ਮੁਹਾਲੀ: ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਤੇ ਸਕੂਲ ਬੋਰਡ ਦੇ ਗੇਟਾਂ ਦੀ ਘੇਰਾਬੰਦੀ, ਅਧਿਕਾਰੀ ਤੇ ਕਰਮਚਾਰੀ ਘਰਾਂ ਨੂੰ ਪਰਤੇ

ਮੁਹਾਲੀ (ਸਮਾਜ ਵੀਕਲੀ) : ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰ ਅਧਿਆਪਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਲਈ ਇਥੇ ਸਿੱਖਿਆ ਭਵਨ ਦੇ ਬਾਹਰ ਚੱਲ ਰਿਹਾ ਲੜੀਵਾਰ ਧਰਨਾ ਅੱਜ 51ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਅਤੇ ਸਕੂਲ ਬੋਰਡ ਦੇ ਸਾਰੇ ਗੇਟਾਂ ਦੀ ਘੇਰਾਬੰਦੀ ਜਾਰੀ ਹੈ। ਅੱਜ ਦੂਜੇ ਦਿਨ ਵੀ ਸਿੱਖਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰ ਨਹੀਂ ਜਾਣ ਦਿੱਤਾ। ਹਾਲਾਂਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਇਸ ਕਾਰਨ ਸਿੱਖਿਆ ਵਿਭਾਗ ਅਤੇ ਬੋਰਡ ਦਾ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਨਹੀਂ ਜਾ ਸਕਿਆ। ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ, ਵਾਈਸ ਚੇਅਰਮੈਨ ਵਰਿੰਦਰ ਭਾਟੀਆ, ਸਕੱਤਰ, ਡੀਪੀਆਈ, ਡੀਜੀਐੱਸਈ ਵੀ ਦਫਤਰ ਨਹੀਂ ਜਾ ਸਕੇ। ਇੰਤਜ਼ਾਰ ਕਰਨ ਤੋਂ ਬਾਅਦ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਘਰਾਂ ਨੂੰ ਪਰਤ ਗਏ।

ਇਸ ਦੌਰਾਨ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐੱਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਪ੍ਰਦਰਸ਼ਨਕਾਰੀਆਂ ਨੂੰ ਗੱਲੀਬਾਤੀਂ ਸ਼ਾਂਤ ਕਰਨ ਦਾ ਯਤਨ ਕੀਤਾ। ਇਸ ਮਗਰੋਂ ਐੱਸਡੀਐੱਮ ਹਰਬੰਸ ਸਿੰਘ ਦੀ ਅਗਵਾਈ ਹੇਠ ਪ੍ਸ਼ਾਸਨ ਨਾਲ ਕੱਚੇ ਅਧਿਆਪਕਾਂ ਦੇ ਮੋਹਰੀ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿੱਚ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਗੇਟ ਖੋਲ੍ਹਣ ਲਈ ਕਿਹਾ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਰ ਕੱਚੇ ਅਧਿਆਪਕ ਨਹੀਂ ਮੰਨੇ। ਉਨ੍ਹਾਂ ਸਾਫ਼ ਕਿਹਾ ਕਿ ਹੁਣ ਸਿਰਫ਼ ਫਾਈਨਲ ਫੈਸਲਾਕੁਨ ਮੀਟਿੰਗ ਤੈਅ ਕਰਵਾਈ ਜਾਵੇ। ਇਸ ਤੋਂ ਘੱਟ ਉਨ੍ਹਾਂ ਨੂੰ ਕੋਈ ਵੀ ਗੱਲ ਮਨਜ਼ੂਰ ਨਹੀਂ ਹੈ। ਇਸ ਮੌਕੇ ਸੂਬਾ ਕਨਵੀਨਰ ਅਜਮੇਰ ਸਿੰਘ ਔਲਖ, ਗਗਨਦੀਪ ਕੌਰ ਅਬੋਹਰ, ਦਵਿੰਦਰ ਸਿੰਘ ਸੰਧੂ, ਵੀਰਪਾਲ ਕੌਰ ਸਿਧਾਣਾ ਤੇ ਜਸਵੰਤ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 15 ਅਗਸਤ ਨੂੰ ਸਮਾਗਮਾਂ ਮੌਕੇ ਵਿਘਨ ਪਾਇਆ ਜਾਵੇਗਾ। ਉਧਰ ਸਤਿੰਦਰ ਸਿੰਘ ਕੰਗ ਤਰਨਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਨਾੜੂ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ ਅਤੇ ਰੋਹਿਤ ਕੁਮਾਰ ਅੰਮ੍ਰਿਤਸਰ ਸਿੱਖਿਆ ਭਵਨ ਦੀ ਛੱਤ ’ਤੇ ਡਟੇ ਹੋਏ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕਰਨ ਵਾਲੇ ਸਿੱਧੂ ਦਾ ਮੋਗਾ ’ਚ ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ
Next articleਆਮਦਨ ਤੋਂ ਵੱਧ ਜਾਇਦਾਦ: ਸੁਮੇਧ ਸੈਣੀ ਨੇ ਜ਼ਮਾਨਤ ਲਈ ਅਦਾਲਤ ਦਾ ਬੂਹਾ ਖੜਕਾਇਆ, ਸੁਣਵਾਈ 6 ਨੂੰ