਾਂ ਨੂੰ ਨਵਾ ਮੋੜ ਦੇ ਗੰਦ ਚ ਗਰਕ ਹੋ ਰਹੀ ਗੰਦੀ ਗਾਇਕੀ ਨੂੰ ਛੱਡ ਸੋਹਣੇ ਗੀਤਾਂ ਨਾਲ ਮੋਰਚਾ ਚੜਦੀ ਕਲਾ ਵਿਚ ਰੱਖਿਆ , ਬੁੱਢੇ ਜਵਾਨਾ ਦੀਆਂ ਦੱਬ ਚੁੱਕੀਆਂ ਰੁਚੀਆਂ ਨੂੰ ਮੁੜ ਸੁਰਜੀਤ ਕਰ ਗੀਤਾਂ ਨੂੰ ਪਿਆਰ ਸਤਿਕਾਰ ਭਿੱਜੇ ਬੋਲਾ ਨਾਲ ਨਵਾਜਿਆ।

ਮੋਰਚੇ ਵਿੱਚ ਓਹ ਮੁੱਛ ਫੁੱਟ ਗੱਭਰੂ ਜੌ ਘਰਾ ਵਿੱਚ ਨਹਾਉਣ ਤੋ ਬਾਅਦ ਅਪਣਾ ਨਿੱਕਰ ਕਛਾ ਖੂੰਜੇ ਵਿੱਚ ਮਾਵਾਂ ਭੈਣਾਂ ਜਾ ਔਰਤਾਂ ਲਈ ਸੁੱਟ ਤੁਰਦੇ ਹਨ ਕੇ ਓਹ ਧੋਣ ਗੀਆਂ । ਓਹ ਅੱਜ ਸਾਂਝੀਆਂ ਮਾਵਾ ਭੈਣਾਂ ਬਾਪੂਆਂ ਵੀਰਾ ਦੇ ਕਪੜੇ ਧੋਂਦੇ ਤੇ ਸਕਾਉਂਦੇ ਦੇਖੇ, ਸਬਜੀਆਂ ਕੱਟਦੇ,ਪਰਸ਼ਾਦੇ ਲਾਹੁੰਦੇ, ਭਾਂਡੇ ਮਾਂਜਦੇ ਦੇਖੇ, ਅਗਰ ਵੇਹਲੇ ਫਿਰਦੇ ਸੀ ਤਾਂ ਓਹਨਾ ਦੀਆਂ ਅੱਖਾਂ ਵਿਚ ਤਲਾਸ਼ ਦੇਖੀ ਓਹ ਆਲੇ ਦੁਆਲੇ ਕੰਮ ਕਰਨ ਲਈ ਕੰਮ ਦੀ ਤਲਾਸ਼ ਵਿਚ ਫਿਰਦੇ ਤੇ ਰਾਹਾਂ ਵਿਚ ਭੀੜ ਨੂੰ ਕਾਬੂ ਕਰਦੇ ਅਪਣੇ ਬਣਦੇ ਫਰਜ਼ ਨਿਭਾਉਂਦੇ ਦੇਖੇ।

ਔਰਤਾਂ ਘਰਾਂ ਵਿਚ ਕਿੰਨੀ ਮਸ਼ੱਕਤ ਕਰਦੀਆਂ ਹਨ ਅੱਜ ਓਹ ਜਾਣ ਗਏ ਸਨ ਤੇ ਅਪਣੇ ਘਰਾਂ ਵਿੱਚ ਆਉਣ ਵਾਲੀਆਂ ਦੀ ਦਿਲੋ ਕਦਰ ਕਰਨ ਵਾਲੇ ਬਣ ਕੇ ਜਾਣਗੇ । ਮੇਰਾ ਕਿਸਾਨ ਮੋਰਚਾ ਬਹੁਤ ਕੁਝ ਸਿਖਾ ਰਿਹਾ ਬਹੁਤ ਸੁਧਾਰ ਕਰ ਰਿਹਾ ਸਾਡੀ ਨਸਲਾਂ ਨੂੰ ਅਸਲ ਦੇ ਬਣਾ ਰਿਹਾ ਸਾਡੀਆਂ ਜ਼ਮੀਰ ਅਣਖਾਂ ਨੂੰ ਜਗ੍ਹਾ ਰਿਹਾ ਅਸੀ ਕਿਸ ਕੌਮ ਦੇ ਵਾਰਿਸ ਹਾ ਸਾਨੂੰ ਅਹਿਸਾਸ ਕਰ ਰਿਹਾ ।

ਇੱਕ ਹੋਰ ਅਲੌਕਿਕ ਦ੍ਰਿਸ਼ ਜਵਾਨੀ ਦੇ ਜੁੱਸਿਆਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਕੇ ਰੂਹ ਖੁਸ਼ ਹੋ ਗਈ ਜਦੋਂ ਮੋਰਚੇ ਵਿਚ ਵੀ ਮੇਰੇ ਸ਼ੇਰ ਜਵਾਨਾ ਨੇ ਜਿਮ ਅਖਾੜੇ ਕੁਸ਼ਤੀਆਂ ਖੇਡਾਂ ਸ਼ੁਰੂ ਕਰ ਦਿੱਤੀਆਂ। ਫਰਕਦੇ ਡੋਲੇ ਤੇ ਲਿਸ਼ਕਦੇ ਜੁੱਸੇ ਦੇਖ ਰੂਹ ਅੱਸ਼ ਅੱਸ਼ ਕਰ ਉੱਠੀ ਇਹੀ ਪੰਜਾਬ ਦੇਖਣ ਨੂੰ ਤਾਂ ਅੱਖਾਂ ਤਰਸ ਗਈਆ ਸਨ। ਕਾਸ਼!ਇਹ ਮੋਰਚਾ ਮੇਰੇ ਪੂਰੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀ ਨੁਹਾਰ ਬਦਲ ਜਾਵੇ ਸਦੀਆ ਤੱਕ ਲੋਕ ਯਾਦ ਰੱਖਣ ਦੇਸ਼ ਵਿਦੇਸ਼ ਲਈ ਉਦਾਹਰਣ ਬਣ ਜਾਵੇ ਮੇਰਾ ਕਿਸਾਨ ਮੋਰਚਾ । ਕਿਤਾਬਾਂ ਵਿੱਚ ਪਾਠ ਪੜਾਇਆ ਜਾਵੇ 1857 ਦੀਆਂ ਲਹਿਰਾ ਵਾਂਗੂੰ ਕਿਸਾਨ ਮੋਰਚਾ ਵੀ ਲਹਿਰ ਬਣ ਜਾਵੇ ਮਾਵਾਂ ਆਉਣ ਵਾਲੀਆਂ ਨਸਲਾਂ ਨੂੰ ਰਾਤ ਨੂੰ ਬੈਠ ਸੁਣਾਇਆ ਕਰਨ ਹਰ ਕੋਈ ਕਹੇ ਮੇਰਾ ਕਿਸਾਨ ਮੋਰਚਾ ਮੈ ਵੀ ਇਹ ਫਰਜ਼ ਨਿਭਾਇਆ ।

