ਰੋਪੜ, (ਸਮਾਜ ਵੀਕਲੀ) (ਰੋਮੀ ਘੜਾਮਾਂ): ਆਜ਼ਾਦੀ ਦਿਹਾੜੇ ਦੇ ਸ਼ੁਭ ਮੌਕੇ, ‘ਨੈਣਾ ਜੀਵਨ ਜਯੋਤੀ’ ਕਲੱਬ ਵੱਲੋਂ ਉਸਾਰੇ ਗਏ ਚੌਂਕ ਦਾ ਉਦਘਾਟਨ ਹਲਕਾ ਵਿਧਾਇਕ ਦਿਨੇਸ਼ ਚੱਡਾ ਨੇ ਬੂਟਾ ਲਗਾ ਕੇ ਕੀਤਾ। ਕਲੱਬ ਨੇ ਜਿਲ੍ਹਾ ਸਕੱਤਰੇਤ ਨੇੜਲੇ ਇਸ ਚੌਂਕ ਦੀ ਸਾਂਭ-ਸੰਭਾਲ ਤੇ ਰੱਖ-ਰਖਾਅ ਦੀ ਜਿੰਮੇਵਾਰੀ ਪ੍ਰਸ਼ਾਸਨ ਕੋਲੋਂ ਖੁਦ ਲਈ ਸੀ ਤਾਂ ਕਿ ਇਲਾਕੇ ਵਿੱਚ ਅੱਖਾ-ਦਾਨ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਜਿਸ ਤੋਂ ਬਾਅਦ ਕਲੱਬ ਵੱਲੋਂ ਇਸ ਚੌਂਕ ਦੀ ਸਾਫ ਸਫਾਈ ਕਰਕੇ ਇਸਦਾ ਨਾਮ ‘ਨੈਣਾ ਜੀਵਨ ਜਯੋਤੀ ਚੌਂਕ’ ਰੱਖਿਆ ਗਿਆ। ਉਪਰੰਤ ਇਸਦੇ ਦੋਵੇਂ ਤਿਕੋਣੇ ਭਾਗਾਂ ਨੂੰ ਗਰਿੱਲਾਂ ਨਾਲ਼ ਵਲ਼ ਕੇ ਸ਼ਾਨਦਾਰ ਦਿਖ ਦਿੱਤੀ ਗਈ। ਉਕਤ ਸਮੁੱਚਾ ਡਿਜ਼ਾਇਨ ਕਲੱਬ ਦੇ ਚੇਅਰਮੈਨ ਇੰਜ. ਪਰਮਿੰਦਰ ਕੁਮਾਰ ਦੀ ਸਰਪ੍ਰਸਤੀ ਹੇਠ ਤਿਆਰ ਕੀਤਾ ਗਿਆ। ਜਿਨ੍ਹਾਂ ਡਿਜ਼ਾਇਨ ਵਿੱਚ ਵਿਸ਼ੇਸ਼ ਧਿਆਨ ਰੱਖਿਆ ਕਿ ਇਸ ਨਾਲ਼ ਆਵਾਜਾਈ ਵਿੱਚ ਕੋਈ ਸਮੱਸਿਆ ਨਾ ਆਵੇ। ਕਲੱਬ ਵੱਲੋਂ ਚੌਂਕ ਦੇ ਦੁਆਲ਼ੇ ਸਮਾਜਕ ਜਾਗਰੂਕਤਾ ਸਬੰਧੀ ਬੋਰਡ ਵੀ ਲਗਵਾਏ ਗਏ ਅਤੇ ਪਰਬਤਾਰੋਹੀ ਤੇਗਬੀਰ ਸਿੰਘ ਤੇ ਸਾਨਵੀ ਸੂਦ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਰੂਪਨਗਰ ਅਤੇ ਰੋਟਰੀ ਕਲੱਬ (ਸੈਂਟਰਲ) ਦੀਆਂ ਟੀਮਾਂ ਤੋਂ ਇਲਾਵਾ ਭਾਗ ਸਿੰਘ ਮਦਾਨ, ਸੁੱਚਾ ਸਿੰਘ, ਬਲਜਿੰਦਰ ਦੀਪ ਸਿੰਘ ਖੁਰਾਨਾ, ਡੋਲੀ ਵਾਸਨ, ਸੁਖਿੰਦਰ ਸਿੰਘ, ਅਜੇ ਕੁਮਾਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



