(ਸਮਾਜ ਵੀਕਲੀ) ਨਰਮਦਾ,ਜੇ ਅਸੀ ਇਸ ਪਾਰਕ ਦੇ ਕਿਨਾਰੇ ਸੈਰ ਕਰੀਏ ਤਾਂ ਕਿਵੇ ਰਹੇਗਾ? ਕੀ,ਤੁਹਾਨੂੰ ਮੇਰੇ ਨਾਲ ਤੁਹਾਡੇ ਪਾਰਕ ਵਿੱਚ ਸੈਰ ਕਰਨ ਵਿੱਚ ਕੋਈ ਇਤਰਾਜ਼ ਤਾਂ ਨਹੀ ਹੈ?
ਕਿਉਕਿ ਤੁਸੀ ਸ਼ਾਇਦ ਨਹੀ ਜਾਣਦੇ ਹੋਣੇ ਕਿ ਕੁਝ ਸਾਲ ਪਹਿਲਾਂ ਇਸੇ ਹੀ ਪਾਰਕ ਦੀ ਸਾਂਭ-ਸੰਭਾਲ ਦੇ ਲਈ ਸਲਾਨਾ ਚੰਦੇ ਨੂੰ ਲੈ ਕੇ ਮੇਰੀ ਭਵਨੇਸ਼ ਨਾਲ ਕਹਾ ਸੁਣੀ ਹੋ ਗਈ ਸੀ।ਉਦੋਂ ਤੋਂ ਮੈਂ ਇਸ ਪਾਰਕ ਦੇ ਅੰਦਰ ਆਉਣਾ-ਜਾਣਾ ਛੱਡਿਆ ਹੋਇਆ ਹੈ।
ਇਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ ਹੈ।ਇਹ ਪਾਰਕ ਇਕ ਜਨਤਕ ਸਥਾਨ ਹੈ,ਇਹ ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀ ਹੈ,ਏਥੇ ਕੋਈ ਵੀ ਆ ਸਕਦਾ ਹੈ ਤੇ ਕੋਈ ਵੀ ਸੈਰ ਕਰ ਸਕਦਾ ਹੈ।ਕਲੌਨੀ ਵਿੱਚ ਤੁਸੀ ਇਕੱਲੇ ਹੀ ਨਹੀ ਰਹਿੰਦੇ ਤੁਹਾਡੇ ਵਰਗੇ ਬਹੁਤ ਸਾਰੇ ਹੋਰ ਵੀ ਲੋਕ ਰਹਿੰਦੇ ਹਨ।ਜੋ ਕਿ ਕਲੌਨੀ ਵੈਲਫੇਅਰ ਸੁਸਾਇਟੀ ਦੇ ਮੈਬਰ ਵੀ ਹਨ।ਫਿਰ ਵੀ ਮੈ ਉਹਨਾਂ ਲੋਕਾਂ ਨੂੰ ਏਥੇ ਪਾਰਕ ਵਿੱਚ ਸੈਰ ਕਰਦੇ ਰੋਜ਼ ਦੇਖਦਾ ਹਾਂ।ਉਹਨਾਂ ਨੂੰ ਤਾਂ ਕੋਈ ਰੋਕਦਾ-ਟੋਕਦਾ ਨਹੀ?
ਹਾਂ,ਉਹ ਤਾਂ ਸਾਰਾ ਕੁਝ ਠੀਕ ਹੈ,ਪਰ ਮੇਰੀ ਜ਼ਮੀਰ ਇਜ਼ਾਜ਼ਤ ਨਹੀ ਦਿੰਦੀ।
ਇਕ ਜੋੜਾ ਪਾਰਕ ਦੇ ਕਿਨਾਰੇ ਸੈਰ ਕਰ ਰਿਹਾ ਸੀ ਅਤੇ ਉਹ ਆਪਸ ਵਿੱਚ ਗੱਲਾਂ ਵੀ ਕਰ ਰਹੇ ਸਨ।ਪਤਨੀ ਦੀ ਰੁਟੀਨ ਸੀ ਕਿ ਉਸ ਨੇ ਪਾਰਕ ਦੇ ਆਲੇ ਦੁਆਲੇ ਸੈਰ ਕਰਦੇ ਕਰਦੇ ਸੱਤ ਅੱਠ ਚੱਕਰ ਜਰੂਰ ਰੋਜਾਨਾ ਲਾਉਣੇ ਹੀ ਹੁੰਦੇ ਸਨ।ਅੱਜ ਉਸ ਦਾ ਪਤੀ ਦਫਤਰ ਤੋਂ ਜਲਦੀ ਆ ਗਿਆ ਤਾਂ ਉਹ ਵੀ ਪਤਨੀ ਦੇ ਨਾਲ ਹੀ ਸੈਰ ਕਰਨ ਲਈ ਆ ਗਿਆ ਸੀ।ਪਤੀ ਨੂੰ ਲੱਗਦਾ ਸੀ ਕਿ ਪਾਰਕ ਵਿੱਚ ਕਲੌਨੀ ਵਾਲਿਆਂ ਨਾਲ ਮੇਲ-ਮਿਲਾਪ ਰੱਖਣਾ,ਉਹਨਾਂ ਦੇ ਘਰ ਆਉਣਾ ਜਾਣਾ, ਸਿਰਫ ਸਮੇਂ ਦੀ ਹੀ ਬਰਬਾਦੀ ਹੈ।
ਇਕ ਪਾਸੇ ਤੋਂ ਅਵਾਜ਼ ਆਈ,ਭਾਬੀ ਜੀ ਨਮੱਸਤੇ,ਸੈਰ ਕਰਕੇ ਕੇ ਵਾਪਸ ਆਪਣੇ ਘਰ ਅੰਦਰ ਵੜਣ ਵਾਲੇ ਹੀ ਸੀ ਤਾਂ ਇਕ ਉਧੇੜ ਜਿਹੀ ਔਰਤ ਨੇ ਨਮੱਸਤੇ ਕਹਿ ਛੱਡੀ।
ਨਮੱਸਤੇ ਭੈਣ ਜੀ,ਨਮੱਸਤੇ ਦੀ ਰਸਮ ਤੋਂ ਬਾਅਦ,ਦੋਵੇਂ ਔਰਤਾਂ ਨੂੰ ਗੱਲਬਾਤ ਵਿੱਚ ਰੁਝਿਆਂ ਦੇਖ ਕੇ,ਪਤੀ ਨੇ ਅੱਗੇ ਵੱਧ ਕੇ ਦਰਵਾਜ਼ਾ ਖੋਲਿਆ ਅਤੇ ਆਪਣੀ ਪਤਨੀ ਦੀ ਉਡੀਕ ਕਰਨ ਤੋਂ ਬਾਅਦ ਰਸੋਈ ਦੇ ਅੰਦਰ ਗਿਆ ਤਾਂ ਚਾਹ ਬਣਾਉਣ ਵਿੱਚ ਮਸਤ ਹੋ ਗਿਆ।ਪਤੀ ਪੜਣ ਲਿਖਣ ਦਾ ਸ਼ੌਕੀਨ ਸੀ।ਉਹਨਾਂ ਦੀਆਂ ਰਚਨਾਵਾਂ ਦੇਸ਼ ਅਤੇ ਰਾਜ ਦੇ ਲੱਗਭਗ ਸਾਰੇ ਛੋਟੇ ਵੱਡੇ ਅਖਬਾਰਾਂ ਅਤੇ ਰਸਾਣਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਸਨ।ਸ਼ੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਸਨ।ਉਸ ਦੀ ਦੋਸਤਾਂ ਵਾਲੀ ਲਿਸਟ ਵਿੱਚ ਲੱਗਭਗ ਤਿੰਨ ਸੌ ਦੇ ਕਰੀਬ ਮੈਬਰ ਸਨ।ਉਹ ਇਕ ਪ੍ਰਸਿੱਧ ਸਹਿਤਕਾਰ ਵੀ ਸਨ।
ਇਹ ਜੋੜਾ ਲੱਗਭਗ ਕਰੀਬ ਬਾਰਾਂ ਤੇਰਾਂ ਸਾਲ ਤੋਂ ਇਸ ਕਲੌਨੀ ਵਿੱਚ ਰਹਿ ਰਿਹਾ ਹੈ।ਪਤੀ ਨੂੰ ਜਿਆਦਾ ਕਿਸੇ ਨਾਲ ਗੱਲ ਕਰਨਾ ਅਤੇ ਕਲੌਨੀ ਵਿੱਚ ਕਿਸੇ ਦੇ ਘਰ ਆਉਣਾ-ਜਾਣਾ ਬਿਲਕੁਲ ਵੀ ਪਸੰਦ ਨਹੀ ਸੀ।ਦਫਤਰ ਤੋਂ ਘਰ,ਘਰ ਤੋਂ ਦਫਤਰ,ਪਰਿਵਾਰ ਅਤੇ ਬੱਚਿਆਂ ਦੀਆਂ ਜਿੰਮੇਵਾਰੀਆਂ ਤੋਂ ਬਾਅਦ ਉਸ ਦਾ ਜਿਆਦਾਤਰ ਸਮਾਂ ਲਿਖਣ ਪੜਨ ਵਿੱਚ ਹੀ ਨਿਕਲ ਜਾਂਦਾ ਸੀ।ਸਪੱਸ਼ਟ ਤੌਰ ‘ਤੇ ਉਸ ਨੇ ਆਪਣੇ ਕੰਮ ਨੂੰ ਹੀ ਮੁੱਖ ਰੱਖਿਆ ਹੋਇਆ ਸੀ।
ਉਹ ਮੈਡਮ ਕੌਣ ਸੀ?ਜਿਵੇ ਹੀ ਘਰ ਦੇ ਅੰਦਰ ਉਸ ਦੀ ਪਤਨੀ ਆਈ ਤਾਂ ਸੋਫੇ ਤੇ ਬੈਠਦਿਆਂ ਚਾਹ ਦੀ ਚੁਸਕੀ ਲੈਦੇ ਹੋਏ ਤਾਜ਼ਾ ਗਰਮ ਚਾਹ ਦਾ ਦੂਜਾ ਕੱਪ ਆਪਣੀ ਪਤਨੀ ਨੂੰ ਫੜਾਉਦੇ ਹੋਏ ਪੁੱਛਿਆ, “ਇਹ ਮਿਸਜ਼ ਚੌਹਾਨ ਸੀ।”ਇਹ ਆਪਣੇ ਤੋਂ ਅੱਗੇ ਵਾਲੇ ਬਲਾਕ ਵਿੱਚ ਰਹਿੰਦੇ ਹਨ,ਪਤੀ ਨੇ ਬੜੇ ਉਕਸੁਕਤਾ ਨਾਲ ਪੁੱਛਿਆ।
ਤੁਹਾਨੂੰ ਤਾਂ ਕੁਝ ਵੀ ਯਾਦ ਨਹੀ ਰਹਿੰਦਾ।ਤਾਂ ਹੀ ਤਾਂ ਕੰਮ ਵਾਲੀ ਕਹਿ ਰਹੀ ਸੀ ਕਿ ਅੰਕਲ ਜੀ ਅਕਸਰ ਦਫਤਰ ਜਾਣ ਦੀ ਕਾਹਲੀ ਵਿੱਚ ਬੂਟ ਤਾਂ ਪਾ ਲੈਦੇ ਆ ਪਰ ਜੁਰਾਬਾਂ ਪਾਉਣੀਆਂ ਭੁੱਲ ਜਾਂਦੇ ਹਨ।ਫਿਰ ਦੁਬਾਰਾ ਬੂਟ ਲਾਉਦੇ ਤਾਂ ਫਿਰ ਜੁਰਾਬ ਪਾਉਦੇ।
