(ਸਮਾਜ ਵੀਕਲੀ) ਵਿਦਿਆਰਥੀ ਜੀਵਨ ਅਨਮੋਲ ਹੁੰਦਾ ਹੈ । ਵਿਦਿਆਰਥੀਆਂ ਦੇ ਜੀਵਨ ਵਿੱਚ ਜਿੱਥੇ ਮਾਪਿਆਂ, ਅਧਿਆਪਕਾਂ, ਰਿਸ਼ਤੇਦਾਰਾਂ ਅਤੇ ਸਾਡੇ ਸਮਾਜਿਕ ਪ੍ਰਬੰਧ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਉੱਥੇ ਹੀ ਕਿਤਾਬਾਂ ਵਿਦਿਆਰਥੀਆਂ ਲਈ ਗਿਆਨ ਦਾ ਖਜ਼ਾਨਾ ਹਨ । ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਰਸਮੀ ਸਿੱਖਿਆ ਦਿੱਤੀ ਜਾਂਦੀ ਹੈ, ਇਹ ਉਹਨਾਂ ਨੂੰ ਸਿੱਖਿਆ ਖੇਤਰ ਵਿੱਚ ਪਰਬੀਨ ਕਰਦੀਆਂ ਹਨ। ਰਸਮੀ ਸਿੱਖਿਆ ਵਿਦਿਆਰਥੀਆਂ ਨੂੰ ਸਲਾਨਾ ਇਮਤਿਹਾਨ ਦੇ ਕੇ ਚੰਗੇ ਅੰਕ ਦੇ ਕੇ ਕਿਸੇ ਕਿੱਤੇ ਜਾਂ ਰੁਜ਼ਗਾਰ ਲਈ ਯੋਗ ਬਣਾਉਣ ਵਿੱਚ ਸਹਾਇਕ ਹੁੰਦੀ ਹੈ, ਪਰੰਤੂ ਇਸ ਦੇ ਨਾਲ ਨਾਲ ਵਿਦਿਆਰਥੀ ਦੇ ਸਭਿਅਕ ਅਤੇ ਸਾਊ ਜੀਵਨ ਨੂੰ ਤਰਾਸ਼ਣ ਦੀ ਵੀ ਲੋੜ ਹੁੰਦੀ ਹੈ । ਇਸ ਤਰ੍ਹਾਂ ਦੀ ਲੋੜ ਵਿਦਿਆਰਥੀਆਂ ਲਈ ਕਿਤਾਬਾਂ ਪੂਰੀ ਕਰਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਅਸਲ ਦੋਸਤ ਹੁੰਦੀਆਂ ਹਨ। ਵਿਦਿਆਰਥੀ ਜੀਵਨ ਵਿੱਚ ਇਹਨਾਂ ਦਾ ਵਿਸ਼ੇਸ਼ ਮਹੱਤਵ ਹੈ। ਕਿਤਾਬਾਂ ਰਾਹੀਂ ਵਿਦਿਆਰਥੀਆਂ ਨੂੰ ਚੰਗੇ ਮਾੜੇ ਮਨੁੱਖ ਦੀ ਪਹਿਚਾਣ ਹੁੰਦੀ ਹੈ। ਕਿਤਾਬਾਂ ਪੜ੍ਨ ਨਾਲ ਵਿਦਿਆਰਥੀਆਂ ਦੇ ਚਰਿੱਤਰ ਅਤੇ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ ਕਿਤਾਬਾਂ ਹੀ ਹਨ ਜੋ ਵਿਦਿਆਰਥੀਆਂ ਨੂੰ ਸਾਊ, ਸੂਝਵਾਨ, ਗਿਆਨਵਾਨ, ਰਾਸ਼ਟਰ ਨਿਰਮਾਤਾ, ਆਪਸੀ ਪਿਆਰ, ਮਿੱਠ ਬੋਲਣਾ, ਨਿਮਰ ਰਹਿਣਾ, ਦੂਜਿਆਂ ਦੀ ਸਹਾਇਤਾ ਕਰਨੀ ਅਤੇ ਆਪਣੀਆਂ ਯੋਗਤਾਵਾਂ ਨੂੰ ਪਛਾਣ ਕੇ ਸਮੇਂ ਸਿਰ ਸਫਲ ਮਨੁੱਖ ਬਣ ਜਾਣਾ. . . ਇਹ ਸਭ ਕੁਝ ਇੱਕ ਵਿਦਿਆਰਥੀ ਨੂੰ ਕਿਤਾਬਾਂ ਪੜ੍ਨ ਨਾਲ ਹੀ ਪ੍ਰਾਪਤ ਹੁੰਦਾ ਹੈ। ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਅਤੇ ਕਲਾ ਪ੍ਰਬੀਨਤਾ ਨੂੰ ਤਰਾਸ਼ਣ ਵਿੱਚ ਵੀ ਕਿਤਾਬਾਂ ਅਹਿਮ ਯੋਗਦਾਨ ਪਾਉਂਦੀਆਂ ਹਨ । ਕਿਤਾਬਾਂ ਨਾਲ ਜੁੜ ਕੇ ਵਿਦਿਆਰਥੀ ਆਪਣੇ ਆਪ ਨਾਲ ਜੁੜ ਜਾਂਦਾ ਹੈ । ਉਹ ਆਪਣੇ ਵਿੱਚ ਚੰਗੇ ਗੁਣ ਪੈਦਾ ਕਰਦਾ ਹੈ। ਉਹ ਸਮਾਜ ਵਿੱਚ ਵਿਚਰਨ ਲਈ ਨੈਤਿਕ ਸਿੱਖਿਆ ਦਾ ਪੱਲਾ ਫੜਦਾ ਹੈ। ਨੈਤਿਕ ਸਿੱਖਿਆ ਹੀ ਅਜੋਕੇ ਵਿਦਿਆਰਥੀਆਂ ਦੇ ਚਰਿੱਤਰ ਦਾ ਮੂਲ ਆਧਾਰ ਹੈ। ਨੈਤਿਕ ਸਿੱਖਿਆ ਦੇ ਸੋਮੇ ਹਨ ਸਾਹਿਤਕ ਕਿਤਾਬਾਂ। ਕਿਤਾਬਾਂ ਵੀ ਕਈ ਵੰਨਗੀ ਦੀਆਂ ਹਨ। ਧਾਰਮਿਕ ਕਿਤਾਬਾਂ, ਸੱਭਿਆਚਾਰ ਨਾਲ ਸੰਬੰਧਿਤ ਕਿਤਾਬਾਂ, ਗਿਆਨ ਨਾਲ ਸੰਬੰਧਿਤ ਕਿਤਾਬਾਂ, ਇਤਿਹਾਸ ਨਾਲ ਸੰਬੰਧਿਤ ਕਿਤਾਬਾਂ, ਕਿੱਤਾ ਮੁਖੀ ਕਿਤਾਬਾਂ, ਭੂਗੋਲ ਨਾਲ ਸੰਬੰਧਿਤ ਕਿਤਾਬਾਂ, ਵਿਗਿਆਨ ਨਾਲ ਸੰਬੰਧਿਤ ਕਿਤਾਬਾਂ। ਪਰ ਅਸੀਂ ਇੱਥੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਅਤੇ ਨੈਤਿਕ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਸਾਹਿਤਕ ਕਿਤਾਬਾਂ ਦੀ ਗੱਲ ਕਰ ਰਹੇ ਹਾਂ। ਸਾਹਿਤਿਕ ਕਿਤਾਬਾਂ ਹੀ ਇੱਕ ਵਿਦਿਆਰਥੀ ਨੂੰ ਸੱਚਾ ਸੁੱਚਾ ਆਚਰਣ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਸਾਹਿਤਕ ਕਿਤਾਬਾਂ ਪੜ੍ਹ ਕੇ ਵਿਦਿਆਰਥੀ ਵਿੱਚ ਸੁਹਜ ਆਤਮਕ ਗੁਣ ਪੈਦਾ ਹੁੰਦੇ ਹਨ। ਉਹ ਆਪਣੀ ਭਾਸ਼ਾ, ਸੱਭਿਆਚਾਰ, ਲੋਕ ਬੋਲੀ ਅਤੇ ਭਾਈਚਾਰੇ ਨਾਲ ਜੁੜਦਾ ਹੈ ।ਆਪਣੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜ ਕੇ ਵਿਦਿਆਰਥੀ ਆਪਣੇ ਧਰਮ ਅਤੇ ਵਿਰਸੇ ਨਾਲ ਵੀ ਜੁੜਿਆ ਰਹਿੰਦਾ ਹੈ। ਸਕੂਲਾਂ ਵਿੱਚ ਵੱਧ ਤੋਂ ਵੱਧ ਸਾਹਿਤਕ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ। ਵੱਖ-ਵੱਖ ਅਦਾਰਿਆਂ ਵੱਲੋਂ ਪ੍ਰਕਾਸ਼ਿਤ ਹੁੰਦੇ ਬਾਲ ਰਸਾਲੇ ਵੀ ਸਕੂਲਾਂ ਵਿੱਚ ਨਿਰੰਤਰ ਆਉਣੇ ਚਾਹੀਦੇ ਹਨ । ਬਾਲ ਰਸਾਲੇ ਪੜ੍ ਕੇ ਬਾਲ ਮਨਾ ਅੰਦਰ ਚੰਗੇ ਨੈਤਿਕ ਗੁਣ ਪੈਦਾ ਹੁੰਦੇ ਹਨ । ਵਿਦਿਆਰਥੀ ਬਾਲ ਸਾਹਿਤ ਪੜਨ ਦੇ ਨਾਲ ਨਾਲ ਬਾਲ ਸਾਹਿਤ ਲਿਖਣਾ ਵੀ ਸ਼ੁਰੂ ਕਰ ਦਿੰਦੇ ਹਨ। ਇਸ ਲਈ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਬਾਲ ਰਸਾਲੇ, ਬਾਲ ਪੁਸਤਕਾਂ, ਸੱਭਿਆਚਾਰ, ਧਰਮ ਅਤੇ ਇਤਿਹਾਸ ਨਾਲ ਸੰਬੰਧਿਤ ਪੁਖਤਾ ਕਿਤਾਬਾਂ ਜਰੂਰ ਹੋਣੀਆਂ ਚਾਹੀਦੀਆਂ ਹਨ । ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚ ਵੀ ਛੋਟੀ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ। ਜਿਸ ਵਿੱਚ ਵਿਦਿਆਰਥੀ ਵਧੀਆਂ ਕਿਤਾਬਾਂ ਦੀ ਚੋਣ ਕਰਕੇ ਅਤੇ ਬਾਲ ਮੈਗਜੀਨਾਂ ਦੀ ਚੋਣ ਕਰਕੇ ਉਹਨਾਂ ਨੂੰ ਆਪਣੀ ਘਰੇਲੂ ਲਾਇਬ੍ਰੇਰੀ ਵਿੱਚ ਰੱਖ ਸਕਦੇ ਹਨ । ਵਿਹਲੇ ਸਮੇਂ ਵਿੱਚ ਵਿਦਿਆਰਥੀ ਇਹਨਾਂ ਕਿਤਾਬਾਂ ਅਤੇ ਰਸਾਲਿਆਂ ਨੂੰ ਪੜ੍ਹ ਸਕਦੇ ਹਨ। ਇਸ ਤਰ੍ਹਾਂ ਉਹ ਬਹੁਤਾ ਸਮਾਂ ਮੋਬਾਇਲ ਉੱਤੇ ਅਤੇ ਫਾਲਤੂ ਇਧਰ ਉਧਰ ਘੁੰਮਣ ਉਪਰ ਵੀ ਖਰਾਬ ਨਹੀਂ ਕਰਨਗੇ। ਜਦੋਂ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਨ ਦੀ ਚੇਟਕ ਪੈ ਜਾਂਦੀ ਹੈ ਤਾਂ ਉਹਨਾਂ ਦੀ ਆਦਤ ਸਿੱਖਿਆ ਦੇ ਨਾਲ ਅਤੇ ਨੈਤਿਕ ਸਿੱਖਿਆ ਨਾਲ ਆਪ ਹੀ ਜੁੜ ਜਾਂਦੀ ਹੈ। ਮਨੁੱਖ ਨੂੰ ਜ਼ਿੰਦਗੀ ਵਿੱਚ ਮੁਸ਼ਕਿਲਾਂ, ਸਮੱਸਿਆਵਾਂ ਅਤੇ ਔਖੇ ਸਮੇਂ ਵਿੱਚ ਹੌਸਲਾ ਬਣਾਈ ਰੱਖਣ ਦੀ ਸਿੱਖਿਆ ਵੀ ਕਿਤਾਬਾਂ ਹੀ ਦਿੰਦੀਆਂ ਹਨ ।