(ਸਮਾਜ ਵੀਕਲੀ) ਅੱਜ ਦਾ ਸਮਾਜ ਇਕ ਅਜਿਹੇ ਮੋੜ ‘ਤੇ ਆ ਖੜਾ ਹੋ ਗਿਆ ਹੈ ਕਿ ਜਿੱਥੇ ਇਕ ਪਾਸੇ ਤਕਨੀਕੀ ਤਰੱਕੀ ਨੇ ਜਿੰਦਗੀ ਨੂੰ ਆਸਾਨ ਅਤੇ ਤੇਜ਼ ਬਣਾ ਦਿੱਤਾ ਹੈ,ਦੂਜੇ ਪਾਸੇ ਉਹੀ ਤਕਨਾਲੌਜੀ ਹੌਲੀ-ਹੌਲੀ ਅਤੇ ਚੁੱਪ-ਚਾਪ ਸਮਾਜਿਕ ਤਾਣੇ-ਬਾਣੇ ਨੂੰ ਖੋਖਲਾ ਕਰ ਰਹੀ ਹੈ।ਸਾਡੀ ਅੱਖਾਂ ਦੇ ਇਹ ਸੱ ਸਾਹਮਣੇ ਹੋ ਰਿਹਾ ਹੈ,ਪਰ ਅਸੀ ਚੁੱਪ-ਚੁਪੀਤੇ ਇਹ ਸੱਭ ਦੇਖ ਰਹੇ ਹਾਂ,ਸੋਸ਼ਲ ਮੀਡੀਆ, ਜੋ ਕਦੇ ਜਾਣਕਾਰੀ ਲਈ ਅਤੇ ਸੰਪਰਕ ਕਰਨ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਹੁੰਦਾ ਸੀ,ਅੱਜ ਇਕ ਇਹੋ ਅਜਿਹਾ ਨਸ਼ਾਂ ਬਣ ਗਿਆ ਹੈ ਕਿ ਜਿਸ ਨੇ ਪਰਿਵਾਰ,ਰਿਸ਼ਤਿਆਂ ਅਤੇ ਮਾਨਸਿਕ ਸਿਹਤ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਪੁਰਾਣੇ ਸਮਿਆਂ ਵਿੱਚ ਸੰਚਾਰ ਦਾ ਅਰਥ ਬੈਠਣਾ,ਗੱਲਾਂ ਕਰਨਾ,ਹੱਸਣਾ,ਰੋਣਾ,ਬਹਿਸ ਕਰਨਾ ਅਤੇ ਸਮਝਣਾ ਹੁੰਦਾ ਸੀ।ਅੱਜ ਇਹ ਸੱਭ ਕੁਝ ‘ਟਾਇਪਿੰਗ’ ਅਤੇ ‘ਸਕ੍ਰੋਲਿੰਗ’ ਵਿੱਚ ਬਦਲ ਗਿਆ ਹੈ।ਬੱਚੇ ਹੋਣ ਜਾਂ ਬਜੁਰਗ,ਔਰਤਾਂ ਹੋਣ ਜਾਂ ਮਰਦ,ਹਰ ਕਿਸੇ ਦੇ ਹੱਥ ਵਿੱਚ ਸਮਾਰਟ ਫੋਨ ਹੁੰਦਾ ਹੈ ਅਤੇ ਉਹਨਾਂ ਦੀਆਂ ਨਜ਼ਰਾਂ ਸਕਰੀਨ ‘ਤੇ ਹੀ ਰਹਿੰਦੀਆਂ ਹਨ,ਉਹਨਾਂ ਨੂੰ ਆਪਣੇ ਆਲੇ ਦੁਆਲੇ ਦੀ ਕੋਈ ਖਬਰ ਨਹੀ ਹੁੰਦੀ ਅਤੇ ਉਹਨਾਂ ਨੂੰ ਇਹ ਵੀ ਨਹੀ ਪਤਾ ਹੁੰਦਾ ਕਿ ਸਾਡੇ ਕੋਲ ਕੌਣ ਬੈਠਾ ਹੈ ਜਾਂ ਸਾਡੇ ਕੋਲ ਦੀ ਕੌਣ ਲੰਘ ਕੇ ਗਿਆ ਹੈ।