ਓ ਯਾਰ,ਉਸ ਨੂੰ ਕੀ ਪਤਾ ਕਿ ਲਿਖਣ ਪੜਣ ਵਾਲਿਆਂ ਨੂੰ ਆਪਣੇ ਰੁਝੇਵਿਆਂ ਵਿੱਚੋਂ ਬੜੀ ਮੁਸ਼ਕਲ ਨਾਲ ਸਮਾਂ ਕੱਢਣਾ ਪੈਦਾ ਹੈ।ਚਲੋ,ਪਤੀ ਨੇ ਥੋੜਾ ਗੁਸੇ ਵਾਲਾ ਚਿਹਰਾ ਬਣਾ ਕੇ,ਕੀ ਇਹ ਉਹੀ ਚੌਹਾਨ ਹੈ ਜੋ ਆਪਣੇ ਦੀ ਕਲੌਨੀ ਦੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਨ?ਪਤਨੀ ਨੇ ਕਿਹਾ ਕਿ ਹਾਂ ਇਹ ਉਹੀ ਚੌਹਾਨ ਹੈ।
ਉਹਨਾਂ ਦਾ ਘਰ ਕਿੱਥੇ ਹੈ?ਹੈ!ਪਾਰਕ ਦੇ ਗੇਟ ਦੇ ਸਾਹਮਣੇ ਚੌੜੀ ਸੜਕ ਦੇ ਸੱਜੇ ਪਾਸੇ ਆਖਰੀ ਤਿੰਨ ਮੰਜਿਲਾ ਮਕਾਨ ਉਸ ਦਾ ਹੀ ਹੈ।
ਉਹ ਤਾਂ ਮਕਾਨ ਬਹੁਤ ਵਧੀਆ ਵਾਲਾ ਹੈ। ਉਹ ਕਾਫੀ ਅਮੀਰ ਆਦਮੀ ਲੱਗਦਾ ਹੈ।ਕਿਸੇ ਸਰਕਾਰੀ ਵਭਾਗ ਵਿੱਚ ਨੌਕਰੀ ਕਰਦਾ ਹੈ?ਜਾਂ ਕੋਈ ਵੱਡਾ ਵਿਉਪਾਰੀ ਹੈ?
ਮੈ ਸੁਣਿਆ ਹੈ ਕਿ ਉਹ ਬੈਕ ਵਿੱਚ ਨੌਕਰੀ ਕਰਦਾ ਹੈ।ਉਸ ਦੇ ਦੋਵੇ ਪੁੱਤਰ ਪੜੇ ਲਿਖੇ ਗਰੈਜੂਏਟ ਹਨ।ਵੱਡੇ ਲੜਕੇ ਲਈ ਉਸ ਨੇ ਇਕ ਪਟਰੋਲ ਪੰਪ ਖੋਲ ਰੱਖਿਆ ਹੈ।ਜਦੋ ਕਿ ਛੋਟਾ ਲੜਕਾ ਕੋਈ ਆਨ ਲਾਇਨ ਕਾਰੋਬਾਰ ਵਿੱਚ ਲੱਗਾ ਹੋਇਆ ਹੈ।ਉਸ ਦਾ ਪਤੀ ਤੇ ਬੱਚੇ ਆਪਣੇ ਆਪਣੇ ਕੰਮਾਂ ਕਾਰ ਵਿੱਚ ਰੁੱਝੇ ਹੋਏ ਹਨ।ਉਸ ਨੇ ਘਰ ਵਿੱਚ ਕੰਮ ਕਰਨ ਲਈ ਦੋ ਦੋ ਆਦਮੀ ਰੱਖੇ ਹੋਏ ਹਨ।ਉਹ ਦੇਰ ਸ਼ਾਮ ਤੱਕ ਪਾਰਕ ਵਿੱਚ ਹੀ ਸੈਰ ਕਰਦੀ ਰਹਿੰਦੀ ਹੈ,ਕਿਉਕਿ ਉਸ ਦਾ ਪਤੀ ਅਤੇ ਬੱਚੇ ਦੇਰ ਸ਼ਾਮ ਹੀ ਘਰ ਆਉਦੇ ਹਨ।ਮੈ ਵੀ ਦੇਰ ਨਾਲ ਹੀ ਪਾਰਕ ਵਿੱਚ ਜਾਂਦੀ ਹਾਂ ਤਾਂ ਮੈਨੂੰ ਰੋਜ ਹੀ ਸੈਰ ਕਰਦੀ ਮਿਲ ਜਾਂਦੀ ਹੈ।