ਮੋਬਾਇਲ ਕਾਰਨ ਬੱਚਿਆਂ ਵਿੱਚ ਵੱਧ ਰਿਹਾ ਚਿੜਚਿੜਾਪਨ

(ਸਮਾਜ ਵੀਕਲੀ) ਅਜੋਕੇ ਸਮੇਂ ਵਿੱਚ ਮੋਬਾਇਲ ਫੋਨ ਨੇ ਰੋਜ਼ਾਨਾ ਜ਼ਿੰਦਗੀ ਵਿੱਚ ਅਹਿਮ ਜਗ੍ਹਾ ਬਣਾ ਲਈ ਹੈ। ਪਹਿਲਾਂ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਦੁੱਖ ਸੁੱਖ  ਚਿੱਠੀਆਂ ਰਾਹੀਂ ਸਾਂਝੇ ਕਰਦੇ  ਸਨ । ਲੋਕਾਂ ਵਿੱਚ ਆਪਸੀ ਬਹੁਤ ਪਿਆਰ ਹੁੰਦਾ ਸੀ।ਅੱਜ ਕੱਲ ਤਾਂ ਘਰ ਵਿਚ ਜਿੰਨੇ ਮੈਂਬਰ ਹਨ ,ਤਕਰੀਬਨ ਸਾਰੇ ਹੀ ਮੋਬਾਇਲ ਦੀ ਵਰਤੋਂ ਕਰਦੇ ਹਨ। ਆਪਸੀ ਪਿਆਰ ਬਹੁਤ ਘੱਟ ਗਿਆ ਹੈ।ਮੋਬਾਇਲ ਤੇ ਹੀ ਦੁੱਖ ਸੁੱਖ ਪਤਾ ਕਰ  ਲਏ ਜਾਂਦੇ ਹਨ। ਇੱਥੋਂ ਤਕ ਕਿ ਜੇ ਕਿਸੇ ਦੇ ਘਰ ਕੋਈ ਮੌਤ ਵੀ ਹੋ ਜਾਂਦੀ ਹੈ, ਤਾਂ ਮੋਬਾਇਲ ਤੇ ਹੀ ਅਫ਼ਸੋਸ ਕਰ ਲਿਆ ਜਾਂਦਾ ਹੈ। ਮੋਬਾਈਲ ਨੇ ਸਾਡਾ ਆਪਸੀ ਸਾਂਝ ਪਿਆਰ ਵੀ ਖਤਮ ਕੀਤਾ ਹੈ।
     ਕੁਝ ਸਮਾਂ ਪਹਿਲਾਂ ਬੱਚੇ ਜਦੋਂ ਮੋਬਾਇਲ ਦਾ ਬਹੁਤ ਘੱਟ ਦੌਰ ਸੀ, ਬੱਚੇ ਆਪਣੇ ਨਾਨਕੇ ,ਦਾਦਕੇ ਘਰ, ਭੂਆ ਘਰ ਆ ਜਾਂਦੇ ਸਨ। ਬੱਚਿਆਂ ਨੂੰ ਪਤਾ ਵੀ ਹੁੰਦਾ ਸੀ ਕਿ ਇਹ ਮੇਰਾ ਮਾਮਾ ਲੱਗਦਾ ਹੈ ਜਾਂ ਮੇਰਾ ਚਾਚਾ ਲੱਗਦਾ ਹੈ। ਕਹਿਣ ਦਾ ਭਾਵ ਹੈ ਕਿ ਬੱਚੇ ਨੂੰ ਹਰ ਰਿਸ਼ਤੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਬੱਚੇ ਇੱਕਠੇ ਹੋ ਕੇ ਖੁੱਲ੍ਹੀ ਥਾਂ ਤੇ ਖੇਡਦੇ ਸਨ। ਸ਼ਰੀਰਿਕ ਵਿਕਾਸ ਹੁੰਦਾ ਸੀ। ਆਪਸ ਵਿੱਚ ਬੱਚੇ ਲੜਦੇ ਵੀ ਸਨ ਤੇ ਇਕੱਠੇ ਖਾਂਦੇ ਵੀ ਸਨ, ਫਿਰ ਦੁਬਾਰਾ ਖੇਡਦੇ ਵੀ ਸਨ। ਹਰ ਖੇਡ ਖੁੱਲ੍ਹੇ ਵਿੱਚ ਬੱਚੇ ਇੱਕਠੇ ਹੋ ਕੇ ਖੇਡਦੇ ਸਨ ।ਜਿਵੇਂ ਪੀਲ ਪਲੰਘੜਾ, ਗੁੱਲੀ ਡੰਡਾ  ਤੇ ਹੋਰ ਵੀ ਕਈ ਤਰਾਂ ਦੀਆਂ ਖੇਡਾ। ਮਾਂ-ਬਾਪ ਆਪ ਹੀ ਬੱਚੇ ਨੂੰ ਖੁੱਲੀ ਥਾਂ ਤੇ ਲੈ ਕੇ ਜਾਂਦੇ ਸਨ। ਸ਼ਾਮ ਨੂੰ ਅਕਸਰ ਬੱਚੇ ਖੇਡਦੇ ਸਨ।
    ਸਮਾਂ ਬਦਲਿਆ। ਮੋਬਾਇਲ ਫੋਨ ਨੇ ਹਰ ਇੱਕ ਇਨਸਾਨ ਦੇ ਹੱਥ ਵਿਚ ਆ ਕੇ ਰਿਸ਼ਤਿਆਂ ਦੀ ਰੂਪ-ਰੇਖਾ ਬਦਲ ਦਿੱਤੀ ਹੈ।