ਰਸੋਈ ਵਿਹੜਾ ਲਿਵਿੰਗ ਰੂਮ ਵਿੱਚ ਹੋਣ ਵਾਲੀਆਂ ਗੱਲਾਂਬਾਤਾਂ ਹੁਣ ‘ਸਟੇਟਸ ਅੱਪਡੇਟ,ਜਾਂ ਰੀਲਾਂ ਟਵੀਟ ਤੱਕ ਹੀ ਸੀਮਿਤ ਰਹਿ ਗਈਆਂ ਹਨ।ਕਈ ਤਾਂ ਆਪਣੇ ਬੈਡ ਰੂਮ ਦੀ ਪ੍ਰਾਈਵੇਸੀ ਹੁਣ ਰੀਲਾਂ ਰਾਹੀ ਹੀ ਬਾਹਰ ਲਿਆ ਰਹੇ ਹਨ।ਸਾਡੀ ਅਸਲ ਦੁਨੀਆਂ ਉਸੇ ਤਰਾਂ ਹੀ ਸੁੰਗੜ ਕੇ ਰਹਿ ਗਈ ਹੈ ਜਿਸ ਤਰਾਂ ਕਿ ਇੰਟਰਨੈਟ ਦੀ ਪਹੁੰਚ ਅਤੇ ਸਮਾਰਟਫੋਨ ਦਾ ਫੈਲਾਅ ਵੱਧ ਰਿਹਾ ਹੈ।ਸੋਸ਼ਲ ਮੀਡੀਆ ਨੇ ਰਿਸ਼ਤਿਆਂ ਦੀ ਪਰੀਭਾਸ਼ਾਂ ਹੀ ਬਦਲ ਕੇ ਰੱਖ ਦਿੱਤੀ ਹੈ।ਹੁਣ ਦੋਸਤ ਵੀ ਉਹ ਰਹਿ ਗਏ ਹਨ ਜਿੰਨਾਂ ਦੀਆਂ ਪੋਸਟਾਂ ਤੇ ਅਸੀ ਦਿਲ ਭੇਜ ਰਹੇ ਹਾਂ।ਪਰਿਵਾਰ ਉਹ ਰਹਿ ਗਿਆ ਹੈ ਜਿੰਨਾਂ ਦੇ ਅਸੀ ਸੁਨੇਹੇ ਦੇਖਦੇ ਹਾਂ।ਦੁੱਖ ਸੁਖ ਉਹ ਰਹਿ ਗਿਆ ਹੈ ਜਿੰਨਾਂ ਦੀ ਕਹਾਣੀ ਨੂੰ ਅਸੀ ਸਾਂਝਾਂ ਕੀਤਾ ਹੈ।ਬੱਚੇ ਹੁਣ ਖੇਡ ਦੇ ਮੈਦਾਨ ਵਿੱਚ ਨਹੀ ਸਗੋਂ ਮੌਬਾਇਲ ਤੇ ਹੀ ਚੈਪੀਅਨ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।ਸਕੂਲ ਤੋਂ ਆਉਣ ਤੋਂ ਬਾਅਦ ਆਪਣੇ ਮਾਂ ਪਿਓ ਨਾਲ ਗੱਲ ਕਰਨ ਦੀ ਬਜਾਇ ਇੰਸਟਾਗ੍ਰਾਮ ਖੋਲਣਾ ਜਿਆਦਾ ਪਸੰਦ ਕਰਦੇ ਹਨ।ਬਚਪਨ ਕਦੇ ਆਤਮ ਪੜਚੋਲ ਅਤੇ ਸਮਾਜਿਕ ਅਨੁਭਵਾਂ ਦਾ ਸਮਾਂ ਹੋਇਆ ਕਰਦਾ ਸੀ।ਹੁਣ ਸਾਡਾ ਬਚਪਨ ਸੈਲਫ਼ੀ,ਫਿਲਟਰ ਅਤੇ ਵਰਚੂਅਲ ਪਛਾਣ ਦੀ ਦੌੜ ਵਿੱਚ ਉਲਝ ਕੇ ਰਹਿ ਗਿਆ ਹੈ। ਮੋਬਾਇਲ ਦੀ ਜਿਆਦਾ ਵਰਤੋ ਕਰਨ ਦੀ ਇਸ ਦੌੜ ਨੇ ਇਕ ਟਕਰਾਅ ਪੈਦਾ ਕਰ ਦਿੱਤਾ ਹੈ।ਜਿੱਥੇ ਲੋਕ ਆਪਣੇ ਆਪ ਨੂੰ ਸੋਹਣਾ ਬਣਨ ਵਿੱਚ ਬਹੁਤ ਰੁਝੇ ਹੋਏ ਹਨ,ਪਰ ਅੰਦਰੋ ਬਹੁਤ ਇਕੱਲੇ ਰਹਿ ਗਏ ਹਨ,ਅੰਦਰੋ ਖੋਖਲੇ ਹੁੰਦੇ ਜਾ ਰਹੇ ਹਨ।