ਸੋ ਉਸ ਦੇ ਨਾਲ ਮੇਰੀ ਵਧੀਆ ਦੋਸਤੀ ਹੋ ਗਈ,ਉਸ ਦੇ ਪੇਕੇ ਵੀ ਗੋਰਖਪੁਰ ਹੀ ਹੈ।ਬੋਲਬਾਣੀ ਵੀ ਉਸ ਦੀ ਬਹੁਤ ਮਿੱਠੀ ਹੈ ਉਸ ਨਾਲ ਗੱਲਾਂ ਕਰ ਕੇ ਮੈਨੂੰ ਬਹੁਤ ਵਧੀਆ ਲੱਗਦਾ ਹੈ।ਪਤਨੀ ਨੇ ਉਸ ਨੂੰ ਬੜੇ ਹੀ ਵਿਸਥਾਰ ਨਾਲ ਸਮਝਾਇਆ।
ਇਹ ਤਾਂ ਬਹੁਤ ਵਧੀਆ ਹੈ,ਕਹਾਵਤ ਵੀ ਹੈ ਕਿ ਇਕ ਸੱਚਾ ਮਿੱਤਰ ਸੈਕੜੇ ਕਿਤਾਬਾਂ ਨਾਲੋ ਵਧੀਆ ਹੁੰਦਾ ਹੈ।ਸਾਡੀ ਕਿਸੇ ਨਾ ਕਿਸੇ ਨਾਲ ਦੋਸਤੀ ਹੋਣੀ ਹੀ ਚਾਹੀਦੀ ਹੈ।ਦੇਖੋ…ਮੇਰੇ ਕਿੰਨੇ ਦੋਸਤ ਹਨ?ਇਹ ਕਹਿ ਕੇ ਕਿਤਾਬਾਂ ਦੇ ਰੈਕ ਵੱਲ ਹੱਥ ਨਾਲ ਇਸ਼ਾਰਾ ਕਰਕੇ ਕਿਹਾ।
ਇਹ ਤਾਂ ਸੱਭ ਠੀਕ ਹੈ ਪਰ ਤੁਹਾਨੂੰ ਵੀ ਆਪਣੇ ਆਲੇ ਦੁਆਲੇ ਗੁਆਂਢੀਆ ਵਿੱਚ ਰਲ-ਮਿਲ ਕੇ ਰਹਿਣਾ ਚਾਹੀਦਾ ਹੈ।ਪਤਾ ਨਹੀ ਕਿਹੜੇ ਵਕਤ ਕਿਸ ਬੰਦੇ ਦੀ ਲੋੜ ਪੈ ਜਾਵੇ?ਪਰ ਇੰਝ ਲੱਗਦਾ ਹੈ ਕਿ ਤੁਹਾਨੂੰ ਆਪਣੇ ਦਫਤਰ ਤੋਂ,ਲਿਖਣ ਪੜਣ ਤੋਂ,ਸ਼ੋਸ਼ਲ ਮੀਡੀਆ ਤੋਂ ਅਤੇ ਆਪਣੇ ਦੋਸਤਾਂ ਤੋਂ ਕੋਈ ਸਮਾਂ ਹੀ ਨਹੀ ਮਿਲਦਾ।ਪਤਨੀ ਨੇ ਇਸ ਦੇ ਨਾਲ ਹੀ ਝਿੜਕ ਕੇ ਸਮਝਾਇਆ।
ਪਰ ਮੈਂ ਆਪਣੇ ਕੰਮਕਾਰ ਤੋਂ ਅਤੇ ਆਪਣੇ ਲਿਖਣ ਪੜਣ ਦੀਆਂ ਆਦਤਾਂ ਤੋਂ ਪੂਰੀ ਤਰਾਂ ਨਾਲ ਸੰਤੁਸ਼ਟ ਹਾਂ।ਜਿਥੋਂ ਤੱਕ ਮੈਂ ਸਮਝਦਾ ਹਾਂ,ਮੈ ਆਪਣੇ ਆਪ ਵਿੱਚ ਬਹੁਤ ਮਸ਼ਹੂਰ ਹਾਂ।ਅਜਿਹੇ ‘ਚ ਜਿਆਦਾ ਦੋਸਤਾਂ ਨਾਲ ਦੋਸਤੀ ਵਧਾਉਣਾ ਸਮੇਂ ਦੀ ਬਰਬਾਦੀ ਹੈ।ਪਤੀ ਨੇ ਤਰਕ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ।