ਇੰਟਰਨੈਟ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਪਤਾ ਨਹੀਂ ਕਿੰਨੀ ਕੁ ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਜਾ ਕੇ ਤਰਾਂ ਤਰਾਂ ਦੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ ਹਨ। ਅਜਿਹਾ ਸਮਾਂ ਆ ਚੁੱਕਿਆ ਹੈ ਕਿ ਘਰ ਬੈਠੇ ਹੀ ਲੋਕ ਕੱਪੜਿਆਂ ਦੀ ਸ਼ਾਪਿੰਗ ਵੀ ਕਰ ਰਹੇ ਹਨ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਵੀ ਆਉਂਦਾ ਹੈ ਕੀ ਚੀਜ਼ ਮੰਗਵਾਈ ਕੁਝ ਹੋਰ ਸੀ ਤੇ ਭੇਜ ਦਿੱਤੀ ਹੋਰ ।ਇਹ ਸਾਰਾ ਕੁੱਝ ਮੋਬਾਇਲ ਦੀ ਬਦੌਲਤ ਹੋ ਰਿਹਾ ਹੈ । ਕਹਿਣ ਦਾ ਭਾਵ ਹੈ ਕਿ ਜਦੋਂ ਦਾ ਇੰਟਰਨੈੱਟ ਆਇਆ ਹੈ ਲੋਕਾਂ ਨੇ ਆਪਸੀ ਮਿਲਵਰਤਨ, ਬਾਹਰ  ਆਉਣਾ ਜਾਣਾ ਨਿਕਲਣਾ ਹੀ ਬੰਦ ਕਰ ਦਿੱਤਾ ਹੈ।
   ਹਾਲ ਹੀ ਵਿੱਚ ਕਿਸੇ ਯੁਨੀਵਰਸਿਟੀ ਨੇ ਅਧਿਐਨ ਕੀਤਾ ਹੈ ਕਿ 95 ਫ਼ੀਸਦੀ ਬੱਚੇ ਮੋਬਾਈਲ ਦੇ ਆਦੀ ਹੋ ਚੁੱਕੇ ਹਨ। ਜਿਸ ਕਾਰਨ ਛੋਟੀ ਉਮਰ ਦੇ ਬੱਚੇ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਚਿੜਚਿੜਾਪਨ, ਅੱਖਾਂ ਦੇ ਰੋਗ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ । ਹੁਣ ਤਾਂ ਬੱਚੇ ਘਰ ਦੇ ਕਮਰੇ ਵਿਚੋਂ ਬਾਹਰ ਹੀ ਨਹੀਂ ਨਿਕਲਦੇ। ਮੋਬਾਇਲ ਦੇ ਤਾਂ ਇੰਨੇ ਜ਼ਿਆਦਾ ਆਦੀ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਬੈਡ ਤੇ ਹੀ ਸਾਰਾ ਖਾਣਾ ਪਰੋਸਿਆ ਜਾਂਦਾ ਹੈ।ਨਵੀਂ ਪੀੜ੍ਹੀ ਦਾ ਮੋਬਾਇਲ ਵੱਲ ਰੁਝਾਨ ਲਗਾਤਾਰ ਵੱਧ ਰਿਹਾ ਹੈ। ਰਾਤ ਨੂੰ ਸੌਣ ਲੱਗੇ ਵੀ ਮੋਬਾਇਲ ਆਪਣੇ ਸਰ੍ਹਾਣੇ ਰੱਖ ਕੇ ਸੌਂਦੇ ਹਨ। ਹਾਲਾਂਕਿ ਮਾਹਿਰ ਦੱਸਦੇ ਹਨ ਕਿ ਇਸ ਦੀਆਂ ਜੋ ਤਿਰੰਗਾ ਨਿਕਲਦੀਆਂ ਹਨ ਉਹ ਦਿਮਾਗ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ। ਰਾਤ ਨੂੰ ਸੌਣ ਲੱਗੇ ਮੋਬਾਈਲ ਆਪਣੇ ਤੋਂ ਬਹੁਤ ਦੂਰ ਰੱਖ ਕੇ ਸੋਣਾ ਚਾਹੀਦਾ ਹੈ।
    ਜਿਵੇਂ ਸਾਡੇ ਲਈ ਰੋਟੀ ,ਪਾਣੀ ,ਹਵਾ ਜ਼ਰੂਰੀ ਹਨ ,ਅੱਜ ਇਹ ਮੋਬਾਇਲ ਵੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ। ਕਈ ਇਨਸਾਨ ਤਾਂ ਚਲਦੇ ਫਿਰਦੇ ਮੋਬਾਈਲ ਦੀ ਇੰਨੀ ਧੜੱਲੇ ਨਾਲ ਵਰਤੋਂ ਕਰਦੇ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਨਾਲ ਕੋਣ ਬਣਦਾ ਜਾ ਰਿਹਾ ਹੈ। ਗੱਡੀ ਚਲਾਉਂਦੇ ਹੋਏ ਵੀ ਲੋਕ ਮੋਬਾਈਲ ਦੀ ਅਕਸਰ ਵਰਤੋਂ ਕਰਦੇ ਹਨ। ਜਿਸ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਦੁਰਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ। ਕੰਨਾਂ ਵਿੱਚ ਲੀਡ ਲਗਾ ਕੇ ਲੋਕ ਡਰਾਈਵਿੰਗ ਕਰਦੇ ਹਨ। ਕਈ  ਅਣਸੁਖਾਵੀਂ ਘਟਨਾਵਾਂ ਵਾਪਰ ਰਹੀਆਂ ਹਨ।
   ਲਾਕਡਾਊਨ ਦੇ ਸਮੇਂ ਤਕਰੀਬਨ ਸਾਰੀ ਹੀ ਪੜ੍ਹਾਈ ਬੱਚਿਆਂ ਦੀ ਘਰ ਬੈਠੇ ਮੋਬਾਇਲ ਤੇ ਹੀ ਹੋਈ ਹੈ।ਕਈ ਬੱਚਿਆਂ ਨੇ ਤਾਂ ਗਲਤ ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਜਾ ਕੇ ਆਪਣੇ ਮਾਂ-ਬਾਪ ਦੀ ਜਮ੍ਹਾਂ ਕੀਤੀ ਪੂੰਜੀ ਹੀ ਗਵਾ ਦਿੱਤੀ। ਮਾਂ ਬਾਪ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ  ਬਾਹਰ ਪਾਰਕ ਜਾਂ ਝੀਲ ਜਾਂ ਕਿੱਥੇ ਹੋਈ ਕਿਤਾਬ ਮੇਲਾ ਹੈ , ਉਥੇ ਲੈ ਕੇ ਜਾਣ। ਇਸ ਨਾਲ ਬੱਚਿਆਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੋਵੇਗਾ। ਮਾਂ-ਬਾਪ ਦਾ ਫਰਜ਼ ਬਣਦਾ ਹੈ ਕਿ ਛੁੱਟੀ ਵਾਲੇ ਦਿਨ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰੋ। ਇਸ ਨਾਲ ਬੱਚਿਆਂ ਦੀ ਮੋਬਾਇਲ ਤੋਂ ਦੂਰੀ ਬਣੇਗੀ। ਵਧੀਆ ਕਿਤਾਬਾਂ ਬਾਰੇ ਜਾਣਕਾਰੀ ਦੇਵੋ। ਲਾਇਬ੍ਰਰੀ ਵਿਚ ਲੈ ਕੇ ਜਾਓ। ਬੱਚਿਆਂ ‘ਚ ਸਾਹਿਤ ਪੜ੍ਹਨ ਦਾ ਰੁਝਾਨ ਵੱਧੇਗਾ। ਜੇ ਮਾਂ ਬਾਪ ਹੀ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦੀ ਦੇਖਾਦੇਖੀ ਵਿਚ ਬੱਚੇ ਆਪ ਕਿਤਾਬਾਂ ਵੱਲ ਵਧਣਗੇ। ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਆਪਣੇ ਕਰੀਬੀ ਰਿਸ਼ਤਿਆਂ ਬਾਰੇ ਜਾਣਕਾਰੀ ਦੇਣ। ਛੁੱਟੀ ਵਾਲੇ ਦਿਨ ਬੱਚਿਆਂ ਨੂੰ ਲੈ ਕੇ ਰਿਸ਼ਤੇਦਾਰਾਂ ਦੇ ਘਰ ਜਾਓ। ਪਰਿਵਾਰਾਂ ਦੇ ਬੱਚਿਆਂ ਵਿੱਚ ਆਪਸੀ ਪ੍ਰੇਮ ਪਿਆਰ ਵਧੇਗਾ। ਹੌਲੀ ਹੌਲੀ ਬੱਚਿਆਂ ਵਿਚ ਮੋਬਾਇਲ ਚਲਾਉਣ ਦੀ ਆਦਤ ਵੀ ਘੱਟ ਜਾਏਗੀ।
ਸੰਜੀਵ ਸਿੰਘ ਸੈਣੀ, ਮੋਹਾਲੀ  7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 15/06/2024
Next articleਜਮ੍ਹਾਂਬੰਦੀ (ਫ਼ਰਦ) ਨੂੰ ਕਿਵੇਂ ਪੜ੍ਹਨਾ ਹੈ ? …… ਆਓ ਜਾਣੀਏ !