ਰਿਸ਼ਤੇ ਜੋ ਕਦੇ ਜਿੰਦਗੀ ਦਾ ਆਂਦਾਰ ਹੁੰਦੇ ਸਨ,ਹੁਣ ‘ਟੈਗ’ ਵਿੱਚ ਹੀ ਬਦਲ ਗਏ ਹਨ।ਪਤੀ ਪਤਨੀ ਇਕੋ ਹੀ ਛੱਤ ਦੇ ਥੱਲੇ ਰਹਿੰਦੇ ਹਨ ਪਰ ਗੱਲਬਾਤ ਵਟਸਐਪ ਤੇ ਕਰਦੇ ਹਨ,ਕਈ ਤਾਂ ਅਹਿਮ ਫੈਸਲੇ ਵੀ ਸਟੇਟਸਾਂ ਰਾਹੀ ਹੀ ਲੈਦੇ ਹਨ।ਅੱਜ ਕਲ ਕਿਸੇ ਦੇ ਘਰ ਦੇ ਹਾਲਾਤ ਦਾ ਪਤਾ ਕਰਨੇ ਹੋਵੇ ਤਾਂ ਉਹਨਾਂ ਦੇ ਸਟੇਟਸਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਘਰਾਂ ਵਿੱਚ ਕੀ ਚੱਲ ਰਿਹਾ ਹੈ।ਮਾਂ ਬਾਪ ਬੱਚਿਆਂ ਨੂੰ ਖਾਣਾ ਪਰੋਸਦੇ ਹਨ ਅਤੇ ਬੱਚੇ ਖਾਣ ਤੋਂ ਪਹਿਲਾਂ ਖਾਣੇ ਦੀਆਂ ਤਸਵੀਰਾਂ ਲੈਦੇ ਹਨ ਫੋਟੋ ਲੈਣ ਲਈ ਵੀ ਅਲੱਗ ਅਲੱਗ ਤਰਾਂ ਦੇ ਐਪਸ ਦਾ ਇਸਤੇਮਾਲ ਕਰਕੇ,ਝੱਟ ਦੇਣਾ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਹਨ।ਇਹ ਉਹਨਾਂ ਦੀ ਆਦਤ ਇਕ ਨਸ਼ਾਂ ਬਣ ਗਈ ਹੈ।ਸਵੇਰੇ ਉਠਦੇ ਹੀ ਸੱਭ ਤੋਂ ਪਹਿਲਾਂ ਆਪਣਾ ਮੌਬਾਇਲ ਦੇਖਣਾ,ਰਾਤ ਨੂੰ ਸੌਣ ਤੋਂ ਪਹਿਲਾਂ ਸਕ੍ਰੋਲ ਕਰਨਾ,ਹਰ ਪਲ ਆਪਣੇ ਆਪ ਨੂੰ ਲਾਇਵ ਸ਼ੋਅ ਕਰਨਾ ਜਾਂ ਘੱਟੋ-ਘੱਟ ਫੋਨ ਤੇ ਹਰ ਸਮੇਂ ਬਣੇ ਰਹਿਣਾ।ਇਹ ਵਿਵਹਾਰ ਨਾ ਕਿ ਇਕ ਸਮੇਂ ਦੀ ਬਰਬਾਦੀ ਹੈ ਬਲਕਿ ਮਾਨਸਿਕ ਵਿਕਾਰਾਂ ਦਾ ਬੀਜ ਵੀ ਬਣ ਗਿਆ ਹੈ। ਡਿਜੀਟਿਲ ਜੀਵਨ ਸ਼ੈਲੀ ਨੇ ਨਾ ਸਿਰਫ਼ ਨੀਂਦ,ਖੁਰਾਕ ਇਕਾਗਰਤਾ ਨੂੰ ਪ੍ਰਭਾਵਿਤ ਕੀਤਾ ਹੈ,ਸਗੋਂ ਮਾਨਸਿਕ ਸਿਹਤ ‘ਤੇ ਵੀ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ।ਸੋਸ਼ਲ ਮੀਡੀਆ ਤੇ ਦਿਖਾਈ ਦੇਣ ਵਾਲੀ ਸੰਪੂਰਨ ਜਿੰਦਗੀ ਦੇ ਸੰਪਰਕ ਵਿੱਚ ਆਉਣਾ ਆਮ ਆਦਮੀ ਨੂੰ ਇਕ ਹੀਣ ਭਾਵਨਾ ਨਾਲ ਭਰ ਦਿੰਦਾ ਹੈ।ਦੂਜਿਆਂ ਦੀ ਸਫਲਤਾ,ਸੁੰਦਰਤਾ,ਯਾਤਰਾ ਅਤੇ ਜੀਵਨ ਸ਼ੈਲੀ ਦੀਆਂ ਤਸਵੀਰਾਂ ਦੇਖ ਕੇ ਇਕ ਵਿਆਕਤੀ ਆਪਣੀ ਜਿੰਦਗੀ ਨੂੰ ਮਾਮੂਲੀ ਸਮਝਣ ਲੱਗ ਪੈਦਾ ਹੈ।ਇਹ ਉਹ ਪਲ ਹੁੰਦਾ ਹੈ ਜਦੋਂ ਤਣਾਓ,ਉਦਾਸੀ ਅਤੇ ਸਵੈ-ਨਿੰਦਾ ਵਰਗੇ ਵਿਕਾਰ ਜਨਮ ਲੈਣ ਲੱਗ ਜਾਂਦੇ ਹਨ।ਇਹ ਪ੍ਰਭਾਵ ਬਚਪਨ ਅਤੇ ਨੌਜਵਾਨਾਂ ਵਿੱਚ ਖਾਸ ਤੌਰ ‘ਤੇ ਬਰਾਬਰ ਰਹਿੰਦਾ ਹੈ।ਸੋਸ਼ਲ ਮੀਡੀਆ ‘ਤੇ ਲਾਇਕਸ,ਟਿੱਪਣੀਆਂ ਅਤੇ ਫਾਲੋਅਰਜ਼ ਨੇ ਸਵੈ-ਮੁਲਾਕਣ ਦਾ ਇਕ ਨਵਾ ਪੈਮਾਨਾ ਬਣਾਇਆ ਹੈ।ਜੇਕਰ ਕਿਸੇ ਪੋਸਟ ਨੂੰ ਘੱਟ ਲਾਇਕ ਮਿਲਦੇ ਹਨ ਤਾਂ ਸਵੈ-ਮਾਣ ਨੂੰ ਠੇਸ ਪਹੁੰਚਦੀ ਹੈ ਅਤੇ ਜੇਕਰ ਟ੍ਰੋਲਿੰਗ ਹੁੰਦੀ ਹੈ ਤਾਂ ਉਦਾਸੀ ਦੀ ਸਥਿੱਤੀ ਕਈ ਮਹੀਨਿਆਂ ਤੱਕ ਰਹਿੰਦੀ ਹੈ। ਇਸ ਪਲੇਟਫਾਰਮ ‘ਤੇ ਨਕਲੀ ਪਛਾਣ ਅਤੇ ਵਰਚੂਅਲ ਗਲੈਮਰ ਦਾ ਜਾਲ ਏਨਾਂ ਸੰਘਣਾ ਹੋ ਗਿਆ ਹੈ ਕਿ ਲੋਕ ਹਕੀਕਤ ਤੌਂ ਬਹੁਤ ਦੂਰ ਹੁੰਦੇ ਜਾ ਰਹੇ ਹਨ।ਇਕ ਪਾਸੇ ਇਕ ਵਿਆਕਤੀ ਦੂਜਿਆਂ ਨੂੰ ਦਿਖਾਉਣ ਦੇ ਲਈ ਮਹਿੰਗੇ ਕਪੜਿਆਂ,ਕਾਰਾਂ ਅਤੇ ਕੈਫੇ ਦੀਆਂ ਫੋਟੋਆਂ ਪੋਸਟ ਕਰਦਾ ਹੈ ਜਦ ਕਿ ਅਸਲ ਜਿੰਦਗੀ ਵਿੱਚ ਉਹ ਆਦਮੀ ਕਰਜ਼ੇ ਅਤੇ ਤਣਾਅ ਵਿੱਚ ਪੂਰਾ ਘਿਰਿਆਂ ਹੁੰਦਾ ਹੈ।