ਬਾਬਾ ਸਾਹਿਬ ਦਾ ਬੁੱਤ ਲੱਗੇਗਾ ਕਨੇਡਾ ਦੀ ਯੂਨੀਵਰਸਿਟੀ ਚ, ਬਾਬਾ ਸਾਹਿਬ ਦੁਨੀਆ ਚ ਇਕ ਚਮਕਦੇ ਸੂਰਜ ਵਾਂਗ
ਬਾਬਾ ਸਾਹਿਬ ਦੇ ਸਨਮਾਨ ਲਈ ਮੰਦਬੁਧੀ ਅਤੇ ਨੀਵੀਂ ਸੋਚ ਦੇ ਲੋਕਾ ਲਈ ਚਲੇਗੀ ਕਾਨੂੰਨ ਦੀ ਤਲਵਾਰ
*ਮੌਂਟਰੀਅਲ (ਸਮਾਜ ਵੀਕਲੀ) ( ਸੰਤੋਖ ਸਿੰਘ ਜੱਸੀ ਦੀ ਵਿਸ਼ੇਸ਼ ਰਿਪੋਰਟ) ਭਾਰਤ ਰਤਨ,ਮਹਾਨ ਦਾਰਸ਼ਨਿਕ ਚਿੰਤਕ, ਲੇਖਕ,ਐਡਵੋਕੇਟ, ਕਾਨੂੰਨ ਮੰਤਰੀ, ਦਬਾਏ ਹੋਏ ਲੋਕਾਂ ਦੇ ਮਸੀਹਾ, ਵਿਸ਼ਵ ਗਿਆਨ ਦੇ ਪ੍ਰਤੀਕ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਮੌਂਟਰੀਅਲ ਦੇ ਪ੍ਰਸਿਧ ਗੁਰੂ ਘਰ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਬੜੇ ਅਦਬ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਸ. ਰਤਨ ਸਿੰਘ ਜੱਖੂ ,ਹੈਡ ਗ੍ਰੰਥੀ ਭਾਈ ਜਸਵੀਰ ਸਿੰਘ ਪੋਸੀ,ਮਿਸ਼ਨਰੀ ਲੇਖਕ ਅਮਰਜੀਤ ਬੇਗਮਪੁਰੀ, ਗਾਇਕ ਜਸਇੰਦਰ ਕਨੇਡਾ, ਨੰਦ ਲਾਲ (ਐਂਕਰ), ਸੁਨੀਲ ਦੁੱਗਲ, ਗਿਆਨੀ ਪਰਮਜੀਤ ਸਿੰਘ ਖਾਲਸਾ, ਸੰਤੋਖ ਸਿੰਘ ਜੱਸੀ, ਸਮੇਤ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਸਵਿੰਧਾਨ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਸ ਵਿਚ ਬਾਰਬਰਤਾ,ਸਮਾਨਤਾ,ਭਾਈਚਾਰਾ,ਏਕਤਾ ਪੱਖੀ ਕਾਨੂੰਨ ਬਣਾ ਕੇ ਭਾਰਤ ਦੇ ਮਹਾਨ ਸਪੂਤ ਹੋਣ ਦਾ ਪੱਕਾ ਸਬੂਤ ਪੇਸ਼ ਕੀਤਾ ।ਦਲਿਤਾ ਔਰਤਾਂ ਲਈ ਉਹ ਇਕ ਮਾਰਗ ਦਰਸ਼ਕ ਸਨ, ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਹੁਣ ਵਿਸ਼ਵ ਰਤਨ, ਗਿਆਨ ਦੇ ਪ੍ਰਤੀਕ,ਅਧੁਨਿਕ ਭਾਰਤ ਦੇ ਪਿਤਾਮਾ ਹਨ।
