ਵਿਧਾਇਕਾਂ ਦਾ ਆਚਰਣ ਭਾਰਤੀ ਕਦਰਾਂ-ਕੀਮਤਾਂ ਅਨੁਸਾਰ ਹੋਣਾ ਜ਼ਰੂਰੀ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਦੇ ਸੰਸਦ ਮੈਂਬਰਾਂ ਤੋਂ ਲੈ ਕੇ ਆਮ ਆਦਮੀ ਤੱਕ ਹਰ ਵਿਅਕਤੀ ਨੂੰ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਵਿਕਾਸ ਨੂੰ ਆਜ਼ਾਦੀ ਤੋਂ ਹੁਣ ਤੱਕ ਦੀ ਰਫ਼ਤਾਰ ਦੇ ਮੁਕਾਬਲੇ ਕਈ ਗੁਣਾਂ ਤੇਜ਼ੀ ਨਾਲ ਕਰਨ ਦਾ ਮੰਤਰ ਹੈ।

‘82ਵੇਂ ਆਲ ਇੰਡੀਆ ਪ੍ਰੀਜ਼ਾਈਡਿੰਗ ਆਫੀਸਰ’ਜ਼’ ਦੀ ਇੱਕ ਕਾਨਫਰੰਸ ਮੌਕੇ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੂਬਿਆਂ ਸਮੇਤ ਸਾਰਿਆਂ ਨੂੰ ਸਾਂਝੇ ਯਤਨ ਵਿੱਢਣ ’ਤੇ ਜ਼ੋਰ ਦਿੱਤਾ ਤਾਂ ਕਿ ਮੁਲਕ ਨੂੰ ਤਰੱਕੀ ਦੇ ਨਵੇਂ ਪੱਧਰ ’ਤੇ ਲਿਜਾਇਆ ਜਾ ਸਕੇ। ਉਨ੍ਹਾਂ ਇਸ ਸੰਦਰਭ ’ਚ ਕੋਵਿਡ- 19 ਖ਼ਿਲਾਫ਼ ਜੰਗ ਨੂੰ ‘ਸਬਕਾ ਪ੍ਰਯਾਸ’ (ਹਰ ਵਿਅਕਤੀ ਦੀ ਯਤਨ) ਦੀ ਇਤਿਹਾਸਕ ਮਿਸਾਲ ਦੱਸਿਆ। ਸੰਸਦ ਵਿੱਚ ਵੱਖੋ-ਵੱਖਰੇ ਮੁੱਦਿਆਂ ’ਤੇ ਅਕਸਰ ਰੌਲਾ-ਰੱਪਾ ਪੈਣ ਦੀਆਂ ਘਟਨਾਵਾਂ ਦੇ ਸਬੰਧ ’ਚ ਸ੍ਰੀ ਮੋਦੀ ਨੇ ਕਿਹਾ ਕਿ ਵਿਧਾਇਕਾਂ ਦਾ ਆਚਰਣ ਭਾਰਤੀ ਕਦਰਾਂ-ਕੀਮਤਾਂ ਮੁਤਾਬਕ ਹੋਣਾ ਚਾਹੀਦਾ ਹੈ। ਉਨ੍ਹਾਂ ਵਿਧਾਨਪਾਲਿਕਾਵਾਂ ਵਿੱਚ ਚੰਗੀ ਤੇ ਸਾਰਥਕ ਬਹਿਸਾਂ ਲਈ ਵੱਖਰੇ ਤੌਰ ’ਤੇ ਸਮਾਂ ਰੱਖਣ ਦਾ ਵਿਚਾਰ ਵੀ ਦਿੱਤਾ।

ਮੁਲਕ ਲਈ ਅਗਲੇ 25 ਵਰ੍ਹੇ ਇਸਦੀ ਆਜ਼ਾਦੀ ਦੇ 100 ਵਰ੍ਹੇ ਮੁਕੰਮਲ ਹੋਣ ਦੇ ਸੰਦਰਭ ’ਚ ਆਖਦਿਆਂ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਸਦ ਤੇ ਸੂਬਿਆਂ ਦੀਆਂ ਵਿਧਾਨਪਾਲਿਕਾਵਾਂ ਤੇ ਉਨ੍ਹਾਂ ਦੇ ਮੈਂਬਰ ਆਪਣੇ ਕਰਤੱਵਾਂ, ਆਚਰਣ ਤੇ ਕੰਮ ਨੂੰ ਤਵੱਜੋ ਦੇਣ ਜਿਸ ਨਾਲ ਮੁਲਕ ਪੱਧਰ ’ਤੇ ਨਾਗਰਿਕਾਂ ’ਤੇ ਚੰਗਾ ਪ੍ਰਭਾਵ ਪਏਗਾ। ਉਨ੍ਹਾਂ ‘ਇੱਕ ਮੁਲਕ ਇੱਕ ਵਿਧਾਨ ਮੰਚ’ ਨਾਮੀਂ ਇੱਕ ਪੋਰਟਲ ਦਾ ਵਿਚਾਰ ਵੀ ਦਿੱਤਾ। ਜ਼ਿਕਰਯੋਗ ਹੈ ਕਿ ‘ਆਲ ਇੰਡੀਆ ਪ੍ਰੀਜਾਈਡਿੰਗ ਆਫੀਸਰ’ਜ਼’ ਕਾਨਫਰੰਸ ਭਾਰਤ ਵਿੱਚ ਵਿਧਾਨਪਾਲਿਕਾਵਾਂ ਦੀ ਸਰਵਉੱਚ ਸੰਸਥਾ ਹੈ ਜੋ ਸਾਲ 2021 ਵਿੱਚ ਆਪਣੀ 100ਵੀਂ ਵਰ੍ਹੇਗੰਢ ਮਨਾ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੇ 18 ਨੁਕਾਤੀ ਏਜੰਡੇ ਨੂੰ ਹਰੀ ਝੰਡੀ
Next articleਮੋਦੀ ਭਲਕੇ ਸੌਂਪਣਗੇ ਮੁਲਕ ’ਚ ਤਿਆਰ ਰੱਖਿਆ ਸਬੰਧੀ ਸਾਜ਼ੋ-ਸਾਮਾਨ