HOME ਜਵੱਦੀ ਟਕਸਾਲ ਵਿਖੇ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ...

ਜਵੱਦੀ ਟਕਸਾਲ ਵਿਖੇ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

3

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)-ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਸਿਰਜਿਤ ਅਤੇ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਮੀਰੀ-ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼੍ਰੀ ਅਖੰਡ-ਪਾਠ ਦੇ ਭੋਗ ਪਾਏ ਉਪਰੰਤ ਗੁਰਮਤਿ ਸਮਾਗਮ ਸਜਿਆ, ਜਿਸ ਵਿੱਚ ਟਕਸਾਲ ਦੇ ਹਜ਼ੂਰੀ ਕੀਰਤਨੀਏ ਭਾਈ ਭਰਤ ਸਿੰਘ ਦੇ ਜੱਥੇ ਵੱਲੋਂ ਤੰਤੀ ਸਾਜਾਂ ਨਾਲ ਗੁਰਬਾਣੀ ਕੀਰਤਨ ਕੀਤੇ। ਉਪਰੰਤ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਅਹਿਮ ਪੱਖਾਂ ਨੂੰ ਵਿਚਾਰਦਿਆਂ ਮੀਰੀ-ਪੀਰੀ ਦੇ ਪੱਖ ਨੂੰ ਪ੍ਰਮੁੱਖਤਾ ਨਾਲ ਲੈਂਦਿਆਂ ਕਿਹਾ ਕਿ “ਮੀਰੀ-ਪੀਰੀ” ਮਨੁੱਖੀ ਸ਼ਖਸ਼ੀਅਤ ਦੀ ਸੰਪੂਰਨਤਾ ਦਾ ਪ੍ਰਤੀਕ, ਧਰਮ ਦੀ ਵਿਆਪਕਤਾ ਦਾ ਆਧਾਰ,  ਆਦਰਸ਼ਕ ਰਾਜਨੀਤੀ, ਨਰੋਏ ਸਮਾਜ ਅਤੇ ਹਲੀਮੀ ਰਾਜ ਦਾ ਮਾਡਲ ਹੈ। ਜਿਸਦਾ ਗੁਰਬਾਣੀ ਅੰਦਰ ਸਿਧਾਂਤ ਰੂਪ ‘ਚ ਵਿਸਤਰਿਤ ਵਿਆਖਿਆ ਮਿਲਦੀ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਪ੍ਰਤੱਖ ਰੂਪ ਸਾਹਮਣੇ ਆਉਂਦਾ ਹੈ। ਬਾਬਾ ਜੀ ਨੇ ਕਿਹਾ ਕਿ ਅਜੋਕੇ ਸਮੇਂ ‘ਚ ਧਰਮ ਅਤੇ ਰਾਜਨੀਤੀ ਦੇ ਸੰਬੰਧ ਵਿੱਚ ਮੀਰੀ- ਪੀਰੀ ਦਾ ਸੰਕਲਪ ਹੀ ਉਸਾਰੂ ਸੇਧ ਦੇਣ ਦੇ ਸਮਰੱਥ ਹੈ। ਉਨ੍ਹਾਂ ਲੰਘੇ ਵਕਤ ਅਤੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਫ਼ੁਰਮਾਇਆ ਕਿ “ਧਰਮ ਦੀ ਰਾਖੀ ਲਈ ਰਾਜ ਰੂਪੀ ਵਾੜ ਦਾ ਹੋਣਾ ਜਰੂਰੀ ਹੈ, ਇਸੇ ਦੂਰ ਅੰਦੇਸ਼ੀ ਤਹਿਤ ਗੁਰੂ ਸਾਹਿਬ ਜੀ ਨੇ ਮੀਰੀ ਦੇ ਨਾਲ ਪੀਰੀ ਦੀ ਕਿਰਪਾਨ ਧਾਰਨ ਕਰਕੇ ਪਾਤਸ਼ਾਹੀ ਦਾਅਵੇ ਹਲਤ ਮੁਖੀ ਪ੍ਰਭੁਤਾ ਨੂੰ ਸਪੱਸ਼ਟ ਕਰ ਦਿੱਤਾ ਸੀ। ਇਸ ਲਈ ਧਰਮ ਅਤੇ ਰਾਜਨੀਤੀ ਵਿਚਕਾਰ ਇਕਸੁਰਤਾ ਹੀ ਲੋਕ ਰਾਜ ਦਾ ਆਦਰਸ਼ ਹੋ ਸਕਦਾ ਹੈ। ਧਰਮ ਅਤੇ ਰਾਜਨੀਤੀ ਵਿੱਚ ਇਕਸੁਰਤਾ ਹੋਣ ਦੇ ਬਾਵਜੂਦ ਇਹਨਾਂ ਦੋਹਾਂ ਦੇ ਅਧਿਕਾਰ ਖੇਤਰ ਵੱਖੋ-ਵੱਖਰੇ ਹਨ। ਰਾਜਨੀਤੀ ਨੇ ਧਰਮ ਦੀ ਯੋਗ ਅਗਵਾਈ ਵਿੱਚ ਕਾਰਜਸ਼ੀਲ ਰਹਿਣਾ ਹੈ। ਕਿਉਂਕਿ ਦਾਰਸ਼ਨਿਕ ਪੱਧਰ ਤੇ ਮੀਰੀ ਰਜੋ, ਤਮੋ, ਸਤੋ ਤਿੰਨਾਂ ਗੁਣਾਂ ਤੱਕ ਸੀਮਤ ਹੈ ਇਸ ਲਈ ਮੀਰੀ ਦੀ ਪੂਰੇ ਵਿਸ਼ਵ ਉੱਪਰ ਰਾਜ ਕਰਨ ਦੀ ਲਾਲਸਾ ਨੇ ਮਨੁੱਖਤਾ ਨੂੰ ਬੜੇ ਭਿਆਨਕ ਦੁੱਖ ਦਿੱਤੇ । ਪੀਰੀ ਚੌਥੇ ਦਰਜੇ ਦਾ ਗੁਣ ਹੈ ਜਿਸ ਨੂੰ ਸਹਿਜ ਅਵਸਥਾ ਕਹਿੰਦੇ ਹਨ । ਪੀਰੀ ਦੀ ਅਗਵਾਈ ਵਿੱਚ ਮੀਰੀ ਦੇ ਤਿੰਨ ਗੁਣ ਸੰਤੁਲਨ ਵਿੱਚ ਆ ਜਾਂਦੇ ਹਨ ਇਸ ਤਰ੍ਹਾਂ ਰੂਹਾਨੀ ਸਦਾਚਾਰਕ ਅਤੇ ਪਦਾਰਥਕ ਇਕਸੁਰਤਾ ਵਿੱਚੋਂ ਮਨੁੱਖੀ ਬਰਾਬਰੀ ਪਰਉਪਕਾਰ ਸਮਾਜ ਸੇਵਾ ਦਇਆ ਇਨਸਾਫ ਆਦਿ ਗੁਣਾਂ ਵਾਲੇ ਹਲੀਮੀ ਰਾਜ ਦਾ ਸੁਪਨਾ ਸਕਾਰ ਹੁੰਦਾ ਹੈ । ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾਨਾ ਨੂੰ ਮੀਰੀ-ਪੀਰੀ ਦੋਨਾਂ ਦੇ ਪ੍ਰਤੀਕ ਵਜੋਂ ਵਰਤ ਕੇ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੰਤ ਸਿਪਾਹੀ ਦੇ ਨਿਵੇਕਲੇ ਸਰੂਪ ਨੂੰ ਪ੍ਰਤੱਖ ਰੂਪ ਵਿੱਚ ਪ੍ਰਗਟ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਨੇਡਾ ਯਾਤਰਾ ਦਾ ਸੱਚ
Next articleਅਹਿਮਦਾਬਾਦ ਵਿਖੇ ਹੋਏ ਜਹਾਜ ਹਾਦਸੇ ਚ ਸਵਾਰ 53 ਬ੍ਰਿਟਿਸ਼ ਯਾਤਰੀਆਂ ਨਾਲ ਪ੍ਰਧਾਨ ਮੰਤਰੀ ਨੇ ਪ੍ਰਗਟਾਈ ਹਮਦਰਦੀ