ਉਹਨਾ ਅੱਗੇ ਵਿਚਾਰ ਸਾਂਝੇ ਕਰਦਿਆਂ ਓਹਨਾ ਦੀ ਦਿਨ ਰਾਤ ਮਿਹਨਤ,ਸਿਰੜ,ਸਿਦਕ ਨੂੰ ਸਲਾਮ ਕੀਤਾ। ਉਹਨਾ ਦਸਿਆ ਕਿ ਅੱਜ ਸੰਸਾਰ ਦੇ ਸਭ ਤੋਂ ਵੱਧ ਪੜੇ ਲਿਖੇ,ਮਨੁੱਖਤਾ ਲਈ ਵੱਧ ਕੰਮ ਕਰਨ ਵਾਲਿਆ ਵਿਚ ਬਾਬਾ ਸਾਹਿਬ ਦਾ ਨਾਮ ਇੱਕ ਸੂਰਜ ਦੀ ਰੌਸ਼ਨੀ ਵਾਂਗ ਚਮਕਦਾ ਹੈ। ਉਹਨਾ ਕਿਹਾ ਕਿ ਬਾਬਾ ਸਾਹਿਬ ਦੇ ਵਿਚਾਰ ਵਟਾਂਦਰੇ ਸਮੇਂ ਵਿਚਾਰ ਬੜੇ ਦਿਲਚਸਪ, ਗਿਆਨ ਨਾਲ ਛਲਕਦੇ ਤੇ ਸੋਚ ਨੂੰ ਟੁੰਭਦੇ ਹਨ। ਉਹਨਾ ਕਿਹਾ ਅਮਰੀਕਾ ਲਈ ਜੋ ਲਿੰਕਨ ਹੈ, ਰੂਸ ਲਈ ਜੋ ਲੇਨਿਨ ਹੈ, ਮਿਸਰੀਆਂ ਲਈ ਮੂਸਾ, ਅਫਰੀਕੀਆਂ ਲਈ ਨੈਲਸਨ ਮੰਡੇਲਾ ਅਤੇ ਭਾਰਤ ਦੇ ਕਰੋੜਾਂ ਦਲਿਤਾ,ਔਰਤਾਂ ਲਈ ਟਾਈ ਵਾਲਾ ਬਾਬਾ ਸਾਹਿਬ ਅੰਬੇਡਕਰ ਹਨ।
ਉਹਨਾਂ ਕਿਹਾ ਹੁਣ ਇਤਿਹਾਸ, ਦੀ ਮਾਲ ਰੋਡ ਤੇ ਓਹ ਮੋੜ ਆ ਗਿਆ ਹੈ ਜਦੋ ਦਲਿਤ ਵੀ ਪੂਰੇ ਜਾਹੋ ਜਲੋਲ ਨਾਲ ਅਤੇ ਸਵੈਮਾਣ ਨਾਲ, ਮੱਥੇ ਵਿਚ ਸੂਰਜ ਦਾ ਦੀਵਾ ਬਾਲ ਕੇ, ਅੱਖਾਂ ਵਿਚ ਨਵੇਂ ਸੁਪਨੇ ਲਟਕਾ ਕੇ, ਅਤੇ ਦਿਲਾਂ ਦੀਆਂ ਨਵੀਆ ਰੀਝਾ ਜਗਾ ਕੇ, ਨਵੀਆ ਪਲੰਗਾ ਪੁੱਟਣਗੇ ਅਤੇ ਹਰ ਰੁਕਾਵਟ ਨੂੰ ਲੰਘ ਜਾਣਗੇ, ਉਹਨਾ ਕਿਹਾ ਕਿ ਵਡੀਆਂ ਜਾਤਾਂ ਵਾਲੇ ਕੁਝ ਲੋਕ ਹੁਣ ਨੀਵੀ ਜਾਤੀ ਬਣਨ ਲਈ ਸਰਟੀਫਿਕੇਟ ਬਣਾਉਣ ਕਰਕੇ ਫੜੇ ਜਾਂਦੇ ਹਨ। ਉਹਨਾ ਦਸਿਆ ਕਿ ਮਹਾਤਮਾਂ ਬੁੱਧ, ਗੁਰੂ ਗ੍ਰੰਥ ਸਾਹਿਬ ਦੇ 36 ਮਹਾਂਪੁਰਸ਼ਾਂ ਨੇ ਸਭ ਨੂੰ ਬਰਾਬਰ ਜਾਣਿਆ ਹੈ ਤੇ ਸਭ ਨੂੰ ਆਪਣਾ ਸਮਝਿਆ ਅਤੇ ਆਪਣੀ ਹਿੱਕ ਨਾਲ ਲਾਇਆ । ਓਹਨਾ ਕਿਹਾ ਕਿ ਕੋਈ ਵੀ ਅਖੌਤੀ ਜਾਤੀ ਵੱਡੀ ਨਹੀਂ ਹੈ ਸਗੋਂ ਸਾਡੇ ਮਹਾਂਪੁਰਸ਼ਾਂ ਨੇ ਨਿਵਿਆਂ ਨਾਲ ਖੜ੍ਹ ਕੇ ਜੌ ਬਰਾਬਰਤਾ ਬਖਸ਼ੀ ਹੈ . ਉਹਨਾ ਕਿਹਾ ਕਿ ਸਾਡੇ ਮਹਾਂਪੁਰਸ਼ਾਂ ਨੇ ਗਰੀਬ, ਦਲਿਤ,ਬੇਸਹਾਰੇ ਅਤੇ ਮਨੁੱਖੀ ਹੱਕਾਂ ਤੋਂ ਸਦੀਆਂ ਤੋਂ ਵਾਂਝੇ ਲੋਕਾਂ ਨਾਲ ਚੱਟਾਨ ਵਾਂਗ ਖੜ੍ਹ ਕੇ ਸਰਭਤ ਦੇ ਭਲੇ ਲਈ ਪਵਿੱਤਰ ਬਾਣੀ ਬਖਸ਼ੀ ਹੈ ਓਹਨਾ ਨੇ ਕਿਹਾ ਬਾਬਾ ਸਾਹਿਬ ਵਿਸ਼ਵ ਦੇ ਉਹ ਆਗੂ ਹਨ, ਜਿਨਾਂ ਦਾ ਜਨਮ ਦਿਨ ਪੰਜਾਬ ਦੇ ਪਿੰਡ – ਪਿੰਡ, ਸ਼ਹਿਰ – ਸ਼ਹਿਰ ,ਭਾਰਤ, ਹੱਦਾ-ਸਰੱਹਦਾ ਤੋਂ ਪਾਰ ਕਈ – ਕਈ ਮਹੀਨਿਆਂ ਤੱਕ ਵਿਸ਼ਵ ਪੱਧਰ ਤੱਕ ਮਨਾਇਆ ਜਾਂਦਾ ਹੈ । ਬਾਬਾ ਸਾਹਿਬ ਨੇ ਰਾਜਨੀਤਿਕ, ਧਾਰਮਿਕ, ਸਮਾਜਿਕ ਖੇਤਰ ਚ ਆਪਣੇ ਗਿਆਨ ਨਾਲ ਪ੍ਰਭਾਵਤ ਕੀਤਾ। ਇਥੋਂ ਤੱਕ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ( ਯੂ. ਐਨ. ਓ.) ਵੀ ਉਹਨਾ ਦੇ ਜੀਵਨ ਮਿਸ਼ਨ ਨੂੰ ਸਲੂਟ ਕਰਦੀ ਹੈ ਅਤੇ ਓਹਨਾ ਦੇ ਅਧੂਰੇ ਮਿਸ਼ਨ ਨੂੰ 2030 ਤੱਕ ਪੂਰਾ ਕਰਨ ਲਈ ਸੰਕਲਪ ਲੈ ਚੁੱਕੀ ਹੈ ।