ਵੱਡੇ ਵੱਡੇ ਲੇਖਕਾਂ ਅਤੇ ਵਿਦਵਾਨਾਂ ਵੱਲੋਂ ਲਿਖੀਆਂ ਗਈਆਂ ਅਨੇਕਾਂ ਕਿਤਾਬਾਂ ਅੱਜ ਵੀ ਸਾਡਾ ਰਾਹ ਰੋਸ਼ਨਾਉਂਦੀਆ ਹਨ । ਕਿਤਾਬਾਂ ਰੌਸ਼ਨੀ ਬਣ ਕੇ ਸਾਡੇ ਹਨੇਰੇ ਰਸਤਿਆਂ ਨੂੰ ਚਾਨਣ ਚਾਨਣ ਕਰਦੀਆਂ ਹਨ। ਇਹ ਵਿਦਿਆਰਥੀਆਂ ‘ਤੇ ਨਿਰਭਰ ਕਰਦਾ ਹੈ ਕਿ ਉਨਾਂ ਦੀ ਕਿਤਾਬਾਂ ਪੜ੍ਨ ਦੀ ਚੋਣ ਕਿਸ ਤਰ੍ਹਾਂ ਦੀ ਹੈ। ਇਸ ਗੱਲ ਵਿੱਚ ਅਧਿਆਪਕ ਉਹਨਾਂ ਦੀ ਮਦਦ ਕਰ ਸਕਦੇ ਹਨ। ਸਕੂਲਾਂ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਬਾਂਹ ਫੜ ਕੇ ਉਹਨਾਂ ਨੂੰ ਲਾਇਬ੍ਰੇਰੀਆਂ ਵਿੱਚੋਂ ਚੰਗੀਆਂ ਕਿਤਾਬਾਂ ਇਸ਼ੂ ਕਰਕੇ ਦੇਣੀਆਂ ਚਾਹੀਦੀਆਂ ਹਨ । ਸਕੂਲਾਂ ਵਿੱਚ ਇੱਕ ਪੀਰੀਅਡ ਰੋਜਾਨਾ ਲਾਈਬਰੇਰੀ ਦਾ ਹੋਣਾ ਚਾਹੀਦਾ ਹੈ। ਲਾਈਬ੍ਰੇਰੀਆਂ ਵਿੱਚ ਵੀ ਅੱਜ ਕੱਲ ਬਹੁਤ ਹੀ ਵਧੀਆ ਸਾਹਿਤਕ ਕਿਤਾਬਾਂ ਸਿੱਖਿਆ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਨ। ਵਿਦਿਆਰਥੀ ਲਾਇਬਰੇਰੀਆਂ ਵਿੱਚੋਂ ਇਹਨਾਂ ਕਿਤਾਬਾਂ ਨੂੰ ਮੁਫਤ ਪੜ ਕੇ ਅਤੇ ਇਸ਼ੂ ਕਰਵਾ ਕੇ ਇਹਨਾਂ ਕਿਤਾਬਾਂ ਵਿੱਚ ਲੁਕੇ ਹੋਏ ਅਮੁੱਲ ਖਜ਼ਾਨੇ ਨੂੰ ਆਪਣੇ ਜੀਵਨ ਦੇ ਬੋਝੇ ਵਿੱਚ ਪਾ ਸਕਦੇ ਹਨ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਦਾ ਪੁੰਨ ਦਾ ਕਾਰਜ ਜਰੂਰ ਕਰਨਾ ਚਾਹੀਦਾ ਹੈ।
ਸੁਰੇਸ਼ ਕੁਮਾਰ ਭਾਟੀਆ,
(ਅੰਗਰੇਜ਼ੀ ਲੈਕਚਰਾਰ) ਸ. ਸੀ. ਸੈ. ਸਕੂਲ ਦਾਤਾਰਪੁਰ (ਹੁਸ਼ਿਆਰਪੁਰ)
ਮੋਬਾ : 9417784790