ਪਰ ਮੇਰੀ ਤਾਂ ਮਜ਼ਬੂਰ ਹੈ।ਆਖਰ,ਖਾਲੀ ਸਮੇਂ ਦੁੱਖ ਸੁੱਖ ਕਰਨ ਲਈ ਕੋਈ ਨਾ ਕੋਈ ਤੋਂ ਹੋਣਾ ਹੀ ਚਾਹੀਦਾ ਹੈ।ਇਸ ਵਾਸਤੇ ਇਕ ਦੋਸਤ ਹੋਣਾ ਬਹੁਤ ਜਰੂਰੀ ਹੈ।ਇਸ ਕਰਕੇ ਮੈਂ ਮਿਸਜ ਚੌਹਾਨ ਨਾਲ ਦੋਸਤੀ ਕਰਕੇ ਉਸ ਨਾਲ ਹੀ ਆਪਣਾ ਦੁੱਖ ਸੁੱਖ ਕਰ ਲੈਦੀ ਹਾਂ।ਭਾਂਵੇ ਅਸੀ ਇਕ ਦੋ ਘੰਟਾ ਹੀ ਇਕੱਠੇ ਹੁੰਦੇ ਹਾਂ।ਪਤਨੀ ਨੇ ਆਪਣਾ ਸਪੱਸ਼ਟੀਕਰਨ ਦਿੱਤਾ।
ਇਹਦੇ ਵਿੱਚ ਤੁਸੀ ਬਿਲਕੁਲ ਸਹੀ ਹੋ,ਸਾਨੂੰ ਸਾਰਿਆਂ ਨੂੰ ਘੱਟੋ-ਘੱਟ ਇਕ ਸੱਚਾ ਦੋਸਤ ਜਰੂਰ ਬਣਾਉਣਾ ਚਾਹੀਦਾ ਹੈ,ਤਾਂ ਕਿ ਸਮੇਂ ਸਮੇਂ ਦੇ ਅਨੁਸਾਰ ਵਿਚਾਰ,ਦੁੱਖ-ਸੁੱਖ ਸਾਂਝੇ ਕੀਤੇ ਜਾ ਸਕਣ।ਪਤੀ ਨੇ ਵੀ ਆਪਣੀ ਪਤਨੀ ਨਾਲ ਸਹਿਮਤੀ ਜਤਾਈ।
ਪਤਨੀ ਨੇ ਕਿਹਾ ਕਿ ਮੈਂ ਮੰਨਦੀ ਹਾਂ ਕਿ ਜੇਕਰ ਤੁਹਾਡੇ ਗੁਆਂਢੀ ਹੀ ਤੁਹਾਨੂੰ ਚੰਗੀ ਤਰਾਂ ਨਾਲ ਨਹੀ ਜਾਣਦੇ ਤਾਂ ਉਸ ਦਾ ਕੀ ਫਾਇਦਾ?ਤੁਹਾਨੂੰ ਉਹ ਸਨਮਾਨ ਸਮਰੋਹ ਯਾਦ ਹੋਵੇਗਾ,ਜਿਸ ਵਿੱਚ ਤੁਹਾਨੂੰ ਕਿਸੇ ਵੱਡੇ ਸਹਿਤਕਾਰ ਦੇ ਨਾਂ ਤੇ ਸਥਾਪਿਤ ਸਾਹਿਤ ਪੁਰਸਕਾਰ ਦਿੱਤਾ ਜਾਣਾ ਸੀ।ਤੁਸੀ ਅਵਾਰਡ ਲੈਣ ਲਈ ਏਨੇ ਇਤਾਵਲੇ ਸੀ ਕਿ ਇਕ ਡੇਢ ਘੰਟਾ ਪਹਿਲਾਂ ਹੀ ਪੰਡਾਲ ਵਿੱਚ ਜਾ ਕੇ ਬੈਠ ਗਏ ਸੀ। ਪਰ ਉਥੇ ਦਾ ਮਾਹੌਲ ਕੁਝ ਹੋਰ ਹੀ ਸੀ।ਉਥੇ ਤੁਹਾਨੂੰ ਕੋਈ ਪੁਰਾਣਾ ਦੋਸਤ ਜਾਂ ਕੋਈ ਸਹਿਤਕਾਰ ਨਹੀ ਮਿਲਿਆ ਜੋ ਤੁਹਾਨੂੰ ਜਾਣਦਾ ਹੋਵੇ।