ਇਸ ਮੌਕੇ ਤੇ ਗੁਰੂਘਰ ਵਿਖੇ ਓਹਨਾ ਦੇ ਜਨਮ ਦਿਨ ਤੇ ਕੇਕ ਕਟਿਆ ਗਿਆ ਅਤੇ ਮਿਠਾਈਆਂ ਵੰਡੀਆਂ ਗਈਆਂ ਅਤੇ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਇਆ ਗਿਆ । ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸਰਦਾਰ ਰਤਨ ਸਿੰਘ ਜੱਖੂ ਨੇ ਕਿਹਾ ਕਿ ਅਸੀਂ, ਜੋ ਵੀ ਹਾਂ ਜਾਂ ਜੌ ਵੀ ਹੋਣ ਦੀ ਆਸ ਕਰਦੇ ਹਾਂ ਇਹ ਸਭ ਬਾਬਾ ਸਾਹਿਬ ਅੰਬੇਡਕਰ ਦੀ ਸਖ਼ਤ ਤਪਸਿਆ, ਗਿਆਨ,ਸੰਘਰਸ਼, ਸਬਰ, ਸਿਦਕ, ਸਿਰੜ ਅਤੇ ਪਰਿਵਾਰ ਦੀ ਕੁਰਬਾਨੀ ਅਤੇ ਦੇਸ਼,ਸਮਾਜ ਪ੍ਰਤੀ ਨਿਭਾਏ ਫਰਜ਼ਾਂ ਦੀ ਮੂੰਹ ਬੋਲਦੀ ਹਕੀਕਤ ਹੈ । ਓਹਨਾ ਕਿਹਾ ਕਿ ਬਾਬਾ
ਸਾਹਿਬ ਦਾ ਬੁੱਤ(ਸਟੈਚੂ) ਕਨੇਡਾ ਦੀ ਇੱਕ ਯੂਨੀਵਰਸਟੀ ਵਿਚ ਵੀ ਲਗਾਇਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇਗਾ ਕਿ ਭਾਰਤ ਦੇ ਇੱਕ ਬੇਖੌਫ ਆਗੂ ਨੇ ਪੂਰਨ, ਗੈਰ ਬਰਾਬਰੀ ਵਾਲੀ ਵਿਵਸਥਾ, ਨੂੰ ਬਦਲਣ ਲਈ ਓਹਨਾ ਦਾ ਨਾਮ, ਸੰਦੇਸ਼ ਦੁਨੀਆ ਵਿਚ ਹਮੇਸ਼ਾਂ ਗੂੰਝਦਾ ਰਹੇਗਾ। ਓਹਨਾ ਅੱਗੇ ਕਿਹਾ ਕਿ ਓਹਨਾ ਦੀ ਕਲਮ ਵਿਚ ਇੰਨੀ ਤਾਕਤ ਸੀ ਕੇ ਓਹਨਾ ਦੀ ਇੱਕੋ ਹੀ ਕਿਤਾਬ ਪੜ੍ਹ ਕੇ ”ਜਾਤ ਪਾਤ ਦਾ ਬੀਜ ਨਾਸ਼” ਪੜ੍ਹ ਕੇ ਕਾਂਸ਼ੀ ਰਾਮ,ਆਪਣਾ ਸਭ ਕੁਝ ਵਾਰ ਕੇ, ਸਮਾਜ ਲਈ ਹੁਕਮਰਾਨ ਬਣਨ ਲਈ ਆਪਣੀ ਜ਼ਿੰਦਗੀ ਵਾਰ ਕੇ ਕੌਮ ਦੇ ”ਸਾਹਿਬ” ਕਾਂਸ਼ੀ ਰਾਮ ਬਣੇ । ਇਹ ਪ੍ਰੋਗਰਾਮ ਨੂੰ ਸੰਗਤ ਨੇ ਬੜੀ ਰੀਝ, ਧਿਆਨ ਅਤੇ ਕੇਂਦਰਿਤ ਹੋ ਕੇ ਸੁਣਿਆ, ਸਮਝਿਆ ਅਤੇ ਬਾਬਾ ਸਾਹਿਬ ਦੀ ਤਸਵੀਰ ਅੱਗੇ ਸਭ ਨੇ ਝੁਕ ਕੇ ਓਹਨਾ ਦੀ ਬੇਮਿਸਾਲ,ਲਾਸਾਨੀ ਕੁਰਬਾਨੀ ਲਈ ਓਹਨਾ ਨੂੰ ਸਿਜਦਾ ਕੀਤਾ ਅਤੇ ਜੈ ਭੀਮ ਵੀ ਬੁਲਾਈ ।