ਹੱਸਦੇ ਵਸਦੇ ਪਰਿਵਾਰਾਂ ਵਿੱਚ ਸ਼ਾਂਤੀ ਦੀ ਜਗਾ ਸ਼ੱਕ,ਦੂਰੀ ਅਤੇ ਈਰਖਾ ਨੇ ਲੈ ਲਈ ਹੈ,ਵਿਆਹੁਤਾ ਜੀਵਨ ਦੇ ਅੰਦਰ ਸੋਸ਼ਲ ਮੀਡੀਆ ਬੇਲੋੜ੍ਹੀਆਂ ਗੱਲਬਾਤਾਂ ਅਤੇ ਤਾਹਨੇ ਮਿਹਣਿਆਂ ਨੇ ਕਬਜਾ ਕਰ ਲਿਆ ਹੈ,ਸੋਸ਼ਲ ਮੀਡੀਆਂ ਅਤੇ ਟੀ ਵੀ ਵਿੱਚ ਚੱਲ ਰਹੇ ਨਾਟਕਾਂ ਨੇ ਹੱਸਦੇ ਵੱਸਦੇ ਘਰ ਉਜਾੜ ਕੇ ਰੱਖ ਦਿੱਤੇ ਹਨ,ਜਿਸ ਦੇ ਕਾਰਨ ਹੀ ਅੱਜ ਦੇ ਸਮੇਂ ਵਿੱਚ ਤਲਾਕ ਦੇ ਮਾਮਲਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਬੱਚਿਆਂ ਵਿੱਚ ਲਗਾਤਾਰ ਚਿੜਚਿੜਾਪਣ,ਸਮਾਜਿਕ ਇਕੱਲਤਾ ਅਤੇ ਆਪਣੇ ਆਪ ਨੂੰ ਦੂਰ ਰੱਖਣ ਦੀਆਂ ਸਮੱਸਿਆਵਾਂ ਲਗਾਤਾਰ ਪੈਦਾ ਹੋ ਰਹੀਆਂ ਹਨ।ਬਜੁਰਗ ਆਪਣਿਆਂ ਹੀ ਘਰਾਂ ਵਿੱਚ ਇਕੱਲਤਾਪਣ ਅਤੇ ਅਣਗੋਹਲਿਆ ਮਹਿਸੂਸ ਕਰ ਰਹੇ ਹਨ,ਕਿਉਕਿ ਬੱਚੇ ਸੋਸ਼ਲ ਮੀਡੀਆ ਤੇ ਏਨਾ ਕੁ ਗੁਆਚ ਗਏ ਹਨ ਕਿ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਹੀ ਨਹੀ ਹੈ ਅਤੇ ਨਾ ਹੀ ਉਹਨਾਂ ਨੂੰ ਆਪਣੇ ਤੋਂ ਬਗੈਰ ਕੋਈ ਦਿਖਾਈ ਦੇ ਰਿਹਾ ਹੈ।ਸੋਸ਼ਲ ਮੀਡੀਆ ਇਕ ਝੂਠੇ ਅਦਰਸ਼ਾਂ ਅਤੇ ਨੁਕਸਾਨਦੇਹ ਸਮੱਗਰੀ ਨਾਲ ਭਰਿਆ ਹੋਇਆ ਹੈ, ਲੜਕੀਆਂ ਤੇ ਅਸੀ ਦਬਾਅ ਬਣਾ ਰਹੇ ਹਾਂ ਕਿ ਇਸ ਪਾਸੇ ਨਾ ਤੁਰਨ ਪਰ ਅੱਜ ਕੁੜੀਆਂ ਮੁੰਡਿਆਂ ਵਿੱਚ ਕੋਈ ਫ਼ਰਕ ਨਹੀ ਰਿਹਾ।ਨੌਜਵਾਨ ਸਫਲਤਾ ਦੇ ਝੂਠੇ ਮਾਡਲ ਦੇਖ ਕੇ ਗੂੰਮਰਾਹ ਹੋ ਰਹੇ ਹਨ,ਅਤੇ ਛੋਟੇ ਬੱਚੇ ਹਿੰਸਕ ਗੁੰਮਰਾਹਕੁੰਨ ਖੇਡਾਂ ਵਿੱਚ ਬੜੀ ਬੁਰੀ ਤਰਾਂ ਫਸ ਰਹੇ ਹਨ।ਇਹ ਸੋਸ਼ਲ ਮੀਡੀਆ ਦਾ ਨਸ਼ਾਂ ਉਦੋਂ ਹੀ ਟੁੱਟੇਗਾ ਜਦੋਂ ਅਸੀ ਇਸ ਨੂੰ ਸਮਝਦਾਰੀ ਸੰਜਮ,ਅਕਲਮੰਦੀ ਅਪਣਾਵਾਂਗੇ।
ਅਮਰਜੀਤ ਚੰਦਰ 9417600014