ਜਦੋਂ ਸਨਮਾਨ ਲੈਣ ਦੀ ਵਾਰੀ ਆਈ ਤਾਂ ਉਸ ਨੇ ਯਾਦਗਾਰੀ ਚਿੰਨ ਪਹਿਨਾਇਆ,ਸ਼ਾਲ ਪਹਿਨਾਇਆ,ਮਾਲਾ ਪਹਿਨਾਈ,ਬੇਝਿਜਕ ਫੋਟੋ ਕਰਵਾਈ ਤੇ ਸਟੇਜ਼ ਤੋਂ ਹੇਠਾਂ ਆ ਗਏ ਅਤੇ ਉਥੇ ਦਿੱਤੇ ਖਾਣੇ ਦਾ ਪੈਕਟ ਬਿੰਨਾਂ ਖੋਲੇ ਚੁੱਪ-ਚਾਪ ਪਾਰਕਿੰਗ ਵਿੱਚ ਖੜੀ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਘਰ ਆ ਗਏ।ਜਿਸ ਤਰਾਂ ਲੋਕਾਂ ਦੇ ਸਾਹਮਣੇ ਹਮੇਸ਼ਾਂ ਪ੍ਰਸਿੱਧ ਸਹਿਤਕਾਰ ਹੋਣ ਦਾ ਰੋਹਬ ਮਾਰਦੇ ਹੋ,ਉਸ ਦਿਨ ਸਾਰੀ ਦੀ ਸਾਰੀ ਹਵਾ ਅਤੇ ਹੰਕਾਰ ਨਿਕਲ ਗਿਆ ਸੀ।ਪਤਨੀ ਨੇ ਤਾਹਨਾ ਜਿਹਾ ਮਾਰ ਕੇ ਕਿਹਾ।
ਹਾਂ,ਤੁਸੀ ਸਹੀ ਯਾਦ ਦਿਲਾਇਆ ਮੈਨੂੰ ਬਿਲਕੁਲ ਵੀ ਉਸ ਦਿਨ ਚੰਗਾ ਨਹੀ ਲੱਗਿਆ।ਮੇਰੇ ਲਈ ਉਹ ਸਮਾਰੋਹ ਫਿੱਕਾ ਫਿੱਕਾ ਜਿਹਾ ਲੱਗ ਰਿਹਾ ਸੀ।ਖਚਾਖੱਚ ਭਰੇ ਪੰਡਾਲ ਦੇ ਅੰਦਰ ਮੇਰਾ ਨਾਮ ਪੁਕਾਰਨ ਤੇ ਵੀ ਕਿਸੇ ਨੇ ਤਾੜੀ ਨਹੀ ਵਜਾਈ,ਜਦੋਂ ਮੈਨੂੰ ਅਵਾਰਡ ਮਿਲਿਆਂ ਤਾਂ ਮੈਨੂੰ ਇਹ ਚੀਜ਼ ਬਹੁਤ ਮਹਿਸੂਸ ਹੋਈ।ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇ ਮੈਂ ਏਥੇ ਬਿੰਨ ਬੁਲਾਇਆ ਮਹਿਮਾਨ ਹਾਂ।
ਉਮੀਦ ਹੈ ਕਿ ਹੁਣ ਤੁਸੀ ਮੇਰੇ ਸ਼ਬਦਾਂ ਦਾ ਮਤਲਬ ਜਰੂਰ ਸਮਝ ਹੀ ਗਏ ਹੋਵੋਗੇ।ਪਤਨੀ ਨੇ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ।