ਤੁਹਾਡੇ ਲਾਲ ਤੁਹਾਨੂੰ ਇਹ ਨਾ ਪੁੱਛਣ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਤਾਂ ਤੁਸੀ ਕਿੱਥੇ ਸੀ ਕੀ ਕੀਤਾ ਤੁਸੀ । ਤਾਂ ਤੁਹਾਡਾ ਜਵਾਬ ਹੋਵੇ ਕਿਸਾਨ ਮੋਰਚਾ ਮੇਰਾ ਸੀ ਮੈਂ ਘਰੋ ਮਾਸਕ ਬਣਾ ਭੇਜਦੀ ਸੀ ਮੈਂ ਪਿੰਨੀਆਂ ਭੇਜੀਆਂ ਮੈਂ ਬਜ਼ੁਰਗਾਂ ਲਈ ਕਸ਼ਿਹਰੇ ਭੇਜੇ ਮੈਂ ਜੁੱਤੀਆਂ ਦੇ ਜੋੜਿਆ ਦੀ ਸੇਵਾ ਨਿਭਾਈ , ਮੈ ਲੰਗਰ ਵਿਚ ਸੇਵਾ ਪਾਈ ਮੈਂ ਗਰਮ ਕਪੜਿਆਂ ਦੀ ਸੇਵਾ ਦਵਾਈਆਂ ਦੀ ਸੇਵਾ, ਰੋਜ਼ਮਰਾ ਦੀਆਂ ਜਰੂਰੀ ਚੀਜਾ ਦੀ ਸੇਵਾ ਕੀਤੀ ਮੈਂ ਦੁਖਦੇ ਦਿਲਾ ਨੂੰ ਸਹਿਲਾਇਆ ਮੈ ਦੁਆਵਾਂ ਕੀਤੀਆਂ ਕੇ ਮੋਰਚਾ ਸਫਲ ਹੋਵੇ, ਅਸੀ ਆਪਣੇ ਪਿੰਡ ਵਿੱਚ ਸ਼ਹਿਰਾਂ ਵਿਚ ਧਰਨੇ ਦਿੱਤੇ , ਧਰਨੇ ਤੇ ਬੈਠੇ ਕਿਸਾਨਾਂ ਨੂੰ ਚਾਹ ਪਾਣੀ ਦੀ ਸੇਵਾ ਕੀਤੀ ਜਖਮੀਆਂ ਨੂੰ ਹਸਪਤਾਲ ਪੁਹੰਚਾਇਆ ਬਹੁਤ ਸਾਰੇ ਕੰਮ ਨੇ ਜਿੰਮੇਵਾਰੀਆ ਨੇ ਜੇਕਰ ਮੋਰਚੇ ਤੇ ਨਹੀਂ ਜਾ ਸਕਦੇ ਤਾਂ ਜੌ ਮੋਰਚੇ ਤੇ ਬੈਠੇ ਹਨ ਉਨਾਂ ਦੇ ਘਰਾਂ ਦਾ ਖਿਆਲ ਰੱਖੋ ਜਿੰਮੇਵਾਰੀਆਂ ਪੂਰੀਆਂ ਕਰੋ । ਉਨਾਂ ਦੇ ਘਰਾਂ ਵਿੱਚ ਡੰਗਰ ਬੱਛੇ ਖੇਤੀ ਨੂੰ ਸਾਂਭ ਲਵੋ ਉਨਾਂ ਦੇ ਬਿਮਾਰ ਜੀਆਂ ਦੀ ਦੇਖਭਾਲ ਕਰੋ ਉਨਾਂ ਦੀਆਂ ਰੋਜ ਮਰਾ ਦੀਆ ਘਰੇਲੂ ਜਰੂਰਤਾਂ ਪੂਰੀਆਂ ਕਰੋ ਤਾਂ ਜੌ ਤੁਹਾਡੇ ਸਪਾਹੀ ਸਰਹੱਦਾਂ ਤੇ ਡਟੇ ਰਹਿਣ।

ਇੰਨੇ ਨਜ਼ਾਰੇ ਦੇਖਣ ਮੈਨੂੰ ਸਪੈਸ਼ਲ ਜਾਣਾ ਨਹੀਂ ਪਿਆ ਸਭ ਹਰ ਵਕਤ ਹਰ ਥਾਂ ਤੇ ਕੁਦਰਤ ਦਾ ਵਰਤਾਰਾ ਬਣ ਵਰਤ ਰਿਹਾ ਸੀ ਤੇ ਮੈ ਅਪਨੀ ਸੇਵਾ ਕਰਦੀ ਹੋਈ ਇਸ ਅਲੌਕਿਕ ਨਜ਼ਾਰੇ ਦੇ ਅਹਿਸਾਸ ਨੂੰ ਰੂਹ ਵਿੱਚ ਸਮੇਟਦੀ ਹੋਏ ਦਰਦਾਂ ਦੀਆ ਦਵਾਈਆਂ ਦਿੰਦੀ ਖੁੱਦ ਅਪਣੇ ਦਰਦਾਂ ਨੂੰ ਘੱਟ ਕਰ ਰਹੀ ਸਕੂਨ ਮਹਿਸੂਸ ਕਰਦੀ ਰੱਬੀ ਰੂਹਾਂ ਦੇ ਦੀਦਾਰੇ ਕਰਦੀ ਜੀਣਾ ਸਫ਼ਲ ਕਰ ਰਹੀ ਸੀ। ਵਾਹਿਗੁਰੂ ਜੀ ਅੱਗੋ ਵੀ ਇਹ ਸੇਵਾ ਮੇਰੇ ਤੋ ਲੈਂਦੇ ਰਹਿਣ । ਇਸ ਸੇਵਾ ਵਿੱਚ ਮੇਰੀ ਸਭ ਤੋਂ ਵੱਡੀ ਮੱਦਦ ਕਰ ਰਹੇ ਸਨ “ਸਰਬੱਤ ਦਾ ਭਲਾ ਸੇਵਾ ਸੋਸਾਇਟੀ ਵਾਲੇ ਜਥੇਦਾਰ ਦਵਿੰਦਰ ਸਿੰਘ ਮੂਨਕਾ ਪ੍ਰਧਾਨ ਸਰਦਾਰ ਜਗਵੀਰ ਸਿੰਘ ਜੀ ਚੌਹਾਨ ਜਿੰਨਾ ਦਾ ਕਿਸਾਨ ਮੋਰਚੇ ਵਿਚ ਬਹੁਤ ਵੱਡਾ ਯੋਗਦਾਨ ਹੈ ਰੱਬ ਇਹੋ ਜਿਹੇ ਮੇਰੇ ਵੀਰਾਂ ਨੂੰ ਹਿੰਮਤ ਹੌਸਲਾ ਤੇ ਤੰਦਰੁਸਤੀ ਬਖਸ਼ੇ , ਮੇਰੇ ਬਾਪੂ, ਬੇਬੇ ਵੀਰ ਬੱਚੇ ਸਭ ਚੜਦੀ ਕਲਾ ਵਿਚ ਰਹਿਣ ਤੇ ਉਨਾਂ ਦੀ ਅਪਣੀ ਡਾਕਟਰ ਭੈਣ ਵਲੋ
ਮੇਰੇ ਬਾਪੂਆਂ ਨੂੰ, ਮੇਰੇ ਬਾਬਿਆਂ ਨੂੰ
ਮੇਰੇ ਰਾਜਗੁਰੂ,ਸੁਖਦੇਵ,ਭਗਤ ਸਿੰਘ ,
ਊਧਮ ਸਿੰਘ ਤੇ ਵੀਰ ਸਰਾਭਿਆ ਨੂੰ,
ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ…

ਮੇਰੀਆਂ ਭੈਣਾਂ ਨੂੰ , ਭਾਗੋ ਮਾਈਆਂ ਨੂੰ ,
ਇਹ ਸਿਦਕੀ ਤੇ ਰੱਬ ਰਜਾਈਆਂ ਨੂੰ,
ਇਹ ਕੌਰਾਂ ਨੂੰ, ਸਿੰਘਾਂ ਦੀਆਂ ਜਾਈਆਂ ਨੂੰ
ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫਤਹਿ….

ਡਟੇ ਰਹੋ ਮੇਰੇ ਅੱਣਖੀ ਸ਼ੇਰੇ ਆਪਣੇ ਹੱਕ ਲਏ ਬਿਨਾ ਵਾਪਿਸ ਨਾ ਪਰਤਿਓ ਸਾਨੂੰ ਅਣਖ ਨਾਲ ਉੱਠੇ ਸਿਰ ਤਣੇ ਹੋਏ ਸੀਨੇ ਚਾਹੀਦੇ ਨੇ ਸ਼ਰਮ ਨਾ ਝੁੱਕੇ ਹੋਏ ਧੜ ਨਹੀਂ ਚਾਹੀਦੇ ਜੌ ਮਣਾ ਮੂਹੀ ਬੋਝ ਲੈਕੇ ਪਰਤਣ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਮੁਰਦਾ ਦਿਲ ਪੈਦਾ ਹੋਣ ।
ਸਵੇਰੇ ਉੱਠ ਕੇ ਅਪਣੇ ਸਤਿਗੁਰੂ ਦੀ ਗੁਰੂਬਾਣੀ ਦਾ ਰਾਸ਼ਟਰੀ ਸ਼ਬਦ ਪੜਿਆ ਕਰੋ ਚੜਦੀ ਕਲਾ ਵਿਚ ਰਹਿਣ ਲਈ।

“ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥
ਜੌ ਬੋਲੇ… ਸੋ ਨਿਹਲ
ਸਤਿ …ਸ਼੍ਰੀ ਆਕਾਲ…
ਕਿਸਾਨ ਮੋਰਚਾ ਜਿੰਦਾਬਾਦ…. ਜਿੰਦਾਬਾਦ… ਜਿੰਦਾਬਾਦ..

ਤੁਹਾਡੀ ਅਪਣੀ ਡਾਕਟਰ

ਡਾ. ਲਵਪ੍ਰੀਤ ਕੌਰ “ਜਵੰਦਾ”
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਹੋ ਹਮਾਰਾ ਜੀਵਣਾ
Next articleਮੁੱਖੜੇ