ਵੈਸੇ ਤਾਂ ਸੱਭ ਠੀਕ ਹੈ,ਮੈਂ ਇਸ ਦੇ ਬਾਰੇ ਵਿੱਚ ਗੰਭੀਰਤਾ ਨਾਲ ਸੋਚਾਗਾਂ।ਹਾਂ!ਤੁਸੀ ਕੁਝ ਹੋਰ ਵੀ ਕਹਿ ਰਹੇ ਸੀ?ਕੀ ਉਹ ਕੁਝ ਮੇਰੇ ਬਾਰੇ ਵੀ ਕੁਝ ਹੋਰ ਪੁੱਛ ਰਹੇ ਸੀ?ਪਤੀ ਦੀ ਉਕਸੁਕਤਾ ਅਜੇ ਵੀ ਉਸੇ ਤਰਾਂ ਹੀ ਬਣੀ ਹੋਈ ਸੀ।
ਉਹ ਕਹਿ ਰਹੀ ਸੀ…ਅੰਕਲ ਹਮੇਸ਼ਾਂ ਹੀ ਬੜੇ ਗੰਭੀਰ ਮੂਡ ਵਿੱਚ ਹੀ ਰਹਿੰਦੇ ਹਨ।ਇੰਝ ਲੱਗਦਾ ਰਹਿੰਦਾ ਕਿ ਜਿਵੇਂ ਤੁਸੀ ਕੁਝ ਪੁੱਛੋ ਤਾਂ ਉਹ ਤੁਹਾਡੇ ਨਾਲ ਹੁਣੇ ਹੀ ਲੜ ਪੈਣਗੇ।ਪਤਨੀ ਨੇ ਉਸ ਨੂੰ ਹੋਰ ਸਮਝਾਇਆ।
ਅੱਛਾ! ਤਾਂ ਉਸ ਨੇ ਮੈਨੂੰ ਅੰਕਲ ਕਿਹਾ?ਪਤੀ ਹੈਰਾਨ ਹੋ ਗਿਆ।ਆਪਣੀ ਬੇਚੈਨੀ ਨੂੰ ਛੁਪਾਉਦੇ ਹੋਏ ਉਸ ਨੇ ਆਪਣੀ ਪਤਨੀ ਨੂੰ ਪੁੱਛਿਆ, ‘ਵੈਸੇ ਉਹਨਾਂ ਨੇ ਮੇਰੇ ਬਾਰੇ ਹੋਰ ਕੀ ਕੀ ਪੁੱਛਿਆ ਸੀ?’
ਹਾਂ,ਅੱਗੇ ਉਸ ਨੇ ਇਹ ਵੀ ਪੁੱਛਿਆ ਸੀ ਕਿ ਅੰਕਲ ਕੰਮ ਕੀ ਕਰਦੇ ਹਨ?ਪਤਨੀ ਨੇ ਫਿਰ ਤਾਹਨਾ ਮਾਰਿਆ।
ਅੱਛਾ!ਇਸ ਦਾ ਮਤਲਬ ਕਿ ਉਹਨਾਂ ਨੂੰ ਮੇਰੇ ਬਾਰੇ ਕੁਝ ਗਲਤਫਹਿਮੀ ਹੈ।ਪਤੀ ਨੇ ਹੈਰਾਨੀ ਪ੍ਰਗਟ ਕੀਤੀ।
ਗਲਤਫਹਿਮੀ ਉਨਾਂ ਨੂੰ ਨਹੀ,ਗਲਤਫਹਿਮੀ ਤੁਹਾਨੂੰ ਹੈ। ਤੁਸੀ ਸੁਣਿਆ ਹੋਣਾ ਕਿ ਅਮਰੀਕਾ ਦਾ ਇਕ ਪਾਪ ਸਟਾਰ ‘ਐਡੀ ਵਾਰਹੋਲ’ਦਾ ਇਕ ਬਿਆਨ ਹੈ ਕਿ ਦੁਨੀਆ ਦਾ ਹਰ ਇਨਸਾਨ 15 ਮਿੰਟ ਲਈ ਮਸ਼ਹੂਰ ਹੋ ਸਕਦਾ ਹੈ। ਇਸ ਨਾਜ਼ੁਕ ਯੁੱਗ ਵਿੱਚ ਅੱਜ ਦੇ ਸੰਸਾਰ ਦਾ ਇਹ ਇਕ ਕੌੜਾ ਸੱਚ ਹੈ,ਭਾਵ ਗੁਆਚਣ ਦਾ ਡਰ?ਇੰਝ ਲੱਗ ਰਿਹਾ ਸੀ ਕਿ ਪਤੀ ਨੇ ਆਪਣੇ ਆਪ ਨੂੰ ਸਮਝਾਇਆ ਹੋਵੇ।
ਅਮਰਜੀਤ ਚੰਦਰ ਲੁਧਿਆਣਾ 9417600014